ਬੀਏ ਵਿੱਚ ਪੜ੍ਹਦੀ ਸੁਜਾਤਾ ਨੂੰ ਹਰ ਵੇਲੇ ਮੋਬਾਈਲ ਵਿੱਚ ਖੁੱਭਿਆ ਵੇਖ ਕੇ ਉਹਦੇ ਮੰਮੀ ਉਹਨੂੰ ਟੋਕਦੇ ਰਹਿੰਦੇ, “ਬੇਟਾ, ਹਮੇਸ਼ਾ ਇਹਦੇ ਵਿੱਚ ਨਾ ਵੜੀ ਰਿਹਾ ਕਰ। ਕਦੇ ਕਿਤਾਬਾਂ ਵੀ ਚੁੱਕ ਲਿਆ ਕਰ। ਪ੍ਰੀਖਿਆ ਵਿੱਚ ਤਾਂ ਪੇਪਰ ਹੀ ਦੇਣਾ ਪੈਣੈ। ਓਥੇ ਮੋਬਾਈਲ ਨਹੀਂ ਲੈ ਕੇ ਜਾਣ ਦੇਣਗੇ।” ਏਸ ਟੋਕਾ-ਟੁਕਾਈ ਤੋਂ ਸੁਜਾਤਾ ਨੂੰ ਬੜੀ ਖਿਝ ਆਉਂਦੀ ਤੇ ਉਹ ਝੱਟ ਜਵਾਬ ਦਿੰਦੀ, “ਮੰਮਾ, ਮੈਂ ਸਟੱਡੀ ਹੀ ਕਰ ਰਹੀ ਹਾਂ। ਕਦੇ-ਕਦਾਈਂ ਹੀ ਕਿਸੇ ਪ੍ਰਸ਼ਨ ਦਾ ਜਵਾਬ ਵੇਖਣ ਲਈ ਮੋਬਾਈਲ ਖੋਲ੍ਹਦੀ ਹਾਂ। ਪਰ ਇਹਦਾ ਇਹ ਮਤਲਬ ਨਹੀਂ ਕਿ ਮੈਂ ਗਲਤ-ਮਲਤ ਚੀਜ਼ਾਂ ਇਹਦੇ ਚੋਂ ਵੇਖਦੀ ਹਾਂ।” ਪਰ ਅਸਲੀਅਤ ਇਹੋ ਸੀ ਕਿ ਉਹ ਮੋਬਾਈਲ ਰਾਹੀਂ ਪੜ੍ਹਾਈ ਘੱਟ ਤੇ ਊਲ-ਜਲੂਲ ਚੀਜ਼ਾਂ ਵੱਧ ਵੇਖਦੀ ਸੀ। ਉਹਦੇ ਮੰਮੀ ਉਸ ਤੇ ਵਿਸ਼ਵਾਸ ਕਰਕੇ ਚੁੱਪ ਕਰ ਜਾਂਦੇ।
ਕਈ ਵਾਰ ਤਾਂ ਮੋਬਾਈਲ ਵਿੱਚ ਖੁੱਭੀ ਸੁਜਾਤਾ ਨੂੰ ਆਪਣੇ ਖਾਣ-ਪੀਣ ਦੀ ਵੀ ਸੁੱਧ ਨਾ ਰਹਿੰਦੀ। ਮੰਮੀ ਅਵਾਜ਼ਾਂ ਮਾਰ ਮਾਰ ਕੇ ਥੱਕ ਜਾਂਦੇ, ਖਾਣਾ ਠੰਡਾ ਹੋ ਜਾਂਦਾ ਤਾਂ ਉਹ ਬਜ਼ਾਰੋੰ ਪੀਜ਼ਾ, ਬਰਗਰ ਜਾਂ ਇਹੋ ਜਿਹਾ ਕੋਈ ਫਾਸਟ ਫੂਡ ਦਾ ਆਨਲਾਈਨ ਆਰਡਰ ਕਰਦੀ ਤੇ ਡਿਲੀਵਰੀ ਵਾਲਾ ਘਰੇ ਆ ਕੇ ਦੇ ਜਾਂਦਾ। ਸੁਜਾਤਾ ਅਜਿਹੇ ਸਮੇਂ ਆਪਣੀ ਫੇਸਬੁਕ ਅਤੇ ਇੰਸਟਾਗ੍ਰਾਮ ਤੇ ਇਨ੍ਹਾਂ ਚੀਜ਼ਾਂ ਦੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਤੇ ਉਹਦੇ ਚਾਹੁਣ ਵਾਲੇ ਇਹਨੂੰ ਪਸੰਦ ਕਰਦੇ, ਟਿੱਪਣੀ ਕਰਦੇ ਤਾਂ ਸੁਜਾਤਾ ਨੂੰ ਬੇਅੰਤ ਖੁਸ਼ੀ ਹੁੰਦੀ।
