ਭਾਰਤ ਵਿੱਚ ਮੋਬਾਇਲ ਫੋਨ ਅਤੇ ਆਮ ਜਨਤਾ ਲਈ ਇੰਟਰਨੈੱਟ ਦੀ ਸ਼ੁਰੂਆਤ 1995 ਵਿੱਚ ਕੀਤੀ ਗਈ। ਸੋ ਵੀਹਵੀਂ ਸਦੀ ਦੇ ਅੰਤ ਤੱਕ ਤਾਂ ਗਿਆਨ ਦਾ ਸੋਮਾ ਅਖ਼ਬਾਰ,ਮੈਗਜ਼ੀਨ ਅਤੇ ਕਿਤਾਬਾਂ ਹੀ ਸਨ। ਲੇਖਕਾਂ, ਪਾਠਕਾਂ ਵਿੱਚ ਵਿਚਾਰਾਂ ਦੇ ਅਦਾਨ-ਪ੍ਰਦਾਨ ਕਰਨ ਦਾ ਸਾਧਨ ਚਿੱਠੀਆਂ ਹੀ ਸਨ। ਪਰ 21ਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਸੂਚਨਾ ਕ੍ਰਾਂਤੀ ਹੋ ਗਈ। ਜੋ ਗਿਆਨ ਪਹਿਲਾਂ ਕਾਗਜ਼ ਉੱਤੇ ਛਪੇ ਅੱਖਰਾਂ ਤੋਂ ਮਿਲਦਾ ਸੀ ਉਹ ਗਿਆਨ ਹੱਥ ਵਿੱਚ ਫੜੇ ਫੋਨ ਦੀ ਸਕਰੀਨ ਉੱਤੇ ਚਮਕਣ ਲੱਗਾ।ਹਰ ਘਟਨਾ ਦੀ ਖਬਰ ਘਟਨਾ ਵਾਪਰਨ ਦੇ ਕੁਝ ਮਿੰਟਾਂ ਵਿੱਚ ਹੀ ਸਾਰੀ ਦੁਨੀਆ ਵਿੱਚ ਪਹੁੰਚਣ ਲੱਗੀ। ਇੰਟਰਨੈੱਟ ਰਾਹੀਂ ਗਿਆਨ ਦੀ ਹਨੇਰੀ ਤਾਂ ਵਗੀ ਪਰ ਇਸ ਹਨੇਰੀ ਨਾਲ ਬਹੁਤ ਸਾਰਾ ਕੂੜਾ ਕਰਕਟ ਵੀ ਅੱਲ੍ਹੜ ਦਿਮਾਗਾਂ ਵਿੱਚ ਵੜਨ ਲੱਗਾ। ਸੋਸ਼ਲ ਮੀਡੀਆ ਅਜਿਹੇ ਬੇਪੜਤਾਲੇ ਗਿਆਨ ਦਾ ਵੱਡਾ ਸੋਮਾ ਬਣ ਗਿਆ। ਇਸ ਨੇ ਸਿਆਣੇ ਦਿਮਾਗਾਂ ਨੂੰ ਅਹਿਸਾਸ ਕਰਵਾਇਆ ਕਿ ਕਾਗਜ ਉੱਤੇ ਲਿਖੇ ਅੱਖਰਾਂ ਦੀ ਆਪਣੀ ਅਹਿਮੀਅਤ ਹੈ। ਸੋਸ਼ਲ ਮੀਡੀਆ ਉੱਤੇ ਜਾਹਲੀ ਆਈ.