ਰੋਜ਼ਾਨਾ ਕਸਰਤ ਦਿਲ ਦੀ ਚੰਗੀ ਸਿਹਤ ਦੀ ਸੁਰੱਖਿਆ ਲਈ ਜਾਣੀ ਜਾਂਦੀ ਹੈ ਪਰ ਜਿਮਾਂ ਵਿੱਚ ਕਸਰਤ ਦੌਰਾਨ ਹੋ ਰਹੀਆਂ ਮੌਤਾਂ ਬਾਰੇ ਹਾਲੀਆ ਸਿਰਲੇਖਾਂ ਅਤੇ ਖਬਰਾਂ ਨੇ ਸਮੁੱਚੇ ਵਿਸ਼ਵ ਦਾ ਧਿਆਨ ਇਸ ਵੱਲ ਖਿੱਚਿਆ ਹੈ। ਵਿਸ਼ਵ ਭਰ ਵਿੱਚ ਦਿਲ ਦੀਆਂ ਬਿਮਾਰੀਆਂ ਹਰ ਸਾਲ ਲਗਭਗ 1.9 ਮਿਲੀਅਨ ਮੌਤਾਂ ਦਾ ਕਾਰਨ ਬਣਦੀਆਂ ਹਨ, ਜਿਸ ਵਿੱਚ 85% ਦਿਲ ਦੇ ਦੌਰੇ ਅਤੇ ਸਟ੍ਰੋਕ ਨਾਲ ਹੋਣ ਵਾਲੀਆਂ ਮੌਤਾਂ ਸ਼ਾਮਲ ਹਨ। ਹਾਲੀਆ ਸਾਲਾਂ ਵਿੱਚ ਜਿਮਾਂ ਨਾਲ ਸੰਬੰਧਤ ਦਿਲ ਦੇ ਦੌਰਿਆਂ ਦੇ ਮਾਮਲਿਆਂ ਵਿੱਚ ਵਾਧਾ ਦੇਖਿਆ ਗਿਆ ਹੈ । ਖਾਸ ਕਰਕੇ ਨੌਜਵਾਨਾਂ ਅਤੇ ਸਿਹਤਮੰਦ ਵਿਅਕਤੀਆਂ ਦੀ ਮੌਤਾਂ ਨੇ ਵਰਜ਼ਿਸ਼ ਦੀ ਸੁਰੱਖਿਆ ਬਾਰੇ ਸਵਾਲ ਉਠਾਏ ਹਨ।
ਘਟਨਾ ਅਤੇ ਆਬਾਦੀ
ਵਰਜ਼ਿਸ਼ ਦੌਰਾਨ ਅਚਾਨਕ ਦਿਲ ਦੀ ਮੌਤ (Sudden Cardiac Death – SCD) ਬਹੁਤ ਹੀ ਘੱਟ ਹੁੰਦੀ ਹੈ। ਮਰਦ ਖਾਸ ਕਰਕੇ ਉਹ ਜੋ ਨਿਯਮਿਤ ਵਰਜ਼ਿਸ਼ ਨਹੀਂ ਕਰਦੇ ਹਨ ਸਭ ਤੋਂ ਵੱਧ ਖਤਰੇ ਵਿੱਚ ਹੁੰਦੇ ਹਨ, ਜਦੋਂ ਕਿ ਨਿਯਮਿਤ ਵਰਜ਼ਿਸ਼ ਕਰਨ ਵਾਲੇ ਅਤੇ ਔਰਤਾਂ ਵਿੱਚ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਕਾਫੀ ਘੱਟ ਹੁੰਦਾ ਹੈ। ਬੁੱਢੇ ਲੋਕਾਂ ਵਿੱਚ ਸਿਰਫ 1.9% ਲੋਕ ਅਚਾਨਕ ਵਰਜ਼ਿਸ਼ ਦੇ ਦੌਰਾਨ ਜਾਂ ਬਾਅਦ ਵਿੱਚ ਦਿਲ ਦੇ ਦੌਰੇ ਕਾਰਨ ਮੌਤ ਦੀ ਸੰਭਾਵਨਾ ਰੱਖਦੇ ਹਨ, ਜਿਸ ਵਿੱਚ ਜ਼ਿਆਦਾਤਰ ਮਾਮਲੇ ਮਰਦਾਂ ਦੇ ਹੁੰਦੇ ਹਨ। ਨੌਜਵਾਨ ਖਿਡਾਰੀਆਂ ਵਿੱਚ ਇਸ ਖ਼ਤਰੇ ਤੋਂ ਮੌਤ ਦਾ ਬਹੁਤ ਘੱਟ ਪ੍ਰਤੀਸ਼ਤ ਔਸਤ ਦਾ ਅੰਦਾਜ਼ਾ ਲਗਾਇਆ ਗਿਆ ਹੈ, ਜਿਸ ਵਿੱਚ ਮਰਦਾਂ ਵਿੱਚ ਵੱਧ ਦਰ ਦਰਜ ਕੀਤੀ ਗਈ ਹੈ।
ਕਾਰਨ ਅਤੇ ਖਤਰੇ ਦੇ ਕਾਰਕ:
- ਵੱਧ ਉਤਸ਼ਾਹਜਨਕ ਤੇਜ਼ ਵਰਜ਼ਿਸ਼ ,ਖਾਸ ਕਰਕੇ ਪਹਿਲਾਂ ਸਰੀਰਕ ਤੌਰ ਤੇ ਨਿਸ਼ਕ੍ਰਿਆ ਰਹਿਣ ਵਾਲੇ ਲੋਕਾਂ ਲਈ, ਦਿਲ ਨੂੰ ਥੱਕਾ ਦੇ ਸਕਦੀ ਹੈ, ਜਿਸ ਨਾਲ ਦਿਲ ਦਾ ਦੌਰਾ ਪੈਦਾ ਹੋ ਸਕਦਾ ਹੈ ਕਿਉਂਕਿ ਵਰਜਿਸ਼ ਦੌਰਾਨ ਆਕਸੀਜ਼ਨ ਦੀ ਮੰਗ ਅਤੇ ਖੂਨ ਦਾ ਦਬਾਅ ਵੱਧਦਾ ਹੈ।
- ਅਣਪਛਾਤੀਆਂ ਦਿਲ ਦੀ ਬਿਮਾਰੀਆਂ: ਬਹੁਤ ਸਾਰੇ ਜਿਮ ਜਾਣ ਵਾਲੇ ਲੋਕ ਅੰਦਰੂਨੀ ਹਾਲਤਾਂ ਜਿਵੇਂ ਕਿ ਖੂਨ ਦੇ ਉੱਚ ਦਬਾਅ, ਚਿੰਤਾ, ਬੇਚੈਨੀ ਅਤੇ ਹਾਈਪਰਟੈਂਸ਼ਨ ਜਾਂ ਜਨਮ ਤੋਂ ਹੀ ਹੋਣ ਵਾਲੀਆਂ ਦਿਲ ਦੀਆਂ ਖਾਮੀਆਂ ਤੋਂ ਅਗਾਹ ਨਹੀਂ ਹੁੰਦੇ, ਜੋ ਕਿ ਤੇਜ਼ ਵਰਜ਼ਿਸ਼ ਦੁਆਰਾ ਸਾਹਮਣੇ ਆ ਸਕਦੀਆਂ ਹਨ।
- ਬਲੱਡ ਪ੍ਰੈਸ਼ਰ ਦਾ ਵੱਧਣਾ: ਤੇਜ਼ ਵਰਜ਼ਿਸ਼ ਨਾਲ ਖੂਨ ਦੇ ਦਬਾਅ ਵਿੱਚ ਖਤਰਨਾਕ ਵਾਧੇ ਹੋ ਸਕਦੇ ਹਨ, ਜੋ ਧਮਨੀਆਂ ਦੇ ਪਲਾਕਾਂ ਨੂੰ ਅਸਥਿਰ ਕਰ ਸਕਦੇ ਹਨ ਅਤੇ ਦਿਲ ਦੇ ਦੌਰੇ ਦਾ ਖ਼ਤਰਾ ਵਧਾ ਸਕਦੇ ਹਨ।
- ਜੀਵਨ ਸ਼ੈਲੀ ਅਤੇ ਜੀਨ: ਸਿਗਰਟਨੋਸ਼ੀ, ਸ਼ੂਗਰ ਅਤੇ ਦਿਲ ਦੀਆਂ ਬਿਮਾਰੀਆਂ ਦੇ ਪਰਿਵਾਰਕ ਇਤਿਹਾਸ ਮੌਤ ਦੇ ਖਤਰਿਆਂ ਨੂੰ ਹੋਰ ਵੀ ਵਧਾਉਂਦੇ ਹਨ।
ਚਰਚਾ
ਹਾਲਾਂਕਿ ਵਰਜਿਸ਼ ਦੌਰਾਨ ਮੌਤ ਦੀਆਂ ਘਟਨਾਵਾਂ ਦੀ ਦਰ ਥੋੜੀ ਹੈ। ਪ੍ਰੰਤੂ ਜਿਮ ਵਿੱਚ ਵਰਜਿਸ਼ ਦੌਰਾਨ ਮੌਤ ਦੇ ਕੇਸਾਂ ਦਾ ਇਕੱਠਾ ਹੋਣਾ ਜਿਸ ਵਿੱਚ ਅਕਸਰ ਨੌਜਵਾਨ ਜੋ ਉੱਚ-ਤੀਬਰਤਾ ਵਾਲੀਆਂ ਵਰਜ਼ਿਸ਼ ਕਰਦੇ ਸਨ ਕਸਰਤ ਦੇ ਸਹੀ ਢੰਗ ਦੀ ਜਾਗਰੂਕਤਾ ਅਤੇ ਦਿਲ ਦੀ ਸਕਰੀਨਿੰਗ ਦੀ ਲੋੜ ਨੂੰ ਉਜਾਗਰ ਕਰਦਾ ਹੈ। ਸਭ ਤੋਂ ਵੱਧ ਮੌਤਾਂ ਉਹਨਾਂ ਵਿੱਚ ਹੁੰਦੀਆਂ ਹਨ ਜਿਨ੍ਹਾਂ ਦੇ ਦਿਲ ਦੇ ਸਮੱਸਿਆਵਾਂ ਦੀ ਪਛਾਣ ਨਹੀਂ ਹੋਈ ਅਤੇ ਖ਼ਤਰਾ ਸਭ ਤੋਂ ਵੱਧ ਉਹਨਾਂ ਵਿੱਚ ਹੁੰਦਾ ਹੈ ਜੋ ਬਹੁਤ ਘੱਟ ਸਰੀਰਕ ਮਿਹਨਤ ਕਰਦੇ ਹਨ ਅਤੇ ਅਚਾਨਕ ਤੇਜ਼ ਗਤੀ ਵਾਲੀ ਵਰਜ਼ਿਸ਼ ਸ਼ੁਰੂ ਕਰ ਦਿੰਦੇ ਹਨ।
ਬਚਾਅ:
- ਕਸਰਤ ਵਿੱਚ ਹੌਲੀ ਹੌਲੀ ਵਾਧੇ: ਵਰਜ਼ਿਸ਼ ਦੀ ਤੀਬਰਤਾ ਵਿੱਚ ਅਚਾਨਕ ਵਾਧੇ ਤੋਂ ਬਚਾਅ ਮੌਤ ਦੀ ਦਰ ਨੂੰ ਘਟਾ ਸਕਦਾ ਹੈ।
