ਭੈਣ ਕੋਲੋਂ ਵੀਰ ਵੇ ਬੰਨ੍ਹਾ ਲੈ ਰੱਖੜੀ, ਸੋਹਣੇ ਜਿਹੇ ਗੁੱਟ ’ਤੇ ਸਜਾ ਲੈ ਰੱਖੜੀ।
ਇਹਦੇ ਵਿੱਚ ਮੇਰੀਆਂ ਮੁਰਾਦਾਂ ਵੀਰ ਵੇ, ਸ਼ਹਿਦ ਨਾਲੋਂ ਮਿੱਠੀਆਂ ਨੇ ਯਾਦਾਂ ਵੀਰ ਵੇ।
ਬੰਨ੍ਹ ਵੀਰਾ ਰੱਖੜੀ ਜਵਾਨੀ ਮਾਣ ਵੇ, ਭੈਣ ਨੂੰ ਹੈ ਤੇਰੇ ਉੱਤੇ ਮਾਣ-ਤਾਣ ਵੇ।
ਤਿਉਹਾਰ ਸਾਡੀ ਜ਼ਿੰਦਗੀ ’ਚ ਅਹਿਮ ਮਾਇਨੇ ਰੱਖਦੇ ਹਨ ਵਿਅਕਤੀ ਨੂੰ ਵਿਅਕਤੀ ਨਾਲ ਜੋੜਨ ਅਤੇ ਸੰਸਕਾਰਾਂ ਨਾਲ ਬੰਨ੍ਹਣ ਦਾ ਇਸ ਤੋਂ ਬਿਹਤਰ ਬਦਲ ਹੋਰ ਕੋਈ ਹੋ ਵੀ ਨਹੀਂ ਸਕਦਾ ਇਸ ਪ੍ਰਥਾ ਨੂੰ ਹੋਰ ਵੀ ਦ੍ਰਿੜ੍ਹ ਕਰਦਾ ਹੈ ਰੱਖੜੀ ਦਾ ਤਿਉਹਾਰ! ਇਹ ਸਾਡੇ ਭਾਰਤੀ ਸਮਾਜ ’ਚ ਪਰਿਵਾਰ ਦੇ ਮਹੱਤਵ ਨੂੰ ਦਰਸਾਉਂਦਾ ਹੈ ਉਂਜ ਤਾਂ ਭਾਰਤ ’ਚ ਹਰ ਦਿਨ ਭਰਾ-ਭੈਣ ਇਕੱਠੇ ਮਿਲਜੁੱਲ ਕੇ ਪ੍ਰੇਮਪੂਰਵਕ ਰਹਿੰਦੇ ਹਨ ਪਰ ਰੱਖੜੀ ਦਾ ਖਾਸ ਦਿਨ ਭਰਾ-ਭੈਣ ਦੇ ਰਿਸ਼ਤੇ ਦੇ ਮਰ੍ਹਮ ਅਤੇ ਫਰਜ਼ ਨੂੰ ਦਰਸਾਉਂਦਾ ਹੈ।
ਰੱਖੜੀ ਭੈਣ-ਭਰਾ ਦੇ ਪ੍ਰੇਮ ਦਾ ਪ੍ਰਤੀਕ ਅਜਿਹਾ ਤਿਉਹਾਰ ਹੈ, ਜੋ ਸਦੀਆਂ ਤੋਂ ਆਪਣੀ ਮਹਾਨਤਾ ਲੈ ਕੇ ਚੱਲਿਆ ਆ ਰਿਹਾ ਹੈ। ਸਮੇਂ-ਸਮੇਂ ’ਤੇ ਹਾਲਾਤ ਦੇ ਅਨੁਸਾਰ ਇਸ ਦੇ ਰੂਪ ਵਿਚ ਤਬਦੀਲੀਆਂ ਚਾਹੇ ਆ ਗਈਆਂ ਹੋਣ, ਪਰ ਇਹ ਇੱਕ ਅਜਿਹਾ ਬੰਧਨ ਹੈ ਜੋ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਨੂੰ ਬੰਨ੍ਹ ਕੇ ਰੱਖਦਾ ਹੈ।