ਡੀ. ਬਣਾ ਕੇ ਕੋਈ ਕੁਝ ਵੀ ਲਿਖ ਸਕਦਾ ਹੈ। ਪਰ ਅਖ਼ਬਾਰ ,ਮੈਗਜ਼ੀਨ ਜਾਂ ਕਿਤਾਬ ਵਿੱਚ ਲਿਖੇ ਹਰ ਅੱਖਰ ਲਈ ਲੇਖਕ/ਸੰਪਾਦਕ ਜ਼ਿੰਮੇਵਾਰ ਹੁੰਦਾ ਹੈ। ਇੰਟਰਨੈੱਟ ਉਤਲੇ ਗਿਆਨ ਦਾ ਮੂਲ ਆਧਾਰ ਵੀ ਪ੍ਰਿੰਟ ਅੱਖਰ ਹੀ ਹਨ। ਸੋ ਅਖ਼ਬਾਰ,ਮੈਗਜ਼ੀਨ ਅਤੇ ਕਿਤਾਬ ਦੀ ਆਪਣੀ ਅਹਿਮੀਅਤ ਹੈ। ਪਰ ਇਹ ਅਹਿਮੀਅਤ ਬਰਕਰਾਰ ਰੱਖਣ ਲਈ ਸਾਨੂੰ ਬਦਲੇ ਹੋਏ ਸਮੇਂ ਦੇ ਹਾਣ ਦਾ ਹੋਣਾ ਪਵੇਗਾ। ਜੋ ਚੀਜ਼ ਵੀ ਸਮੇਂ ਨਾਲ ਕਦਮ ਮਿਲਾ ਕੇ ਨਹੀਂ ਚਲਦੀ ਉਹ ਖਤਮ ਹੋ ਜਾਂਦੀ ਹੈ। ਅੱਜ ਦੇ ਸਮੇਂ ਦੇ ਪਾਠਕਾਂ ਦੇ ਸਵਾਦ ਵੱਖਰੇ ਹਨ, ਮਸਲੇ ਵੱਖਰੇ ਹਨ, ਪੜ੍ਹਨ ਰੁਚੀਆਂ ਵੱਖਰੀਆਂ ਹਨ।
ਅੱਜ ਵਿਗਿਆਨਕ ਸੋਚ ਵਾਲੇ ਅਖ਼ਬਾਰ,ਮੈਗਜੀਨ ਦੀ ਲੋੜ ਪਹਿਲਾਂ ਨਾਲੋਂ ਬਹੁਤ ਵੱਧ ਲੋੜ ਹੋ ਗਈ ਹੈ। ਕਿਉਂ? ਕਿਉਂਕਿ। ਫਿਰਕਾਪ੍ਰਸਤੀ ਵਧ ਗਈ ਹੈ। ਹਰ ਕਿਸਮ ਦੀ ਕੱਟੜਤਾ ਵੱਧ ਰਹੀ ਹੈ। ਨਵੀਂ ਟੈਕਨੋਲੋਜੀ ਰਾਹੀਂ ਭਰਮ ਭੁਲੇਖੇ ਵੱਧ ਤੇਜ਼ੀ ਨਾਲ ਫੈਲਾਏ ਜਾ ਰਹੇ ਹਨ। ਗਲਤ ਸੂਚਨਾਵਾਂ ਦੇ ਵਿਉਂਤਬਧ ਹਮਲੇ ਕਰਕੇ ਸੱਚਾਈ ਨੂੰ ਰੋਲ ਦਿੱਤਾ ਜਾਂਦਾ ਹੈ। ਬਾਜ਼ਾਰ ਘਰਾਂ ਵਿੱਚ ਆ ਵੜਿਆ ਹੈ। ਗੱਲ ਇਸ ਤੋਂ ਵੀ ਅੱਗੇ ਵਧ ਗਈ ਹੈ ਕਿ ਦੁਨੀਆ ਭਰ ਦੇ ਸ਼ੋਅ-ਰੂਮ ਤੁਹਾਡੇ ਮੋਬਾਈਲ ਵਿੱਚ ਆ ਵੜੇ ਹਨ। ਹਰ ਪਲ ਤੁਹਾਨੂੰ ਆਰਡਰ ਕਲਿੱਕ ਕਰਨ ਲਈ ਉਕਸਾਇਆ ਜਾਂਦਾ ਹੈ।