ਇੱਕ ਭਿਖਾਰੀ ਅਕਸਰ ਗੁਰਦੁਆਰੇ ਦੇ ਬਾਹਰ ਬੈਠਦਾ ਤੇ ਆਏ ਗਏ ਲੋਕਾਂ ਤੋਂ ਭੀਖ ਮੰਗਦਾ। ਕਦੇ ਕਦੇ ਜਦੋਂ ਕਿਸੇ ਸ਼ਰਧਾਲੂ ਦੀ ਵਧੀਆ ਤੇ ਮਹਿੰਗੀ ਜੁੱਤੀ ਵੇਖਦਾ ਤਾਂ ਅੱਖ ਬਚਾ ਕੇ ਚੁੱਕ ਲੈਂਦਾ ਤੇ ਕਿਧਰੇ ਛੁਪਾ ਕੇ ਫੇਰ ਆਪਣੇ ਟਿਕਾਣੇ ਤੇ ਆ ਬਹਿੰਦਾ। ਇੱਕ ਦਿਨ ਇਉਂ ਹੀ ਉਹਨੇ ਕਿਸੇ ਅਮੀਰ ਯਾਤਰੀ ਦੀ ਜੁੱਤੀ ਚੁਰਾ ਲਈ ਤੇ ਇੱਕ ਥਾਂ ਲੁਕੋ ਕੇ ਮੁੜ ਭੀਖ ਮੰਗਣ ਲਈ ਆ ਬੈਠਾ। ਸ਼ਰਧਾਲੂ ਜਦੋਂ ਮੱਥਾ ਟੇਕ ਕੇ ਬਾਹਰ ਆਇਆ ਤਾਂ ਜੁੱਤੀ ਨਾ ਮਿਲਣ ਤੇ ਬੜਾ ਪ੍ਰੇਸ਼ਾਨ ਹੋਇਆ। ਉਹਨੇ ਭਿਖਾਰੀ ਅਤੇ ਆਸਪਾਸ ਦੇ ਲੋਕਾਂ ਨੂੰ ਪੁੱਛਿਆ ਪਰ ਕੋਈ ਸੂਹ ਨਾ ਮਿਲੀ। ਉਸ ਦਿਨ ਸੰਗਤ ਕਾਫੀ ਘੱਟ ਸੀ। ਉਹ ਅਮੀਰ ਸ਼ਰਧਾਲੂ ਗੁਰਦੁਆਰੇ ਦੇ ਸੇਵਾਦਾਰ ਨੂੰ ਮਿਲਿਆ ਤੇ ਆਪਣੀ ਸਮੱਸਿਆ ਦੱਸੀ। ਸੇਵਾਦਾਰ ਨੇ ਬਾਹਰ ਆ ਕੇ ਜੁੱਤੀ ਲੱਭਣ ਦੀ ਕੋਸ਼ਿਸ਼ ਕੀਤੀ ਤੇ ਫਿਰ ਭਿਖਾਰੀ ਨੂੰ ਪੁੱਛਿਆ, “ਕਿਉਂ ਬਈ, ਤੂੰ ਕਿਤੇ ਇਨ੍ਹਾਂ ਦੀ ਜੁੱਤੀ ਤਾਂ ਨਹੀਂ ਚੁੱਕ ਲਈ! ਇਹ ਹੁਣੇ ਹੀ ਏਥੇ ਲਾਹ ਕੇ ਗਏ ਸਨ ਪਰ ਜਦ ਮੱਥਾ ਟੇਕ ਕੇ ਆਏ ਤਾਂ ਜੁੱਤੀ ਗਾਇਬ ਸੀ।” ਭਿਖਾਰੀ ਨੇ ਪੈਰਾਂ ਤੇ ਪਾਣੀ ਨਾ ਪੈਣ ਦਿੱਤਾ, ਸਾਫ ਮੁੱਕਰ ਗਿਆ। ਸ਼ਰਧਾਲੂ ਨੇ ਜ਼ਰਾ ਸਖਤੀ ਨਾਲ ਪੁੱਛਿਆ ਤਾਂ ਉਹਨੇ ਕਿਹਾ, “ਜਨਾਬ, ਜੇ ਮੈਂ ਜੁੱਤੀ ਚੁੱਕੀ ਹੁੰਦੀ ਤਾਂ ਚੁੱਕ ਕੇ ਚਲਾ ਗਿਆ ਹੁੰਦਾ, ਏਥੇ ਕਿਉਂ ਬਹਿੰਦਾ?” ਸ਼ਰਧਾਲੂ ਨੇ ਉਹਦੀ ਗੱਲ ਤੇ ਯਕੀਨ ਕਰਕੇ ਉੱਥੋਂ ਬਿਨਾਂ ਜੁੱਤੀ ਤੋਂ ਜਾਣਾ ਚਾਹਿਆ ਤਾਂ ਸੇਵਾਦਾਰ ਨੇ ਬੇਨਤੀ ਨਾਲ ਕਿਹਾ, “ਤੁਸੀਂ ਨੰਗੇ ਪੈਰੀਂ ਕਿਵੇਂ ਜਾਓਗੇ, ਮੇਰੀ ਜੁੱਤੀ ਪਾ ਲਓ।” ਸ਼ਰਧਾਲੂ ਨੇ ਨਿਮਰਤਾ ਸਹਿਤ ਇਨਕਾਰ ਕੀਤਾ ਤੇ ਕਿਹਾ ਕਿ ਉਹ ਨੇੜੇ ਦੇ ਬਜ਼ਾਰ ‘ਚੋਂ ਨਵੀਂ ਜੁੱਤੀ ਖਰੀਦ ਲਵੇਗਾ। ਉਹਦੇ ਜਾਣ ਪਿੱਛੋਂ ਸੇਵਾਦਾਰ ਨੇ ਫਿਰ ਭਿਖਾਰੀ ਨੂੰ ਝਿੜਕਦਿਆਂ ਕਿਹਾ, “ਕੋਈ ਨਾ ਕੋਈ ਗੱਲ ਤਾਂ ਜ਼ਰੂਰ ਹੈ ਕਿਉਂਕਿ ਅੱਜ ਸੰਗਤ ਵੀ ਕੋਈ ਖਾਸ ਨਹੀਂ ਸੀ ਤੇ ਫੇਰ ਵੀ ਇਹਦੀ ਜੁੱਤੀ ਗੁੰਮ ਗਈ। ਤੈਥੋਂ ਬਿਨਾਂ ਏਥੇ ਕੋਈ ਹੋਰ ਬੈਠਾ ਵੀ ਨਹੀਂ। ਸੱਚੋ ਸੱਚ ਦੱਸ, ਨਹੀਂ ਤਾਂ ਮੈਂ ਹੁਣੇ ਸੀਸੀਟੀਵੀ ਕੈਮਰੇ ਰਾਹੀਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿਆਂਗਾ। ਜੇ ਤੂੰ ਚੋਰ ਨਿਕਲਿਆ ਤਾਂ ਪੁਲੀਸ ਨੂੰ ਫੜਾ ਦਿਆਂਗਾ।” ਅਸਲ ਵਿੱਚ ਗੁਰਦੁਆਰੇ ਵਿੱਚ ਕਿਤੇ ਕੋਈ ਕੈਮਰਾ ਨਹੀਂ ਸੀ ਲੱਗਿਆ ਤੇ ਸੇਵਾਦਾਰ ਨੇ ਭਿਖਾਰੀ ਨੂੰ ਪੈਰੋਂ ਕੱਢਣ ਲਈ ਹੀ ਇਹ ਢੰਗ ਵਰਤਿਆ ਸੀ। ਏਨਾ ਸੁਣਦਿਆਂ ਹੀ ਭਿਖਾਰੀ ਡਰ ਗਿਆ, “ਭਾਈ ਸਾਬ, ਪੁਲੀਸ ਨੂੰ ਨਾ ਸੱਦਿਓ, ਜੁੱਤੀ ਮੈਂ ਹੀ ਚੁੱਕੀ ਹੈ। ਮੈਂ ਹੁਣੇ ਲੈ ਆਉਂਦਾ ਹਾਂ।” ਸੇਵਾਦਾਰ ਨੇ ਝਿੜਕਦੇ ਹੋਏ ਕਿਹਾ, “ਨਿੱਕੇ ਜਿਹੇ ਕੈਮਰੇ ਤੋਂ ਡਰ ਗਿਆ ਹੈਂ, ਜੋ ਲੱਗਿਆ ਹੀ ਨਹੀਂ! ਤੇ ਜਿਹੜਾ ਏਸ ਸਾਰੀ ਦੁਨੀਆਂ ਦਾ ਮਾਲਕ ਪਰਮਾਤਮਾ ਹੈ ਤੇ ਘਟ ਘਟ ਦੀਆਂ ਜਾਣਦਾ ਹੈ, ਉਹਦਾ ਕੋਈ ਡਰ ਹੀ ਨਹੀਂ…!”
~ ਪ੍ਰੋ. ਨਵ ਸੰਗੀਤ ਸਿੰਘ
# 1, ਲਤਾ ਗਰੀਨ ਐਨਕਲੇਵ, ਪਟਿਆਲਾ-147002.
(9417692015)