ਰੱਖੜੀ ਦਾ ਤਿਉਹਾਰ ਭੈਣ -ਭਰਾ ਦੇ ਆਪਸੀ ਪਿਆਰ ਅਤੇ ਮਿਲਵਰਤਨ ਦੇ ਰਿਸ਼ਤੇ ਨੂੰ ਜ਼ਾਹਰ ਕਰਦਾ ਹੈ।ਭੈਣ ਨੂੰ ਵੀਰ ਤੇ ਮਾਣ ਹੁੰਦਾ ਹੈ ਤਾਂ ਵੀਰ ਵੀ ਭੈਣ ਨੂੰ ਤੱਤੀ ਵਾਅ ਨਹੀਂ ਲੱਗਣ ਦਿੰਦਾ। ਵੀਰ ਹਰ ਤਿਉਹਾਰ ਤੇ ਸੋਹਰੇ ਵਸਦੀ ਭੈਣ ਨੂੰ ਸੰਧਾਰਾ ਦੇ ਕੇ ਆਉਂਦਾ ਹੈ।ਭੈਣ ਅਪਣੇ ਵੀਰ ਵੱਲੋਂ ਹਮੇਸ਼ਾ ਠੰਢੜੀ ਹੋਣ ਦੀ ਆਸ ਰੱਖਦੀ ਹੈ। ਉਹ ਵੀਰ ਦੀ ਹਰ ਖੁਸ਼ੀ ਦੇ ਵਾਰੇ ਵਾਰੇ ਜਾਂਦੀ ਹੈ।ਭੈਣ ਭਰਾ ਦਾ ਰਿਸ਼ਤਾ ਵਧੇਰੇ ਪਾਕ ਅਤੇ ਨਜਦੀਕੀ ਵਾਲਾ ਹੁੰਦਾ ਹੈ ।ਭੈਣ ਦੀ ਤਹਿ ਦਿਲੋਂ ਆਵਾਜ਼ ਬਣ ਕੇ ਨਿਕਲੇ ਹਨ ਕਿ:-
ਭੈਣ ਵਰਗਾ ਸਾਕ ਨਾ ਕੋਈ ਟੁੱਟ ਕੇ ਨਾ ਬਹਿ ਜੀ ਵੀਰਨਾ
ਵੀਰਾ ਵੇ ਤੂੰ ਭੈਣ ਤੋਂ ਬਨ੍ਹਾ ਲੈ ਰੱਖੜੀ, ਸੋਹਣੇ ਜਿਹੇ ਗੁੱਟ ’ਤੇ ਸਜਾ ਲੈ ਰੱਖੜੀ।
ਰੱਖੜੀ ਦੀ ਮਹੱਤਤਾ
ਭੈਣ-ਭਰਾ ਦੇ ਇਸ ਰਿਸ਼ਤੇ ਬਾਰੇ ਭਾਰਤੀ ਸਮਾਜ ‘ਚ ਝਾਤੀ ਮਾਰਦੇ ਹਾਂ ਤਾਂ ਇਸਦੀ ਮਹੱਤਤਾ ਨਿਵੇਕਲੀ ਹੀ ਨਜ਼ਰ ਆਉਂਦੀ ਹੈ। ਭੈਣ-ਭਰਾ ਦੇ ਇਸ ਰਿਸ਼ਤੇ ਦੀ ਮਹੱਤਤਾ ਨੂੰ ਦਰਸਾਉਣ ਲਈ ਇਸ ਨੂੰ ਇੱਕ ਤਿਉਹਾਰ ਦਾ ਨਾਂ ਦਿੱਤਾ ਗਿਆ ਹੈ, ਜਿਸ ਨੂੰ ਪੰਜਾਬੀ ਭਾਸ਼ਾ ‘ਚ ‘ਰੱਖੜੀ’ ਦਾ ਤਿਉਹਾਰ ਅਤੇ ਹਿੰਦੀ ਭਾਸ਼ਾ ‘ਚ ‘ਰਕਸ਼ਾ ਬੰਧਨ’ ਕਿਹਾ ਜਾਂਦਾ ਹੈ। ਇਹ ਤਿਉਹਾਰ ਸਾਉਣ ਜਾਂ ਸਾਵਨ ਮਹੀਨੇ ਦੇ ਆਖ਼ਰੀ ਦਿਨ ਪੁੰਨਿਆਂ ਜਾਂ ਪੂਰਨਮਾਸੀ ਨੂੰ ਮਨਾਇਆ ਜਾਂਦਾ ਹੈ। ਇਹ ਤਿਉਹਾਰ ਅੰਗਰੇਜ਼ੀ ਕੈਲੰਡਰ ਦੇ ਅਗਸਤ ਮਹੀਨੇ ‘ਚ ਆਉਂਦਾ ਹੈ।
ਕਿਵੇਂ ਮਨਾਇਆ ਜਾਂਦਾ ਹੈ ਇਹ ਤਿਉਹਾਰ?
