ਪਟਿਆਲਾ 24 ਜੁਲਾਈ (ਗੁਰਨਾਮ ਸਿੰਘ/ਵਰਲਡ ਪੰਜਾਬੀ ਟਾਈਮਜ਼)

ਮਾਲਵਾ ਰਿਸਰਚ ਸੈਂਟਰ ਪਟਿਆਲਾ (ਰਜਿ.) ਵੱਲੋਂ ਪ੍ਰਕਾਸ਼ਿਤ ਡਾ. ਭਗਵੰਤ ਸਿੰਘ ਸੰਪਾਦਨਾ ਹੇਠ “ਜਾਗੋ ਇੰਟਰਨੈਸ਼ਨਲ” ਤੈ੍ਮਾਸਿਕ ਪਿਛਲੇ ਸਤਾਰਾਂ ਸਾਲਾਂ ਤੋਂ ਨਿਰੰਤਰ ਯੋਗਦਾਨ ਪਾ ਰਿਹਾ ਹੈ। ਇਸ ਦੇ ਨਵੇਂ ਅੰਕ 97-100 ਵਿੱਚ ਬੋਬੀ ਹੰਸ ਦਾ ਪ੍ਰਵਾਸ ਬਾਰੇ, ਗੁਰਪ੍ਰੀਤ ਸਿੰਘ ਤੂਰ ਦਾ ਜਮੀਨ ਬਾਰੇ ਅਤੇ ਅਦਿਿਤਆ ਬਹਿਲ ਦਾ ਹਰੇ ਇਨਕਲਾਬ ਦੇ ਬਾਰੇ, ਗੁਰਤੇਜ ਸਿੰਘ ਦੇ ਪੰਜਾਬ ਦੀ ਸਥਿਤੀ ਬਾਰੇ, ਵਰਿਆਮ ਸਿੰਘ ਸੰਧੂ ਦੇ ਹੁਬਾਨ ਦੀ ਕੀਮਤੀ, ਸੰਧੂ ਵਰਿਆਣਵੀ ਦਾ ਸੂਫੀਆਨਾ ਰਹੱਸ ਅਨਭੂਤੀ ਬਾਰੇ ਲੇਖ ਅਤੇ ਸੰਪਾਦਕੀ ਕੋਸ਼ਕਾਰੀ ਬਾਰੇ, ਅਮਰਜੀਤ ਸਿੰਘ ਧਵਨ ਦਾ ਮਹਾਨ ਕੋਸ਼ ਬਾਰੇ ਨਵੇਂ ਸੰਵਾਦ ਛੇੜਨ ਵਾਲੀਆਂ ਰਚਨਾਵਾਂ ਹਨ। ਇਸ ਤੋਂ ਇਲਾਵਾ ਅਨੇਕਾਂ ਨਵੀਆਂ ਤੇ ਮੌਲਿਕ ਰਚਨਾਵਾਂ ਪਹਿਲੀ ਵਾਰ ਪੇਸ਼ ਹੋ ਰਹੀਆਂ ਹਨ। ਪ੍ਰੋਫੈਸਰ ਸ਼ੇਰ ਸਿੰਘ ਕੰਵਲ ਦੀਆਂ ਕਾਵਿ-ਰਚਨਾਵਾਂ ਧਿਆਨ ਖਿੱਚਦੀਆਂ ਹਨ। ਇਸ ਅੰਕ ਨੂੰ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਲੋਕ ਅਰਪਣ ਕਰਦੇ ਹੋਏ ਡਾ. ਸਵਰਾਜ ਸਿੰਘ ਵਿਸ਼ਵ ਚਿੰਤਕ ਨੇ ਕਿਹਾ ਕਿ “ਜਾਗੋ ਇੰਟਰਨੈਸ਼ਨਲ” ਦੀ ਭੂਮਿਕਾ ਦੇ ਸੰਦਰਭ ਵਿੱਚ ਗੱਲਬਾਤ ਕਰਦਿਆਂ ਡਾ. ਸਵਰਾਜ ਸਿੰਘ ਨੇ ਕਿਹਾ ਕਿ ਝੂਠਾ ਬਿਰਤਾਂਤ ਅਤੇ ਅਧੂਰਾ ਸੱਚ ਤੋੜ ਕੇ ਸਹੀ ਤਸਵੀਰ ਪੇਸ਼ ਕਰਨਾ ਬੁੱਧੀਜੀਵੀਆਂ ਦਾ ਫਰਜ਼ ਹੈ। ਪਹਿਲਾਂ ਪੰਜਾਬ ਵਿੱਚ ਇਹ ਝੂਠ ਬਿਰਤਾਂਤ ਪੇਸ਼ ਕੀਤਾ ਗਿਆ ਕਿ ਹਰੇ ਇਨਕਲਾਬ ਨੇ ਪੰਜਾਬ ਨੂੰ ਬਹੁਤ ਫਾਇਦਾ ਕੀਤਾ ਹੈ। ਪੰਜਾਬ ਦੇ ਅਖੌਤੀ ਬੁੱਧੀਜੀਵੀਆਂ ਨੇ ਨਾ ਸਿਰਫ਼ ਇਸ ਝੂਠੇ ਬਿਰਤਾਂਤ ਨੂੰ ਤੋਰਿਆ ਸਗੋਂ ਇਸ ਦਾ ਪ੍ਰਚਾਰ ਕੀਤਾ, ਪ੍ਰੰਤੂ ਹੁਣ ਲੋਕਾਂ ਨੂੰ ਹਰੇ ਇਨਕਲਾਬ ਦੀ ਸਚਾਈ ਦਾ ਪਤਾ ਲੱਗ ਗਿਆ ਹੈ ਕਿ ਉਸਨੇ ਪੰਜਾਬ ਦਾ ਕਿੰਨਾ ਕੁ ਨੁਕਸਾਨ ਕੀਤਾ ਹੈ। ਅੱਜ ਪਰਵਾਸ ਬਾਰੇ ਝੂਠਾ ਬਿਰਤਾਂਤ ਅਤੇ ਅਧੂਰਾ ਸੱਚ ਪੇਸ਼ ਕੀਤਾ ਜਾ ਰਿਹਾ ਹੈ। ਇਹ ਕਿਹਾ ਜਾ ਰਿਹਾ ਹੈ ਕਿ ਅਜੋਕਾ ਪਰਵਾਸ ਪੰਜਾਬ ਅਤੇ ਪੰਜਾਬੀਆਂ ਦਾ ਬਹੁਤ ਫਾਇਦਾ ਕਰ ਰਿਹਾ ਹੈ। ਸਾਡੇ ਕਈ ਅਖੌਤੀ ਬੁੱਧੀਜੀਵੀ ਵੀ ਇਸ ਝੂਠੇ ਪ੍ਰਚਾਰ ਦਾ ਨਾ ਸਿਰਫ਼ ਸ਼ਿਕਾਰ ਬਣੇ ਸਗੋਂ ਇਸ ਪ੍ਰਚਾਰ ਵਿੱਚ ਭਾਗੀਦਾਰ ਬਣੇ। ਜਿੱਥੇ ਕੁੱਝ ਪਰਵਾਸੀਆਂ ਨੇ ਆਪਣੀ ਆਰਥਿਕ ਸਥਿਤੀ ਸੁਧਾਰੀ ਹੈ ਉੱਥੇ ਪਰਵਾਸ ਨੇ ਪਰਿਵਾਰਿਕ ਰਿਸ਼ਤਿਆਂ, ਸਭਿਆਚਾਰ ਅਤੇ ਕਦਰਾਂ ਕੀਮਤਾਂ ਦਾ ਘਾਣ ਕੀਤਾ ਹੈ। ਲੰਬੇ ਸਮੇਂ ਵਿੱਚ ਬਹੁਤ ਸਾਰੇ ਪਰਵਾਸੀ ਜੋ ਕਿ ਆਪਣੇ ਜੀਵਨ ਦਾ ਲੇਖਾ ਜੋਖਾ ਕਰਦੇ ਹਨ ਤਾਂ ਉਨ੍ਹਾਂ ਨੂੰ ਪਰਵਾਸ ਘਾਟੇ ਦਾ ਸੌਦਾ ਨਜ਼ਰ ਆਉਂਦਾ ਹੈ। ਇਸ ਝੂਠੇ ਬਿਰਤਾਂਤ ਅਤੇ ਅਧੂਰੇ ਸੱਚ ਨੂੰ ਤੋੜਨ ਦੀ ਲੋੜ ਹੈ ਕਿ ਪੰਜਾਬ ਨਰਕ ਹੈ ਅਤੇ ਵਿਦੇਸ਼ਾਂ ਵਿੱਚ ਸਵਰਗ ਹੈ। ਸੱਚ ਤਾਂ ਇਹ ਹੈ ਕਿ ਪੰਜਾਬ ਵਿੱਚ ਕੁੱਝ ਚੰਗਾ ਅਤੇ ਕੁਝ ਮਾੜਾ ਹੈ। ਇਸੇ ਤਰ੍ਹਾਂ ਵਿਦੇਸ਼ਾਂ ਵਿੱਚ ਵੀ ਕੁੱਝ ਚੰਗਾ ਅਤੇ ਕੁਝ ਮਾੜਾ ਹੈ। ਜੇ ਪੰਜਾਬੀ ਪੂਰਾ ਸੱਚ ਜਾਣ ਕੇ ਪਰਵਾਸ ਬਾਰੇ ਫੈਸਲਾ ਕਰਨ ਤਾਂ ਉਹ ਜ਼ਿਆਦਾ ਸੰਤੁਲਿਤ ਫੈਸਲਾ ਹੋਏਗਾ। ਜਾਗੋ ਇੰਟਰਨੈਸ਼ਨਲ ਪੂਰਾ ਸੱਚ ਪੰਜਾਬੀਆਂ ਦੇ ਸਾਹਮਣੇ ਲਿਆਉਣ ਵਿੱਚ ਵੱਡਮੁੱਲਾ ਯੋਗਦਾਨ ਪਾ ਰਿਹਾ ਹੈ। ਇਸ ਅਵਸਰ ਤੇ ਸ. ਜਗਦੀਪ ਸਿੰਘ ਗੰਧਾਰਾ ਐਡਵੋਕੇਟ, ਡਾ. ਤੇਜਵੰਤ ਸਿੰਘ ਮਾਨ ਸਾਹਿਤ ਰਤਨ, ਗੁਰਨਾਮ ਸਿੰਘ, ਚਰਨਜੀਤ ਸਿੰਘ, ਸੰਦੀਪ ਸਿੰਘ ਆਦਿ ਅਨੇਕਾਂ ਸਾਹਿਤਕਾਰ ਮੌਜੂਦ ਸਨ।