ਗੱਲ ਉਹਨਾਂ ਸਮਿਆਂ ਦੀ ਹੈ ਜਦੋਂ ਆਉਣ ਜਾਣ ਲਈ ਅੱਜਕੱਲ੍ਹ ਦੇ ਵਾਂਗ ਨਾ ਤਾਂ ਬਹੁਤੇ ਸਾਧਨ ਹੀ ਸੀ ਤੇ ਨਾ ਹੀ ਲੋਕਾਂ ਕੋਲ ਬਹੁਤਾ ਪੈਸਾ ਟਕਾ ਹੁੰਦਾ ਸੀ। ਦੋ ਮਹੀਨੇ ਪਹਿਲਾਂ ਹੀ ਮੰਗਤ ਰਾਮ ਦਾ ਵਿਆਹ ਰਾਜ ਰਾਣੀ ਨਾਲ ਹੋਇਆਂ ਸੀ।ਉਸਨੂੰ ਦਹੇਜ਼ ਦੇ ਵਿੱਚ ਇੱਕ ਰੇਡੀਓ ਤੇ ਸਾਇਕਲ ਮਿਲਿਆ ਸੀ।ਉਸ ਸਮੇਂ ਦਾ ਸਾਇਕਲ ਅੱਜ ਦੀ ਕਾਰ ਤੋਂ ਘੱਟ ਨਹੀਂ ਸੀ। ਹੁਣ ਮੰਗਤ ਰਾਮ ਨੇ ਕਿਤੇ ਵੀ ਜਾਣਾ ਹੁੰਦਾ ਆਪਣੇ ਸਾਇਕਲ ਉੱਤੇ ਹੀ ਜਾਂਦਾ। ਅੱਜ ਮੰਗਤ ਰਾਮ ਨੇ ਆਪਣੀ ਪਤਨੀ ਦੇ ਨਾਲ ਆਪਣੇ ਸਹੁਰੀ ਜਾਣਾ ਸੀ। ਉਸਨੇ ਸਵੇਰੇ ਹੀ ਸਾਇਕਲ ਦੀ ਹਵਾ ਚੈੱਕ ਕੀਤੀ ਤੇ ਫੇਰ ਕੱਪੜਾ ਮਾਰ ਕੇ ਸਾਇਕਲ ਨੂੰ ਚਮਕਾ ਲਿਆ।ਰਸਤੇ ਵਿੱਚ ਦੋਵੇਂ ਪਤੀ -ਪਤਨੀ ਗੱਲਾਂ ਕਰਦੇ ਜਾ ਰਹੇ ਸਨ।
“ਮੈ ਕਿਹਾ ਜੀ ਇੱਕ ਗੱਲ ਪੁੱਛਾਂ।”
“ਇੱਕ ਕਿਉ ਕਿੰਨੀਆਂ ਮਰਜ਼ੀ ਪੁੱਛ। “
“ਤੁਹਾਡੇ ਮੇਰੇ ਬਿਨਾਂ ਇਕੱਲੇ ਦਿਲ ਲੱਗ ਜਾਵੇਗਾ। “
“ਯਾਰ ਮੇਰਾ ਪਹਿਲਾਂ ਹੀ ਦਿਲ ਤੈਨੂੰ ਛੱਡ ਕੇ ਆਉਣ ਨੂੰ ਨਹੀਂ ਕਰਦਾ ਤੇ ਅੱਗੋਂ ਤੂੰ ਗੱਲਾਂ ਵੀ ਇਹੋਂ ਜੇਹੀਆਂ ਕਰ ਰਹੀ ਹੈ। “
“ਚਲੋ ਇਹ ਦੱਸੋਂ ਕਿ ਤੁਸੀਂ ਮੈਨੂੰ ਲੈਣ ਕਿੰਨੇ ਦਿਨਾਂ ਬਾਅਦ ਆਵੋਂਗੇ। “
“ਅਗਲੇ ਹਫ਼ਤੇ ਆਇਆਂ ਲੈ, ਬਸ ਤੂੰ ਐਵੇਂ ਡਰਾਮਾ ਜਿਹਾ ਨਾ ਕਰੀਂ। “
” ਲਉ ਜੀ ਭਲਾ ਮੈਂ ਕੀ ਡਰਾਮਾ ਕਰਨਾ,ਮੈਂ ਤਾਂ ਤੁਹਾਨੂੰ ਤਿਆਰ ਹੀ ਮਿਲਣਾ ਹੈ। “ਉਹ ਗੱਲਾਂ ਕਰਦੇ ਕਰਦੇ ਕਦੋਂ ਸਹੁਰੇ ਪਿੰਡ ਪਹੁੰਚ ਗਿਆ ਪਤਾ ਹੀ ਨਹੀਂ ਲੱਗਿਆਂ।