ਰੱਖੜੀ ਦਾ ਤਿਉਹਾਰ ਭੈਣ-ਭਰਾ ਦੇ ਅਨਮੋਲ ਤੇ ਪਵਿੱਤਰ ਰਿਸ਼ਤੇ ਦਾ ਪ੍ਰਤੀਕ ਹੈ। ਰੱਖੜੀ ਦਾ ਪਵਿੱਤਰ ਦਿਨ ਸਾਉਣ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਭੈਣਾਂ ਕੱਚੇ ਧਾਗੇ ਦੀ ਪੱਕੀ ਡੋਰ ਆਪਣੇ ਭਰਾਵਾਂ ਦੇ ਗੁੱਟ ‘ਤੇ ਬੰਨ੍ਹਦੀਆਂ ਹਨ ਤੇ ਆਪਣੇ ਭਰਾਵਾਂ ਦੀ ਲੰਮੀ ਉਮਰ ਅਤੇ ਖ਼ੁਸ਼ਹਾਲੀ ਦੀ ਕਾਮਨਾ ਕਰਦੀਆਂ ਹਨ। ਭਰਾ ਵੀ ਸਾਰੀ ਉਮਰ ਆਪਣੀ ਭੈਣ ਦੀ ਰੱਖਿਆ ਕਰਨ ਦਾ ਵਚਨ ਦਿੰਦੇ ਹਨ। ਰੱਖੜੀ ਬੰਨ੍ਹਣ ਤੋਂ ਬਾਅਦ ਭੈਣ ਆਪਣੇ ਭਰਾ ਦਾ ਮੂੰਹ ਮਿੱਠਾ ਕਰਵਾਉਂਦੀ ਹੈ ਤੇ ਭਰਾ ਉਸ ਨੂੰ ਨਕਦੀ ਜਾਂ ਤੋਹਫ਼ੇ ਆਦਿ ਦਿੰਦਾ ਹੈ। ਬਦਲਦੇ ਜ਼ਮਾਨੇ ਤੇ ਵੱਧਦੇ ਫੈਸ਼ਨ ਨੇ ਹੁਣ ਰੇਸ਼ਮੀ ਧਾਗੇ ਦੀ ਥਾਂ ਫੈਂਸੀ ਰੱਖੜੀਆਂ ਨੇ ਲੈ ਲਈ ਹੈ। ਅੱਜ ਭੈਣਾਂ ਆਪਣੇ ਭਰਾਵਾਂ ਲਈ ਸੋਨੇ, ਚਾਂਦੀ ਦੀਆਂ ਰੱਖੜੀਆਂ ਖ਼ਰੀਦਦੀਆਂ ਹਨ। ਭੈਣਾਂ ਦੇ ਜੀਵਨ ‘ਚ ਇਸ ਦਿਨ ਦੀ ਬਹੁਤ ਮਹੱਤਤਾ ਹੈ। ਪੂਰੇ ਭਾਰਤ ‘ਚ ਇਸ ਦਿਨ ਨੂੰ ਖ਼ੁਸ਼ੀਆਂ ਨਾਲ ਮਨਾਇਆ ਜਾਂਦਾ ਹੈ।
ਰੱਖੜੀ ਜਾਂ ਰਾਖੀ ਦਾ ਅਸਲ ਭਾਵ ਹੀ ਕਿ ਵੀਰ ਭੈਣਾਂ ਦੀ ਰੱਖਿਆ ਕਰਨ ਜਾਂ ਕਿਸੇ ਔਕੜ ਸਮੇਂ ਰੱਖਿਆ ਕਰਨ ਲਈ ਵਚਨਬੱਧ ਹੋਣ। ਇਹ ਤਿਉਹਾਰ ਭੈਣ-ਭਰਾਵਾਂ ਦੇ ਮਿਲਣ ਦਾ ਵੀ ਸਬੱਬ ਬਣਦਾ। ਕਿਉਂਕਿ ਇਸ ਮਸ਼ੀਨੀ ਯੁੱਗ ਵਿਚ ਇੱਕ-ਦੂਜੇ ਨੂੰ ਮਿਲਣ ਦਾ ਜਿਵੇਂ ਕਾਲ ਹੀ ਪੈ ਗਿਆ ਲੱਗਦਾ। ਹਰ ਤਿਉਹਾਰ ਨੂੰ ਮਨਾਉਣ ਪਿੱਛੇ ਕੋਈ ਮਨੋਰਥ ਛੁਪਿਆ ਹੁੰਦਾ, ਇਸ ਲਈ ਰੱਖੜੀ ਬੰਨ੍ਹਣ ਦਾ ਮਨੋਰਥ ਤਾਂ ਹੀ ਪੂਰਾ ਹੋ ਸਕਦਾ ਹੈ, ਜੇ ਦੋਵੇਂ ਧਿਰਾਂ ਇੱਕ-ਦੂਜੇ ਨੂੰ ਦਿਲੋਂ ਇਮਾਨਦਾਰੀ ਨਾਲ ਪਿਆਰ ਤੇ ਸਤਿਕਾਰ ਦੇਣ, ਨਹੀਂ ਤਾਂ ਮਹਿੰਗੀਆਂ ਤੇ ਖੂਬਸੂਰਤ ਰੱਖੜੀਆਂ ਬੰਨ੍ਹਣ ਦਾ ਕੋਈ ਮਹੱਤਵ ਨਹੀਂ ਰਹਿ ਜਾਂਦਾ।
ਇਸ ਬੰਧਨ ਦਾ ਆਪਸੀ ਪਿਆਰ ਵੱਡੇ ਹੋਣ ਤੱਕ ਦਿਖਾਈ ਦਿੰਦਾ ਹੈ, ਪਰ ਫਿਰ ਇੱਕ ਵਾਰ ਦੁਨੀਆਦਾਰੀ ‘ਚ ਉਲਝੋ, ਤਾਂ ਕਿਸ ਨੂੰ ਭਰਾ ਜਾਂ ਭੈਣ ਯਾਦ ਰਹਿੰਦੇ ਹਨ ਇਸੇ ਰੌਸ਼ਨੀ ‘ਚ ਤਿਉਹਾਰਾਂ ਦਾ ਮਹੱਤਵ ਸਮਝ ‘ਚ ਆਉਂਦਾ ਹੈ, ਜਦੋਂ ਇੱਕ-ਦੂਜੇ ਲਈ ਸਮਾਂ ਕੱਢਣਾ ਜ਼ਰੂਰੀ ਹੋ ਜਾਂਦਾ ਹੈ।
ਸਾਰੇ ਤਿਉਹਾਰ ਆਉਂਦੇ-ਜਾਂਦੇ ਹਨ, ਪਰ ਰੱਖੜੀ ਮੰਨੋ ਉਮਰ ਦੇ ਹਰ ਪੜਾਅ ‘ਤੇ ਭਰਾ-ਭੈਣ ਨੂੰ ਜੋੜ ਕੇ ਰੱਖਦੀ ਹੈ ਜਿਵੇਂ ਹੀ ਭੈਣ ਰੱਖੜੀ ਨਾਲ ਭਰਾ ਦੇ ਗੁੱਟ ਨੂੰ ਸਜਾਉਂਦੀ ਹੈ, ਅਜਿਹਾ ਲੱਗਦਾ ਹੈ ਜਿਵੇਂ ਭਰਾ ਵੀ ਬਹਾਦਰ ਹੋ ਗਿਆ, ਨਿਵੇਕਲਾ ਜਿਹਾ ਹੋ ਗਿਆ ਦੂਜੇ ਪਾਸੇ ਉਸ ਦੀ ਭੈਣ ਉਸ ਵੱਲ ਪਾਕ, ਕੋਮਲ ਅਤੇ ਸੂਖਮ ਹੋ ਗਈ ਤਿਉਹਾਰ ਧੁਰੀ ਵਾਂਗ ਹੁੰਦੇ ਹਨ, ਜਿਨ੍ਹਾਂ ਦੇ ਇਰਦ-ਗਿਰਦ ਪੀੜ੍ਹੀਆਂ ਘੁੰਮਦੀਆਂ ਰਹਿੰਦੀਆਂ ਹਨ ਪਰ ਇਸ ਰਸਮ ‘ਚ ਪਿਆਰ ਦਾ ਹੋਣਾ, ਮਿੱਠੇ ਦੀ ਮਿਠਾਸ ਵਾਂਗ ਜ਼ਰੂਰੀ ਹੈ, ਜੋ ਸਮੇਂ ਦੇ ਨਾਲ ਤੁਰਨ ਦੇ ਹੀ ਮੁਮਕਿਨ ਹੋਵੇਗਾ।
ਰੱਖੜੀ ਦੇ ਸੂਤ ਦੇ ਧਾਗੇ ਨਾਲ ਹਰੇਕ ਭਰਾ ਸ਼ਕਤੀਸ਼ਾਲੀ ਹੋ ਜਾਂਦਾ ਹੈ ਉਹ ਕਿਸੇ ਵੀ ਆਫ਼ਤ ਤੋਂ ਆਪਣੀ ਭੈਣ ਦੀ ਰੱਖਿਆ ਲਈ ਤਿਆਰ ਦਿਸਦਾ ਹੈ ਰੱਖੜੀ ਨੂੰ ਬੰਨ੍ਹਦੇ-ਬੰਨ੍ਹਦੇ ਭੈਣ ਵੀ ਖੁਦ ਨੂੰ ਦੁੱਗਣਾ ਸਮਝਣ ਲੱਗਦੀ ਹੈ ਸੰਵੇਦਨਾਵਾਂ ਇੱਕ ਨਵੀਂ ਪਰੰਪਰਾ ‘ਚ ਬੰਨ੍ਹਦੀਆਂ ਨਜ਼ਰ ਆਉਦੀਆਂ ਹਨ ਮਾਪਿਆਂ ਦਾ ਸਹਿਯੋਗ ਵੀ ਸਮੇਂ ਦੇ ਨਾਲ ਭਰਾ-ਭੈਣ ‘ਚ ਆਪਣੀ ਜਗ੍ਹਾ ਬਣਾ ਲੈਂਦਾ ਹੈ ਇਹ ਧਾਗਾ ਭਰਾ-ਭਰਾ ਅਤੇ ਭੈਣਾਂ ‘ਚ ਵੀ ਉਹੀ ਭੂਮਿਕਾ ਨਿਭਾਉਂਦਾ ਹੈ, ਜੋ ਭੈਣ-ਭਰਾ ‘ਚ ਨਿਭਾਉਂਦਾ ਹੈ
ਭਾਰਤੀ ਪਰਿਵਾਰਾਂ ‘ਚ ਭੈਣਾਂ ਜਦੋਂ ਸਹੁਰੇ ਪਰਿਵਾਰ ਚਲੀਆਂ ਜਾਂਦੀਆਂ ਹਨ, ਤਾਂ ਉਨ੍ਹਾਂ ਨਾਲ ਬਹੁਤ ਕੁਝ ਚਲਿਆ ਜਾਂਦਾ ਹੈ ਭੈਣ ਦੇ ਜਾਣ ਨਾਲ ਘਰ ਖਾਲੀ ਅਤੇ ਉੱਥੇ ਭੈਣ ਦੇ ਦਿਲ ‘ਚ ਭਰਾ-ਪਰਿਵਾਰ ਦੀਆਂ ਯਾਦਾਂ ਦਾ ਬੱਦਲ ਅਜਿਹੇ ‘ਚ ਰੱਖੜੀ ਦਾ ਤਿਉਹਾਰ ਫਿਰ ਤੋਂ ਸਾਰੇ ਛੱਡੇ ਧਾਗਿਆਂ ਨੂੰ ਪਿਰੋ ਦਿੰਦੀ ਹੈ ਦੂਰ ਰਹਿੰਦੀ ਭੈਣ ਚਿੱਠੀ ‘ਚ ਵੀ ਜਦੋਂ ਰੱਖੜੀ ਰੱਖਦੀ ਹੈ, ਤਾਂ ਜਿਵੇਂ ਉੱਡ ਕੇ ਪੇਕੇ ਪਰਿਵਾਰ ‘ਚ ਪਹੁੰਚ ਜਾਂਦੀ ਹੈ ਅਤੇ ਇੱਥੇ ਭਰਾ ਜਦੋਂ ਉਸ ਰੱਖੜੀ ਨੂੰ ਹੱਥ ‘ਚ ਲੈਂਦਾ ਹੈ, ਤਾਂ ਭੈਣ ਦੇ ਪਿਆਰ ‘ਚ ਅੱਖਾਂ ਭਰ ਲੈਂਦਾ ਹੈ।
ਰੱਖਿਆ-ਸੂਤਰ ਰਿਸ਼ਤਿਆਂ ਨੂੰ ਬੰਨ੍ਹਦਾ ਹੈ ਨਾਲ ਪਲੇ, ਵੱਡੇ ਹੋਏ ਬੱਚਿਆਂ ਲਈ ਬਚਪਨ ਦੀ ਹਰ ਯਾਦ ਖਾਸ ਹੁੰਦੀ ਹੈ ਕਿਹੜੇ ਦੋਸਤ ਹੁੰਦੇ ਹਨ, ਜੋ ਜਨਮ ਦੇ ਨਾਲ ਹੁੰਦੇ ਹਨ-ਭਰਾ ਭੈਣ ਹੀ ਨਾ? ਇਸ ਲਈ ਬਚਪਨ ਦੇ ਹਰ ਕਿੱਸੇ ‘ਚ, ਜ਼ਿੰਦਗੀ ਦੇ ਸ਼ੁਰੂਆਤੀ ਹਰ ਹਿੱਸੇ ‘ਚ ਭਰਾ-ਭੈਣਾਂ ਦਾ ਜ਼ਿਕਰ ਹੋਣਾ ਲਾਜ਼ਮੀ ਹੈ ਰੱਖੜੀ ਉਹ ਤਿਉਹਾਰ ਹੈ ਜੋ ਇਨਸਾਨ ਦੇ ਅੰਦਰ ਬਚਪਨ ਨੂੰ, ਪਰਿਵਾਰ ਦੀਆਂ ਜੜ੍ਹਾਂ ਨੂੰ ਅਤੇ ਪੈਦਾਇਸ਼ੀ ਰਿਸ਼ਤਿਆਂ ਨੂੰ ਨਵੀਂ ਊਰਜਾ ਦਿੰਦਾ ਰਹਿੰਦਾ ਹੈ ਰੱਖੜੀ ਆਉਣ ਵਾਲੀ ਹੈ, ਮਾਪਿਆਂ ਦੇ ਸਾਹਮਣੇ ਮਨਾਏ ਤਿਉਹਾਰ ਤੋਂ ਲੈ ਕੇ ਅੱਜ ਤੱਕ ਦੇ ਹਰ ਤਿਉਹਾਰ ਨੂੰ ਯਾਦ ਕਰਕੇ ਦੇਖੋ-ਕੁਝ ਸ਼ਰਾਰਤਾਂ ਯਾਦ ਆਉਣਗੀਆਂ ਕੁਝ ਰੱਖੜੀਆਂ, ਕੁਝ ਮਹਿੰਦੀਆਂ, ਕੁਝ ਮੌਸਮ, ਬਾਰਸ਼ਾਂ, ਮਿਠਾਈਆਂ, ਪਰਿਵਾਰਾਂ ਦੀ ਇੱਕਜੁਟਤਾ, ਮਾਮੇ-ਚਾਚਿਆਂ ਦੇ ਬੱਚਿਆਂ ਨਾਲ ਮਨਾਏ ਤਿਉਹਾਰ ਰੱਖੜੀ ਬੰਨ੍ਹਦੇ ਸਮੇਂ ਹੋਏ।
