ਪੁੱਛਦੇ ਨੇ ਕਦੀ
ਕੁਝ ਮੇਲ ਪਰਸਨਜ਼
ਚੱਲੋ ਟਿਮ ਹੋਰਟਨ ਚੱਲਦੇ ਹਾਂ
ਪਹਿਲਾਂ ਗੱਲ-ਬਾਤ ਦਾ
ਸਿਲਸਿਲਾ ਇਸ ਤਰਾਂ ਸ਼ੁਰੂ ਕਰ
ਭਰਮਾਉਣਾ ਚਾਹੁੰਦੇ ਹਨ ਔਰਤਾਂ ਨੂੰ
ਤੁਸੀਂ ਪਹਿਲਾਂ ਕਿੱਥੇ ਰਹਿੰਦੇ ਸੀ
ਕਰਦੇ ਕੀ ਸੀ , ਕਦੀ ਦੇਖਿਆ ਨਹੀਂ
ਪਰ ਹੁਣ ਬਹੁਤ ਛਾਏ ਪਏ ਹੋ
ਸੱਚੀਂ ਬਹੁਤ ਅੱਛੇ ਹੋ ਤੁਸੀਂ
ਚੱਲੋ ਟਿਮ ਹੋਰਟਨ ਚੱਲਦੇ ਹਾਂ
ਬੈਠ ਕੇ ਕਾਫ਼ੀ ਪੀਂਦੇ ਹਾਂ
ਨਹੀਂ ਮੈਂ ਕਾਫ਼ੀ ਨਹੀਂ ਪੀਂਦੀ
ਰਿਸ਼ਤਾ ਖ਼ਤਮ ਬੋਲਚਾਲ ਬੰਦ ।
ਕੋਈ ਹੋਰ ਮਿਲੇਗਾ ਤੇ
ਫਿਰ ਉਸੇ ਲਹਿਜ਼ੇ ਵਿੱਚ
ਗੱਲ-ਬਾਤ ਕਰਨਗੇ ਤੇ ਕਹਿਣਗੇ
ਤੁਸੀਂ ਪੋਇਟਰੀ ਬਹੁਤ ਸੋਹਣੀ ਲਿਖਦੇ ਹੋ
ਸੱਚੇ ਅਹਿਸਾਸ ਲਿਖੇ ਹੁੰਦੇ ਹਨ
ਆਈ ਲਵ ਯੂਅਰ ਪੋਇਟਰੀ
ਚੱਲੋ ਟਿਮ ਹੋਰਟਨ ਚੱਲਦੇ ਹਾਂ
ਬੈਠ ਕੇ ਕਾਫ਼ੀ ਪੀਂਦੇ ਹਾਂ
ਗੱਪ-ਸ਼ੱਪ ਵੀ ਹੋ ਜਾਏਗੀ
ਨਹੀਂ ਮੈਂ ਕਾਫ਼ੀ ਨਹੀਂ ਪੀਂਦੀ
ਰਿਸ਼ਤਾ ਖ਼ਤਮ ਹੁਣ ਪੋਇਟਰੀ
ਵੀ ਚੰਗੀ ਨਹੀਂ ਲੱਗਦੀ
ਕਿਉਂਕਿ ਉਸ ਪਰਸਨ ਦੀ
ਆਫ਼ਰ ਠੁਕਰਾ ਦਿੱਤੀ ਸੀ ਮੈਂ
ਇਹ ਕਹਿ ਕੇ ਕਿ
ਮੈਂ ਕਾਫ਼ੀ ਨਹੀਂ ਪੀਂਦੀ
ਰਿਸ਼ਤਾ ਖ਼ਤਮ ।
ਕੋਈ ਹੋਰ ਕਹਿੰਦਾ
ਜ਼ੂਮ ਤੇ ਤੁਹਾਡੇ ਪ੍ਰੋਗਰਾਮ
ਬਹੁਤ ਵਧੀਆ ਹੁੰਦੇ ਹਨ
ਕਦੀ ਕਿਸੇ ਦੇ ਅੱਜ-ਤੱਕ
ਇਸ ਤਰਾਂ ਦੇ ਪ੍ਰੋਗਰਾਮ ਨਹੀਂ ਦੇਖੇ
ਸੱਚੀਂ ਤੁਸੀਂ ਬਹੁਤ ਚੰਗੇ ਹੋ
ਕਿਵੇਂ ਸੱਭ ਨੂੰ ਜੋੜ ਕੇ ਰੱਖਦੇ ਹੋ
ਚੱਲੋ ਟਿਮ ਹੋਰਟਨ ਚੱਲਦੇ ਹਾਂ
ਬੈਠ ਕੇ ਕਾਫ਼ੀ ਪੀਂਦੇ ਹਾਂ
ਨਹੀਂ ਮੈਂ ਕਾਫ਼ੀ ਨਹੀਂ ਪੀਂਦੀ
ਤੁਹਾਨੂੰ ਪਿਕ ਵੀ ਕਰ ਲਵਾਂਗੇ
ਤੇ ਡਰੋਪ ਵੀ ਕਰ ਦਿਆਂਗੇ
ਮੈਂ ਕਿਹਾ ਨਾ ਕਿ
ਮੈਂ ਕਾਫ਼ੀ ਨਹੀਂ ਪੀਂਦੀ
ਰਿਸ਼ਤਾ ਖ਼ਤਮ ।
ਮੇਲ ਮੈਂਬਰਜ਼ ਦੀ ਆਫ਼ਰ ਹੁੰਦੀ ਸੀ ਇਹ
ਸੋਚਿਆ ਹੋਏਗਾ ਉਹਨਾਂ ਕਿ
ਸ਼ਾਇਦ ਮੂੰਹ ਚੁੱਕ ਕੇ
ਤੁਰ ਪਏਗੀ ਸਾਡੇ ਨਾਲ ਇਹ
ਸਮਝ ਨਹੀਂ ਸਕੀ ਅੱਜ-ਤੱਕ ਕਿ
ਟਿਮ ਹੋਰਟਨ ਵਿੱਚ ਐਸਾ ਕੀ ਹੈ
ਕਾਫ਼ੀ ਪੀਣ ਦੀ ਆਫ਼ਰ ਕਿਉਂ , ਕਿ
ਚੱਲੋ ਕਾਫ਼ੀ ਪੀਂਦੇ ਹਾਂ ।
ਮੈਂ ਪੁੱਛਦੀ ਹਾਂ ਆਪਣੀਆਂ ਦੋਸਤਾਂ ਨੂੰ
ਚੱਲੋ ਟਿਮ ਹੋਰਟਨ ਚੱਲਦੇ ਹਾਂ
ਬੈਠ ਕੇ ਕਾਫ਼ੀ ਪੀਂਦੇ ਹਾਂ
ਕਿਉਂ ਕਹਿੰਦੇ ਨੇ ਇਹ ਮਰਦ ਲੋਕ
ਔਰਤਾਂ ਨੂੰ ਇਸ ਤਰਾਂ
ਚੱਲੋ ਟਿਮ ਹੋਰਟਨ ਚੱਲਦੇ ਹਾਂ
ਬੈਠ ਕੇ ਕਾਫ਼ੀ ਪੀਂਦੇ ਹਾਂ
ਚੱਲੋ ਟਿਮ ਹੋਰਟਨ ਚੱਲਦੇ ਹਾਂ ।

( ਰਮਿੰਦਰ ਰੰਮੀ )