“ਚੰਗਾ ਜੀ ਫ਼ੇਰ ਰਾਜ ਮੈਂ ਚੱਲਦਾ ਹਾਂ।” ਦੁਪਿਹਰ ਵੇਲੇ ਵਾਪਸ ਆਉਣ ਲੱਗੇ ਮੰਗਤ ਰਾਮ ਨੇ ਇਜਾਜ਼ਤ ਲਈ ਤੇ ਆਪਣੇ ਪਿੰਡ ਵੱਲ ਚੱਲ ਪਿਆ।ਰਾਜ ਰਾਣੀ ਨੂੰ ਪੇਕੇ ਛੱਡ ਕੇ ਆਏ ਮੰਗਤ ਰਾਮ ਨੂੰ ਇੱਕ ਹਫਤਾ ਤਾਂ ਕੀ ਦੋ ਮਹੀਨੇ ਬੀਤ ਗਏ ਪਰ ਉਹ ਉਸਨੂੰ ਵਾਪਸ ਲੈਣ ਲਈ ਨਹੀਂ ਗਿਆ। ਰਾਜ ਰਾਣੀ ਦੇ ਪਿੰਡ ਵਿੱਚ ਵੀ ਗੱਲਾਂ ਹੋਣ ਲੱਗ ਪਈਆਂ, ਕੋਈ ਰਾਜ ਰਾਣੀ ਨੂੰ ਮਾੜਾ ਆਖ ਰਿਹਾ ਸੀ ਤੇ ਕੋਈ ਉਸਦੇ ਸਹੁਰਿਆਂ ਨੂੰ ਪਰ ਵਿੱਚ ਅਸਲ ਗੱਲ ਕੀ ਸੀ ਪਤਾ ਨਹੀਂ ਲੱਗ ਰਹੀ ਸੀ। ਉਸਦੇ ਮਾਪਿਆਂ ਨੇ ਉਸ ਨੂੰ ਵੀ ਪੁੱਛਿਆ ਪਰ ਕੋਈ ਵੀ ਸੰਤੁਸ਼ਟੀ ਪੂਰਨ ਜਵਾਬ ਨਹੀਂ ਸੀ।
ਅੰਤ ਨੂੰ ਹਾਰ ਕੇ ਉਹ ਪਿੰਡ ਦੀ ਪੰਚਾਇਤ ਨੂੰ ਨਾਲ ਲੈ ਕੇ ਮੰਗਤ ਰਾਮ ਦੇ ਘਰ ਪਹੁੰਚ ਗਏ।
“ਕਾਕਾ ਸਾਡੀ ਕੁੜੀ ਕੋਲੋਂ ਕੋਈ ਗਲਤੀ ਹੋਈ ਹੈ ਤਾਂ ਦੱਸ ਪਰ ਬਿਨਾਂ ਕਿਸੇ ਗੱਲ ਦੇ ਇਹ ਸਭ ਠੀਕ ਨਹੀਂ ਲੱਗਦਾ। “
“ਠੀਕ ਨਹੀਂ ਲੱਗਦਾ ਕੀ ਠੀਕ ਨਹੀਂ ਲੱਗਦਾ,ਤੁਸੀਂ ਸਾਇਕਲ ਤੇ ਰੇਡੀਓ ਦਾ ਲਾਲਚ ਦੇ ਕੇ ਆਪਣੀ ਪਾਗਲ ਕੁੜੀ ਸਾਡੇ ਪੱਲ੍ਹੇ ਬਣ ਦਿੱਤੀ ਹੈ ਜੀ। “ਮੰਗਤ ਰਾਮ ਦੇ ਪਿਤਾ ਨੇ ਜਵਾਬ ਦਿੱਤਾ।
” ਪਾਗਲ…. ਚੌਧਰੀ ਸਾਹਿਬ ਤੁਸੀਂ ਇਹ ਕੀ ਬੋਲ ਰਹੇ ਹੋ। “
” ਪੁੱਛ ਤਾਂ ਇੰਝ ਰਹੇ ਹੋ ਜਿਵੇਂ ਤੁਸੀਂ ਤਾਂ ਕੁਝ ਜਾਣਦੇ ਹੀ ਨਹੀਂ ਹੋ। “
“ਚੌਧਰੀ ਸਾਹਿਬ ਸੱਚਮੁੱਚ ਅਸੀਂ ਕੁਝ ਵੀ ਨਹੀਂ ਜਾਣਦੇ ਤੁਸੀਂ ਆਪ ਹੀ ਦੱਸ ਦਿਉਂ।”
