
ਸੁਖਦੇਵ ਸਿੰਘ ਸ਼ਾਂਤ (ਜਨਮ 1952) ਗੁਰਮਤਿ ਸਾਹਿਤ, ਬਾਲ ਸਾਹਿਤ, ਕਹਾਣੀ ਤੇ ਮਿੰਨੀ ਕਹਾਣੀ ਨਾਲ ਜੁੜਿਆ ਇੱਕ ਬੜਾ ਹੀ ਨਿਮਰ ਇਨਸਾਨ ਹੈ। ਧਾਰਮਿਕ ਅਧਿਐਨ ਅਤੇ ਅੰਗਰੇਜ਼ੀ ਵਿਸ਼ਿਆਂ ਵਿੱਚ ਐਮਏ ਦੇ ਨਾਲ ਨਾਲ ਗਿਆਨੀ ਅਤੇ ਹਾਇਰ ਡਿਪਲੋਮਾ ਇਨ ਕੋਆਪ੍ਰੇਸ਼ਨ ਪਾਸ ਕਰਕੇ ਉਹ ਪੰਜਾਬ ਸਰਕਾਰ ਦੇ ਸਹਿਕਾਰਤਾ ਵਿਭਾਗ ਵਿੱਚੋਂ ਬਤੌਰ ਸਹਾਇਕ ਰਜਿਸਟਰਾਰ (ਸਹਿਕਾਰੀ ਸਭਾਵਾਂ) ਸੇਵਾਮੁਕਤ ਹੋਇਆ ਹੈ। ਸਥਾਈ ਤੌਰ ਤੇ ਪਟਿਆਲੇ ਦਾ ਵਸਨੀਕ ਸੁਖਦੇਵ ਸਿੰਘ ਸ਼ਾਂਤ ਸਮੇਂ ਸਮੇਂ ਤੇ ਆਪਣੇ ਬੱਚਿਆਂ ਕੋਲ ਇੰਡੀਆਨਾ, ਅਮਰੀਕਾ ਵੀ ਗੇੜਾ ਮਾਰਦਾ ਰਹਿੰਦਾ ਹੈ। ਉਹਨੇ ਗੁਰਮਤਿ ਸਾਹਿਤ ਵਿੱਚ 4, ਬਾਲ ਸਾਹਿਤ ਵਿੱਚ 5, ਕਵਿਤਾ ਵਿੱਚ 1 ਅਤੇ ਮਿੰਨੀ ਕਹਾਣੀ ਦੀਆਂ 3 ਪੁਸਤਕਾਂ ਲਿਖੀਆਂ ਹਨ। ਉਹਦੀਆਂ ਦੋ ਬਾਲ ਪੁਸਤਕਾਂ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਕ੍ਰਮਵਾਰ 1997 ਅਤੇ 2003 ਵਿੱਚ ‘ਸ਼੍ਰੀ ਗੁਰੂ ਹਰਿਕ੍ਰਿਸ਼ਨ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ; ਡਾ. ਗੰਡਾ ਸਿੰਘ ਮੈਮੋਰੀਅਲ ਟ੍ਰੱਸਟ ਪਟਿਆਲਾ ਵੱਲੋਂ ਉਹਦੇ ਤਿੰਨ ਖੋਜ ਪੱਤਰਾਂ ਨੂੰ ਪਹਿਲਾ ਅਤੇ ਇੱਕ ਨੂੰ ਦੂਜਾ ਇਨਾਮ ਮਿਲਿਆ ਹੈ; ਪੰਜਾਬੀ ਸਾਹਿਤ ਸਭਾ ਪਟਿਆਲਾ ਨੇ ਉਹਨੂੰ ‘ਰਜਿੰਦਰ ਕੌਰ ਵੰਤਾ ਯਾਦਗਾਰੀ ਪੁਰਸਕਾਰ’ ਦੇ ਕੇ ਨਿਵਾਜਿਆ ਹੈ; ਕੇਂਦਰੀ ਪੰਜਾਬੀ ਮਿੰਨੀ ਕਹਾਣੀ ਮੰਚ ਵੱਲੋਂ ਸ਼ਾਂਤ ਨੂੰ ‘ਮਾਤਾ ਮਾਨ ਕੌਰ ਯਾਦਗਾਰੀ ਮਿੰਨੀ ਕਹਾਣੀ ਪੁਰਸਕਾਰ’ ਪ੍ਰਦਾਨ ਕੀਤਾ ਗਿਆ ਹੈ। ਗੁਰੂ ਨਾਨਕ ਦੇਵ ਮਿਸ਼ਨ ਪਟਿਆਲਾ ਨੇ ਉਹਦੇ 4 ਟ੍ਰੈਕਟ ਪ੍ਰਕਾਸ਼ਿਤ ਕੀਤੇ ਹਨ, ਜਿਨ੍ਹਾਂ ‘ਚੋਂ ਇੱਕ ਟ੍ਰੈਕਟ ਗੁਜਰਾਤੀ ਭਾਸ਼ਾ ਵਿੱਚ ਵੀ ਅਨੁਵਾਦ ਹੋ ਕੇ ਛਪ ਚੁੱਕਾ ਹੈ।
ਰੀਵਿਊ ਅਧੀਨ ਪੁਸਤਕ ‘ਜਪੁ ਜੀ ਤੇ ਹੋਰ ਬਾਣੀਆਂ’ (ਸੰਗਮ ਪਬਲੀਕੇਸ਼ਨ ਸਮਾਣਾ; ਪੰਨੇ 272; ਮੁੱਲ 395/- ਰੁਪਏ) ਸ਼ਾਂਤ ਦੀ ਇਸੇ ਸਾਲ ਪ੍ਰਕਾਸ਼ਿਤ ਹੋਈ ਮਹੱਤਵਪੂਰਣ ਪੁਸਤਕ ਹੈ, ਜਿਸਦੇ 12 ਅਧਿਆਇ ਬਣਾਏ ਹਨ। ਮੁੱਖਬੰਦ (ਸੁਰਿੰਦਰ ਸਿੰਘ ਨਿਮਾਣਾ) ਅਤੇ ਦੋ ਸ਼ਬਦ (ਲੇਖਕ) ਤੋਂ ਬਿਨਾਂ ਅੰਤਿਕਾ ਤੇ ਪੁਸਤਕ ਸੂਚੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਇਸ ਕਿਤਾਬ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ 6 ਪ੍ਰਮੁੱਖ ਬਾਣੀਆਂ – ਜਪੁ, ਆਸਾ ਦੀ ਵਾਰ, ਸਿਧ ਗੋਸਟਿ, ਬਾਰਹ ਮਾਹਾ ਤੁਖਾਰੀ, ਓਅੰਕਾਰੁ, ਪਟੀ ਲਿਖੀ ਦਾ ਨਿਕਟ ਅਧਿਐਨ ਕੀਤਾ ਗਿਆ ਹੈ। ਗੁਰਬਾਣੀ ਦੇ ਪਾਠਕ ਚੰਗੀ ਤਰ੍ਹਾਂ ਜਾਣਦੇ ਹੀ ਹਨ ਕਿ ਇਹ ਸਾਰੀਆਂ ਬਾਣੀਆਂ ਗੁਰੂ ਨਾਨਕ ਦੇਵ ਜੀ ਦੀ ਰਚਨਾ ਹਨ। ਇਨ੍ਹਾਂ ਵਿੱਚੋਂ ਜਪੁ ਅਤੇ ਆਸਾ ਦੀ ਵਾਰ ਦਾ ਪਾਠ/ਕੀਰਤਨ ਸਵੇਰ ਵੇਲੇ ਸਾਰੇ ਹੀ ਇਤਿਹਾਸਕ ਗੁਰਦੁਆਰਿਆਂ ਵਿੱਚ ਬਾਕਾਇਦਗੀ ਨਾਲ ਹੁੰਦਾ ਹੈ। ਲੇਖਕ ਨੇ ਹਰ ਬਾਣੀ ਦੇ ਅਧਿਐਨ/ਮੁਲਾਂਕਣ ਨਾਲ ਸੰਬੰਧਿਤ ਦੋ ਚੈਪਟਰ ਬਣਾਏ ਹਨ – ਇੱਕ ਵਿਸ਼ਾ-ਵਸਤੂ ਦਾ ਤੇ ਦੂਜਾ ਕਾਵਿ ਕਲਾ ਜਾਂ ਸਾਹਿਤਕ ਪੱਖ ਦਾ। ਹਰ ਅਧਿਆਏ ਨੂੰ ਅੱਗੋਂ ਸਿਰਲੇਖਾਂ ਅਤੇ ਉਪ ਸਿਰਲੇਖਾਂ ਵਿੱਚ ਵੰਡ ਕੇ ਸੌਖੀ ਤਰ੍ਹਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ।