ਜੀਵਨ ਵਿੱਚ ਸਹਿਜ, ਸੰਤੁਲਨ, ਸਹਿਯੋਗ, ਸੁਖ-ਸ਼ਾਂਤੀ ਦੀ ਬਜਾਏ ਖਪਤਵਾਦ ਅਤੇ ਵਿਖਾਵੇ ਦੀ ਇੱਕ ਦੌੜ ਲੱਗ ਗਈ ਹੈ। ਇਹ ਦੌੜ, ਇਹ ਅਸੰਤੁਸ਼ਟਤਾ ਮਾਨਸਿਕ ਤਣਾਅ ਪੈਦਾ ਕਰਦੀ ਹੈ।ਮਾਨਸਿਕ ਤਨਾਅ ਮਾਨਸਿਕ ਰੋਗ ਵਿੱਚ ਵਟਦਾ ਹੈ, ਨਸ਼ਿਆਂ ਦੇ ਲੜ ਲਾਉਂਦਾ ਹੈ। ਇਹ ਸਾਰਾ ਕੁਝ ਐਵੇਂ ਕਿਵੇਂ ਨਹੀਂ ਹੋ ਰਿਹਾ।ਇਸ ਪਿੱਛੇ ਇੱਕ ਸਿਸਟਮ ਕੰਮ ਕਰ ਰਿਹਾ ਹੈ।ਉਹ ਸਿਸਟਮ ਦੇਸ਼ਾਂ ਤੋਂ ਲੈ ਕੇ ਹਰ ਇਨਸਾਨ ਨੂੰ ਕੰਟਰੋਲ ਕਰ ਰਿਹਾ ਹੈ।ਫਸਲਾਂ, ਵਪਾਰ, ਜੀਵ-ਜੰਤੂਆਂ, ਨਦੀਆਂ, ਪਹਾੜਾਂ, ਜੰਗਲਾਂ, ਜ਼ਮੀਨਾਂ ਨੂੰ ਕੰਟਰੋਲ ਕਰ ਰਿਹਾ ਹੈ। ਉਹ ਸਿਸਟਮ ਨੂੰ ਵੀ ਸਮਝਣ ਦੀ ਲੋੜ ਹੈ।ਇਸ ਸਿਸਟਮ ਨੂੰ ਸਮਝਣ, ਨਵੇਂ ਦੌਰ ਦੀਆਂ ਚੁਣੌਤੀਆਂ ਨਾਲ ਨਜਿੱਠਣ, ਸੋਚ ਨੂੰ ਵਿਗਿਆਨਕ ਬਨਾਉਣ, ਭਾਵਨਾਵਾਂ ਉੱਤੇ ਤਰਕ ਦੀ ਸਰਦਾਰੀ ਬਣਾਉਣ, ਸੂਚਨਾਵਾਂ ਦੇ ਢੇਰ ਵਿੱਚੋਂ ਸਹੀ ਜਾਣਕਾਰੀ ਹਾਸਲ ਕਰਨ, ਤਕਨਾਲੋਜੀ ਦੀ ਗੁਲਾਮੀ ਦੀ ਬਜਾਏ ਇਸ ਨੂੰ ਜ਼ਿੰਦਗੀ ਚੰਗੇਰੀ ਬਣਾਉਣ ਲਈ ਵਰਤਣ ਵਾਸਤੇ, ਕੁੱਲ ਮਿਲਾ ਕੇ ਜ਼ਿੰਦਗੀ ਅਤੇ ਸਮਾਜ ਨੂੰ ਸੋਹਣੇ ਰਸਤੇ ਉਤੇ ਤੋਰਨ ਵਿੱਚ ਅਗਾਂਹ ਵਧੂ, ਵਿਗਿਆਨਕ ਸੋਚ ਵਿਕਸਤ ਕਰਨ ਵਾਲੇ ਅਖ਼ਬਾਰਾਂ, ਮੈਗਜ਼ੀਨਾਂ ,ਸਾਹਿਤਕ ਕਿਤਾਬਾਂ ਦੀ ਅਤੀ ਲੋੜ ਹੈ।
ਮਾਸਟਰ ਪਰਮ ਵੇਦ
ਜੋਨ ਜਥੇਬੰਦਕ ਮੁਖੀ
ਤਰਕਸ਼ੀਲ ਸੁਸਾਇਟੀ ਪੰਜਾਬ
9417422349