“ਮੰਗਤ ਦੱਸ ਪੁੱਤਰ ਸਾਰੀ ਗੱਲ ਦੱਸ ਜਿਹੜੀ ਰਸਤੇ ਵਿੱਚ ਹੋਈ ਹੈ।”
“ਹਾਂ ਜੀ ਭਾਪਾ ਜੀ ਹਾਂ ਜੀ ਹੁਣੇ ਦੱਸਦਾ ਹਾਂ ਜੀ। “
“ਹਾਂ ਹਾਂ ਕਾਕਾ ਦੱਸ ਸਾਨੂੰ ਵੀ ਤਾਂ ਪਤਾ ਚੱਲੇ ਆਖਿਰ ਗੱਲ ਕੀ ਹੈ। ” ਵਿੱਚੋਂ ਇੱਕ ਬਜ਼ੁਰਗ ਬੋਲਿਆਂ।
“ਰਸਤੇ ਵਿੱਚ ਉਸਨੇ ਮੈਨੂੰ ਤਿੰਨ ਸਵਾਲ ਪੁੱਛੇ ਜਿੰਨਾ ਤੋਂ ਸਾਬਿਤ ਹੋ ਗਿਆ ਕਿ ਰਾਜ ਪੂਰੀ ਤਰ੍ਹਾਂ ਪਾਗਲ ਹੈ। ਜਦੋਂ ਮੈਂ ਤੁਹਾਨੂੰ ਦੱਸੇ ਤਾਂ ਤੁਸੀਂ ਆਪ ਹੀ ਮੰਨ ਲੈਣਾ ਹੈ ਕਿ ਤੁਸੀਂ ਸਾਡੇ ਨਾਲ ਧੋਖਾ ਕੀਤਾ ਹੈ। “
“ਕਾਕਾ ਪਹਿਲਾਂ ਸਵਾਲ ਤਾਂ ਦੱਸ। “
” ਬਾਹਲੇ ਕਾਹਲੇ ਹੋ ਤਾਂ ਸੁਣੋ।ਇੱਕ ਖੇਤ ਵਿੱਚ ਕਿਸਾਨ ਆਪਣੇ ਖੇਤ ਵਿੱਚ ਕੰਮ ਕਰ ਰਿਹਾ ਸੀ ਤੇ ਨਾਲ ਨਾਲ ਉਹ ਇੱਕ ਬੰਦੇ ਨਾਲ ਗੱਲਾਂ ਕਰ ਰਿਹਾ ਸੀ। ਰਾਜ ਦਾ ਸਵਾਲ ਸੀ ਕਿ ਇਹ ਮਰਦ ਹੈ ਕਿ ਔਰਤ, ਥੋੜ੍ਹੀ ਦੂਰ ਅੱਗੇ ਗਏ ਤਾਂ ਲੋਕ ਆਪਣੀ ਪੱਕੀ ਫ਼ਸਲ ਕੱਟ ਰਹੇ ਸਨ।
ਰਾਜ ਨੇ ਮੈਨੂੰ ਪੁੱਛਿਆ ਇਹਨਾਂ ਨੇ ਫ਼ਸਲ ਬਚਾ ਲਈ ਹੈ ਜਾਂ ਖਾਹ ਲਈ, ਹੋਰ ਅੱਗੇ ਗਏ ਤਾਂ ਇੱਕ ਅਰਥੀ ਆ ਰਹੀ ਸੀ ਤੇ ਇਸਦਾ ਸਵਾਲ ਸੀ ਕਿ ਇਹ ਬੰਦਾ ਮਰ ਗਿਆ ਹੈ ਜਾਂ ਜਿਉਂਦਾ ਹੈ। ਹੁਣ ਤੁਸੀਂ ਹੀ ਦੱਸੋਂ ਇਹ ਕੋਈ ਸਿਆਣਾ ਬੰਦਾ ਸਵਾਲ ਪੁੱਛ ਸਕਦਾ ਹੈ। ਜਦੋਂ ਸਾਨੂੰ ਦਿੱਖ ਹੀ ਰਿਹਾ ਹੈ ਕਿ ਪਹਿਲਾਂ ਕੰਮ ਕਰਨ ਵਾਲਾ ਬੰਦਾ ਹੈ, ਦੂਜਾ ਜਿਹੜੇ ਫ਼ਸਲ ਕੱਟ ਰਹੇ ਹਨ ਉਹ ਖਾਹ ਕਿਵੇਂ ਗਏ ਹੋਣਗੇ ਤੇ ਤੀਜਾ ਅਰਥੀ ਵਿੱਚ ਜਿਉਂਦਾ ਬੰਦਾ ਕਿਵੇਂ ਹੋ ਸਕਦਾ ਹੈ। “
