ਚੋਰ ਨੇ ਵੱਡੀ ਚੋਰੀ ਕਰ ਲਈ,
ਲਾ ਕੋਈ ਵੱਡਾ ਦਾਅ।
ਮਾੜੀ ਕਿਸਮਤ ਨੂੰ ਪਰ ਥਾਵੇਂ ਈ,
ਗਿਆ ਅੜਿੱਕੇ ਆ।
ਸਿੱਟ ਲਿਆ ਵਿੱਚ ਹਵਾਲਾਤ ਦੇ,
ਸਖਤ ਬਣਾ ਕੇ ਕੇਸ।
ਲਾ ਕੇ ਹੱਥਕੜੀਆਂ ਫਿਰ ਕਰ ‘ਤਾ,
ਰਾਜੇ ਮੂਹਰੇ ਪੇਸ਼।
ਸੁਣ ਕੇ ਕੁੱਲ ਤਫਤੀਸ਼ ਨੂੰ ਰਾਜਾ,
ਗਿਆ ਗੁੱਸੇ ਵਿੱਚ ਆ।
ਸਿੱਧੀ ਹੀ ਉਸ ਫਾਂਸੀ ਦੀ ਫਿਰ,
ਦਿੱਤੀ ਸਜ਼ਾ ਸੁਣਾ।
ਕਹਿੰਦਾ “ਵਿਚਿੱਤਰ, ਅਦਭੁੱਤ, ਦੁਰਲੱਭ,
ਚੀਜ ਬੜੀ ਹੀ ਖ਼ਾਸ।
ਇੱਕ ਕਿੱਲੋ ਕੁ ਕਰਾਮਾਤੀ ਨੇ,
ਹੀਰੇ ਮੇਰੇ ਪਾਸ।
ਅਸੂਲ ਮੁਤਾਬਕ ਕਾਜੀ ਕਹਿੰਦਾ,
“ਆਖਰੀ ਇੱਛਾ ਬੋਲ।”
ਚੋਰ ਲੱਗਾ ਫਿਰ ਦੱਸਣ ਜੀ,
ਕਾਜੀ ਨੂੰ ਸੱਦ ਕੇ ਕੋਲ਼।
ਦਿੱਤੇ ਸਨ ਇੱਕ ਫੱਕਰ ਨੇ ਤੇ
ਵਿਧੀ ਸੀਗੀ ਸਮਝਾਈ।
ਆਖਿਆ ਸੀ ਕਰਵਾਈਂ ਇਹਨਾਂ ਦੀ,
ਫਸਲਾਂ ਵਾਂਗ ਬਿਜਾਈ।
ਬੂਟਿਆਂ ਵਾਂਗੂੰ ਉੱਗਣਗੇ ਤੇ
ਜਿਣਸ ਲੱਗਣਗੇ ਹੀਰੇ।
ਤੋੜ ਤੋੜ ਕੇ ਫੇਰ ਭਰ ਲਵੀਂ,
ਬੇਸ਼ੱਕ ਕੁੱਪ, ਗਹੀਰੇ।
ਪਰ ਮੈਂ ਤਾਂ ਹੁਣ ਇਸ ਦੁਨੀਆ ਤੋਂ,
ਪਾ ਦੇਣੇ ਨੇ ਚਾਲੇ।
ਇੱਛਾ ਹੈ ਬੱਸ ਇਹਨਾਂ ਨੂੰ,
ਕਰ ਦੇਵਾਂ ਕਿਸੇ ਹਵਾਲੇ।”
ਪੂਰੀ ਗੱਲ ਨਾ ਸੁਣੀ ਰਾਜੇ ਨੇ,
ਕਹਿੰਦਾ “ਫੜ ਕੇ ਲਿਆਉ।”
ਜਲਦੀ ਜਲਦੀ ਮਹਿਲਾਂ ਪਿਛਲਾ,
ਵਾਹਣ ਤਿਆਰ ਕਰਵਾਉ।”
ਤਿਆਰ ਹੋ ਗਿਆ ਵਾਹਣ ਰਾਜਾ ਫਿਰ,
ਚੋਰ ਨੂੰ ਕਰੇ ਇਸ਼ਾਰੇ।
ਕਹਿੰਦਾ ‘ਚੱਲ ਬਈ ਜਲਦੀ ਜਲਦੀ,
ਲਾ ਦੇ ਯਾਰਾ ਬੁਆਰੇ।”
ਅੱਗਿਉਂ ਆਖੇ ਚੋਰ “ਰਾਜਾ ਜੀ!,
ਬੀਜਣੇ ਨਹੀਂ ਬਿਜਵਾਉਣੇ।
ਆਖਿਆ ਸੀ ਫੱਕਰ ਨੇ,
ਤੇਰੇ ਹੱਥੋਂ ਬੀਜੇ ਨਹੀਂ ਹੋਣੇ।
ਕਿਉਂਕਿ ਮੈਂ ਤਾਂ ਚੋਰ ਹਾਂ,
ਲਿਆਉ ਲੱਭ ਕੇ ਬੰਦਾ ਹੋਰ।
ਬੱਸ ਇੱਕੋ ਹੀ ਸ਼ਰਤ ਹੈ,
ਹੋਣਾ ਚਾਹੀਦਾ ਨ੍ਹੀ ਚੋਰ।
ਆਪ ਜੀ ਬੀਜੋ ਚਾਹੇ ਆਪਣੇ,
ਕਾਜੀ ਤੋਂ ਬਿਜਵਾਉ।
ਬੇਸ਼ੱਕ ਮੰਤਰੀ-ਮੰਡਲ ਵਿੱਚੋਂ,
ਸੱਦ ਕਿਸੇ ਨੂੰ ਲਿਆਉ।”
ਰਾਜਾ ਤੱਕੇ ਕਾਜੀ ਨੂੰ ਤੇ
ਕਾਜੀ ਵਜ਼ੀਰਾਂ ਵੱਲ।
ਸਭ ਦੀਆਂ ਪੈ ਗਈਆਂ ਨੀਵੀਆਂ,
ਨਾ ਆਵੇ ਕਿਸੇ ਨੂੰ ਗੱਲ।
ਚੋਰ ਨੇ ਤੋੜੀ ਚੁੱਪ ਤੇ ਕਹਿੰਦਾ,
“ਸੁਣੋ ਜੀ ਕਰਕੇ ਗੌਰ।
ਤੂੰ ਵੀ, ਮੈਂ ਵੀ, ਉਹ ਵੀ, ਇਹ ਵੀ, ਸਾਰੇ ਈ ਏਥੇ ਚੋਰ।”
ਜਿੰਨੇ ਕੁ ਵੀ ਸਾਧ, ਸ਼ਰੀਫ ਜਾਂ
ਸਾਊ ਰਹੇ ਅਖਵਾ।
ਪਿੰਡ ਘੜਾਮੇਂ ਰੋਮੀ ਜਿਹਿਆਂ ਦਾ,
ਲੱਗਿਆ ਨ੍ਹੀ ਬੱਸ ਦਾਅ।
ਜਦ ਵੀ ਲੱਗ ਗਿਆ ਲਾਹ ਸੁੱਟਣਗੇ,
ਸਾਧਪੁਣੇ ਦੀ ਖੱਲ।
ਮੰਨੋ ਜਾਂ ਨਾ ਮੰਨੋ ਭਾਵੇਂ,
ਇਹ ਹੈ ਸੱਚ ਅਟੱਲ।
ਬੇਲੀਉ! ਇਹ ਹੈ ਸੱਚ ਅਟੱਲ……..।
ਰੋਮੀ ਘੜਾਮਾਂ।
9855281105