ਪੰਜਾਬੀ ਪਹਿਰਾਵਾ ਸਭਿਆਚਾਰ ਵਿਚ ਨਾਰੀ ਸ਼ਖ਼ਸੀਅਤ ਦੀ ਸੁੰਦਰ ਦਿਖ ਦੀ ਨਿਸ਼ਾਨਦੇਹੀ ਕਰਦਾ ਹੈ ਘੱਗਰਾ। ਦੁਨੀਆਂ ਵਿਚ ਸਭ ਤੋਂ ਜ਼ਿਆਦਾ ਰੋਅਬਦਾਰ, ਇੱਜ਼ਤਦਾਰ, ਸ਼ਰਮ-ਹਯਾ ਵਿਚ ਸਾਕਾਰ, ਪਵਿੱਤਰ ਅਤੇ ਸਾਧਾਰਣ ਆਕਰਸ਼ਕ ਦਿੱਖ ਦਾ ਪਹਿਰਾਵਾ ਹੈ ਪੰਜਾਬ ਦਾ। ਪੰਜਾਬੀ ਪਹਿਰਾਵਿਆਂ ’ਚੋਂ ਸਾਧਾਰਣ, ਸ਼ਲੀਲ ਅਤੇ ਸੰਵੇਦਨਸ਼ੀਲ ਭੋਤਿਕ, ਦੈਹਿਕ ਸੁੱਖ ਵਾਲਾ ਪਹਿਰਾਵਾ ਆਉਂਦਾ ਹੈ ਘੱਗਰਾ।
ਛੋਟੀਆਂ ਬੱਚੀਆਂ, ਅਲ੍ਹੜ ਉਮਰ (ਕਿਸ਼ੋਰ ਅਵਸਥਾ) ਅਤੇ ਪ੍ਰੇਦ ਅਵਸਥਾ ਤੱਕ ਘੱਗਰਾ ਪੰਜਾਬੀ ਪਹਿਰਾਵੇ ਦੀ ਪ੍ਰਤੀਨਿਧਤਾ ਕਰਦਾ ਹੈ। ਵੈਸੇ ਤਾਂ ਘੱਗਰਾ ਖ਼ੂਬਸੂਰਤ ਸਮਾਗਮਾਂ, ਵਿਆਹ-ਸ਼ਾਦੀਆਂ ਅਤੇ ਜਵਾਨੀ ਦਾ ਬੇਹਤਰੀਨ ਆਕਸਕ ਮਨਮੋਹਨਾ ਤੇਜਸਵੀ ਪ੍ਰਤੀ ਹੈ। ਘੱਗਰੇ ਦੀ ਸੁੰਦਰਤਾ ਉਪਰ ਸਾਹਿਤ ਦੀ ਹਰ ਵਿਧਾ ਵਿਚ ਲਿਖਿਆ ਗਿਆ ਹੈ। ਉਪਮਾਵਾਂ, ਅਲੰਕਾਰਾਂ, ਤਸਬੀਰਾਂ, ਪ੍ਰਤੀਕਾਂ-ਬਿੰਬਾ ਨਾਲ ਘੱਗਰੇ ਦੀ ਵਡਿਆਈ ਅਤੇ ਖੂਬਸੂਰਤੀ ਨੂੰ ਸ਼ਿੰਗਾਰ-ਰਸ ਵਿਚ ਓਤ-ਪ੍ਰੋਤ ਕਰਦਿਆਂ ਪ੍ਰਸਿੱਧੀ ਅਤੇ ਬੁਲੰਦੀ ਤੱਕ ਪਹੁੰਚਾ ਦਿੱਤਾ ਹੈ। ਘੱਗਰੇ ਦੀ ਘੁਮਾਉਦਾਰ ਬਣਤਰ ਅਤੇ ਰੋਮਾਂਟਿਕ-ਰੋਮਾਂਚਿਤ ਦਿੱਖ ਕਰਕੇ ਇਸ ਦੀਆਂ ਧੁੰਮਾਂ ਅਤੇ ਪ੍ਰਸਿੱਧੀ ਵਿਦੇਸ਼ਾਂ ਤੱਕ ਜਾ ਪਹੁੰਚੀ ਹੈ। ਖ਼ਾਸ ਕਰਕੇ ਫਿਲਮਾਂ ਦੇ ਸ਼ਾਨਦਾਰ ਸਮਾਗਮਾਂ, ਕੱਵਾਲੀਆਂ, ਵਿਆਹ-ਸ਼ਾਦੀਆਂ ਆਦਿ ਵਿਚ ਇਸ ਦੀ ਦਿਲਕਸ਼ ਪੇਸ਼ਗੋਈ ਨੇ ਘੱਗਰੇ ਨੂੰ ਵਿਦੇਸ਼ਾਂ ਤਕ ਪਹੁੰਚਾ ਦਿੱਤਾ ਅਤੇ ਵਿਦੇਸ਼ੀ ਲੋਕਾਂ ਨੇ ਇਸ ਨੂੰ ਆਦਰ-ਸਤਿਕਾਰ ਸਹਿਤ ਆਪਣੇ ਸਭਿਆਚਾਰ ਵਿਚ ਸ਼ਾਮਿਲ ਕਰ ਲਿਆ। ਭਾਰਤ (ਪੰਜਾਬ) ਵਿਚ ਵੀ ਨਹੀਂ ਘੱਗਰੇ ਨੂੰ ਤਰ੍ਹਾਂ-ਤਰ੍ਹਾਂ ਨਾਲ ਡਿਜ਼ਾਇਨ (ਸ਼ਿਲਪ) ਕਰਕੇ ਕੀਮਤੀ ਕਪੜੇ ਵਿਚ ਤਿਆਰ ਕੀਤਾ ਜਾਂਦਾ ਹੈ। ਇਹ ਭਾਰਤੀਏ ਵਿਹਾਰਕ ਪਰੰਪਰਾਗਤ ਪਹਿਰਾਵਾ ਵਿਸ਼ਵ ਵਿਚ ਮਸਹੂਰ ਹੋ ਚੁੱਕਾ ਹੈ। ਅਜ ਕਲ੍ਹ ਵਿਦੇਸ਼ਾਂ ਵਿਚ ਵੀ ਵਿਆਹ ਸ਼ਾਦੀਆਂ ਅਤੇ ਮਹੱਤਵ ਪੂਰਨ ਸਮਾਗਮਾਂ ਵਿਚ ਘੱਗਰਾ (ਲਹਿੰਗਾ) ਅਧਿਕਾਧਿਕ ਪਸੰਦ ਕੀਤਾ ਜਾਂਦਾ ਹੈ,
ਘੱਗਰੇ ਦੀ ਗੋਲਾਕਾਰ ਘੁਮਾਓੂ ਬਣਾਵਟ ਕਸਾਵਟ, ਅਕਾਵਟ, ਨਜਾਕਤ, ਤੇਜ਼ਸਵੀ ਸੰਵੇਦਨਸ਼ੀਲਤਾ, ਦਿਲ ਖੋਊ ਦਿੱਖ, ਗਰਿੱਮਾ, ਪ੍ਰਭਾਵ, ਲਪਕ, ਕਲਕ, ਨੂਤਨ ਰਚਨਾਤਮਕ ਸ਼ੈਲੀ ਅਤੇ ਦਿਲ ਟੁੰਬਵਾਂ ਯਥਾਰਥ, ਭਾਰਤੀਏ (ਪੰਜਾਬ) ਸੰਸਕ੍ਰਿਤੀ ਦਾ ਮੁਲੱਆਂਕਣ ਕਰਦੇ ਹੋਏ ਨਾਰੀ ਦੀ ਕੋਸ਼ਲਾਂਗਤਾ ਨੂੰ ਸਹਿਚਰੀ ਅਤੇ ਅਨੁਚਰੀ ਬਣਾ ਦਿੰਦਾ ਹੈ, ਖੂਬਸੂਰਤ ਚਿਹਰੇ ਦੀ ਦਿੱਖ, ਲੰਬੀ ਗੁੱਤ, ਰੰਗਦਾਰ ਫੁੰਮਣਾਂ ਵਾਲਾ ਗੁੰਦਿਆ ਪਰਾਂਦਾ ਅਤੇ ਕਢਾਈਦਾਰ, ਕਸੀਦਾਕਾਰੀ ਵਾਲੀ ਸੰਕੇਤਿਕ ਪ੍ਰਭਾਵੀ ਰੁਮਾਂਟਿਕਦਾਰ, ਮਰਮ ਸਪਰਸ਼ੀ ਕੁੜਤੀ, ਪੂਛਲਦਾਰ ਡੋਰੇ ਦੀ ਖਿੱਚ ਵਾਲਾ ਕਜਲਾ (ਸੁਰਮਾ), ਬੋਸਕੀ ਵਾਲਾ ਕਪੜਾ, ਲਹਿਰਾਂਦਾ ਮੇਚਦਾਰ ਸੱਤਰੰਗੀ ਪੀਂਘ ਵਰਗਾ ਡੋਰੀਆ, ਹੱਸ ਦੰਦਾਂ ਦੀ ਪ੍ਰੀਤ, ਗਹਿਣਿਆਂ ਦਾ ਜੱਚਣਾ, ਜੜਾਊਦਾਰ ਗਾਨੀ, ਅਲਸੀ ਦੇ ਫੁੱਲ ਜਿਹੀ ਕਿਰਮਰੀ, ਨਾਰੰਗੀ, ਪਿਆਜੀ ਜੀ ਸੂਹੀ, ਧੂਹ ਪਾਉਣ ਵਾਲੀ ਤੰਗ ਕੁੜਤੀ ਅਤੇ ਮੇਚਦਾਰ ਜਚਦਾ ਧੁੰਨੀ ਹੇਠ ਕਸਾਵਟਦਾਰ ਘੱਗਰਾ ਲੋਹੜੇ ਦਾ ਕਹਿਰ ਢਾਹ ਦਿੰਦਾ ਹੈ। ਕਿਸੇ ਕਵੀ ਨੇ ਕਿਹਾ ਹੈ – ਤੇਰੀ ਘੱਗਰੀ ਬਰਾਨੀ ਖੇਤੀ, ਸੁੱਥਣਾ ਨੂੰ ਪੈਣ ਮਾਮਲੇ ਅਤੇ ਰੰਨੇ ਚੱਜ ਨਹੀਂ ਵੱਸਣ ਦੇ ਤੇਰੇ, ਘੱਗਰੇ ਤੇ ਪਾਵੇਂ ਬੂਟੀਆਂ ਅਤੇ ਘੱਗਰੀਏ ਸੂਫਦੀਏ ਤੈਨੂੰ ਜੇਠ ਮਰੇ ਤੇ ਪਾਵਾਂ ਅਤੇ ਆਰਾ-ਆਰਾ-ਆਰਾ, ਸ਼ੈਲ ਗੁਲਾਬੀ ਘੱਗਰਾ, ਵਿਚ ਸੱਪ ਦੇ ਬੱਚੇ ਦਾ ਨਾਲਾ, ਮਿਤਰਾਂ ਨੂੰ ਮਾਰ ਗਈ ਨੀ ਤੇਰੀ ਲਾਲ ਘੱਗਰੀ, ਪਿੰਡ ਦਿਆਂ ਲੰਬੜਦਾਰਾਂ ਪਾਉਣਾ ਈ ਮੈਂ ਲਾਲ ਘੱਗਰਾ ਆਦਿ।
ਪੰਜਾਬੀ, ਹਿੰਦੀ, ਉਰਦੂ, ਰਾਜਸਥਾਨੀ, ਹਰਿਆਣਵੀ, ਹਿਮਾਚਲੀ, ਡੋਗਰੀਆਦਿ ਭਾਸ਼ਾਵਾਂ ਦੇ ਕਵੀਆਂ ਲੇਖਕਾਂ ਨੇ ਇਸ ਦਾ ਜ਼ਿਕਰ ਪ੍ਰਤੀਕਾ, ਬਿੰਬਾ ਅਤੇ ਵੱਖ-ਵੱਖ ਵਿਧਾਵਾਂ ਵਿਚ ਦੁਨਿਆਵੀ ਤੌਰ ’ਤੇ ਖੁੱਲ੍ਹ ਕੇ ਕੀਤਾ ਹੈ।
