
- ਪੁਸਤਕ : ਸਾਹਿਤ ਤੇ ਸਮਾਜ : ਵਿਭਿੰਨ ਸਰੋਕਾਰ
- ਲੇਖਕਾ : ਡਾ. ਜਸਵਿੰਦਰ ਕੌਰ ਬਿੰਦਰਾ
- ਪ੍ਰਕਾਸ਼ਕ : ਸਾਹਿਤਯਸ਼ਿਲਾ ਪ੍ਰਕਾਸ਼ਨ, ਦਿੱਲੀ
- ਪੰਨੇ : 176
- ਮੁੱਲ : 300/- ਰੁਪਏ
ਡਾ. ਜਸਵਿੰਦਰ ਕੌਰ ਬਿੰਦਰਾ ਦਿੱਲੀ ਦੀ ਪਰਿਚਿਤ ਲੇਖਕਾ ਹੈ। ਉਹਦੀ ਵਿਸ਼ੇਸ਼ ਰੁਚੀ ਆਲੋਚਨਾ, ਅਨੁਵਾਦ ਅਤੇ ਸੰਪਾਦਨਾ ਵਿੱਚ ਹੈ। ਇਸ ਪੱਖੋਂ ਉਹਦੀਆਂ ਆਲੋਚਨਾ ਦੀਆਂ 5, ਸੰਪਾਦਨ ਅਤੇ ਅਨੁਵਾਦ ਦੀਆਂ 9 ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਡਾ. ਬਿੰਦਰਾ ਇੱਕੋ ਸਮੇਂ ਆਲੋਚਕ ਅਤੇ ਅਨੁਵਾਦਕ ਵਜੋਂ ਸਾਹਮਣੇ ਆਈ ਹੈ। ਲੇਖਕਾ ਨੇ ਵਾਣੀ ਪ੍ਰਕਾਸ਼ਨ, ਡਾਇਮੰਡ ਬੁਕਸ, ਆਲੇਖ ਪ੍ਰਕਾਸ਼ਨ, ਪ੍ਰਭਾਤ ਪ੍ਰਕਾਸ਼ਨ ਆਦਿ ਲਈ ਬਹੁਤ ਉਤਕ੍ਰਿਸ਼ਟ ਹਿੰਦੀ ਅਨੁਵਾਦ ਕੀਤੇ ਹਨ ਤੇ ਪੰਜਾਬੀ ਲੇਖਕਾਂ ਨੂੰ ਹਿੰਦੀ ਪਾਠਕਾਂ ਤੱਕ ਪਹੁੰਚਾ ਕੇ ਸ਼ਲਾਘਾਯੋਗ ਕਾਰਜ ਕੀਤਾ ਹੈ। ਇੱਕ ਤਰ੍ਹਾਂ ਨਾਲ ਹਿੰਦੀ ਪਾਠਕਾਂ ਨੂੰ ਪੰਜਾਬੀ ਸਾਹਿਤਕਾਰਾਂ ਦੀ ਸਮਰੱਥਾ ਦਾ ਬੋਧ ਕਰਵਾਇਆ ਹੈ। ਵੱਖ ਵੱਖ ਸਮੇਂ ਤੇ ਲਿਖੇ ਲੇਖਾਂ ਨੂੰ ਲੇਖਕਾ ਨੇ ਰੀਵਿਊ ਅਧੀਨ ਪੁਸਤਕ ਵਿੱਚ ਸੰਭਾਲ ਲਿਆ ਹੈ। ਜਿਸਦੇ ਉਹਨੇ ਦੋ ਭਾਗ ਬਣਾਏ ਹਨ। ਪਹਿਲੇ ਭਾਗ ਵਿੱਚ ਵਿਭਿੰਨ ਸੰਦਰਭਾਂ, ਪ੍ਰਸੰਗਾਂ ਬਾਰੇ 12 ਲੇਖ ਹਨ, ਜੋ ਵੱਖ ਵੱਖ ਵਿਸ਼ਿਆਂ ਨਾਲ ਵਾਬਸਤਾ ਹਨ। ਇਸ ਵਿੱਚ ਦਾਨ-ਮਹਾਦਾਨ-ਨੇਤਰਦਾਨ, ਮਹਾਤਮਾ ਗਾਂਧੀ-ਜੀਵਨ ਦਰਸ਼ਨ, ਭਾਰਤਨਾਮਾ-ਭਾਰਤ ਨਾਂ ਦੀ ਖੋਜ ਜਿਹੇ ਲੇਖਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਦੂਜੇ ਭਾਗ ਦੇ ਲੇਖ ਸਪਸ਼ਟ ਤੌਰ ਤੇ ਸਾਹਿਤ ਨਾਲ ਸੰਬੰਧਿਤ ਹਨ। ਇਨ੍ਹਾਂ ਦੀ ਗਿਣਤੀ 16 ਹੈ। ਇਸ ਵਿੱਚ ਅਰਤਿੰਦਰ ਸੰਧੂ ਦੀਆਂ ਕਾਵਿ ਕਿਤਾਬਾਂ- ਕਦੇ ਕਦਾਈਂ, ਘਰ ਘਰ ਅਤੇ ਘਰ, ਡਾ. ਕਰਨਜੀਤ ਸਿੰਘ ਦੀ ਸਵੈਜੀਵਨੀ, ਵੰਡ ਪਿੱਛੋਂ ਪੰਜਾਬੀ ਕਹਾਣੀ, ਪੰਜਾਬੀ ਕਹਾਣੀ ਵਿੱਚ ਨਾਰੀ ਸਰੋਕਾਰ, ਪਰਗਟ ਸਿੰਘ ਸਤੌਜ ਦੀ ਨਾਚ ਫ਼ਰੋਸ਼, ਅਮਰਜੀਤ ਕੌਂਕੇ ਦੀ ਬਚਿਆ ਰਹੇਗਾ ਸਾਰਾ ਕੁਝ, ਜਸਵੀਰ ਰਾਣਾ ਦੀ ਮੈਂ ਤੇ ਮੇਰੀ ਖ਼ਾਮੋਸ਼ੀ, ਗੁਰਬਚਨ ਸਿੰਘ ਭੁੱਲਰ ਦੀ ਏਹ ਜਨਮ ਤੁਮਹਾਰੇ ਲੇਖੇ, ਹਰਜੀਤ ਕੌਰ ਵਿਰਕ ਦੀਆਂ ਇੱਕ ਟੋਟਾ ਜਨਮ ਭੂਮੀ ਅਤੇ ਘੱਗਰ ਕੰਢੇ, ਜਸਵਿੰਦਰ ਰੱਤੀਆਂ ਦੀ ਕੂੰਜਾਂ ਆਦਿ ਨਾਲ ਸੰਬੰਧਿਤ ਆਲੋਚਨਾਤਮਕ ਲੇਖ ਹਨ। ਡਾ. ਬਿੰਦਰਾ ਨੇ ਸਪਸ਼ਟ ਕੀਤਾ ਹੈ ਕਿ ਉਹ ਕਿਸੇ ਵਾਦ ਵਿੱਚ ਨਹੀਂ ਉਲਝਦੀ। ਏਸੇ ਲਈ ਪੁਸਤਕਾਂ ਦੀ ਸਮੀਖਿਆ ਉਹਨੇ ਪੁਸਤਕਾਂ ਵਿਚਲੇ ਵਿਸ਼ਿਆਂ ਨੂੰ ਮੁੱਖ ਰੱਖ ਕੇ ਕੀਤੀ ਹੈ।