ਇਹ ਆਦਤ ਉਹਨੂੰ ਇੱਕ ਨਸ਼ੇ ਵਾਂਗ ਲੱਗ ਗਈ ਸੀ ਤੇ ਇਹਦਾ ਖਤਮ ਹੋਣਾ ਲੱਗਭੱਗ ਅਸੰਭਵ ਸੀ।
ਇੱਕ ਦਿਨ ਸੁਜਾਤਾ ਦੇ ਪਰਿਵਾਰ ਨੂੰ ਇੱਕ ਵਿਆਹ ਦਾ ਸੱਦਾ ਮਿਲਿਆ, ਜੋ ਕਿਸੇ ਹੋਰ ਸ਼ਹਿਰ ਵਿੱਚ ਸੀ। ਸੁਜਾਤਾ ਨੂੰ ਤਾਂ ਇਹੋ ਜਿਹਾ ਮੌਕਾ ਰੱਬ ਦੇਵੇ! ਉਹਨੇ ਝੱਟ ਆਪਣੇ ਨਾਲ ਜੁੜੇ ਦੋਸਤਾਂ ਨੂੰ ਸੋਸ਼ਲ ਮੀਡੀਆ ਰਾਹੀਂ ਸੂਚਿਤ ਕਰ ਦਿੱਤਾ “ਮੈਂ ਆਪਣੀ ਭੈਣ (ਚਾਚਾ ਜੀ ਦੀ ਬੇਟੀ) ਦੀ ਸ਼ਾਦੀ ਤੇ ਜਾ ਰਹੀ ਹਾਂ। ਅੱਜ ਤੋਂ ਬਾਦ ਦੋ ਦਿਨਾਂ ਤੱਕ ਸਾਰਾ ਪਰਿਵਾਰ 200 ਕਿਮੀ ਦੂਰ ਇੱਕ ਵੱਡੇ ਸ਼ਹਿਰ ਵਿੱਚ ਜਾ ਰਿਹਾ ਹੈ, ਜਿਸ ਕਰਕੇ ਮੈਂ ਹੁਣ ਏਥੋਂ ਕੋਈ ਪੋਸਟ ਨਹੀਂ ਪਾਵਾਂਗੀ ਤੇ ਦੂਜੇ ਸ਼ਹਿਰ ਤੋਂ ਵਿਆਹ ਦੇ ਜਸ਼ਨਾਂ ਨੂੰ ਤੁਹਾਡੇ ਨਾਲ ਸਾਂਝਾ ਕਰਾਂਗੀ…।”
ਸੁਜਾਤਾ ਨੇ ਤਾਂ ਆਪਣੀ ਸ਼ਾਨ ਬਣਾਉਣ ਲਈ ਇਹ ਸਭ ਕੀਤਾ ਸੀ, ਪਰ ਹੋਇਆ ਇਹਦੇ ਉਲਟ। ਉਹਦੇ ਦੋਸਤਾਂ ਦੇ ਨਾਲ ਕੁਝ ਹੋਰ ਗਲਤ ਕਿਸਮ ਦੇ ਅਨਸਰ ਵੀ ਜੁੜੇ ਹੋਏ ਸਨ, ਜਿਨ੍ਹਾਂ ਨੂੰ ਸੁਜਾਤਾ ਦੇ ਪਰਿਵਾਰ ਬਾਰੇ ਇਹ ਜਾਣਕਾਰੀ ਮਿਲ ਗਈ ਕਿ ਇਹ ਲੋਕ ਦੋ ਦਿਨਾਂ ਤੱਕ ਏਥੋਂ ਬਾਹਰ ਗਏ ਹਨ।
ਉਸ ਰਾਤ ਦਾ ਮੌਸਮ ਵੀ ਚੋਰੀ ਲਈ ਚੰਗਾ ਸੀ ਕਿਉਂਕਿ ਬਹੁਤ ਤੇਜ਼ ਬਾਰਿਸ਼ ਹੋ ਰਹੀ ਸੀ ਤੇ ਆਸਪਾਸ ਦੇ ਲੋਕੀਂ ਆਪੋ ਆਪਣੇ ਘਰਾਂ ਵਿੱਚ ਦੁਬਕੇ ਬੈਠੇ ਸਨ। ਚੋਰਾਂ ਨੇ ਘਰ ਚੋਂ ਨਕਦੀ ਤੇ ਸੋਨਾ ਚੁਰਾਇਆ ਤੇ ਰਫ਼ੂ-ਚੱਕਰ ਹੋ ਗਏ। ਸੋਸ਼ਲ ਮੀਡੀਆ ਨੇ ਸੁਜਾਤਾ ਦੀਆਂ ਜਾਣਕਾਰੀਆਂ ਦਾ ਇਹ ਸਿਲਾ ਦਿੱਤਾ, ਜਿਸਦਾ ਪਰਿਵਾਰ ਨੂੰ ਇੰਨਾ ਵੱਡਾ ਖਮਿਆਜਾ ਭੁਗਤਣਾ ਪਿਆ।
~ ਪ੍ਰੋ. ਨਵ ਸੰਗੀਤ ਸਿੰਘ
# 1, ਲਤਾ ਗਰੀਨ ਐਨਕਲੇਵ, ਪਟਿਆਲਾ-147002.
(9417692015)