ਘੱਗਰੇ ਦੇ ਪ੍ਰੇਮ ਆਦਰ ਭਾਵ ਦੇ ਸ਼ਬਦ, ਗੀਤ, ਬੋਲ, ਬੋਲੀਆਂ, ਟੱਪੇ ਆਦਿ ਨੂੰ ਲਾਲਿਤਯ ਅਤੇ ਮਿਠਾਸ ਪ੍ਰਦਾਨ ਕਰਦੇ ਹਨ, ਵਿਆਹ-ਸ਼ਾਦੀਆਂ ਦੇ ਸੰਖੇਪਕਰਣ ਨਾਲ ਪਰੰਪਰਾਵਾਂ ਅਤੇ ਗੀਤਾਂ ਨੂੰ ਬਲ ਮਿਲਦਾ ਹੈ। ਘਗਰੇ ੳਪਰ ਆਂਚਲਿਕ ਬੋਲੀਆਂ ਭਾਸ਼ਾਂ ਨੂੰ ਜਿੱਥੇ ਅਮਰ ਕਰਦੀਆਂ ਹਨ ਉਥੇ ਸੰਪੁਸ਼ਟੀ ਵੀ ਕਰਦੀਆਂ ਹਨ।
ਪ੍ਰਾਚੀਨ ਇਤਿਹਾਸ ਵੱਲ ਝਾਤ ਮਾਰੀਏ ਤਾਂ ਘੱਗਰਾ ਪਹਿਰਾਵਾ ਮਹਾਂਭਾਰਤ, ਰਾਮਾਇਣ ਅਤੇ ਹੋਰ ਗ੍ਰੰਥਾਂ ਵਿਚ ਵੀ ਮਿਲਦਾ ਹੈ। ਮਹਾਨ ਕਵੀ ਕਾਲੀਦਾਸ ਨੇ ਔਰਤ ਦੇ ਹਰ ਅੰਗ-ਹਰ ਪਹਿਰਾਵੇ ਦੀ ਉਪਮਾਵਾਂ ਸਹਿਤ ਤਾਰੀਫ਼ ਕੀਤੀ ਹੈ। ਘੱਗਰਾ-ਚੋਲੀ (ਲਹਿੰਗਾ-ਚੋਲੀ) ਅਤੇ ਜਾਂ ਸਥਾਨੀਏ ਰੂਪ ਵਿਚ ਚੋਲੀ ਦੇ ਰੂਪ ਵਿਚ ਵੀ ਜਾਣਿਆਂ ਜਾਂਦਾ ਹੈ। ਭਾਰਤੀਏ ਉਪਮਹਾਂਦੀਪ ਦੀਆਂ ਮਹਿਲਾਵਾਂ ਦੇ ਲਈ ਇਕ ਪ੍ਰਕਾਰ ਦਾ ਜਾਤੀਏ ਵਸਤਰ ਹੈ। ਵਿਸ਼ੇਸ਼ ਰੂਪ ਵਿਚ ਪੰਜਾਬ, ਹਰਿਆਣਾ, ਗੁਜਰਾਤ, ਮੱਧ ਪ੍ਰਦੇਸ਼, ਉਤਰ ਪ੍ਰਦੇਸ਼, ਬਿਹਾਰ, ਹਿਮਾਚਲ, ਉਤਰਾ ਖੰਡ, ਜੰਮੂ-ਕਸ਼ਮੀਰ ਅਤੇ ਸਿੰਧ ਦੇ ਪਾਕਿਸਤਾਨੀ ਪ੍ਰਾਤਾਂ ਵਿਚ ਇਸ ਦੀ ਹੋਂਦ ਪ੍ਰਚਲਿਤ ਹੈ।
ਪੰਜਾਬ ਵਿਚ ਪਾਰੰਪਰਿਕ ਰੂਪ ਵਿਚ ਘੱਗਰਾ (ਲਹਿੰਗਾ) ਕੁੜਤੀ ਦੇ ਨਾਲ ਹੀ ਪਹਿਣਿਆ ਜਾਂਦਾ ਹੈ। ਘੱਗਰਾ ਅਤੇ ਕੁੜਤੀ (ਬਲਾਊਜ) ਦਾ ਇਕ ਸੰਯੋਜਨ ਹੈ। ਹਾਲਾਂ ਕਿ ਸਮਕਾਲੀਨ ਅਤੇ ਆਧੁਨਿਕ ਉਪਯੋਗ ਵਿਚ ਘੱਗਰਾ-ਕੁੜਤੀ ਦੱਖਣ ਏਸ਼ੀਆ ਵਿਚ ਫੈਸ਼ਨ ਡਿਜਾਇਨਰਾਂ, ਟਰੇਡ ਸੈਂਟਰਸ ਅਤੇ ਬੁਟਿਕ ਦੁਆਰਾ ਅਧਿਕ ਲੋਕ ਪਿ੍ਰਯ (ਲੋਕ-ਪਸੰਦ) ਅਤੇ ਵਪਾਰਕ ਰੂਪ ਵਿਚ ਸਵੀਕ੍ਰਿਤ ਸ਼ਬਦ ਹੈ ਕਿਉਂਕਿ ਇਕ ਤਿੰਨ ਟੁਕੜਾ ਪੋਸ਼ਾਕ ਹੈ। ਕਮਰ ਤਕ ਸੁਰਖਿਅਤ ਅਤੇ ਮਿਡ-ਰਿਫ ਲੰਗੇ ਛੜਕੇ।
ਘੱਗਰਾ (ਲਹਿੰਗਾ-ਚੋਲੀ) ਆਮ ਅਤੇ ਖ਼ਾਸ ਤੌਰ ’ਤੇ ਕੀਮਤੀ ਦਰ ਕੀਮਤੀ ਕਸ਼ੀਦਾਕਾਰੀ ਮੁਦਰਿਤ ਅਲੰਕ੍ਰਿਤ ਹੈ। ਘੱਗਰਾ 10ਵੀਂ ਸ਼ਤਾਬਦੀ ਦੇ ਦੌਰਾਨ ਮੁੱਖ ਰੂਪ ਵਿਚ ਉਤਰ ਭਾਰਤ ਵਿਚ, ਮਹਿਲਾਵਾਂ ਦੇ ਵਿਚ ਪੋਸ਼ਾਕ ਦੇ ਰੂਪ ਵਿਚ ਪ੍ਰਸਿੱਧ ਅਤੇ ਮਨਪਸਂਦਾ ਹੋ ਗਿਆ। ਵੇਖਿਆ ਜਾਵੇ ਤਾਂ ਘੱਗਰਾ ਭਾਰਤ ਵਿਚ ਮੁਗਲਾਂ ਦੇ ਆਗਮਨ ਅਤੇ 12ਵੀਂ ਅਤੇ 18ਵੀਂ ਸ਼ਤਾਬਦੀ ਤੱਕ ਅਤੇ ਉਸ ਦੇ ਬਾਅਦ ਦੇ ਸ਼ਾਸਨ ਕਾਲ ਦੇ ਨਾਲ ਉਤਕ੍ਰਿਸ਼ਟ ਸ਼ਿਲਪ ਕੌਸ਼ਲ ਦੇ ਜਰੀਏ ਨਾਲ ਵਿਕਸਿਤ ਹੋਇਆ। ਘੱਗਰੇ ਦਾ ਮੂਲ, ਪ੍ਰਾਚੀਨ ਰੂਪ, ਮੁੱਖ ਤੌਰ ’ਤੇ ਕਪਾਹ ਨਾਲ ਕੀਤਾ ਗਿਆ ਹੈ। ਜਿਸ ਦੇ ਬਾਅਦ ਰੇਸ਼ਮ ਅਤੇ ਬਿ੍ਰਕੇਡ ਵਰਗੇ ਸ਼ਾਹੀ ਕਪੜੇ ਅਤੇ ਕੀਮਤੀ ਕਢਾਈ ਦਾ ਉਪਯੋਗ ਕੀਤਾ ਗਿਆ। ਜਿੱਥੇ ਅੱਗੇ ਜਾ ਕੇ ਘੱਗਰਾ ਸ਼ਾਹੀ ਪੋਸ਼ਾਕ ਵਿਚ ਵਿਕਸਿਤ ਹੋ ਗਿਆ। ਇਹ ਚੁਨਰਕਾਰ ਅਤੇ ਵੱਡੇ ਘੇਰੇ ਵਾਲਾ ਪਹਿਰਾਵਾ ਜਿਸ ਨੂੰ ਔਰਤਾਂ ਕਮਰ ’ਤੇ ਬੰਨਦੀਆਂ ਹਨ। ਇਸ ਨਾਲ ਕਮਰ ਤੋਂ ਅੱਡੀ ਤੱਕ ਦੇ ਅੰਗ ਢੱਕੇ ਰਹਿੰਦੇ ਹਨ।