ਲੇਖਕਾ ਨੇ ਆਪਣੇ ਇਨ੍ਹਾਂ ਨਿਬੰਧਾਂ ਵਿੱਚ ਬਹੁਤ ਮਹੱਤਵਪੂਰਣ ਤੇ ਮੌਲਿਕ ਸਥਾਪਨਾਵਾਂ ਪੇਸ਼ ਕੀਤੀਆਂ ਹਨ, ਜਿਨ੍ਹਾਂ ਨੂੰ ਪੜ੍ਹ ਕੇ ਉਹਦੀ ਰੁਚੀ/ਅਰੁਚੀ ਦਾ ਪਤਾ ਲੱਗਦਾ ਹੈ। ਕੁਝ ਉਦਾਹਰਣਾਂ :
- ਬੱਚਿਆਂ ਨੂੰ ਕਲਪਨਾਸ਼ੀਲ ਬਣਾਉਣ ਲਈ ਅਣਦੇਖੇ ਗ੍ਰਹਿਆਂ ਲਈ ਲੜਨ ਤੇ ਹਰ ਥਾਂ ਤੇ ਚੀਜ਼ ਨੂੰ ਹਥਿਆਉਣ ਦੀ ਬਜਾਏ ਆਪਣੇ ਹਾਣੀਆਂ ਤੇ ਮਿੱਤਰਾਂ ਨਾਲ ਉਨ੍ਹਾਂ ਨੂੰ ਸਾਂਝਾ ਕਰਨ, ਮਿਲਜੁਲ ਕੇ ਕੰਮ ਕਰਨ ਦੀ ਭਾਵਨਾ ਨੂੰ ਪ੍ਰੋਤਸਾਹਿਤ ਕਰਨ ਵਾਲੀਆਂ ਕਲਾਵਾਂ ਦੀ ਬਹੁਤੀ ਲੋੜ ਹੈ, ਤਾਂ ਕਿ ਉਹ ਟੀਵੀ, ਮੋਬਾਈਲ ਤੇ ਸੋਸ਼ਲ ਮੀਡੀਆ ਦਾ ਖਹਿੜਾ ਛੱਡ ਕੇ ਕੁਝ ਨਵਾਂ ਸੋਚਣ ਤੇ ਉਸਨੂੰ ਅਮਲ ਵਿੱਚ ਲਿਆਉਣ ਲਈ ਜਤਨ ਕਰਨ। (15)
- ਜ਼ਿਆਦਾਤਰ ਔਰਤ ਨੂੰ ਕਦੇ ਵੀ ਇਨਸਾਨ ਹੋਣ ਦੇ ਨਾਤੇ ਜਾਂ ਕਿਸੇ ਵੀ ਖੇਤਰ ਵਿੱਚ ਉਸਦੀ ਵਿਦਵਤਾ ਕਾਰਨ, ਸਮਝਦਾਰੀ ਕਾਰਨ ਜਾਂ ਮੀਡੀਆ ਵਿੱਚ ਉਸਦੇ ਕਿਰਦਾਰ ਨੂੰ ਸਹੀ ਢੰਗ ਨਾਲ ਪੇਸ਼ ਨਹੀਂ ਕੀਤਾ ਗਿਆ। ਉਹ ਜਾਂ ਦੇਵੀ ਬਣਾ ਕੇ ਪੇਸ਼ ਕੀਤੀ ਗਈ ਜਾਂ ਉਪਭੋਗ ਜਾਂ ਮਨੋਰੰਜਨ ਦੀ ਖੇਡ ਬਣਾ ਕੇ ਤੇ ਅੱਜ ਵੀ ਉਹ ਮੰਡੀ ਦੀ ਵਸਤ ਬਣ ਕੇ ਹੀ ਰਹਿ ਗਈ ਹੈ। ਮੇਰਾ ਸਵਾਲ ਮਰਦਾਂ ਨੂੰ ਨਹੀਂ, ਆਪਣੀਆਂ ਭੈਣਾਂ ਤੇ ਸਾਰੀਆਂ ਹੀ ਔਰਤਾਂ, ਮਹਿਲਾਵਾਂ ਨੂੰ ਸੰਬੋਧਿਤ ਹੈ ਕਿ ਅਸੀਂ ਆਪਣੀ ਜਗਾ ਆਪ ਕਿਉਂ ਨਹੀਂ ਬਣਾਉਂਦੀਆਂ। ਪੜ੍ਹ-ਲਿਖ ਕੇ ਵੀ ਸਿਰਫ਼ ਕਠਪੁਤਲੀ ਬਣਨਾ ਕਿਉਂ ਸਵੀਕਾਰ ਕੀਤਾ ਜਾ ਰਿਹਾ ਹੈ?(41)
- ਪੰਜਾਬੀ ਕਹਾਣੀ ਵਿੱਚ ਨਾਰੀ ਸਰੋਕਾਰਾਂ ਨਾਲ ਜੁੜੇ ਬਹੁਤੇ ਮੁੱਦੇ ਨਜ਼ਰੀਂ ਨਹੀਂ ਪੈਂਦੇ। ਇਨ੍ਹਾਂ ਵਿਭਿੰਨ ਸਰੋਕਾਰਾਂ ਥਾਂਈਂ ਨਾਰੀ ਘਰੇਲੂ ਤੇ ਪਰਿਵਾਰਕ ਮੁਹਾਜ਼ਾਂ ਉੱਤੇ ਜਿੱਤ ਹਾਸਲ ਕਰਦੀ ਨਜ਼ਰੀਂ ਪੈਂਦੀ ਹੈ। ਗਰੀਬੀ ਤੇ ਫ਼ੈਸ਼ਨ, ਗਲੈਮਰ ਦੀ ਦੁਨੀਆਂ ਵਿੱਚ ਵਿਚਰਨ ਵੇਲੇ ਉਸਨੂੰ ਸਮਝੌਤੇ, ਸਾਜ਼ਿਸ਼ਾਂ ਤੇ ਵਸਤੂ ਵਾਂਗ ਵਰਤੇ ਜਾਣ ਦਾ ਸ਼ਿਕਾਰ ਹੋਣਾ ਪੈਂਦਾ ਹੈ।… ਸਮਾਜ ਦੀ ਮੁੱਖ ਧਾਰਾ ਤੋਂ ਪਰੇ ਖੜ੍ਹੀ ‘ਥਰਡ ਜੈਂਡਰ ਤੇ ਸਮਲਿੰਗੀ ਨਾਰੀ’ ਨੂੰ ਵੀ ਪੰਜਾਬੀ ਕਹਾਣੀ ਵਿੱਚ ਵੱਡੀ ਥਾਂ ਮਿਲੀ ਹੈ। (120)
- ਕਹਾਣੀ ਜੋ ਆਪਣੇ ਸਮੇਂ ਵਿੱਚ ਲਿਖੇ ਜਾਣ ਦੇ ਬਾਵਜੂਦ, ਸਮੇਂ ਤੋਂ ਪਾਰ ਜਾ ਕੇ ਮਾਨਵੀ ਮੁੱਲਾਂ ਨੂੰ ਸਥਾਪਤ ਕਰਨ ਯੋਗ ਬਣਦੀ ਹੈ, ਉਹੀ ਕਹਾਣੀ ਸਫ਼ਲ ਹੈ। ਜੋ ਪੜ੍ਹਦੇ ਹੋਏ ਪਾਠਕ ਨੂੰ ਝੰਜੋੜ ਦੇਵੇ, ਰੁਆ ਦੇਵੇ, ਸੋਚਣ ਲਾ ਦੇਵੇ, ਨਵੀਆਂ ਦਿਸ਼ਾਵਾਂ ਦਾ ਰਾਹ ਖੋਲ੍ਹ ਦੇਵੇ, ਉਹੀ ਕਹਾਣੀ ਅੱਗੇ ਤੋਂ ਅੱਗੇ ਦਾ ਸਫ਼ਰ ਤੈਅ ਕਰਨ ਯੋਗ ਬਣਦੀ ਹੈ। (126)