“ਕਾਕਾ ਸਾਡੀ ਕੁੜੀ ਤਾਂ ਬਹੁਤ ਹੀ ਸਿਆਣੀ ਹੈ ਪਰ ਸਾਨੂੰ ਇਹ ਨਹੀਂ ਪਤਾ ਸੀ ਕਿ ਅਸੀਂ ਆਪਣੀ ਕੁੜੀ ਇੱਕ ਪਾਗਲ ਦੇ ਨਾਲ ਵਿਆਹ ਰਹੇ ਹਾਂ।”
“ਚੌਧਰੀ ਸਾਹਿਬ ਤੁਸੀਂ ਵੀ ਕਮਾਲ ਕਰੀਂ ਜਾ ਰਹੇ ਹੋ। ਗੱਲਾਂ ਪਾਗਲਾਂ ਵਾਲੀਆਂ ਤੁਹਾਡੀ ਕੁੜੀ ਕਰਦੀ ਹੈ ਤੇ ਹਾਲੇ ਵੀ ਪਾਗਲ ਮੇਰਾ ਮੁੰਡਾ ਹੈ। “
“ਤਾਂ ਸੁਣੋ ਫੇਰ ਪਹਿਲਾਂ ਸਵਾਲ ਦਾ ਉੱਤਰ ਉਸਨੇ ਪੁੱਛਿਆ ਇਹ ਮਰਦ ਹੈ ਕਿ ਔਰਤ, ਕਿਉਂਕਿ ਮਰਦ ਕੰਮ ਕਰਦੇ ਸਮੇਂ ਕਦੇ ਵੀ ਕਿਸੇ ਨਾਲ ਗੱਲਾਂ ਨਹੀਂ ਕਰਦੇ ਜਦੋਂ ਕਿ ਔਰਤਾਂ ਗੱਲਾਂ ਤੋਂ ਬਿਨਾਂ ਕੰਮ ਨਹੀਂ ਕਰਦੀਆਂ। ਦੂਜਾ ਸਵਾਲ ਸੀ ਕਿ ਬਚਾਈ ਹੈ ਜਾਂ ਖਾਹ ਲਈ। ਜੇਕਰ ਉਨ੍ਹਾਂ ਨੇ ਪਹਿਲਾਂ ਹੀ ਕਰਜ਼ਾ ਚੁੱਕਿਆ ਹੋਇਆਂ ਤਾਂ ਵੱਢਣ ਤੋਂ ਪਹਿਲਾਂ ਹੀ ਫ਼ਸਲ ਖਾਹ ਲਈ ਹੈ ਜੇਕਰ ਸਰਫੇ ਨਾਲ ਚੱਲੇ ਹੋਏ ਤਾਂ ਬਚਾ ਲਈ ਹੈ। ਤੀਸਰਾ ਸਵਾਲ ਅਰਥੀ ਵਾਲਾ ਬੰਦਾ ਮਰਿਆ ਹੈ ਜਾਂ ਜਿਉਂਦਾ। ਜੇਕਰ ਕਿਸੇ ਜਵਾਨ ਦੀ ਅਰਥੀ ਹੈ ਤਾਂ ਉਹ ਮਰ ਗਿਆ ਹੈ ਕਿਉਂਕਿ ਉਸਦਾ ਨਾਂ ਲੈਣ ਵਾਲਾ ਕੋਈ ਨਹੀਂ ਹੋਵੇਗਾ ਪਰ ਜੇਕਰ ਕਿਸੇ ਬਜ਼ੁਰਗ ਦੀ ਅਰਥੀ ਹੈ ਤਾਂ ਉਹ ਆਪਣੇ ਪੁੱਤਰਾਂ ਪੋਤਰਿਆਂ ਦੇ ਰਾਹੀਂ ਜਿਉਂਦਾ ਹੀ ਰਹੇਗਾ। ਹੁਣ ਤੁਸੀਂ ਦੱਸੋਂ ਪਾਗਲ ਕੌਣ ਹੈ। ਸਾਡੀ ਧੀ ਜਾਂ ਤੁਹਾਡਾ ਮੁੰਡਾ। “
ਉਹਨਾਂ ਨੂੰ ਕੋਈ ਜਵਾਬ ਸਮਝ ਨਹੀਂ ਆ ਰਿਹਾ ਸੀ। ਮੰਗਤ ਰਾਮ ਨੇ ਮੁਆਫ਼ੀ ਮੰਗੀ ਤੇ ਰਾਜ ਨੂੰ ਵਾਪਸ ਲੈ ਆਇਆਂ।
ਸੰਦੀਪ ਦਿਉੜਾ
8437556667