ਰਿਸ਼ਤੇ ਤਾਂ ਕਈ ਹੁੰਦੇ ਹਨ ਦੁਨੀਆਂ ’ਚ ਪਰ ਇੱਕ ਰਿਸ਼ਤਾ ਬਹੁਤ ਹੀ ਖਾਸ ਹੁੰਦਾ ਹੈ ਇਹ ਰਿਸ਼ਤਾ ਹੈ ਭਰਾ ਅਤੇ ਭੈਣ ਦਾ ਭਰਾ ਅਤੇ ਭੈਣ ਚਾਹੇ ਕਿੰਨੀ ਵੀ ਦੂਰ ਕਿਉਂ ਨਾ ਹੋਣ, ਉਨ੍ਹਾਂ ਦਾ ਪਿਆਰ ਕਦੇ ਘੱਟ ਨਹੀਂ ਹੁੰਦਾ।
ਹਰ ਇੱਕ ਭੈਣ ਨੂੰ ਹਰੇਕ ਸਾਲ ਇੱਕ ਵਿਸ਼ੇਸ ਦਿਨ ਰੱਖੜੀ ਦੇ ਤਿਉਹਾਰ ਦਾ ਇੰਤਜ਼ਾਰ ਹੁੰਦਾ ਹੈ, ਇਸ ਦਿਨ ਭੈਣ ਬੜੇ ਹੀ ਚਾਵਾਂ ਅਤੇ ਦਿਲ ਦੀਆਂ ਸੱਧਰਾਂ ਨਾਲ ਆਪਣੇ ਭਰਾ ਨੂੰ ਸੱਚੇ ਦਿਲ ਤੇ ਪ੍ਰੇਮ ਭਾਵਨਾ ਨਾਲ ਰੱਖੜੀ ਬੰਨਦੀ ਹੈ। ਰੱਖੜੀ ਸ਼ਬਦ ਦਾ ਅਰਥ ਹੈ, ਰੱਖਿਆ ਕਰਨ ਵਾਲਾ ਧਾਗਾ। ਇਸ ਤਿਉਹਾਰ ’ਤੇ ਭੈਣਾਂ ਆਪਣੇ ਭਰਾ ਦੇ ਗੁੱਟ ’ਤੇ ਰੱਖੜੀ ਬੰਨ੍ਹਦੀਆਂ ਹਨ ਤੇ ਬਦਲੇ ਵਿੱਚ ਭਰਾ ਆਪਣੀਆਂ ਭੈਣਾਂ ਨੂੰ ਜੀਵਨ ਭਰ ਰੱਖਿਆ ਕਰਨ ਦਾ ਵਚਨ ਦਿੰਦੇ ਹਨ। ਰੱਖੜੀ ਸ਼ਬਦ ਦੋ ਸ਼ਬਦਾਂ ਦੇ ਮੇਲ ਨਾਲ ਬਣਦਾ ਹੈ, ਰੱਖ+ੜੀ। ਰੱਖ ਤੋਂ ਭਾਵ ਹੈ ਸੁਰੱਖਿਆ ਜਾਂ ਮਹਿਫ਼ੂਜ਼ ਅਤੇ ੜੀ ਤੋਂ ਭਾਵ ਹੈ ਕਰਨ/ਰੱਖਣ ਵਾਲਾ ਜਾਂ ਵਾਲੀ। ਇਸ ਤਰ੍ਹਾਂ ਰੱਖੜੀ ਸ਼ਬਦ ਦਾ ਅਰਥ ਬਣਦਾ ਹੈ ਸੁਰੱਖਿਆ ਕਰਨ ਵਾਲੀ ਜਾਂ ਮਹਿਫ਼ੂਜ਼ ਰੱਖਣ ਵਾਲੀ।
ਰਕਸ਼ਾ ਤੋਂ ਭਾਵ ਹੈ ਰਾਖੀ ਅਤੇ ਬੰਧਨ ਦਾ ਅਰਥ ਹੈ ਗੰਢ। ਇਹ ਤਿਉਹਾਰ ਭੈਣ-ਭਰਾ ਦੇ ਗੂੜ੍ਹੇ ਰਿਸ਼ਤੇ ਅਤੇ ਸਦੀਵੀ ਪਿਆਰ ਨੂੰ ਦਰਸਾਉਂਦਾ ਹੈ। ਇਹ ਸਾਵਣ ਦੇ ਮਹੀਨੇ ਵਿੱਚ ਆਉਣ ਵਾਲਾ ਮੁੱਖ ਤਿਉਹਾਰ ਹੈ।
ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਦੇਸ਼ ਭਰ ਵਿਚ ਸਾਉਣ ਮਹੀਨੇ ਦੀ ਪੁੰਨਿਆ ‘ਤੇ ਮਨਾਇਆ ਜਾਂਦਾ ਹੈ। ਇਸ ਦਿਨ ਸਾਰੀਆਂ ਭੈਣਾਂ ਆਪਣੇ ਭਰਾਵਾਂ ਦੀ ਲੰਬੀ ਉਮਰ ਦੀਆਂ ਅਰਦਾਸਾਂ ਕਰਦੀਆਂ ਹਨ ਅਤੇ ਉਨ੍ਹਾਂ ਦੇ ਗੁੱਟ ’ਤੇ ਰੱਖੜੀ ਬੰਨ੍ਹਦੀਆਂ ਹਨ। ਉਸ ਦਾ ਖਿਆਲ ਰੱਖਦੀ ਹੈ ਭੈਣ ਛੋਟੀ ਹੋਵੇ ਜਾਂ ਵੱਡੀ, ਉਹ ਹਮੇਸ਼ਾ ਭਰਾ ਦਾ ਖਿਆਲ ਰੱਖਦੀ ਹੈ ਅਤੇ ਆਪਣੇ ਭਰਾ ਨਾਲ ਬਹੁਤ ਪਿਆਰ ਕਰਦੀ ਹੈ ਅਜਿਹਾ ਤਿਉਹਾਰ ਹੈ ਜੋ ਇਸ ਪਿਆਰ ਨੂੰ ਕਈ ਗੁਣਾ ਵਧਾ ਦਿੰਦਾ ਹੈ, ਉਹ ਹੈ ਰੱਖੜੀ ਦਾ ਤਿਉਹਾਰ।
ਰੱਖੜੀ ਦੇ ਤਿਉਹਾਰ ਨਾਲ ਬਹੁਤ ਸਾਰੀਆਂ ਇਤਿਹਾਸਕ ਤੇ ਮਿਥਿਹਾਸਕ ਕਥਾਵਾਂ ਜੁੜੀਆਂ ਹੋਈਆਂ ਹਨ। ਜਿਨ੍ਹਾਂ ਵਿਚੋਂ ਇਕ ਪ੍ਰਸਿੱਧ ਕਥਾ ਸ੍ਰੀ ਕ੍ਰਿਸ਼ਨ ਅਤੇ ਦਰੋਪਦੀ ਨਾਲ ਸਬੰਧਤ ਹੈ। ਜਦੋਂ ਸ਼੍ਰੀ ਕ੍ਰਿਸ਼ਨ ਨੇ ਸ਼ਿਸ਼ੂਪਾਲ ਦਾ ਵੱਧ ਕੀਤਾ ਤਾਂ ਉਨ੍ਹਾਂ ਦੀ ਉਂਗਲੀ ਵਿੱਚ ਸੱਟ ਲੱਗ ਗਈ ਅਤੇ ਦਰੋਪਦੀ ਨੇ ਆਪਣੀ ਸਾੜੀ ਦਾ ਪੱਲੂ ਪਾੜ ਕੇ ਉਨ੍ਹਾਂ ਦੀ ਉਂਗਲੀ ਤੇ ਪੱਟੀ ਕੀਤੀ। ਉਨ੍ਹਾਂ ਨੇ ਦ੍ਰੋਪਦੀ ਨੂੰ ਸੰਕਟ ਸਮੇਂ ਮਦਦ ਕਰਨ ਦਾ ਵਚਨ ਦਿੱਤਾ। ਜਦੋਂ ਭਰੀ ਸਭਾ ਵਿਚ ਦ੍ਰੋਪਤੀ ਦਾ ਚੀਰ ਹਰਨ ਕਰਨ ਦੀ ਕੋਸ਼ਿਸ਼ ਹੋਈ ਉਸ ਸਮੇਂ ਸ੍ਰੀ ਕ੍ਰਿਸ਼ਨ ਨੇ ਆਪਣਾ ਵਚਨ ਨਿਭਾਇਆ ਅਤੇ ਦ੍ਰੋਪਤੀ ਦੀ ਲਾਜ ਰੱਖੀ।
ਇਕ ਇਤਿਹਾਸਕ ਕਹਾਣੀ ਦੇ ਅਨੁਸਾਰ ਜਦੋਂ ਮੇਵਾੜ ਦੀ ਰਾਣੀ ਕਰਮਵਤੀ ਨੂੰ ਬਹਾਦੁਰ ਸ਼ਾਹ ਜ਼ਫ਼ਰ ਦੇ ਮੇਵਾੜ ਉੱਤੇ ਹਮਲਾ ਕਰਨ ਦੀ ਖਬਰ ਮਿਲੀ ਤਾਂ ਉਸ ਨੇ ਮੁਗ਼ਲ ਬਾਦਸ਼ਾਹ ਹੁਮਾਯੂ ਨੂੰ ਰੱਖੜੀ ਦਾ ਧਾਗਾ ਭੇਜ ਕੇ ਉਸ ਦੀ ਰੱਖਿਆ ਕਰਨ ਦੀ ਪ੍ਰਾਰਥਨਾ ਕੀਤੀ ਅਤੇ ਹੁਮਾਯੂੰ ਨੇ ਵੀ ਰੱਖੜੀ ਦੀ ਲਾਜ ਰੱਖਦੇ ਹੋਏ ਮੇਵਾੜ ਵੱਲੋਂ ਲੜਾਈ ਕਰਕੇ ਬਹਾਦੁਰ ਸ਼ਾਹ ਨੂੰ ਹਰਾਇਆ ਅਤੇ ਕਰਮਾਵਤੀ ਅਤੇ ਉਸ ਦੇ ਰਾਜ ਦੀ ਰੱਖਿਆ ਕੀਤੀ।
