ਅੱਜ ਦੇ ਸਮੇਂ ਵਿੱਚ ਇਹ ਇੱਕ ਗੰਭੀਰ ਮੁੱਦਾ ਹੈ ਕਿ ਸਾਡੇ ਬੱਚਿਆਂ ਵਿੱਚ ਨੈਤਿਕਤਾ ਦੀ ਕਮੀ ਪਾਈ ਜਾ ਰਹੀ ਹੈ। ਇਹ ਬਦਲ ਰਹੇ ਸਮੇਂ ਦਾ ਪ੍ਰਭਾਵ ਕਿਹਾ ਜਾਵੇ ਜਾਂ ਆਧੁਨਿਕ ਤਕਨਾਲੋਜੀ ਦੀ ਤਰੱਕੀ, ਕਾਰਨ ਕੋਈ ਵੀ ਹੋ ਸਕਦਾ ਹੈ । ਪਰ ਇਹ ਤਾਂ ਮੰਨਣਾ ਹੀ ਪਵੇਗਾ ਕਿ ਅੱਜ ਦੇ ਬੱਚੇ ਨੈਤਿਕਤਾ ਤੋਂ ਵਾਂਝੇ ਹੁੰਦੇ ਜਾ ਰਹੇ ਹਨ। ਜਿਸ ਦਾ ਕਿ ਇੱਕ ਵੱਡਾ ਕਾਰਨ ਮੋਬਾਈਲ ਫੋਨ ਵੀ ਮੰਨਿਆ ਜਾ ਸਕਦਾ ਹੈ। ਬੱਚੇ ਘੰਟਿਆਂ ਬੱਧੀ ਫੋਨ ਦੇਖਦੇ ਹਨ, ਜਿਸ ਨਾਲ ਕਿ ਉਹਨਾਂ ਦਾ ਉਹ ਕੀਮਤੀ
ਸਮਾਂ, ਜਿਸ ਵਿੱਚ ਉਨ੍ਹਾਂ ਨੇ ਨੈਤਿਕ ਗੁਣ, ਵੱਡਿਆਂ ਦਾ ਸਤਿਕਾਰ, ਹਲੀਮੀ, ਨਿਮਰਤਾ, ਸਹਿਜ, ਸਮਾਜ ਵਿੱਚ ਵਿਚਰਨ ਦਾ ਢੰਗ ਆਦਿ ਸਿੱਖਣੇ ਸਨ ,ਅਜਾਈਂ ਹੀ ਚਲਾ ਜਾਂਦਾ ਹੈ। ਦੂਸਰਾ ਕਾਰਨ ਸਾਂਝੇ ਪਰਿਵਾਰਾਂ ਦੀ ਕਮੀ ਵੀ ਮੰਨਿਆ ਜਾ ਸਕਦਾ ਹੈ। ਪਹਿਲਾਂ ਜਦੋ ਬੱਚਾ ਸਾਂਝੇ ਪਰਿਵਾਰ ਵਿੱਚ ਦਾਦਾ – ਦਾਦੀ, ਤਾਇਆ-ਤਾਈ, ਚਾਚਾ-ਚਾਚੀ ਆਦਿ ਮੈਂਬਰਾਂ ਨਾਲ ਰਹਿ ਕੇ ਵੱਡਾ ਹੁੰਦਾ ਸੀ ਤਾਂ ਉਸ ਵਿੱਚ ਨੈਤਿਕ ਕਦਰਾਂ-ਕੀਮਤਾਂ ਸਹਿਜੇ ਹੀ ਪ੍ਰਵੇਸ਼ ਕਰ ਜਾਂਦੀਆ ਸਨ। ਮਿਲ ਕੇ ਰਹਿਣਾ, ਇੱਕਠੇ ਖਾਣਾ, ਇੱਕ- ਦੂਜੇ ਦੀ ਸਹਾਇਤਾ ਕਰਨੀ, ਦੁੱਖ-ਸੁੱਖ ਸਾਂਝਾ ਕਰਨਾ ਜਿਸ ਨਾਲ ਕਿ ਬੱਚੇ ਵਿੱਚ ਇਕੱਲੇ ਰਹਿਣ ਦੀ ਭਾਵਨਾ ਖਤਮ ਹੋ ਜਾਂਦੀ ਸੀ। ਤੇ ਇਕਹਿਰੇ ਪਰਿਵਾਰ ਵਿੱਚ ਜੇਕਰ ਮਾਤਾ-ਪਿਤਾ ਦੋਵੇਂ ਕੰਮ-ਕਾਜੀ ਹਨ ਤਾਂ ਬੱਚੇ ਜ਼ਿਆਦਾਤਰ ਇਕੱਲੇ ਰਹਿਣ ਕਾਰਨ ਉਹ ਸਮਾਜਿਕ ਹੋਣਾ ਨਹੀਂ ਸਿੱਖ ਸਕਦੇ । ਧਾਰਮਿਕ ਸਿੱਖਿਆ ਦੀ ਕਮੀ ਵੀ ਨੈਤਿਕ ਕਦਰਾਂ ਦੀ ਗਿਰਾਵਟ ਦਾ ਇੱਕ ਕਾਰਨ ਹੈ। ਅੱਜ-ਕੱਲ ਦੇ ਬੱਚਿਆਂ ਵਿੱਚ ਧਰਮ ਪ੍ਰਤੀ ਕੋਈ ਖਾਸ ਦਿਲਚਸਪੀ ਨਹੀਂ ,ਬੱਸ ਉਹ ਆਪਣੇ ਹਿਸਾਬ ਨਾਲ ਆਪਣੀ ਜ਼ਿੰਦਗੀ ਜਿਉਣਾ ਚਾਹੁੰਦੇ ਹਨ। ਜੇਕਰ ਪਹਿਲੇ ਸਮੇਂ ਦੀ ਗੱਲ ਕਰੀਏ ਤਾਂ ਵੱਡਿਆਂ ਦੀ ਗੱਲ ਵਿੱਚ ਨਾ ਬੋਲਣਾ, ਵੱਡਿਆਂ ਦੀ ਗੱਲ ਦਾ ਬੁਰਾ ਨਾ ਮਨਾਉਣਾ ਸ੍ਰਿਸ਼ਟਾਚਾਰ ਦੀ ਨਿਸ਼ਾਨੀ ਮੰਨਿਆ ਜਾਂਦਾ ਸੀ। ਅੱਜ ਦੇ ਸਮੇਂ ਵਿੱਚ ਵੱਡਿਆਂ ਦੀ ਦਖਲਅੰਦਾਜ਼ੀ ਤਾਂ ਦੂਰ, ਉਨਾਂ ਨਾਲ ਗੱਲ ਕਰਨਾ ਵੀ ਪਸੰਦ ਨਹੀਂ ਕੀਤਾ ਜਾਂਦਾ । ਜੇਕਰ ਮਾਤਾ-ਪਿਤਾ ਥੋੜਾ ਜਿਹਾ ਧਿਆਨ ਦੇਣ ਤਾਂ ਸਹਿਜੇ ਹੀ ਅਸੀਂ ਬੱਚਿਆਂ ਨੂੰ ਨੈਤਿਕਤਾ ਸਿਖਾ ਸਕਦੇ ਹਾਂ, ਜਿਸ ਨਾਲ ਕਿ ਉਹ ਸਮੇਂ ਦੇ ਹਾਣੀ ਹੋ ਕੇ ਤਾਂ ਚੱਲਣਗੇ ਹੀ, ਨਾਲ ਹੀ ਉਨ੍ਹਾਂ ਵਿੱਚ ਨੈਤਿਕ ਗੁਣ ਵੀ ਪੈਦਾ ਹੋ ਜਾਣਗੇ।ਅੱਜ ਲੋੜ ਹੈ, ਬੱਸ ਥੋੜ੍ਹੀ ਜਿਹੀ ਮਿਹਨਤ ਕਰਕੇ ਇਨ੍ਹਾਂ ਭਵਿੱਖ ਦੇ ਹੀਰਿਆਂ ਨੂੰ ਤਰਾਸ਼ਣ ਦੀ।

ਰਾਜਬੀਰ ਕੌਰ (ਅੰਗਰੇਜ਼ੀ ਮਿਸਟ੍ਰੈਸ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੁੱਬਲੀ