ਕੋਟਕਪੂਰਾ, 30 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਰਤੀ ਡਾਕ ਵਿਭਾਗ ਵੱਲੋਂ ਤਕਨੀਕੀ ਖੇਤਰ ਵਿੱਚ ਨਵੀਨਤਾ ਨੂੰ ਅਪਣਾਉਂਦਿਆਂ ਨਵੀਂ ਪੀੜ੍ਹੀ ਦੀ ਐਡਵਾਂਸ ਡਾਕ ਤਕਨਾਲੋਜੀ (ਏ.ਪੀ.ਟੀ) ਪ੍ਰਣਾਲੀ ਲਾਗੂ ਕੀਤੀ ਜਾ ਰਹੀ ਹੈ, ਜਿਸਦਾ ਉਦੇਸ਼ ਡਾਕ ਸੇਵਾਵਾਂ ਨੂੰ ਹੋਰ ਵੀ ਜ਼ਿਆਦਾ ਪ੍ਰਭਾਵਸ਼ਾਲੀ, ਤੇਜ਼ ਅਤੇ ਪਾਰਦਰਸ਼ੀ ਬਣਾਉਣਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫਰੀਦਕੋਟ ਡਵੀਜ਼ਨ ਦੇ ਸੁਪਰਡੈਂਟ ਸ਼੍ਰੀ ਸਤਿੰਦਰ ਸਿੰਘ ਲਹਿਰੀ ਨੇ ਦੱਸਿਆ ਕਿ ਇਹ ਨਵੀਂ ਤਕਨਾਲੋਜੀ 4 ਅਗਸਤ 2025 ਤੋਂ ਫਰੀਦਕੋਟ, ਮੋਗਾ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲਿਆਂ ਦੇ ਸਾਰੇ ਡਾਕਘਰਾਂ ਵਿੱਚ ਲਾਗੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਪ੍ਰਣਾਲੀ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਮਿਤੀ 2 ਅਗਸਤ 2025 ਨੂੰ ਉਕਤ ਤਿੰਨਾਂ ਜ਼ਿਲਿਆਂ ਦੇ ਕਿਸੇ ਵੀ ਪਿੰਡ, ਸਬ-ਪੋਸਟ ਆਫਿਸ ਜਾਂ ਹੈਡ ਪੋਸਟ ਆਫਿਸ ਵਿੱਚ ਕਿਸੇ ਵੀ ਤਰ੍ਹਾਂ ਦੀ ਸੇਵਾ ਜਾਂ ਵਿੱਤੀ ਲੈਣ ਦੇਣ ਨਹੀਂ ਹੋਵੇਗਾ। 4 ਅਗਸਤ ਤੋਂ ਸਾਰੀਆਂ ਸੇਵਾਵਾਂ ਨਵੀਂ ਏਪੀਟੀ ਪ੍ਰਣਾਲੀ ਰਾਹੀਂ ਫਿਰ ਤੋਂ ਸ਼ੁਰੂ ਹੋ ਜਾਣਗੀਆਂ, ਜਿਸ ਨਾਲ ਨਾਗਰਿਕਾਂ ਨੂੰ ਤੇਜ਼ ਅਤੇ ਅਧੁਨਿਕ ਡਾਕ ਸੇਵਾਵਾਂ ਮਿਲਣਗੀਆਂ। ਉਨ੍ਹਾਂ ਦੱਸਿਆ ਕਿ ਭਾਰਤੀ ਡਾਕ ਵਿਭਾਗ ਵੱਲੋਂ ਲੋਕ ਭਲਾਈ ਦੀ ਦਿਸ਼ਾ ਵਿੱਚ ਇਹ ਤਕਨਾਲੋਜੀ ਅਪਡੇਟ ਲੋਕਾਂ ਦੀ ਆਸਾਨੀ, ਪਹੁੰਚਯੋਗਤਾ ਅਤੇ ਵਿਸ਼ਵਾਸ ਯੋਗਤਾ ਵਧਾਉਣ ਵੱਲ ਇਕ ਵਧੀਆ ਕਦਮ ਸਾਬਤ ਹੋਵੇਗਾ।