ਦੇਸ਼ ’ਚ ਅੰਨੀ ਲੁੱਟ ਮਚਾ ਗਏ ਨਸ਼ਿਆਂ ਦੇ ਵਿਉਪਾਰੀ।
ਕੀ-ਕੀ ਦੱਸਾਂ ਕੀ-ਕੀ ਖਾ ਗਏ ਨਸ਼ਿਆਂ ਦੇ ਵਿਉਪਾਰੀ।
ਸੜਕਾਂ ਖਾ ਗਏ ਬਿਜਲੀ ਖਾ ਗਏ ਖਾ ਗਏ ਮੰਦਿਰ ਦੁਆਰੇ।
ਚੜ੍ਹਤ ਚੜ੍ਹਾਵੇ ਘਰ ਨੂੰ ਲੈ ਗਏ ਦਫ਼ਤਰ ਖਾ ਗਏ ਸਾਰੇ।
ਕਰਜ਼ੇ ਵਾਲਾ ਬੋਝ ਚੜ੍ਹਾ ਗਏ ਨਸ਼ਿਆਂ ਦੇ ਵਿਉਪਾਰੀ।
ਦੇਸ਼ ’ਚ ਅੰਨੀ ਲੁੱਟ ਮਚਾ ਗਏ ਨਸ਼ਿਆਂ ਦੇ ਵਿਉਪਾਰੀ।
ਛੈਲ ਛਬੀਲੇ ਗਭਰੂ ਨਾਰਾਂ ਆਤੰਕ ਦੇ ਨਾਲ ਜੋੜੇ।
ਨਸ਼ਿਆਂ ਗੰਨੇ ਵਾਗੂੰ ਪੀੜ ਦੇ ਲੱਕ ਦੇ ਵਿੱਚੋਂ ਤੋੜੇ।
ਕੌਡੀਆਂ ਭਾਅ ਬੱਚੇ ਮਰਵਾ ਗਏ ਨਸ਼ਿਆਂ ਦੇ ਵਿਉਪਾਰੀ।
ਦੇਸ਼ ’ਚ ਅੰਨੀ ਲੁੱਟ ਮਚਾ ਗਏ ਨਸ਼ਿਆਂ ਦੇ ਵਿਉਪਾਰੀ।
ਮੌਜੂਦਾ ਹਾਲਾਤ ’ਚ ਦਿੱਤੇ ਲਾਲਚ ਦੇ ਸੱਮੋਹਨ।
ਦੇ ਕੇ ਜ਼ਖ਼ਮ ਅਵੱਲੇ ਸਾਰੇ ਲੂਣ ਲਗਾ ਕੇ ਧੋਵਨ।
ਉਜਲਾ ਭਵਿੱਖ ਲੁੱਟਣ ਆ ਗਏ ਨਸ਼ਿਆਂ ਦੇ ਵਿਉਪਾਰੀ।
ਦੇਸ਼ ’ਚ ਅੰਨੀ ਲੁੱਟ ਮਚਾ ਗਏ ਨਸ਼ਿਆਂ ਦੇ ਵਿਉਪਾਰੀ।
ਬੇਰੁਜ਼ਗਾਰੀ ਦੇ ਨਾਂ ਉਤੇ ਲੁੱਟ ਲਏ ਸ਼ਹਿਰ ਨਗੀਨੇ।
ਥਾਂ-ਥਾਂ ਉਤ ਪ੍ਰੇਰਕ ਛਡ ’ਤੇ ਪੀਵਣ ਖ਼ੂਨ ਕਮੀਨੇ।
ਸਦੀਆਂ ਤੀਕਰ ਜਨ ਤੜਪਾ ਗਏ ਨਸ਼ਿਆਂ ਦੇ ਵਿਉਪਾਰੀ।
ਦੇਸ਼ ’ਚ ਅੰਨੀ ਲੁੱਟ ਮਚਾ ਗਏ ਨਸ਼ਿਆਂ ਦੇ ਵਿਉਪਾਰੀ।
ਸੰਵੇਦਨ ਸ਼ੀਲ ਅਦਾਵਾਂ ਦੇ ਵਿਚ ਕੱਟੜਤਾ ਭਰ ਦਿੱਤੀ।
ਸੋਚ-ਮੁਹੱਬਤ ਵਾਲੀ ਸਾਰੀ ਲੰਗੜੀ ਹੀ ਕਰ ਦਿੱਤੀ।
ਹਰ ਰਿਸ਼ਤੇ ਵਿਚ ਗੁੰਝਲਾਂ ਪਾ ਗਏ ਨਸ਼ਿਆਂ ਦੇ ਵਿਉਪਾਰੀ।
ਦੇਸ਼ ’ਚ ਅੰਨੀ ਲੁੱਟ ਮਚਾ ਗਏ ਨਸ਼ਿਆਂ ਦੇ ਵਿਉਪਾਰੀ।
ਪਾਕਿ-ਪਵਿੱਤਰ ਸੱਤਾ ਸਾਰੀ ਲੋਕਾਂ ਤੋਂ ਹਤਿਆਈ।
ਹਰਨਾਕਸ਼ ਦੇ ਵਾਗੂੰ ਕਰਦੇ ਅਪਣੀ ਖੁਦ ਵਡਿਆਈ।
ਕੋਰਟ ਕਚਹਿਰੀ ਦੇ ਵਿਚ ਛਾ ਗਏ ਨਸ਼ਿਆਂ ਦੇ ਵਿਉਪਾਰੀ।
ਦੇਸ਼ ’ਚ ਅੰਨੀ ਲੁੱਟ ਮਚਾ ਗਏ ਨਸ਼ਿਆਂ ਦੇ ਵਿਉਪਾਰੀ।
ਰਹਿਬਰ ਵਾਲਾ ਭੇਸ ਬਦਲ ਕੇ ਲੁੱਟਿਆ ਖ਼ੂਬ ਖ਼ਜ਼ਾਨਾ।
ਖ਼ੁਸ਼ਹਾਲੀ ਦੇ ਉਪਰ ਲਾਇਆ ਤੀਰਾਂ ਨਾਲ ਨਿਸ਼ਾਨਾ।
ਉਂਗਲਾਂ ਉਪਰ ਵਕਤ ਨਚਾ ਗਏ ਨਸ਼ਿਆਂ ਦੇ ਵਿਉਪਾਰੀ।
ਦੇਸ਼ ’ਚ ਅੰਨੀ ਲੁੱਟ ਮਚਾ ਗਏ ਨਸ਼ਿਆਂ ਦੇ ਵਿਉਪਾਰੀ।
ਪੀੜੀਆਂ ਤੀਕਰ ਗ਼ਲਤ ਰਵਾਇਤਾਂ ਮਸਤਕ ਦੇ ਵਿਚ ਭਰੀਆਂ।
ਜਿੱਦਾਂ ਬਿੱਲੀਆਂ ਸ਼ੇਰਾਂ ਕੋਲੋਂ ਗੁੱਠੇ ਲਗ-ਲਗ ਡਰੀਆਂ।
ਸੋਚਾਂ ਨੂੰ ਏਦਾਂ ਉਲਝਾ ਗਏ ਨਸ਼ਿਆਂ ਦੇ ਵਿਉਪਾਰੀ।
ਦੇਸ਼ ’ਚ ਅੰਨੀ ਲੁੱਟ ਮਚਾ ਗਏ ਨਸ਼ਿਆਂ ਦੇ ਵਿਉਪਾਰੀ।
ਜਾਗ੍ਰਤੀ ਨੇ ਸੋਚਾਂ ਦੇ ਵਿਚ ਇੱਕ ਕਰਾਂਤੀ ਦਿੱਤੀ।
ਨਵ ਯੁਵਕਾਂ ਨੇ ਹਾਰੀ ਹੋਈ ਸਾਰੀ ਬਾਜ਼ੀ ਜਿੱਤੀ।
ਡੂੰਘੀ ਪੀੜਾਂ ਵਿਚ ਕੁਰਲਾ ਗਏ ਨਸ਼ਿਆਂ ਦੇ ਵਿਉਪਾਰੀ।
ਦੇਸ਼ ’ਚ ਅੰਨੀ ਲੁੱਟ ਮਚਾ ਗਏ ਨਸ਼ਿਆਂ ਦੇ ਵਿਉਪਾਰੀ।
ਉਨਤੀ ਵਾਲੇ ਸਾਰੇ ਗੁਲਸ਼ਨ ਖ਼ੁਸ਼ਹਾਲੀ ਵਿਚ ਹੋਏ।
ਵੱਖੋ-ਵੱਖਰੇ ਫੁੱਲਾਂ ਵਾਲੇ ਸੁੰਦਰ ਹਾਰ ਪਿਰੋਏ।
ਫੇਰ ਸੁਧਾਰ ਘਰਾਂ ਵਿਚ ਆ ਗਏ ਨਸ਼ਿਆਂ ਦੇ ਵਿਉਪਾਰੀ।
ਏਸ ਕਰਕੇ ਬਾਲਮ ਦੀ ਹੈ ਗੀਤਾਂ ਵਿਚ ਸਰਦਾਰੀ।
ਬਲਵਿੰਦਰ ਬਾਲਮ ਗੁਰਦਾਸਪੁਰ
ਉਂਕਾਰ ਨਗਰ, ਗੁਰਦਾਸਪੁਰ ਪੰਜਾਬ
ਮੋ. 98156-25409