ਹਰ ਬਾਣੀ ਦੇ ਬਾਰੇ ਇਹ ਸਪਸ਼ਟ ਕੀਤਾ ਗਿਆ ਹੈ ਕਿ ਇਹ ਗੁਰੂ ਗ੍ਰੰਥ ਸਾਹਿਬ ਦੇ ਕਿਹੜੇ ਅੰਗ ਤੇ ਸੁਸ਼ੋਭਿਤ ਹੈ। ‘ਜਪੁ’ ਬਾਣੀ ਦੇ ਵਿਸ਼ਾ ਵਸਤੂ (13-55) ਵਿੱਚ ੳ ਤੋਂ ਗ ਤੱਕ 8 ਉਪ ਸਿਰਲੇਖ ਬਣਾਏ ਗਏ ਹਨ ਅਤੇ ਲੱਗਭੱਗ ਹਰ ਪਉੜੀ ਦੇ ਸਰਲ ਅਤੇ ਕੇਂਦਰੀ ਅਰਥ ਸਪਸ਼ਟ ਕੀਤੇ ਗਏ ਹਨ। ਇਸੇ ਤਰ੍ਹਾਂ ‘ਜਪੁ’ ਬਾਣੀ ਦੀ ਕਾਵਿ ਕਲਾ (56-76) ਵਿੱਚ ਅਲੰਕਾਰ, ਅਖਾਣਾਂ, ਮੁਹਾਵਰੇ, ਸ਼ਬਦਾਵਲੀ, ਕਾਵਿ ਰਸ ਆਦਿ ਨੂੰ ਸਮਝਾਇਆ ਗਿਆ ਹੈ। ਲੋੜ ਮੁਤਾਬਕ ਹਵਾਲੇ ਅਤੇ ਟਿੱਪਣੀਆਂ ਲਈ ਫੁੱਟ ਨੋਟਾਂ ਦੀ ਸੁਯੋਗ ਵਰਤੋਂ ਕੀਤੀ ਗਈ ਹੈ।
‘ਆਸਾ ਦੀ ਵਾਰ’ (77-113) ਬਾਰੇ ਸਪਸ਼ਟ ਕੀਤਾ ਹੈ ਕਿ ਇਸ ਬਾਣੀ ਦੀਆਂ 24 ਪਉੜੀਆਂ ਹਨ, ਜਿਸ ਵਿੱਚ 60 ਸ਼ਲੋਕ ਵੀ ਸ਼ਾਮਲ ਹਨ। ਇਨ੍ਹਾਂ ਵਿੱਚ 45 ਸ਼ਲੋਕ ਗੁਰੂ ਨਾਨਕ ਦੇਵ ਜੀ ਦੇ ਅਤੇ 15 ਸ਼ਲੋਕ ਗੁਰੂ ਅੰਗਦ ਦੇਵ ਜੀ ਦੇ ਲਿਖੇ ਹੋਏ ਹਨ। ‘ਆਸਾ ਦੀ ਵਾਰ’ ਨੂੰ ਗਾਉਣ ਦਾ ਆਦੇਸ਼ ‘ਟੁੰਡੇ ਅਸਰਾਜੇ ਦੀ ਧੁਨੀ’ ਹੈ, ਜਿਸ ਬਾਰੇ ਲੇਖਕ ਨੇ ਸੰਖੇਪ ਰੂਪ ਵਿੱਚ ਟੁੰਡੇ ਅਸਰਾਜੇ ਦੀ ਕਥਾ ਵੀ ਸ਼ਾਮਲ ਕੀਤੀ ਹੈ। ਇਸ ਬਾਣੀ ਦੇ ਅੱਗੋਂ ੳ ਤੋਂ ਹ ਤੱਕ ਸਿਰਲੇਖ ਤੇ ਉਨ੍ਹਾਂ ਦੇ ਹੋਰ ਉਪ ਸਿਰਲੇਖ ਬਣਾਏ ਗਏ ਹਨ। ਇਸ ਬਾਣੀ ਦੇ ਸਾਹਿਤਕ ਪੱਖ (114-135) ਵਿੱਚ ਅਲੰਕਾਰ, ਅਖਾਣ, ਮੁਹਾਵਰੇ, ਸ਼ਬਦਾਵਲੀ, ਕਾਵਿ ਰਸ ਆਦਿ ਦੀ ਨਿਸ਼ਾਨਦੇਹੀ ਕੀਤੀ ਗਈ ਹੈ।
‘ਸਿਧ ਗੋਸਟਿ’ (136-177) ਦੇ ਵਿਸ਼ਾ ਵਸਤੂ ਵਿੱਚ ਇਸਦੀ ਬਣਤਰ, ਸਥਾਨ, ਸਿੱਧ, ਧਾਰਮਿਕ ਭੇਖ, ਸਦਾਚਾਰ, ਅਧਿਆਤਮ, ਪ੍ਰਾਭੌਤਿਕ ਦਾਰਸ਼ਨਿਕ ਪ੍ਰਾਣ, ਮਾਇਆ, ਹਉਮੈ, ਸ੍ਰਿਸ਼ਟੀ, ਨਿੱਜੀ ਪ੍ਰਸ਼ਨ, ਜੀਵਨ ਜਾਚ, ਗੁਰੂ ਤੇ ਨਾਮ ਦੀ ਮਹੱਤਾ, ਸੰਵਾਦ ਦੀ ਜਾਚ ਆਦਿ ਬਾਰੇ ਵਿਸਤ੍ਰਿਤ ਚਰਚਾ ਮਿਲਦੀ ਹੈ। ਇਸ ਬਾਣੀ ਦੀ ਕਾਵਿ ਕਲਾ ਵਾਲੇ ਅਧਿਆਏ (178-187) ਵਿੱਚ ਅਲੰਕਾਰ, ਅਖਾਣ, ਮੁਹਾਵਰੇ, ਸ਼ਬਦਾਵਲੀ, ਕਾਵਿ ਰਸ ਨੂੰ ਸਪਸ਼ਟ ਕੀਤਾ ਗਿਆ ਹੈ।
‘ਬਾਰਹ ਮਾਹਾ ਤੁਖਾਰੀ’ ਦੇ ਵਿਸ਼ਾ ਵਸਤੂ (188-208) ਵਿੱਚ ਇਸਦੀ ਬਣਤਰ, ਬਿਰਹਾ ਤੇ ਮਿਲਾਪ ਦੀਆਂ ਅਵਸਥਾਵਾਂ, ਗੁਰੂ ਦੀ ਲੋੜ, ਸਦਾਚਾਰ, ਪ੍ਰਕਿਰਤੀ ਚਿੱਤਰਣ, ਬਾਰਹ ਮਾਹਾ ਤੁਖਾਰੀ ਤੇ ਬਾਰਹ ਮਾਹਾ ਮਾਂਝ ਵਿਚਲੀ ਸਾਂਝ ਨੂੰ ਸਮਝਾਇਆ ਗਿਆ ਹੈ। ਇਸ ਬਾਣੀ ਦੇ ਸਾਹਿਤਕ ਪੱਖ (209-216) ਦੀ ਚਰਚਾ ਕਰਦਿਆਂ ਅਲੰਕਾਰ, ਅਖਾਣ, ਮੁਹਾਵਰੇ, ਸ਼ਬਦਾਵਲੀ, ਕਾਵਿ ਰਸ ਨੂੰ ਦਰਸਾਇਆ ਗਿਆ ਹੈ।
‘ਓਅੰਕਾਰ’ ਬਾਣੀ ਦੇ ਵਿਸ਼ਾ ਵਸਤੂ (217-237) ਵਿੱਚ ਇਸਦੀ ਬਣਤਰ, ਪਰਮਾਤਮਾ ਦੀ ਹੋਂਦ ਤੇ ਹਸਤੀ, ਨਾਮ ਸਿਮਰਨ ਦੀ ਮਹਿਮਾ, ਸੱਚਾ ਗੁਰੂ ਤੇ ਕੱਚਾ ਗੁਰੂ, ਗੁਰਬਾਣੀ ਦੀ ਮਹੱਤਾ, ਉਪਦੇਸ਼, ਮਾਇਆ, ਨੈਤਿਕਤਾ ਜਿਹੇ ਸੰਕਲਪਾਂ ਨੂੰ ਸੌਖੇ ਢੰਗ ਨਾਲ ਸਮਝਾਇਆ ਹੈ। ਇਸ ਬਾਣੀ ਦੀ ਕਾਵਿ ਕਲਾ ਵਾਲੇ ਚੈਪਟਰ (238-244) ਵਿੱਚ ਅਲੰਕਾਰਾਂ, ਅਖਾਣਾਂ ਤੇ ਸ਼ਬਦਾਵਲੀ ਦਾ ਬੋਧ ਕਰਵਾਇਆ ਹੈ।