ਸਮੇਂ ਦੇ ਨਾਲ ਰੱਖੜੀ ਦੇ ਤਿਉਹਾਰ ਦੇ ਅਰਥ ਵੀ ਕੁਝ ਹੱਦ ਤੱਕ ਬਦਲ ਗਏ ਹਨ। ਪਹਿਲਾਂ ਰਖੜੀ ਬੰਨਣ ਸਮੇਂ ਭਰਾ ਭੈਣਾਂ ਨੂੰ ਉਹਨਾਂ ਦੀ ਰੱਖਿਆ ਕਰਨ ਦਾ ਵਚਨ ਦਿੰਦੇ ਸਨ। ਅੱਜ ਜਦੋਂ ਕੁੜੀਆਂ ਆਰਥਿਕ ਰੂਪ ਵਿੱਚ ਮੁੰਡਿਆਂ ਨੂੰ ਟੱਕਰ ਦੇ ਰਹੀਆਂ ਹਨ ਅਤੇ ਘਰਾਂ ਦੀ ਜ਼ਿੰਮੇਦਾਰੀ ਨੂੰ ਪੂਰੀ ਤਰ੍ਹਾਂ ਨਾਲ ਸੰਭਾਲ ਰਹੀਆਂ ਹਨ ਉਹ ਵੀ ਭਰਾਵਾਂ ਦੀ ਰੱਖਿਆ ਕਰਨ ਦੇ ਕਾਬਿਲ ਹੋ ਗਈਆਂ ਹਨ।
ਭੈਣ-ਭਰਾ ਦਾ ਰਿਸ਼ਤਾ ਸਾਡੇ ਜੀਵਨ ਦਾ ਹਿੱਸਾ ਹੈ, ਪਰਿਵਾਰ ਦੀ ਸ਼ਾਨ ਦਾ ਪ੍ਰਤੀਕ ਹੈ ਅਤੇ ਇਸ ਰਿਸ਼ਤੇ ਦੀ ਅਹਿਮੀਅਤ ਨੂੰ ਬਣਾਈ ਰੱਖਣਾ ਹਰ ਭੈਣ ਭਰਾ ਦਾ ਫਰਜ਼ ਬਣਦਾ ਹੈ | ਭਰਜਾਈ ਵੀ ਇਨ੍ਹਾਂ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਵਿਚ ਆਪਣਾ ਯੋਗਦਾਨ ਪਾ ਕੇ ਯੋਗ ਪਾਤਰ ਬਣ ਸਕਦੀ ਹੈ | ਬੱਸ ਲੋੜ ਹੈ ਇਨ੍ਹਾਂ ਰਿਸ਼ਤਿਆਂ ਨੂੰ ਬਣਾਈ ਰੱਖਣ ਦੀ… |
ਅਸੀਂ ਸਮਾਜ ਵਿਚ ਦੇਖਦੇ ਹਾਂ ਕਿ ਭੈਣ ਤੇ ਭਰਾ ਦਾ ਰਿਸ਼ਤਾ ਪਰਿਵਾਰ ਦੇ ਬਾਕੀ ਰਿਸ਼ਤਿਆਂ ਨਾਲੋਂ ਇੱਕ ਅਲੱਗ ਰਿਸ਼ਤਾ ਮੰਨਿਆ ਜਾਂਦਾ ਹੈ। ਇਸ ਰਿਸ਼ਤੇ ਵਿਚ ਤਕਰਾਰ, ਗੁੱਸਾ, ਲੜਾਈ ਜਰੂਰ ਹੁੰਦੀ ਹੈ ਪਰ ਨਾਲ ਪਿਆਰ ਵੀ ਬਹੁਤ ਹੁੰਦਾ ਹੈ। ਇਹ ਤਿਉਹਾਰ ਸਦਾ ਖੁਸ਼ੀਆਂ ਭਰਿਆ ਆਉਂਦਾ ਰਹੇ ਅਤੇ ਭੈਣ-ਭਰਾਵਾਂ ਦੀ ਸਾਂਝ ਸੰਸਾਰ ਉੱਤੇ ਸਦਾ ਹੀ ਬਣੀ ਰਹੇ ….। ਰੱਖੜੀ ਦੇ ਰੂਪ ਵਿਚ ਆਪਣੇ ਭਰਾਵਾਂ ਦੇ ਗੁੱਟ ਉੱਤੇ ਬੰਨ੍ਹ ਕੇ ਉਨ੍ਹਾਂ ਦੀ ਖ਼ੁਸ਼ਹਾਲੀ ਤੇ ਲੰਮੀ ਉਮਰ ਦੀ ਕਾਮਨਾ ਕੀਤੀ ਜਾਂਦੀ ਹੈ।
ਰਾਜਿੰਦਰ ਰਾਣੀ ਪਿੰਡ ਗੰਢੂਆਂ ਜ਼ਿਲ੍ਹਾ ਸੰਗਰੂਰ