ਮੇਰੇ ਸਾਹਮਣੇ ਪਿਛਲੇ ਇੱਕ ਹਫ਼ਤੇ ਦੇ ਅਖ਼ਬਾਰ ਪਏ ਹਨ। ਮੋਬਾਈਲ ਤੇ ਸਰਕਾਰ ਦੇ ਮੌਸਮ ਵਿਭਾਗ ਵੱਲੋਂ ਕਈ ਦਿਨਾਂ ਤੋਂ ਚਿਤਾਵਨੀ ਆ ਰਹੀ ਹੈ ਕਿ ਫਲਾਂ-ਫਲਾਂ ਜ਼ਿਲਿਆਂ ਵਿੱਚ ਤੇਜ਼ ਬਾਰਿਸ਼, ਬਿਜਲੀ ਡਿੱਗਣ ਦੀਆਂ ਸੰਭਾਵਨਾਵਾਂ ਹਨ, ਸੁਚੇਤ ਰਹੋ, ਐਮਰਜੈਂਸੀ ਵਿੱਚ ਫਲਾਂ ਨੰਬਰ ਤੇ ਸੰਪਰਕ ਕਰੋ…। ਅਖ਼ਬਾਰਾਂ ਦੀਆਂ ਸੁਰਖੀਆਂ ਵੇਖੋ – ਪੰਜਾਬ ਦਹਾਕਿਆਂ ਦੇ ਸਭ ਤੋਂ ਭਿਆਨਕ ਹੜ੍ਹਾਂ ਦੀ ਮਾਰ ਹੇਠ; ਪਟਿਆਲਾ ਜ਼ਿਲ੍ਹੇ ਵਿੱਚ ਪਿੰਡਾਂ ਦੇ ਲੋਕਾਂ ਨੂੰ ਚੌਕਸ ਰਹਿਣ ਨੂੰ ਕਿਹਾ; ਭਾਖੜਾ ਡੈਮ ਦੇ ਫਲੱਡ ਗੇਟ 11ਵੇਂ ਦਿਨ ਵੀ ਖੁੱਲ੍ਹੇ ਰਹੇ; ਓਵਰਫਲੋਅ ਯੂਬੀਡੀਸੀ ਨਹਿਰ ਨੇ ਪਠਾਨਕੋਟ ‘ਚ ਕੀਤੀ ਤਬਾਹੀ; ਹੜ੍ਹ ‘ਚ ਘਿਰੇ ਲੋਕਾਂ ਨੂੰ ਬਚਾਉਣ ਲਈ ਫੌਜ ਨੇ ਮੋਰਚਾ ਸੰਭਾਲਿਆ; ਇੱਕ ਲੱਖ ਏਕੜ ਫਸਲ ਬਰਬਾਦ; ਹੜ੍ਹ ਦੇ ਪਾਣੀ ਵਿੱਚ ਡੁੱਬੀ ਵਾਹਗਾ ਸਰਹੱਦ; ਪੰਜਾਬ ਵਿੱਚ ਹੜ੍ਹਾਂ ਦਾ ਕਹਿਰ- 42 ਮੌਤਾਂ; 739 ਪੱਕੇ ਘਰਾਂ ਨੂੰ ਨੁਕਸਾਨ; ਮਾਧੋਪੁਰ ਹੈੱਡਵਰਕਸ ਦੇ ਤਿੰਨ ਫਲੱਡ ਗੇਟ ਟੁੱਟੇ; ਹੜ੍ਹਾਂ ਦੀ ਸਥਿਤੀ ਹੋਈ ਬੇਕਾਬੂ; ਰਣਜੀਤ ਸਾਗਰ, ਪੌਂਗ ਤੇ ਨੰਗਲ ਡੈਮ ‘ਚ ਪਾਣੀ ਖਤਰੇ ਦੇ ਨਿਸ਼ਾਨ ਨੇੜੇ ਪੁੱਜਾ- ਤਿੰਨੇ ਦਰਿਆ ਆਫ਼ਰੇ; ਪੰਜਾਬ ਵਿੱਚ ਹਰ ਪਾਸੇ ਪਾਣੀ-ਜ਼ਿੰਦਗੀ ਦੀ ਉਲ਼ਝੀ ਤਾਣੀ; ਪੰਜਾਬ ਵਿੱਚ ਇਤਿਹਾਸ ਦਾ ਸਭ ਤੋਂ ਵੱਡਾ ਹੜ੍ਹ …. ਇਤਿਆਦਿ …।
32 ਸਾਲਾਂ ਤੋਂ ਬਾਦ ਮੈਂ ਇੱਕ ਵਾਰ ਫੇਰ ਪਟਿਆਲੇ ਦੀਆਂ ਬਰੂਹਾਂ ਤੇ ਹਾਂ। ਇੰਨੇ ਵਰ੍ਹੇ ਆਪਣੀ ਨੌਕਰੀ ਦੇ ਸਿਲਸਿਲੇ ਵਿੱਚ ਮਾਲਵਾ ਦੇਸ ਨਾਲ ਨਾਤਾ ਰਿਹਾ ਤੇ ਉੱਥੋਂ ਦਾ ਹੀ ਹੋ ਕੇ ਰਹਿ ਗਿਆ ਸਾਂ। ਦੁਬਾਰਾ ਪਟਿਆਲਾ ਵੱਸਣ ਕਰਕੇ ਮੇਰੇ ਜਾਣਕਾਰਾਂ, ਰਿਸ਼ਤੇਦਾਰਾਂ ਦੀਆਂ ਚਿਤਾਵਨੀਆਂ ਆ ਰਹੀਆਂ ਹਨ- ”ਆਪਣਾ ਲੋੜੀਂਦਾ ਸਮਾਨ ਉਤਲੀ ਮੰਜ਼ਿਲ ਤੇ ਰੱਖ ਲਓ… ਹੜ੍ਹਾਂ ਦਾ ਭਾਰੀ ਖਤਰਾ ਹੈ… ।” ਇਨ੍ਹਾਂ ਚਿਤਾਵਨੀ ਦੇਣ ਵਾਲਿਆਂ ਨੂੰ ਪਤਾ ਹੈ ਕਿ 1993 ਦੇ ਹੜ੍ਹਾ਼ਂ ਵਿੱਚ ਮੇਰੇ ਨਾਲ ਕੀ ਵਾਪਰਿਆ ਸੀ ਤੇ ਅੱਜ ਵੀ ਉਹੋ ਜਿਹੇ ਹਾਲਾਤ ਬਣੇ ਹੋਏ ਹਨ।
ਹੜ੍ਹਾਂ ਬਾਰੇ ਸਧਾਰਨ ਲੋਕਾਂ ਨੂੰ ਸਤਹੀ ਕਿਸਮ ਦੀ ਜਾਣਕਾਰੀ ਤਾਂ ਇੰਨੀ ਕੁ ਹੈ ਕਿ ਇਸ ਵਿਚ ਘਿਰਿਆ ਵਿਅਕਤੀ ਕਈ ਵਾਰੀ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾ ਸਕਦਾ ਹੈ ਪਰ ਹੜ੍ਹਾਂ ਨਾਲ ਦੋ-ਚਾਰ ਹੋਣ ਵਾਲਾ ਬੰਦਾ ਹੀ ਇਸਦੀ ਹਕੀਕਤ ਸਮਝਦਾ ਹੈ। 1 ਜੁਲਾਈ 1993 ਵਿਚ ਪਟਿਆਲੇ ਵਿਚ ਆਏ ਹੜ੍ਹਾਂ ਦੌਰਾਨ ਮੇਰਾ ਵਾਹ ਵੀ ਇਸ ਨਾਲ ਪਿਆ। ਇਸ ਸਮੇਂ ਮੈਂ ਮੌਤ ਨੂੰ ਕਾਫੀ ਨੇੜੇ ਹੋ ਕੇ ਵੇਖਿਆ। ਉਦੋਂ ਮੈਂ ਆਪਣੇ ਮਾਪਿਆਂ ਨਾਲ ਪਟਿਆਲੇ ਦੇ ਅਰਬਨ ਅਸਟੇਟ ਵਿਚ ਰਹਿੰਦਾ ਸਾਂ।
ਰਾਤੀਂ ਕਰੀਬ ਢਾਈ-ਤਿੰਨ ਵਜੇ ਕਾਲੋਨੀ ਦੇ ਗੁਰਦੁਆਰੇ ਤੋਂ ਹੜ੍ਹ ਦੀ ਸੂਚਨਾ ਦਿੱਤੀ ਗਈ। ਅਚਾਨਕ ਇਹ ਸੁਣ ਕੇ ਮੇਰੇ ਬਜ਼ੁਰਗ ਮਾਤਾ-ਪਿਤਾ ਘਬਰਾ ਗਏ ਤੇ ਉਨ੍ਹਾਂ ਨੇ ਮੈਨੂੰ ਵੀ ਸੁਚੇਤ ਹੋਣ ਲਈ ਪ੍ਰੇਰਿਆ। ਮਾਤਾ-ਪਿਤਾ ਨੂੰ ਮੈਂ ਇਹ ਕਹਿ ਕੇ ਤਸੱਲੀ ਦੇਣ ਦੀ ਕੋਸ਼ਿਸ਼ ਕੀਤੀ ਕਿ ਮੈਂ ਸਮਾਨ ਸੰਭਾਲਦਾ ਹਾਂ, ਤੁਸੀਂ ਗੁਆਂਢੀਆਂ ਦੇ ਚੁਬਾਰੇ ਤੇ ਚਲੇ ਜਾਓ। ਮੈਂ ਅਗਲੇ ਦਿਨ ਕਿਤੇ ਨੌਕਰੀ ਲਈ ਇੰਟਰਵਿਊ ਤੇ ਜਾਣਾ ਸੀ। ਇਸ ਲਈ ਮੈਂ ਆਪਣੇ ਸਰਟੀਫਿਕੇਟ, ਪੁਸਤਕਾਂ ਤੇ ਹੋਰ ਪ੍ਰਕਾਸ਼ਿਤ ਸਮੱਗਰੀ ਆਪਣੇ ਨੇੜੇ ਰੱਖ ਲਈ ਸੀ। ਮੈਂ ਆਪਣੇ ਮਾਪਿਆਂ ਨੂੰ ਉਨ੍ਹਾਂ ਦੀ ਪ੍ਰੇਸ਼ਾਨੀ ਵੇਖ ਕੇ ਗੁਆਂਢ ਦੇ ਇਕ ਘਰ, ਜਿਨ੍ਹਾਂ ਦੇ ਚੁਬਾਰਾ ਬਣਿਆ ਹੋਇਆ ਸੀ, ਭੇਜ ਦਿੱਤਾ।
ਮੈਂ ਇਹ ਸੋਚ ਕੇ ਘਰ ਹੀ ਰਿਹਾ ਕਿ ਪਾਣੀ ਹੀ ਹੈ, ਆ ਕੇ ਚਲਾ ਜਾਵੇਗਾ, ਨਾਲੇ ਕਿੰਨਾ ਕੁ ਪਾਣੀ ਆਵੇਗਾ! ਸ਼ਾਇਦ ਪਰਮਾਤਮਾ ਨੇ ਮੈਨੂੰ ਪਾਣੀ ਦੀ ਸ਼ਕਤੀ ਤੇ ਸਮਰੱਥਾ ਦਾ ਬੋਧ ਕਰਵਾਉਣਾ ਸੀ। ਪਾਣੀ ਹੌਲੀ-ਹੌਲੀ ਘਰ ਵਿਚ ਦਾਖਲ ਹੋਣਾ ਸ਼ੁਰੂ ਹੋਇਆ। ਮੇਰੇ ਵਿੰਹਦੇ-ਵਿੰਹਦੇ ਪਾਣੀ ਨੇ ਬੈੱਡ, ਸੋਫਾ, ਟੀਵੀ, ਮੇਜ਼, ਫਰਿੱਜ ਆਦਿ ਵੱਡੀਆਂ ਤੇ ਭਾਰੀ ਚੀਜ਼ਾਂ ਨੂੰ ਮੂਧੇ ਮੂੰਹ ਉਲਟਾ ਦਿੱਤਾ। ਮੈਂ ਉਨ੍ਹਾਂ ਚੀਜ਼ਾਂ ਨੂੰ ਵਾਰ-ਵਾਰ ਸੰਭਾਲਦਾ, ਸੈੱਟ ਕਰਦਾ, ਪਰ ਪਾਣੀ ਸਾਹਮਣੇ ਮੇਰੀ ਕੋਈ ਪੇਸ਼ ਨਹੀਂ ਸੀ ਜਾ ਰਹੀ।
ਹਾਰ ਕੇ ਮੈਂ ਚੀਜ਼ਾਂ ਨੂੰ ਸੰਭਾਲਣਾ ਛੱਡ ਕੇ ਆਪਣੇ-ਆਪ ਨੂੰ ਬਚਾਉਣ ਦਾ ਆਹਰ ਕਰਨ ਲੱਗਾ। ਮੈਂ ਇਕ ਮੇਜ਼ ‘ਤੇ ਸਟੂਲ ਰੱਖਿਆ ਅਤੇ ਉਹਦੇ ‘ਤੇ ਖੜੋ ਕੇ ਛੱਤ ਵਾਲੇ ਪੱਖੇ ਨੂੰ ਹੱਥ ਪਾ ਲਿਆ ਕਿ ਪਾਣੀ ਇਥੋਂ ਤੱਕ ਤਾਂ ਪਹੁੰਚ ਨਹੀਂ ਸਕੇਗਾ। ਮੈਂ ਅਜੇ ਪੂਰੀ ਤਰ੍ਹਾਂ ਪੱਖੇ ਨੂੰ ਹੱਥ ਪਾ ਕੇ ਸੰਭਲਿਆ ਵੀ ਨਹੀਂ ਸਾਂ ਕਿ ਪਾਣੀ ਨੇ ਜ਼ੋਰ ਵਿਖਾਇਆ। ਮੇਰੇ ਹੇਠੋਂ ਸਟੂਲ ਅਤੇ ਮੇਜ਼ ਨਿਕਲ ਕੇ ਪਾਣੀ ਵਿਚ ਜਾ ਡਿੱਗੇ ਅਤੇ ਮੈਂ ਪੱਖੇ ਨਾਲ ਲਟਕ ਗਿਆ। ਮੇਰਾ ਕਮਰ ਤੋਂ ਹੇਠਲਾ ਸਰੀਰ ਪਾਣੀ ਵਿਚ ਸੀ ਅਤੇ ਜੁਲਾਈ ਦੇ ਗਰਮ ਮਹੀਨੇ ਵਿਚ ਪਾਣੀ ਇੰਨਾ ਠੰਡਾ ਸੀ ਕਿ ਬੰਦਾ ਯਖ਼ ਹੋ ਜਾਏ। ਇੰਨਾ ਸ਼ੁਕਰ ਸੀ ਕਿ ਬਿਜਲੀ ਵਿਭਾਗ ਵਲੋਂ ਬਿਜਲੀ ਬੰਦ ਕਰ ਦਿੱਤੀ ਗਈ ਸੀ, ਨਹੀਂ ਤਾਂ ਕੰਧਾਂ ਵਿਚ ਕਰੰਟ ਆਉਣ ਦਾ ਪੂਰਾ ਖਤਰਾ ਸੀ।
ਮੇਰੇ ਬਜ਼ੁਰਗ ਮਾਪਿਆਂ ਨੂੰ ਮੇਰੇ ਅਜੇ ਤੱਕ ਬਾਹਰ ਨਾ ਆਉਣ ਦੀ ਚਿੰਤਾ ਸੀ। ਉਨ੍ਹਾਂ ਨੇ ਦੋ ਤੈਰਨ ਵਾਲੇ ਮੁੰਡਿਆਂ ਨੂੰ ਆਪਣੀ ਚਿੰਤਾ ਦੱਸੀ, ਜਿਸ ਕਰਕੇ ਦੋਵੇਂ ਮੁੰਡੇ ਛੱਤਾਂ ਰਾਹੀਂ ਸਾਡੇ ਘਰ ਦੀ ਛੱਤ ਤੋਂ ਹੀ ਮੈਨੂੰ ਆਵਾਜ਼ਾਂ ਮਰਨ ਲੱਗੇ। ਮੈਂ ਉਨ੍ਹਾਂ ਨੂੰ ਅੰਦਰੋਂ ਹੀ ਉਚੀ ਆਵਾਜ਼ ਵਿਚ ਕਹਿ ਕੇ ਸੁਣਾਇਆ ਕਿ ਮੈਂ ਪੱਖੇ ਨੂੰ ਫੜੀ ਲਟਕ ਰਿਹਾ ਹਾਂ। ਉਨ੍ਹਾਂ ਨੇ ਕਿਹਾ ਕਿ ਹੇਠਾਂ ਪਾਣੀ ਵਿਚ ਛਾਲ ਮਾਰ ਕੇ ਬਾਹਰ ਵਿਹੜੇ ਵਿਚ ਆ ਜਾਓ, ਜਿਥੋਂ ਉਹ ਮੈਨੂੰ ਕੋਠੇ ‘ਤੇ ਲਿਜਾ ਸਕਣਗੇ, ਪਰ ਮੈਂ ਅਜਿਹਾ ਕਰਨ ਤੋਂ ਅਸਮਰੱਥਤਾ ਪ੍ਰਗਟ ਕੀਤੀ।
ਖੈਰ, ਉਨ੍ਹਾਂ ਨੇ ਜਿਵੇਂ-ਕਿਵੇਂ ਕੋਠੇ ਤੋਂ ਹੀ ਹੇਠਾਂ ਪਾਣੀ
ਛਾਲਾਂ ਮਾਰੀਆਂ ਤੇ ਤੈਰਦੇ ਹੋਏ ਉਸ ਕਮਰੇ ਵਿਚ ਆ ਗਏ, ਜਿਥੇ ਮੈਂ ਲਟਕਿਆ ਹੋਇਆ ਸਾਂ। ਉਨ੍ਹਾਂ ਨੇ ਮੈਨੂੰ ਹੱਥ ਛੱਡਣ ਲਈ ਕਿਹਾ ਤਾਂ ਮੈਂ ਡਰਦੇ-ਡਰਦੇ ਪਾਣੀ ਵਿਚ ਛਾਲ ਮਾਰੀ। ਉਨ੍ਹਾਂ ਮੁੰਡਿਆਂ ਦੀ ਮਦਦ ਨਾਲ ਮੈਂ ਵੀ ਕੋਠੇ ‘ਤੇ ਚੜ੍ਹ ਗਿਆ ਅਤੇ ਮੌਤ ਤੋਂ ਮੁਕਤੀ ਪ੍ਰਾਪਤ ਕੀਤੀ। ਅਗਲੇ ਤਿੰਨ-ਚਾਰ ਦਿਨਾਂ ਤੱਕ ਹੜ੍ਹ ਦਾ ਪਾਣੀ ਕਾਲੋਨੀ ਦੇ ਘਰਾਂ ਵਿਚ ਉਵੇਂ ਹੀ ਘਰ ਬਣਾਈ ਬੈਠਾ ਰਿਹਾ।
ਅਸੀਂ ਕਾਫੀ ਪਰਿਵਾਰ ਤਿੰਨੇ ਦਿਨ ਇਕੋ ਚੁਬਾਰੇ ਵਿਚ ਤਰਸਯੋਗ ਹਾਲਤ ਵਿਚ ਰਹੇ। ਔਰਤਾਂ ਤਾਂ ਮਾੜਾ-ਮੋਟਾ ਆਰਾਮ ਕਰ ਲੈਂਦੀਆਂ ਪਰ ਮਰਦ ਤੇ ਬੱਚੇ ਛੱਤਾਂ ‘ਤੇ ਘੁੰਮਦੇ ਰਹਿੰਦੇ। ਪਾਣੀ ਦੇ ਘਟਣ ਪਿਛੋਂ ਆਸਪਾਸ ਦੇ ਪਿੰਡਾਂ ਤੋਂ ਲੋਕੀਂ ਭੋਜਨ, ਦੁੱਧ ਤੇ ਖਾਣ-ਪੀਣ ਦੀਆਂ ਹੋਰ ਚੀਜ਼ਾਂ ਰੇੜ੍ਹਿਆਂ ਤੇ ਲੈ ਕੇ ਆਉਂਦੇ ਰਹੇ ਤੇ ਉਪਰ ਬੈਠੇ ਬੇਸਹਾਰਾ ਲੋਕਾਂ ਨੂੰ ਦਿੰਦੇ ਰਹੇ। ਫਿਰ ਇਕ ਦਿਨ ਸਰਕਾਰੀ ਹੈਲੀਕਾਪਟਰ ਵੀ ਆਇਆ। ਜਿਸ ਵੱਲੋਂ ਬਹੁਤ ਸਾਰੇ ਖਾਣੇ ਦੇ ਪੈਕੇਟ ਤੇ ਦਵਾਈਆਂ ਹੇਠਾਂ ਸੁੱਟੀਆਂ ਗਈਆਂ।