‘ਪਟੀ ਲਿਖੀ’ ਬਾਣੀ ਦੇ ਵਿਸ਼ਾ ਵਸਤੂ (245-258) ਵਿੱਚ ਇਸਦੀ ਬਣਤਰ, ਕੇਂਦਰੀ ਵਿਸ਼ਾ ਵਸਤੂ, ਅਸਲ ਵਿਦਿਆ ਤੇ ਅਸਲ ਗਿਆਨ, ਕਰਮਾਂ ਦਾ ਲੇਖਾ, ਪਰਮਾਤਮਾ ਦੀ ਕਿਰਪਾ ਤੇ ਸਤਿਗੁਰੂ ਦੀ ਪ੍ਰਾਪਤੀ, ਸਦਾਚਾਰ ਦਾ ਉਪਦੇਸ਼, ਗੁਰਮੁਖੀ ਲਿਪੀ ਦੀ ਸੰਭਾਲ ਤੇ ਮਹੱਤਾ ਆਦਿ ਵੇਰਵਿਆਂ ਬਾਰੇ ਜਾਣਕਾਰੀ ਹੈ ਤੇ ਇਸਦੇ ਸਾਹਿਤਕ ਪੱਖ (259-262) ਵਿੱਚ ਅਲੰਕਾਰ, ਅਖਾਣ, ਸ਼ਬਦਾਵਲੀ, ਮੁਹਾਵਰੇ ਬਾਰੇ ਚਰਚਾ ਕੀਤੀ ਗਈ ਹੈ।
ਅੰਤਿਕਾ (263-270) ਵਿੱਚ ਲੇਖਕ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸਾਹਿਤਕ ਪੱਖੋਂ ਅਧਿਐਨ ਦੀ ਲੋੜ ਤੇ ਮਹੱਤਾ ਬਾਰੇ ਮਹੱਤਵਪੂਰਣ ਵਿਚਾਰ ਪੇਸ਼ ਕੀਤੇ ਹਨ। ਪੁਸਤਕ ਦੇ ਅੰਤਿਮ ਹਿੱਸੇ (271-272) ਵਿੱਚ ਸਹਾਇਕ ਪੁਸਤਕ ਸੂਚੀ ਦੇ ਅੰਤਰਗਤ ਪੰਜਾਬੀ, ਹਿੰਦੀ, ਅੰਗਰੇਜ਼ੀ ਪੁਸਤਕਾਂ ਦੇ ਨਾਲ ਨਾਲ ਕੁਝ ਮਾਸਿਕ ਪੱਤਰਾਂ ਅਤੇ ਡਿਕਸ਼ਨਰੀਆਂ ਦਾ ਵੇਰਵਾ ਦਰਜ ਹੈ।
ਇਸ ਤਰ੍ਹਾਂ ਲੇਖਕ ਨੇ ਇਨ੍ਹਾਂ ਛੇ ਬਾਣੀਆਂ ਦੇ ਵਿਸ਼ਾ ਅਤੇ ਕਲਾ ਪੱਖ ਨੂੰ ਬੜੇ ਸੌਖੇ ਢੰਗ ਨਾਲ ਪ੍ਰਗਟਾਇਆ ਹੈ। ਪੰਜਾਬੀ ਸਾਹਿਤ ਅਤੇ ਧਰਮ ਅਧਿਐਨ ਦੇ ਵਿਦਿਆਰਥੀਆਂ/ਜਗਿਆਸੂਆਂ/ਪਾਠਕਾਂ ਲਈ ਇਹ ਕਿਤਾਬ ਕਈ ਨਵੇਂ ਦਿੱਸਹੱਦੇ ਖੋਲ੍ਹੇਗੀ, ਅਜਿਹਾ ਮੇਰਾ ਵਿਸ਼ਵਾਸ ਹੈ! ਗੁਰਮਤਿ ਦੇ ਖੋਜੀ ਬਿਰਤੀ ਵਾਲੇ ਲੇਖਕ ਦੁਆਰਾ ਇਸ ਪੁਸਤਕ ਦੀ ਰਚਨਾ ਦਾ ਹਾਰਦਿਕ ਸਵਾਗਤ ਹੈ!
~ ਪ੍ਰੋ. ਨਵ ਸੰਗੀਤ ਸਿੰਘ
# 1, ਲਤਾ ਗਰੀਨ ਐਨਕਲੇਵ, ਪਟਿਆਲਾ-147002.
(9417692015)