ਕਈ ਵਾਰ ਕਿਸੇ ਚੰਗੀ ਕਿਤਾਬ ਦਾ ਪ੍ਰਭਾਵ ਉਸ ਸਮੇਂ ਵੀ ਘੱਟ ਅੰਕਿਆ ਜਾਂਦਾ ਹੈ, ਜਦੋਂ ਉਸ ਵਿੱਚ ਸ਼ਬਦ-ਜੋੜਾਂ ਪੱਖੋਂ ਖਾਮੀਆਂ/ਤਰੁਟੀਆਂ ਨਜ਼ਰ ਆਉਣ। ਇਸ ਪੁਸਤਕ ਨਾਲ ਵੀ ਇੰਜ ਹੀ ਵਾਪਰਿਆ ਹੈ। ਇਹ ਉਸੇ ਤਰ੍ਹਾਂ ਹੈ, ਜਿਵੇਂ ਚੰਦਰਮਾ ਦੀ ਚਾਨਣੀ ਤਾਂ ਪ੍ਰਭਾਵਿਤ ਕਰਦੀ ਹੈ, ਪਰ ਉਸ ਵਿੱਚ ਦਾਗ ਵੀ ਹੈ। ਇਸ ਕਿਤਾਬ ਦੇ ਇੱਕ ਇੱਕ ਪੰਨੇ ਤੇ ਸ਼ਬਦ ਜੋੜਾਂ ਦੀਆਂ ਕਈ ਕਈ ਗਲਤੀਆਂ ਨਜ਼ਰ ਆਈਆਂ ਹਨ। ਜਿਵੇਂ : ਏਮ (ਐਮ, 11) ਪੰਖੜਿਆਂ (ਪੰਖੜੀਆਂ, 12), ਸਪਾਡਰਮੈਨ (ਸਪਾਈਡਰਮੈਨ, 13), ਲੀਕਰਾਂ (ਲਕੀਰਾਂ, 14), ਮੁੱਹਲੇ (ਮੁਹੱਲੇ, 16), ਸ਼ੰਕੁਤਲਾ (ਸ਼ਕੁੰਤਲਾ, 17), ਸਮੰਤ (ਸੰਮਤ, 23), ਇੱਕਵੀਂ (ਇੱਕੀਵੀਂ, 23), ਬ੍ਰਹਿੰਮਡ (ਬ੍ਰਹਿਮੰਡ, 27), 1868 (1869, 32), ਨੇਂਤਰਦਾਨ (ਨੇਤਰਦਾਨ, 42), ਨੁੱਖੀ (ਮਨੁੱਖੀ, 46), ਕੁਇੰਟ (ਕੁਇਟ, 48), ਟਿਵਟਰ (ਟਵਿੱਟਰ, 53), ਗ੍ਰੈਰਮੀ (ਗ੍ਰੈਮੀ, 67), ਬੇਸਟ (ਬੈਸਟ, 67), ਚਦ੍ਰਿੰਮਾ (ਚੰਦਰਮਾ, 71), ਸਤੁੰਲਿਤ (ਸੰਤੁਲਿਤ, 94), ਡਾਇਰੇਕਟਰ (ਡਾਇਰੈਕਟਰ, 97), ਗਿਆਨਓਦਏ (ਗਿਆਨਉਦੈ, 97), ਝਿਜੋੜ (ਝੰਜੋੜ, 126) ਆਦਿ।
ਸਾਹਿਤਕ/ਸਮਾਜਕ ਸਰੋਕਾਰਾਂ ਬਾਰੇ ਡਾ. ਬਿੰਦਰਾ ਦੀ ਇਸ ਪੁਸਤਕ ਦਾ ਪੰਜਾਬੀ ਸਾਹਿਤ ਜਗਤ ਵਿੱਚ ਹਾਰਦਿਕ ਸਵਾਗਤ ਹੈ।
ਪ੍ਰੋ. ਨਵ ਸੰਗੀਤ ਸਿੰਘ
1, ਲਤਾ ਗਰੀਨ ਐਨਕਲੇਵ, ਪਟਿਆਲਾ-147002.
9417692015