ਵਧੇਰੇ ਚੀਜ਼ਾਂ ਤਾਂ ਪਾਣੀ ਵਿਚ ਹੀ ਡਿੱਗ ਗਈਆਂ, ਕੁਝ ਕੁ ਹੀ ਹੜ੍ਹ-ਪੀੜਤ ਲੋਕਾਂ ਦੇ ਹੱਥ ਲੱਗੀਆਂ। ਹੈਲੀਕਾਪਟਰ ਦਾ ਹੋਰ ਨੁਕਸਾਨ ਇਹ ਹੋਇਆ ਕਿ ਇਸਦੇ ਤੇਜ਼ ਚੱਲਣ ਵਾਲੇ ਖੰਭਾਂ ਨਾਲ ਬਹੁਤ ਸਾਰੀਆਂ ਸੁੱਕੀਆਂ ਹੋਈਆਂ ਚੀਜ਼ਾਂ, ਜਿਨ੍ਹਾਂ ਵਿਚ ਰਜ਼ਾਈਆਂ ਵਗੈਰਾ ਵੀ ਸਨ, ਫਿਰ ਤੋਂ ਹੇਠਾਂ ਪਾਣੀ ਵਿਚ ਡਿੱਗ ਪਈਆਂ।
ਇਸ ਹੜ੍ਹ ਵਿਚ ਮੇਰੀਆਂ ਕਰੀਬ ਲੱਖ ਡੇਢ ਲੱਖ (ਉਸ ਸਮੇਂ ਦੀ ਰਕਮ) ਮੁੱਲ ਦੀਆਂ ਬਹਮੁੱਲੀਆਂ ਪੁਸਤਕਾਂ ਪਾਣੀ ਦੀ ਭੇਟ ਚੜ੍ਹ ਗਈਆਂ। ਅੱਜ ਵੀ ਜਦੋਂ ਕਿਧਰੇ ਹੜ੍ਹਾਂ ਦੀ ਖਬਰ ਸੁਣਦਾ ਹਾਂ ਤਾਂ ਮੈਨੂੰ ਆਪਣੇ ਨਾਲ ਵਾਪਰੇ ਘਟਨਾਕ੍ਰਮ ਦਾ ਚੇਤਾ ਆ ਜਾਂਦਾ ਹੈ। ਇਸ ਘਟਨਾ ਤੋਂ ਕਰੀਬ ਛੇ ਸਾਲ ਬਾਅਦ ਮੈਂ ਗ੍ਰਹਿਸਥੀ ਧਾਰਨ ਕੀਤੀ ਅਤੇ ਆਪਣੀ ਸੁਪਤਨੀ ਨੂੰ ਹੜ੍ਹਾਂ ਦੀ ਇਹ ਦੁਖਦਾਈ ਹੱਡਬੀਤੀ ਸੁਣਾਈ ਤਾਂ ਪਤਨੀ ਨੇ ਹੱਥ ਜੋੜ ਕੇ ਪਰਮਾਤਮਾ ਦਾ ਸ਼ੁਕਰ ਕਰਦਿਆਂ ਕਿਹਾ “ਤੁਸੀਂ ਜੁ ਮੇਰੇ ਲੜ ਲਗਣਾ ਸੀ, ਇਸੇ ਲਈ ‘ਉਸਨੇ’ ਤੁਹਾਨੂੰ ਬਚਾ ਲਿਆ।”
~ ਪ੍ਰੋ. ਨਵ ਸੰਗੀਤ ਸਿੰਘ
# 1, ਲਤਾ ਗਰੀਨ ਐਨਕਲੇਵ, ਪਟਿਆਲਾ-147002.
(9417692015)