ਅਹਿਸਾਸਾਂ ਨੂੰ ਪ੍ਰਗਟਾਅ ਕਰਨਾ
ਭਰਾ-ਭੈਣਾਂ ਦਾ ਜੁੜਾਅ ਅਟੁੱਟ ਹੁੰਦਾ ਹੈ, ਪਰ ਹਰ ਕੋਈ ਇਸ ਨੂੰ ਜ਼ਾਹਿਰ ਨਹੀਂ ਕਰ ਸਕਦਾ ਇੱਕ-ਦੂਜੇ ਨਾਲ ਕਿੰਨਾ ਵੀ ਪਿਆਰ ਹੋਵੇ, ਆਮ ਤੌਰ ‘ਤੇ ਭਰਾ-ਭੈਣ ਇੱਕ-ਦੂਜੇ ਨੂੰ ਇਹ ਗੱਲ ਕਹਿ ਨਹੀਂ ਸਕਦੇ ਰੱਖੜੀ ਦਾ ਦਿਨ ਇੱਕ ਪ੍ਰਗਟਾਅ ਬਣ ਕੇ ਆਉਂਦਾ ਹੈ ਭਰਾ ਦੀ ਲੜਾਈ ਵੀ ਉਸ ਦਿਨ ਇੱਕ ਵੱਖਰੇ ਪਿਆਰ ‘ਚ ਭਿੱਜੀ ਹੁੰਦੀ ਹੈ ਸਾਲ ਭਰ ਹਰ ਚੀਜ਼ ਖੋਹਣ ਵਾਲਾ ਭਰਾ ਜਦੋਂ ਪਿਆਰਾ ਜਿਹਾ ਤੋਹਫਾ ਦਿੰਦਾ ਹੈ, ਉਸ ਅਹਿਸਾਸ ਨੂੰ ਭੈਣ ਖੂਬ ਮਹਿਸੂਸ ਕਰਦੀ ਹੈ ਦੂਰ ਰਹਿਣ ਵਾਲੇ ਭਰਾ-ਭੈਣ ਦੀ ਰੱਖੜੀ ਦੇ ਦਿਨ ਇੱਕ-ਦੂਜੇ ਕੋਲ ਪਹੁੰਚਣ ਦੀਆਂ ਕੋਸ਼ਿਸ਼ਾਂ ਵੀ ਕਈ ਵਾਰ ਬਿਨਾਂ ਕਹੇ ਬਹੁਤ ਕੁਝ ਕਹਿ ਜਾਂਦੀਆਂ ਹਨ।
ਭਾਵੇਂ ਮਸ਼ੀਨੀ ਯੁੱਗ ਆਉਣ ਕਰਕੇ ਅਤੇ ਤਕਨਾਲੋਜੀ ਦੇ ਵਿਕਾਸ ਨੇ ਭਾਰਤੀ ਰਹਿਣ ਸਹਿਣ ਅਤੇ ਲੋਕਾਂ ਦੀ ਸੋਚ ਵਿੱਚ ਬਹੁਤ ਬਦਲਾਅ ਲਿਆਉਂਦਾ ਹੈ। ਸਮੇਂ ਦੇ ਨਾਲ ਰੱਖੜੀ ਦੇ ਤਿਉਹਾਰ ਦੇ ਅਰਥ ਵੀ ਕੁਝ ਹੱਦ ਤੱਕ ਬਦਲ ਗਏ ਹਨ। ਪਹਿਲਾਂ ਰੱਖੜੀ ਬੰਨ੍ਹਣ ਸਮੇਂ ਭਰਾ ਭੈਣਾਂ ਨੂੰ ਉਹਨਾਂ ਦੀ ਰੱਖਿਆ ਕਰਨ ਦਾ ਵਚਨ ਦਿੰਦੇ ਸੀ। ਅੱਜ ਜਦੋਂ ਕੁੜੀਆਂ ਆਰਥਿਕ ਰੂਪ ਵਿੱਚ ਮੁੰਡਿਆਂ ਨੂੰ ਟੱਕਰ ਦੇ ਰਹੀਆਂ ਹਨ ਅਤੇ ਘਰਾਂ ਦੀ ਜ਼ਿੰਮੇਦਾਰੀ ਨੂੰ ਪੂਰੀ ਤਰ੍ਹਾਂ ਨਾਲ ਸੰਭਾਲ ਰਹੀਆਂ ਹਨ ਉਹ ਵੀ ਭਰਾਵਾਂ ਦੀ ਰੱਖਿਆ ਕਰਨ ਦੇ ਕਾਬਿਲ ਹੋ ਗਈਆਂ ਹਨ।
ਪਦਾਰਥਵਾਦੀ ਯੁਗ ਹੋਣ ਕਰਕੇ ਅੱਜ ਭੈਣ ਭਰਾ ਦੇ ਰਿਸ਼ਤੇ ਵਿੱਚ ਪਹਿਲਾਂ ਵਾਂਗ ਮਿਠਾਸ ਨਹੀਂ ਰਹੀ। ਹੁਣ ਇਹ ਜ਼ਿਆਦਾਤਰ ਇੱਕ ਲੈਣ ਦੇਣ ਦਾ ਸੰਬੰਧ ਜਾਂ ਇੱਕ ਰਸਮ ਬਣਕੇ ਰਹਿ ਗਿਆ ਹੈ। ਇਸ ਤਰ੍ਹਾਂ ਦੇ ਬਹੁਤ ਉਦਾਹਰਣ ਸਮਾਜ ਵਿੱਚ ਮਿਲਦੇ ਹਨ, ਮਾਂ-ਬਾਪ ਦੀ ਮੌਤ ਤੋਂ ਬਾਅਦ ਭੈਣਾਂ ਭਰਾਵਾਂ ਦੇ ਰਿਸ਼ਤਿਆਂ ਵਿੱਚ ਫ਼ਿੱਕ ਪੈ ਜਾਂਦੀ ਹੈ।
ਅੱਜ ਸਮੇਂ ਦੀ ਲੋੜ ਹੈ ਕਿ ਅਸੀਂ ਪਰਿਵਾਰ ਦੇ ਮਹੱਤਵ ਨੂੰ ਸਮਝੀਏ। ਭੈਣ ਭਰਾ ਦੇ ਰਿਸ਼ਤੇ ਦੀ ਗਰਿਮਾ ਦਾ ਮਾਣ ਰੱਖੀਏ। ਭੈਣਾਂ-ਭਰਾਵਾਂ ਲਈ ਰਖੜੀ ਦਾ ਤਿਉਹਾਰ ਮੁੜ ਉਹੀ ਭਾਵਨਾਤਮਕ ਸਾਂਝ ਲੈ ਕੇ ਆਵੇ ਅਤੇ ਉਨ੍ਹਾਂ ਦੇ ਆਪਸੀ ਪਿਆਰ ਅਤੇ ਸਨਮਾਨ ਵਿੱਚ ਹਰ ਪਲ ਵਾਧਾ ਹੋਵੇ। ਇਸ ਕਾਮਨਾ ਨਾਲ ਮੈਂ ਰੱਖੜੀ ਦੇ ਪਵਿੱਤਰ ਤਿਉਹਾਰ ਤੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦੀ ਹਾਂ।
ਰਾਜਿੰਦਰ ਰਾਣੀ ਪਿੰਡ ਗੰਢੂਆਂ ਜ਼ਿਲ੍ਹਾ ਸੰਗਰੂਰ