------ਉਹ ਹਮੇਸ਼ਾ ਸਿਰ ਤੇ ਲਾਲ ਪੱਗ ਬੰਨਦਾ ਹੈ ਤੇ ਪਿਛਲੇ ਤਿੰਨ ਕੁ ਸਾਲਾਂ ਤੋਂ ਬੱਸਾਂ ਵਾਲੇ ਮਹਿਕਮੇ ਵਿੱਚੋਂ ਰਟਾਇਰ ਹੋਇਆ ਹੈ। ਪੰਜਾਬ ਰੋਡਵੇਜ਼ ਮੋਗਾ ਡਿੱਪੂ ਤੋਂ। ਉਹ ਏਟਕ ਜਥੇਬੰਦੀ ਵਿਚ ਵੀ ਸਰਗਰਮ ਮੈਂਬਰ ਰਿਹਾ। ਉਹ ਹੱਸਮੁੱਖ ਸੁਭਾਅ ਵਾਲਾ ਵੀ ਹੈ ਤੇ ਨਿੱਡਰ ਵੀ। ਉਸ ਦਾ ਪਿੰਡ 'ਚ ਬਹੁਤ ਮਾਣ ਸਤਿਕਾਰ ਹੈ । ਉਸ ਦੀ ਕਹੀ ਹਰ ਗੱਲ ਸਰਵ ਪ੍ਰਮਾਣਿਤ । ਉਹ ਮਿੱਤਰਾਂ ਦੀ ਮਹਿਫ਼ਲਾਂ ਦਾ ਦੀਵਾਨਾ ਹੈ ।
ਉਹ ਸੁਭਾਅ ਪੱਖੋਂ ਫਕੀਰਾਨਾ ਹੈ। ਦਰਵੇਸ਼ ਐ। ਸਾਧੂ ਬਿਰਤੀ ਵਾਲਾ ਆਦਮੀ ਐ।ਨਾ ਉਹਨੂੰ ਦੁਨਿਆਵੀ ਮੋਹ ਹੈ ਨਾ ਮਾਇਆ ਦਾ ਮੋਹ। ਬਹੁਤ ਸ਼ਾਂਤ ਨਿੱਘੇ ਤੇ ਮਿਲਣਸਾਰ ਸੁਭਾਅ ਦਾ ਵਿਅਕਤੀ ਹੈ। ਉਹ ਜਾਤਾਂ ਪਾਤਾਂ ਤੋਂ ਕੋਹਾਂ ਦੂਰ ਐ। ਉਸ ਦਾ ਕਹਿਣਾ ਹੈ ਕਿ ਧਰਤੀ ਤੇ ਸਿਰਫ ਦੋ ਹੀ ਜਾਤਾਂ ਹਨ ਇਕ ਮਾਨਵ ਜਾਤੀ ਤੇ ਦੂਸਰੀ ਜਾਨਵਰਾਂ ਦੀ ਜਾਤੀ। ਉਹ ਖੁਦ ਬ੍ਰਾਹਮਣ ਹੋ ਕੇ ਵੀ ਇਸ ਜਾਤ ਪਾਤ ਦੇ ਸਿਸਟਮ ਨੂੰ ਨਕਾਰਦਾ ਹੈ।ਜਦੋਂ ਉਹਦੇ ਦੀਦਾਰ ਹੁੰਦੇ ਹਨ ਤਾਂ ਦਿਲ ਖੁਸ਼ ਹੋ ਜਾਂਦਾ ਹੈ। ਫਿਰ ਉਹ ਵੀ ਮਿਲ ਕੇ ਇੰਜ ਖੁਸ਼ ਹੁੰਦੈ ਜਿਵੇਂ ਬਾਰਸ਼ ਦੀਆਂ ਕਣੀਆਂ ਨਾਲ ਪਾਣੀ ਦੀਆਂ ਲਹਿਰਾਂ ਦੇ ਕੰਧਾੜੇ ਚੜ ਕੇ ਬੁਲਬਲੇ ਨਚਦੇ ਹੋਣ। ਇਹ ਐ ਪਿੰਡ ਅਲੀਸ਼ੇਰ ਦਾ ਲਛਮਣ ।
ਉਹਨਾਂ ਦੇ ਪਿਤਾ ਜੀ ਦੇ ਗੁਰੀਲਾ ਯੋਧੇ ਸਨ। ਮੁਜ਼ਾਰਾ ਲਹਿਰ ਦੇ ਨਾਇਕ । ਕਾਮਰੇਡ ਬੰਤ ਰਾਮ ਅਲੀਸ਼ੇਰ। ਜੋ ਇਲਾਕੇ 'ਚ ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀਂ । ਸਾਬਕਾ ਪ੍ਰਿੰਸੀਪਲ ਸ੍ਰੀ ਦੇਸ ਰਾਜ ਜੀ ਨੇ ਉਹਨਾਂ ਬਾਰੇ ਬੁੱਕ ਲੈਟ "ਅਲੀਸ਼ੇਰਾਂ ਦਾ ਸ਼ੇਰ ਕਾ. ਬੰਤ ਰਾਮ ਅਲੀਸ਼ੇਰ ਪ੍ਰਕਾਸ਼ਿਤ ਕਰਵਾਈ ਹੈ । ਜਿਸ ਵਿੱਚ ਉਹਨਾਂ ਦੇ ਜੀਵਨ ਦੀਆਂ ਕੌੜੀਆਂ ਕੁਸੈਲੀਆਂ ਯਾਦਾਂ ਅਤੇ ਮੁਜ਼ਾਰਾ ਲਹਿਰ ਦੀਆਂ ਸਰਗਰਮੀਆਂ ਦੇ ਅਨੁਭਵਾਂ ਦਾ ਉਹਨਾਂ ਦੀ ਦਲੇਰੀ , ਹਿੰਮਤ , ਸਾਹਸ ਤੇ ਮੜਕ ਵਾਂਗ ਹੀ ਵਰਨਣ ਹੈ। ਉਹਨਾਂ ਦੇ ਪਿਤਾ ਜੀ ਦੀ ਯਾਦ ਨੂੰ ਸਮਰਪਿਤ ਗੇਟ ਪਿੰਡ ਦੀ ਸ਼ੋਭਾ ਵਧਾ ਰਿਹਾ ਹੈ ।
ਲਛਮਣ ਨੇ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ 'ਚੋਂ ਗੁਜ਼ਰਦਿਆਂ ਆਪਣੇ ਆਪ ਨੂੰ ਆਰਥਿਕ ਪੱਖੋਂ ਮਜਬੂਤ ਹੀ ਨਹੀਂ ਕੀਤਾ ਸਗੋਂ ਛੋਟੇ ਭਰਾਵਾਂ ਨੂੰ ਵੀ ਉਪਰ ਉੱਠਣ ਵਿੱਚ ਹੱਲਾਸ਼ੇਰੀ ਦਿੱਤੀ । ਸਭ ਨੂੰ ਇੱਕੋ ਚੌਖਟੇ ਵਿੱਚ ਫਿੱਟ ਕਰਨ ਦਾ ਉਦਮ ਕੀਤਾ । ਉਹਨਾਂ ਨੇ ਉਹ ਦਿਨ ਵੀ ਦੇਖੇ ਜਦੋਂ ਰੋਟੀ ਲਈ ਜੱਦੋ ਜਹਿਦ ਕਰਨੀ ਪੈਂਦੀ ਸੀ । ਡਰ ਦੇ ਸਾਏ ਹੇਠ ਦੋ ਬੁਰਕੀਆਂ ਖਾ ਲਈਆਂ ਤਾਂ ਠੀਕ ਨਹੀਂ ਸਾਰਾ ਦਿਨ ਭੁੱਖਿਆਂ ਰਹਿਣਾ ਪੈਂਦਾ । ਉਹਨਾਂ ਨੂੰ ਖਾਨਾਬਦੋਸ਼ਾਂ ਤੇ ਟੱਪਰੀਵਾਸਾਂ ਦੀ ਤਰ੍ਹਾਂ ਬਹੁਤ ਬਾਰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪ੍ਰਵਾਸ ਕਰਨਾ ਪੈਂਦਾ । ਉਹਨਾਂਂ ਤੰਗੀ ਤੁਰਸ਼ੀਆਂ ਦੇ ਦਿਨਾਂ 'ਚ ਇਹਨਾਂ ਨੇ ਆਪਣੀ ਭਵਿੱਖ ਦੀ ਕਿਤਾਬ ਦੇ ਔਖੇ ਸਬਕ ਯਾਦ ਕੀਤੇ।
ਲਛਮਣ ਅਲੀਸ਼ੇਰ 26 ਨਵੰਬਰ ਤੋਂ ਕਿਸਾਨਾਂ ਦੇ ਦਿੱਲੀ ਟਿੱਕਰੀ ਬਾਡਰ ਤੇ ਲਗਾਤਾਰ ਹਾਜਰੀ ਲਗਵਾ ਰਿਹਾ ਹੈ। ਉਹ ਮਹੀਨੇ ਵਿੱਚ ਮਸਾਂ ਇੱਕ ਦੋ ਵਾਰ ਹੀ ਪਿੰਡ ਆਉਂਦਾ ਹੈ। ਬਾਕੀ ਸਾਰਾ ਸਮਾਂ ਉਹ ਦਿੱਲੀ ਧਰਨੇ ਤੇ ਹੀ ਰਹਿੰਦਾ ਹੈ ਅਲੀਸ਼ੇਰ ਤੋਂ ਦਿੱਲੀ ਟਿੱਕਰੀ ਬਾਡਰ ਦਾ ਰਸਤਾ ਲਛਮਣ ਨੇ ਨਿਆਈਆ ਵਾਲਾ ਖੇਤ ਬਣਾ ਲਿਆ। ਉਹ ਇੱਕ ਅੱਧਾ ਦਿਨ ਪਿੰਡ ਰੁਕਦੈ ਤੇ ਦਸ ਦਿਨ ਦਿੱਲੀ ਟਿਕਰੀ ਬਾਡਰ ਤੇ। ਦਿੱਲੀ ਤੋਂ ਉਹ ਰਾਤ ਨੂੰ ਜਾਖਲ ਵਾਲੀ ਗੱਡੀ ਫੜਦੈ ਸਵੇਰ ਨੂੰ ਢਾਈ ਤਿੰਨ ਵਜੇ ਪਿੰਡ ਪਹੁੰਚ ਜਾਂਦੈ। ਉਹ ਹਮੇਸ਼ਾ ਹੀ ਥਕਾਵਟ ਭਰੀਆਂ ਤਰਕਾਲਾਂ ਦਾ ਵੀ ਇਕ ਸ਼ਾਨਦਾਰ ਤੇ ਸੱਜਰੀ ਸਵੇਰ ਵਾਂਗ ਸਵਾਗਤ ਕਰਦੈ। ਉਹ ਘਰ ਆ ਕੇ ਕੱਪੜਾ ਲੀੜਾ ਧਵਾਉਂਦਾ ਐ ਤੇ ਇੱਕਾ ਦੁੱਕਾ ਘਰ ਦੇ ਕੰਮ ਨਿਬੇੜਦੈ। ਘਰ ਦੇ ਕੰਮਾਂ ਤੋਂ ਸੁਰਖਰੂ ਹੋ ਕੇ ਉਹ ਸੁਵੱਖਤੇ ਹੀ ਦਿੱਲੀ ਵੱਲ ਰਵਾਨਾ ਹੁੰਦਿਆ ਘਰਦਿਆਂ ਨੂੰ ਆਖਦੈ " ਹੁਣ ਮੈਨੂੰ ਦਸ ਦਿਨ ਨਾ ਟੋਕਿਓ ਮੈਂ ਟਿੱਕਰੀ ਬਾਡਰ ਚੱਲਿਐਂ " । ਜਿੱਤਣ ਦੇ ਇਰਾਦੇ ਨਾਲ ਹੀ ਉਹ ਆਪਣਾ ਸਫਰ ਤੈਅ ਕਰਦੈ। ਇਸ ਤਰ੍ਹਾਂ ਉਸ ਦੇ ਕਦਮ ਨਵੀਆਂ ਰਾਹਾਂ ਸਿਰਜਦੇ ਹੋਏ ਮੰਜਿਲ ਵੱਲ ਉਤਸੁਕਤਾ ਨਾਲ ਵੱਧਦੇ ਹਨ। ਉਹ ਆਪਣੇ ਜ਼ਜ਼ਬੇ ਨੂੰ ਠੰਢਾ ਨਹੀਂ ਪੈਣ ਦਿੰਦਾ ਕਿਉਂਕਿ ਕਿਸਾਨੀ ਮੁੱਦਿਆਂ ਬਾਰੇ ਉਸ ਦੀ ਦ੍ਰਿਸਟੀ ਤੇ ਦ੍ਰਿਸ਼ਟੀਕੋਣ ਸਪੱਸ਼ਟ ਹੈ।ਉਸ ਦੀ ਹਿੰਮਤ ਤੇ ਹੌਸਲਾ ਜੰਗ ਜਿੱਤਣ ਵਾਲੈ। ਉਹ ਸਿਦਕਵਾਨ ਵੀ ਐ ਤੇ ਸਿਰੜੀ ਵੀ। ਉਹ ਜਾਗਦੀਆਂ ਵਿਉਂਤਾਂ ਦਾ ਸਿਰਨਾਂਵੈ। ਹਾਰੀਆਂ ਹਿੰਮਤਾਂ ਵਾਲਿਆਂ ਲਈ ਉਹ ਧਰਵਾਸੀ ਐ।
ਜਦੋਂ ਉਹ ਡੁੱਬਦੀ ਸ਼ਾਮ ਨੂੰ ਆਪਣੇ ਖੇਤਾਂ ਵੱਲ ਚੱਕਰ ਮਾਰਨ ਜਾਂਦੈ ਤਾਂ ਉਸ ਨੂੰ ਪਿੰਡ ਦੇ ਚਹੁੰ ਪਾਸੀਂ ਟੋਭੇ ਟਾਬ ਛੱਪੜ ਟਿੱਬੇ ਤੇ ਆਪਣੇ ਖੇਤਾਂ ਦੇ ਲੁੱਟੇ ਤੇ ਖੁੱਸ ਜਾਣ ਦਾ ਅਭਾਸ ਹੁੰਦੈ ਫਿਰ ਉਹ ਮਨੋ ਮਨੀ ਕਹਿੰਦੈ " ਹੌਸਲਾ ਹਿਮਤ ਅਤੇ ਭਵਿੱਖ ਤਾਂ ਅਜੇ ਬਚੇ ਹੋਏ ਨੇ ਚੱਲ ਮਨਾ ਦਿੱਲੀ ਚੱਲੀਏ " । ਉਹ ਦੇ ਮਨ ਦਾ ਪੰਛੀ ਛਟਪਟਾਉਂਦੈ ਤੇ ਦਿੱਲੀ ਵੱਲ ਇਕ ਲੰਮੀ ਉਡਾਰੀ ਭਰਦੈ।
ਉਹ ਭੋਲੇ ਭਾਲੇ ਸੁਭਾਅ ਦਾ ਇਨਸਾਨ ਐ। ਜਮਾ ਈ ਸਾਧੂ ਬਿਰਤੀ ਵਾਲਾ ਆਦਮੀ। ਉਸ ਦੀ ਫਿਤਰਤ ਵੀ ਫਕੀਰਾਨੈ । ਨਾ ਕੁੱਝ ਲੱਭੇ ਜਾਣ ਦੀ ਖੁਸ਼ੀ ਤੇ ਨਾ ਕੁਝ ਖੋ ਜਾਣ ਦਾ ਗਮ। ਨਾ ਦੁਨਿਆਵੀ ਮੋਹ ਤੇ ਨਾ ਮਾਇਆ ਦਾ ਮੋਹ। ਇਮਾਨਦਾਰੀ 'ਚ ਲਿਪਟਿਆ ਹੋਇਆ ਵਜੂਦ ਐ। ਜਿੰਨਾ ਉਸਦਾ ਇਖਲਾਕ ਉੱਚੈ ਉਨੇ ਹੀ ਉਸਦੇ ਆਦਰਸ਼ ਵੀ ਉੱਚੇ ਤੇ ਸੁੱਚੇ ਨੇ। ਇਸ ਸਾਦਗੀ 'ਚੋਂ ਹੀ ਉਸਦੀ ਪ੍ਰਭਾਸ਼ਾਲੀ ਸ਼ਖਸ਼ੀਅਤ ਉਘੜਦੀ ਹੈ। ਜਦੋਂ ਵੀ ਉਹ ਮਿਲਦੈ ਮਨ ਖੁਸ਼ ਹੋ ਜਾਂਦੈ।
ਜਦੋਂ ਤੋਂ ਕਿਸਾਨਾਂ ਦਾ ਅੰਦੋਲਨ ਚੱਲਿਐ ਲਛਮਣ ਇੱਕ ਦੋ ਵਾਰ ਹੀ ਪਿੰਡ ਗਿਐ ਉਹ ਲੋਹੜੀ ਵਾਲੇ ਦਿਨ ਵੀ ਭੁੱਖ ਹੜਤਾਲ ਤੇ ਬੈਠਾ ਸੀ । ਉਹ ਕਹਿੰਦੈ ਸਾਡੇ ਖੇਤ ਖਲਿਹਾਨ ਬਚੇ ਰਹਿਣ ਸਾਡੀ ਤਾਂ ਇਹ ਹੀ ਲੋਹੜੀ ਹੈ। ਉਸ ਨੇ ਲੋਹੜੀ ਦਾ ਤਿਉਹਾਰ ਘਰ ਵਿੱਚ ਮਨਾਉਣ ਨਾਲੋਂ ਕਿਸਾਨਾਂ ਸੰਗ ਟਿਕਰੀ ਬਾਡਰ ਤੇ ਮਨਾਉਣ ਨੂੰ ਤਰਜੀਹ ਦਿੱਤੀ। ਉਹ ਪਹਿਲਾਂ ਵੀ ਇੱਕ ਵਾਰ ਭੁੱਖ ਹੜਤਾਲ ਤੇ ਬੈਠ ਚੁਕਿਐ। ਇਸ ਕਰਕੇ ਇਲਾਕੇ ਵਿਚ ਉਹ ਆਪਣੇ ਲੋਕਾਂ ਦਾ ਹਰਮਨ ਪਿਆਰਾ ਬਣ ਗਿਆ।
ਰਿਪੋਰਟਰ - ਗੁਰਮੇਲ ਸਿੰਘ ਸਨੀ
ਰਾਹੀਂ
ਮਾਸਟਰ ਪਰਮਵੇਦ
ਤਰਕਸ਼ੀਲ ਆਗੂ
9417422349