- ਸਕਰੀਨਿੰਗ: ਪ੍ਰੀ-ਐਕਸਰਸਾਈਜ਼ ਸਿਹਤ ਜਾਂਚਾਂ ਜਿਸ ਵਿੱਚ ਉੱਚ-ਖਤਰੇ ਵਾਲੇ ਵਿਅਕਤੀਆਂ ਲਈ ਦਿਲ ਨਾਲ ਸੰਬੰਧਿਤ ਵਿਸਥਾਰਿਤ ਟੈਸਟ ਅਤੇ ਈ ਸੀ ਜੀ ,ਸਕੈਨ ਸ਼ਾਮਲ ਹਨ, ਕਈ ਖ਼ਤਰਨਾਕ ਹਾਲਤਾਂ ਦੀ ਪਛਾਣ ਕਰਵਾ ਸਕਦੇ ਹਨ।
- ਨਿਗਰਾਨੀ: ਛਾਤੀ ਦੇ ਦਰਦ, ਚੱਕਰ ਆਉਣਾ ਜਾਂ ਅਸਧਾਰਣ ਤੌਰ ਤੇ ਸਾਹ ਲੈਣ ਵਿੱਚ ਔਖ ਦੇ ਲੱਛਣਾਂ ‘ਤੇ ਧਿਆਨ ਦੇਣਾ ਅਤੇ ਨਿਯਮਿਤ ਤੌਰ ‘ਤੇ ਬਲੱਡ ਪ੍ਰੈਸ਼ਰ ਦੀ ਜਾਂਚ ਵੀ ਇਸ ਖ਼ਤਰੇ ਨੂੰ ਨਾਲ ਸਕਦੀ ਹੈ।
- ਸਿੱਖਿਆ: ਜਿਮ ਦਾ ਸਟਾਫ਼ ਦਿਲ ਦੀ ਐਮਰਜੈਂਸੀ ਨੂੰ ਪਛਾਣਨ ਅਤੇ ਇਸ ‘ਤੇ ਕਾਰਵਾਈ ਕਰਨ ਲਈ ਸਿੱਖਿਅਤ ਹੋਣਾ ਚਾਹੀਦਾ ਹੈ।
ਵਰਜ਼ਿਸ਼ ਦਿਲ ਦੀ ਸਿਹਤ ਲਈ ਬਹੁਤ ਹੀ ਲਾਭਦਾਇਕ ਰਹਿੰਦੀ ਹੈ। ਹਾਲਾਂਕਿ ਵਿਅਕਤੀਗਤ ਖਤਰੇ ਦੇ ਕਾਰਕਾਂ ਅਤੇ ਸੁਰੱਖਿਅਤ ਵਰਜ਼ਿਸ਼ ਅਭਿਆਸਾਂ ਦੀ ਜਾਗਰੂਕਤਾ ਮਹੱਤਵਪੂਰਨ ਹੈ ਖਾਸ ਕਰਕੇ ਨਵੇਂ ਸਿਖਿਆਰਥੀ ਲਈ ਦੋ ਉੱਚ-ਤੀਬਰਤਾ ਵਾਲੀਆਂ ਵਰਜਿਸ਼ ਨੂੰ ਪ੍ਰਮਾਣਿਕਤਾ ਦਿੰਦੇ ਹਨ। ਕਸਰਤ ਦੇ ਸਹੀ ਢੰਗ ਅਤੇ ਸਾਵਧਾਨੀਆਂ ਨਾਲ ਵਰਜ਼ਿਸ਼ ਦੌਰਾਨ ਦਿਲ ਦੇ ਦੌਰੇ ਤੋਂ ਮੌਤ ਦੇ ਖ਼ਤਰੇ ਨੂੰ ਘਟਾਇਆ ਜਾ ਸਕਦਾ ਹੈ।
ਸੁਰਿੰਦਰਪਾਲ ਸਿੰਘ
ਵਿਗਿਆਨ ਅਧਿਆਪਕ
ਸ੍ਰੀ ਅੰਮ੍ਰਿਤਸਰ ਸਾਹਿਬ
ਪੰਜਾਬ।