ਸਹਿਜ ਤੋਰ ਤੁਰਦੇ ਪੰਜਾਬੀ ਕਵੀ ਤੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਹੋ. . ਰਵਿੰਦਰ ਭੱਠਲ ਦੀ ਗਿਆਰਵੀਂ ਪੁਸਤਕ ਅੱਜ ਮਿਲੀ ਹੈ। ਇਸ ਵਿੱਚ ਲਿਖੇ ਅਠਾਰਾਂ ਰੇਖਾ ਚਿੱਤਰ ਤੇ ਡਾ. ਤੇਜਾ ਸਿੰਘ ਤਿਲਕ ਦਾ ਮੁੱਖ ਬੰਦ ਤੈ ਦਰਸ਼ਨ ਬੁੱਟਰ ਦੀ ਪਿੱਠ ਟਿਪਣੀ ਪੁਸਤਕ ਦੀ ਸ਼ਾਨ ਹੈ। ਪ੍ਰੀਤ ਪਬਲੀਕੇਸ਼ਨ ਨਾਭਾ ਦਾ ਸੰਚਾਲਕ ਤੇ ਪੰਜਾਬੀ ਕਵੀ ਸੁਰਿੰਦਰ ਜੀਤ ਚੌਹਾਨ ਇਸ ਪੁਸਤਕ ਬਾਰੇ ਲਿਖਦਾ ਹੈ ਕਿ ਪ੍ਰੋ. ਰਵਿੱਦਰ ਭੱਠਲ ਜੀ ਸਾਹਿਤ ਜਗਤ ਨੂੰ ਪ੍ਰਣਾਈ ਰੂਹ ਹਨ ਅਤੇ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਹਨ। ਸਾਲ 1975 ਵਿਚ “ਕਾਲੇ ਕੋਹਾਂ ਤੋਂ ਪਰ੍ਹੇ” ਕਾਵਿ ਸੰਗ੍ਰਹਿ ਨਾਲ ਆਪਣਾ ਸਾਹਿਤਕ ਸਫ਼ਰ ਸ਼ੁਰੂ ਕਰ ਸਾਲ ਦਰ ਸਾਲ 11 ਮੌਲਿਕ ਕਾਵਿ ਪੁਸਤਕਾਂ ਤੋਂ ਇਲਾਵਾ 8 ਸੰਪਾਦਿਤ ਅਤੇ 4 ਅਨੁਵਾਦ ਪੁਸਤਕਾਂ ਸਾਹਿਤ ਦੀ ਝੋਲ਼ੀ ਪਾਉਣ ਉਪਰੰਤ ਆਪਣੀ ਅਗਲੇਰੀ ਕਿਰਤ “ਵਰਣਾਂ ਦੇ ਵਣਜਾਰੇ” ਲੈ ਕੇ ਹਾਜ਼ਰ ਹੋਣ ਜਾ ਰਹੇ ਹਨ, ਜਿਸ ਵਿੱਚ ਉਨ੍ਹਾਂ ਆਪਣੇ ਸਮਕਾਲੀ, ਆਪਣੇ ਆਪਣੇ ਖ਼ਿੱਤੇ ਵਿੱਚ ਆਪਣੀਆਂ ਸਾਹਿਤਕ ਕਿਰਤਾਂ ਰਾਹੀਂ ਨਾਮਣਾ ਖੱਟਣ ਵਾਲੇ ਮੀਲ ਪੱਥਰ ਬਣੇ ਕੁਝ ਵੱਡੇ ਕਲਮਕਾਰਾਂ ਦੇ ਕਾਵਿ ਚਿੱਤਰ ਉਲੀਕਣ ਦੀ ਕੋਸ਼ਿਸ਼ ਕੀਤੀ ਹੈ। ਜਿਸ ਵਿੱਚ 18 ਸ਼ਖ਼ਸੀਅਤਾਂ ਸ਼ਾਮਲ ਹਨ। ਕ੍ਰਮਵਾਰ ਜੇ ਨਾਮ ਲਿਖੇ ਜਾਣ ਤਾਂ ਮਨਮੋਹਨ ਬਾਵਾ, ਮੋਹਨ ਕਾਹਲੋਂ, ਜਰਨੈਲ ਸੇਖਾ, ਗੁਰਭਜਨ ਗਿੱਲ, ਜੰਗ ਬਹਾਦਰ ਗੋਇਲ, ਨਿਰੰਜਨ ਤਸਨੀਮ, ਰਾਮ ਸਰੂਪ ਅਣਖੀ, ਓਮ ਪ੍ਰਕਾਸ਼ ਗਾਸੋ, ਜਸਵੀਰ ਭੁੱਲਰ, ਜਗੀਰ ਸਿੰਘ ਜਗਤਾਰ, ਜੋਗਾ ਸਿੰਘ, ਪ੍ਰੀਤਮ ਸਿੰਘ ਰਾਹੀ, ਤੇਜਵੰਤ ਮਾਨ, ਬਸੰਤ ਕੁਮਾਰ ਰਤਨ, ਸਾਧੂ ਸਿੰਘ ਬੇਦਿਲ, ਰਮਾ ਰਤਨ, ਪ੍ਰੋ. ਰਾਜਪਾਲ ਸਿੰਘ ਤੇ ਪ੍ਰੀਤਮ ਸਿੰਘ ਰਸੀਆ ਸ਼ਾਮਲ ਹਨ। ਇਹ ਇਕ ਵੱਡਾ ਉੱਦਮ ਹੈ। ਸੋ ਆਓ, ਇਸ ਕਿਰਤ ਦਾ ਸਵਾਗਤ ਕਰੀਏ। ਪ੍ਰੀਤ ਪਬਲੀਕੇਸ਼ਨ ਨਾਭਾ ਦੀ ਸਮੁੱਚੀ ਟੀਮ ਵੱਲੋਂ ਇਸ ਪੁਸਤਕ ਨੂੰ ਨਿੱਘੀ ਜੀ ਆਇਆਂ ਨੂੰ, ਪੁਸਤਕ ਪਾਠਕਾਂ ਦੇ ਸਨਮੁੱਖ ਹਾਜ਼ਰ ਹੈ।
ਮੈਂ ਇਸ ਪੁਸਤਕ ਦੇ ਪ੍ਰਕਾਸ਼ਨ ਲਈ ਪ੍ਹੋ. ਰਵਿੰਦਰ ਭੱਠਲ ਨੂੰ ਮੁਬਾਰਕ ਦਿੰਦਾ ਹਾਂ। ਇਹ ਪੁਸਤਕ ਉਨ੍ਹਾਂ ਆਪਣੀ ਧੀ ਇਬਨਾ ਦੀ ਪਲੇਠੀ ਧੀ ਅੰਬਰੀਨ ਗੁਰਾਇਆ ਨੂੰ ਸਮਰਪਿਤ ਕੀਤੀ ਹੈ। ਪਰਸੋਂ ਪਟਿਆਲੇ ਉਸ ਨੂੰ ਹੀ ਪਹਿਲੀ ਕਾਪੀ ਭੇਂਟ ਕੀਤੀ ਗਈ।
ਗੁਰਭਜਨ ਗਿੱਲ