ਬੜਾ ਔਖਾ ਹੁੰਦਾ
ਵਿਸ਼ਵਾਸ਼ ਤੇ ਹੌਸਲੇ ਦੀ ਬਾਂਹ ਫੜ
ਰੇਤ ਦੇ ਟਿੱਬਿਆਂ ਤੇ ਮੁੜ
ਜ਼ਿੰਦਗੀ ਦੀ ਇਬਾਰਤ ਲਿਖਣਾ।
ਬੜਾ ਔਖਾ ਹੁੰਦਾ
ਦਰਿਆਵਾਂ ਦੀਆਂ ਲਹਿਰਾਂ ਦੇ
ਨਾਦ ਦੀ ਗੱਲ ਕਰਨਾ
ਉਹ ਵੀ ਉਦੋਂ
ਜਦੋਂ ਚੜ੍ਹੇ ਹੋਣ ਦਰਿਆ
ਬਿਫਰੇ ਹੋਣ ਪਾਣੀ।
ਬੜਾ ਔਖਾ ਹੁੰਦਾ
ਤੁਰਨ ਲੱਗਿਆਂ
ਭਰੇ-ਭਰਾਏ ਘਰ ਨੂੰ
ਡੁਬਦੇ ਦੇਖਣਾ
ਆਪਣੇ ਆਲ੍ਹਣੇ ਨੂੰ
ਰੁੜ੍ਹਦੇ ਦੇਖਣਾ।
ਬੜਾ ਔਖਾ ਹੁੰਦਾ
ਨਿੱਕੀ ਦੀ ਦਾਜ-ਵਰੀ
ਮਾਂ ਦੇ ਸੁਪਨੇ ਤੇ
ਬਾਪੂ ਦੀ ਜੀਵਨ ਭਰ ਦੀ
ਖੂਨ-ਪਸੀਨੇ ਦੀ ਕਮਾਈ ਨੂੰ
ਪਲਾਂ ‘ਚ
ਖੁਰਦੇ ਦੇਖਣਾ।
ਬੜਾ ਔਖਾ ਹੁੰਦਾ
ਸਾਬਤ ਕਦਮੀਂ ਰਹਿ
ਭਰਾਵਾਂ ਦੇ ਮੁਰਝਾਏ ਚਿਹਰੇ
ਭੈਣ ਦੀਆਂ ਅੱਖਾਂ ਦੇ ਹੰਝੂ
ਤੇ ਮਾਂ ਦੇ ਸਬਰ ਨੂੰ
ਡੋਲਦੇ ਦੇਖਣਾ।
ਬੜਾ ਔਖਾ ਹੁੰਦਾ
ਦੁੱਖ-ਸੁੱਖ ਦੇ ਭਾਈਵਾਲ
ਖੁਰਲੀਆਂ ਤੇ ਖੜ੍ਹੇ
ਬੇਜ਼ੁਬਾਨਿਆਂ ਦਾ ਫੜ ਸੰਗਲ਼
ਬਿਫਰੇ ਪਾਣੀਆਂ ‘ਚ ਵੀ
ਕਿਨਾਰੇ ਲਈ ਜੱਦੋਜਹਿਦ ਕਰਨਾ।
ਬੜਾ ਔਖਾ ਹੁੰਦਾ
ਗੁਜਰੀ ਸੁਨਾਮੀਂ ਮਗਰੋਂ
ਹਰ ਤਰਫ ਪੱਸਰੀ ਰੇਤ ‘ਚੋਂ
ਖੇਤਾਂ ਨੂੰ ਲੱਭਣਾ
ਘਰਾਂ ਨੂੰ ਤਲਾਸ਼ਣਾ।
ਬੜਾ ਔਖਾ ਹੁੰਦਾ
ਜ਼ਿੰਦਗੀ ‘ਚ ਭਰੋਸਾ ਬਣਾਈ
ਰੇਤ ਦੇ ਪਸਾਰ ਤੇ ਮੁੜ
ਜਿਉਣ ਦੀ ਇਬਾਰਤ
ਲਿਖਣਾ ‘ਚ ਜੁਟ ਜਾਣਾ।

ਜਗਤਾਰ ਸਿੰਘ ਹਿੱਸੋਵਾਲ
132,ਸਿੰਗਲਾ ਇਨਕਲੇਵ
ਰਾਏਕੋਟ ਰੋਡ , ਮੁੱਲਾਂਪੁਰ
ਜ਼ਿਲ੍ਹਾ ਲੁਧਿਆਣਾ