ਸਿੱਖ ਇਤਿਹਾਸ ਵੱਲ ਜੇ ਝਾਤੀ ਮਾਰੀਏ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਸਿਕਲੰਗਰ ਦਾ ਨਾਮ ਪ੍ਰਚਲਿਤ ਹੋਇਆ। ਵਿਸ਼ੇਸ਼ ਤੌਰ ’ਤੇ ਸਿਕਲੀਗਰ ਲੋਕ ਘੱਗਰਾ ਅਤੇ ਚੋਲੀ ਪਹਿਣਦੇ ਸਨ। ਪੰਜਾਬ ਦਾ ਅਧਿਕਾਰਿਤ ਖੇਤਰ ਉਦੋਂ ਬਹੁਤ ਵਿਸ਼ਾਲ ਹੁੰਦਾ ਸੀ। ਸਿਕਲੀਗਰ ਦਾ ਸ਼ਿਲਪਗਰ ਭਾਵ ਕਿ ਸਿਕਲੀ ਕਰਨ ਵਾਲਾ ਕਾਰੀਗਰ, ਹਥਿਆਰ ਤੇਜ਼ ਕਰਨ ਵਾਲਾ ਅਤੇ ਉਨ੍ਹਾਂ ਵਿਚ ਚਮਕ ਪੈਦਾ ਕਰਨ ਵਾਲਾ ਕਾਰੀਗਰ। ਲੋਹੇ ਦੇ ਔਜਾਰ ਬਣਾਉਣ ਵਾਲੇ। ਮਿਲਪੀਗਰ ਅਨੇਕਾਂ ਸ੍ਰੇਣੀਆਂ ਵਿਚ ਸਨ ਪਰ ਇਹ ਲੋਕ ਘੱਗਰਾ ਹੀ ਪਹਿਣਦੇ ਸਨ ਖਾਸ ਕਰਕੇ ਔਰਤਾਂ ਮਿਲਣੀਗਰ ਔਰਤਾਂ ਪਰੰਪਰਾਵਾਦੀ ਰੀਤਿ ਰਹੁ ਰਿਵਾਜ ਮੁਤਾਬਿਕ ਅੱਜ ਵੀ ਘੱਗਰਾ ਚੋਲੀ ਪਹਿਨਦੇ ਹਨ। ਮਹਾਰਾਣਾ ਪ੍ਰਤਾਪ, ਮਹਾਰਾਜਾ ਰਣਜੀਤ ਸਿੰਘ, ਜਹਾਂਗੀਰ ਦੇ ਸਮੇਂ ਘੱਗਰਾ ਪ੍ਰਚਲਿਤ ਸੀ ਪਰ ਸਿਲਦੀਗਰ ਲੋਕ ਜ਼ਿਆਦਾ ਪਹਿਣਦੇ ਹਨ। ਇਨ੍ਹਾਂ ਲੋਕਾਂ ’ਤੇ ਘੱਗਰਾ ਚੋਲੀ ਦੀ ਆਮਦ ਅੱਗੇ ਵਧੀ। ਲੰਬੜਦਾਰਾਂ ਲੈਂਦਾ ਈ ਮੈਂ ਲਾਲ ਘੱਗਰਾ ਦੇ ਸ਼ਬਦਾਂ ਵਿਚ ਇਕ ਦੰਪਤੀ ਨਿੱਘ, ਲਲਕ ਹੈ, ਚੂਕ ਹੈ, ਫਰਿਆਦ ਹੈ, ਅਪਣਤਵ ਹੈ, ਪਿਆਰ ਦੀ ਇਕ ਅਟੁੱਟ ਬੇਜੋੜ ਸੱਚਾਈ ਹੈ। ਲੰਬੜਦਾਰ ਸ਼ਬਦ ਇੱਕ ਜੁੰਮੇਵਾਰੀ ਦਾ ਨਾਮ, ਸਤਿਕਾਰ, ਪਿਆਰ ਅਤੇ ਮੁਖੀਆ ਦੀ ਜਿੰਮੇਦਾਰੀ। ਇਲਾਕੇ ਦੀ ਗੌਰਵਮਈ ਕਿਰਿਆ ਦਾ ਨਾਮ ਹੈ, ਘੱਗਰਾ ਪ੍ਰਤੀਕ ਹੈ ਖੂਬਸੂਰਤੀ ਦਾ। ਜੁੰਮੇਵਾਰੀ ਨੂੰ ਨੀਅਤ, ਨੀਤੀ ਅਤੇ ਸੁਹਿਰਦਤਾ ਨਾਲ ਪਾਲਣਾ ਕਰਨ ਦਾ ਨਾਮ ਹੈ। ਲੰਬੜਦਾਰ ਅਤੇ ਘੱਗਰਾ ਦੋਵੇਂ ਸ਼ਬਦ ਇਕ ਹੀ ਸਮੇਂ ਦੀ ਦੇਣ ਹਨ। ਫਿਰ ਦੋਵੇਂ ਸ਼ਬਦ ਮੁੱਢਕਦੀਮ ਦੀ ਓੁਪਜ ’ਚੋਂ ਨਿਕਲ ਕੇ ਆਧੁਨਿਕਤਾ ਦੀ ਵਿਰਾਸਤ ਵਿਚ ਸ਼ਾਮਿਲ ਹੋ ਗਏ। ਸਭਿਆਚਾਰ ਨੂੰ ਮਹਾਨਤਾ ਅਤੇ ਵਿਸ਼ਸਟਤਾ ਪ੍ਰਦਾਨ ਕਰਨ ਵਿਚ ਨਾਰੀ ਦਾ ਵਿਸ਼ੇਸ਼ ਯੋਗਦਾਨ ਹੈ, ਪੱਛਮੀ ਸਭਿਅਤਾ ਅਤੇ ਸੰਸਕ੍ਰਿਤੀ ਦੀ ਚਕਾਂਚੌਂਧ ਦੇ ਚਲਦੇ ਹੋਏ ਭਾਰਤੀ ਨਾਰੀ ਦੇ ਹਿਰਦੇ ਵਿਚ ਨਿਮਰਤਾ, ਸੰਗਾਓੁ ਪਰ ਵਿਰਤੀ ਅਤੇ ਆਪਣੀ ਮਿੱਟੀ ਦੇ ਸਤਿਕਾਰ ਦੇ ਚਿੰਨ੍ਹ ਅਜੇ ਵੀ ਮੌਜੂਦ ਹਨ। ਆਧੁਨਿਕ ਰਾਹਾਂ ਵਿਚ ਨਾਰੀ-ਸਭਾਵਿਕ ਰੂਪ ਵਿਚ ਅਧਿਕ ਸਮਰੱਥ, ਕੁਸ਼ਲ, ਸੰਸਕ੍ਰਿਤੀ, ਸੁਸਿਖਿਅਤ, ਆਤਮ ਨਿਰਭਰ ਅਤੇ ਕਲਾ ਪ੍ਰਵੀਨ, ਸਹਿਚਰੀ, ਅਨੁਚਰੀ ਹੀ ਨਹੀਂ ਬਲਕਿ ਸਮਝ-ਸੂਝ-ਬੂਝ ਅਤੇ ਵਿਰੋਧਭਾਸ ਦਾ ਸਾਹਮਣਾ ਕਰਨ ਦੇ ਸਮਰੱਥ ਹੈ ਜਿਸ ਦੀ ਬਦੌਲਤ ਪ੍ਰਾਚੀਨ ਪੰਜਾਬੀ ਸਭਿਆਚਾਰ ਦੀ ਝਲਕ ਹੋਂਦ ਬਣੀ ਹੋਈ ਹੈ।
ਬਲਵਿੰਦਰ ਬਾਲਮ ਗੁਰਦਾਸਪੁਰ
ਉਂਕਾਰ ਨਗਰ, ਗੁਰਦਾਸਪੁਰ (ਪੰਜਾਬ)
ਵਟਸਐਪ – 98156-25409, ਐਡਮਿੰਟਨ ਕੈਨੇਡਾ