ਹਜ਼ਾਰਾਂ ਮੀਲ ਦੂਰੀ ਤਕ ਹੈ ਏਦਾਂ ਵਰ੍ਹ ਗਿਆ ਪਾਣੀ।
ਮੈਂ ਕੀ ਦੱਸਾਂ ਕੀ ਨਾ ਦੱਸਾਂ ਤੇ ਕੀ-ਕੀ ਕਰ ਗਿਆ ਪਾਣੀ।
ਸਮਰਪਣ ਪਿਆਰ ਸੇਵਾ ਭਾਵ ਤੇ ਸਤਿਕਾਰ ਏਦਾਂ ਸੀ,
ਮਨੁਖ ਦੇ ਸਬਰ ਤੇ ਸੰਤੋਖ ਕੋਲੋਂ ਡਰ ਗਿਆ ਪਾਣੀ।
ਜਦੋਂ ਕੁਦਰਤ ਨੇ ਅਪਣਾ ਰੂਪ ਦੱਸਿਆ ਕਹਿਰ ਦੇ ਅੰਦਰ,
ਉਮੀਦਾਂ ਦੀ ਬੁਲੰਦੀ ਤੋਂ ਵੀਂ ਉਪਰ ਭਰ ਗਿਆ ਪਾਣੀ।
ਬੜੇ ਹੀ ਜੋਸ਼ ਵਿਚ ਆ ਕੇ ਫ਼ਨਾ ਘਰ-ਬਾਰ ਕਰ ਦਿੱਤੇ,
ਤੇ ਅਪਣੀ ਆਈ ਉਤੇ ਆ ਕੇ ਆਪੇ ਮਰ ਗਿਆ ਪਾਣੀ।
ਸਿਖਾਵੇ ਸਬਕ ਹੱਦਾਂ ਬੰਨਿਆਂ ਦੀ ਰਾਹਨੁਮਾਈ ਨੂੰ,
ਇਧਰ ਵੀ ਭਰ ਗਿਆ ਪਾਣੀ ਉਧਰ ਵੀ ਭਰ ਗਿਆ ਪਾਣੀ।
ਕਿਸੇ ਦੇ ਰਿਸਤਿਆਂ ਅੰਦਰ ਕਦੀ ਵੀ ਦਖ਼ਲ ਨਾ ਦੇਵੋ,
ਜਨੂੰ ਦੀ ਚਰਮ ਸੀਮਾਂ ਤੋਂ ਵੀਂ ਉਪਰ ਤਰ ਗਿਆ ਪਾਣੀ।
ਧਰਤ ਦੀ ਹੋਂਦ ਅੱਗੇ ਇਸ ਦੀ ਬਸ ਏਨੀਂ ਕੁ ਜ਼ੁਰਰਤ ਸੀ,
ਜ਼ਮਾਨਾ ਜਿੱਤ ਕੇ ਆਖ਼ਿਰਕਾਰ ਨੂੰ ਫਿਰ ਹਰ ਗਿਆ ਪਾਣੀ।
ਮਗਰ ਫਿਰ ਵੀ ਜ਼ਮਾਨੇ ਨੂੰ ਬਦਨ ’ਚੋਂ ਰੌਸ਼ਨੀ ਦੇਵੇ,
ਹਜ਼ਾਰਾਂ ਰੋਕਾਂ ਟੋਕਾਂ ਵਿਚ ਮੁਸੀਬਤ ਜਰ ਗਿਆ ਪਾਣੀ।
ਅਨੇਕਾਂ ਡੰਗ ਮਾਰੇ ਨੇ ਕੋਈ ਮਰਿਆ ਕੋਈ ਜਰਿਆ,
ਖੜੱਪੇ ਸੱਪ ਵਾਗੂੰ ਸ਼ੂਕਦਾ ਜਿੱਧਰ ਗਿਆ ਪਾਣੀ।
ਧਰਤ ਉਤੇ ਕਈ ਰਾਵਣ ਤੇ ਹਰਨਾਕਸ਼ ਵੀ ਆਏ ਨੇ,
ਹੜਾਂ ਦਾ ਰੂਪ ਲੈ ਕੇ ਫਿਰ ਕੁਪੱਤਾ ਮਰ ਗਿਆ ਪਾਣੀ।
ਜੇ ਅਪਣੇ ਵਾਸ਼ਪਣ ਦੇ ਅਸਰ ਕਰਕੇ ਲੀਨ ਹੋਇਆ ਹੈ,
ਬਣਾ ਕੇ ਪਾਣੀਆਂ ’ਚੋਂ ਹੋਂਦ ਅਪਣੇ ਘਰ ਗਿਆ ਪਾਣੀ।
ਵਹਾਓੁ ਦੀ ਕਦੀ ਅਪਣੀਂ ਉਹ ਆਦਤ ਬਦਲ ਨਾ ਸਕਿਆ,
ਜਿਧਰ ਤੋਂ ਰੋਕਿਆ ਉਸ ਨੂੰ ਉਧਰ ਅਕਸਰ ਗਿਆ ਪਾਣੀ।
ਗੁਰੂ ਬਣਿਆ ਪਿਤਾ ਬਣਿਆ ਜਾਂ ਬਣਿਆ ਹੋਂਦ ਜੀਵਨ ਦੀ,
ਹਲੀਮੀ ਸਹਿਜ ਸੰਜਮ ਵਿਚ ਜਿਹਦੇ ਵੀ ਦਰ ਗਿਆ ਪਾਣੀ।
ਕਿਸੇ ਪਾਬੰਦੀ ਦੀ ‘ਬਾਲਮ’ ਕੋਈ ਮਰਿਆਦਾ ਨਈਂ ਹੁੰਦੀ,
ਤੁੜਾ ਕੇ ਪੈਰਾਂ ਦੀ ਜ਼ੰਜੀਰ ਫਿਰ ਸਰ-ਸਰ ਗਿਆ ਪਾਣੀ।
ਬਲਵਿੰਦਰ ਬਾਲਮ ਗੁਰਦਾਸਪੁਰ,
ਉਂਕਾਰ ਨਗਰ ਗੁਰਦਾਸਪੁਰ ਪੰਜਾਬ
ਮੋ. 98156-25409