ਲਉ ਬਈ ਮਿੱਤਰੋ ਮੱਦਦ ਕਰਿਉ।
‘ਪੁੰਨ ਤੇ ਨਾਲੇ ਫਲ਼ੀਆਂ’ ਖੜਿਉ।
ਪ੍ਰਾਈਵੇਟ ਕਾਲਜ ਖੋਲਣ ਲੱਗਾਂ।
ਡੀਲ ਸਿੱਧੀ ਥੋਨੂੰ ਬੋਲਣ ਲੱਗਾਂ।
ਨਰਸਿੰਗ, ਲਾਅ ਤੇ ਐਡਮਨਿਸਟ੍ਰੇਸ਼ਨ।
ਬੀ.ਐਡ. ਦੀ ਵੀ ਹੋਊ ਰਜ਼ਿਸਟ੍ਰੇਸਨ।
ਹੋਰ ਵੀ ਡਿਗਰੀਆਂ ਵਾਲ਼ੇ ਕੋਰਸ।
ਗਿਣਤੀ ਨਾ ਜੀ ਬਾਹਲ਼ੇ ਕੋਰਸ।
ਮੁੱਦੇ ਵਾਲੀ ਗੱਲ ‘ਤੇ ਆਉ।
ਵੱਧ ਤੋਂ ਵੱਧ ਐਡਮੀਸ਼ਨਾਂ ਲਿਆਉ।
ਮੱਦਦ ਦੇ ਨਾਲ਼ ਕਰੋ ਵਪਾਰ।
ਪੱਕੇ ਕਮੀਸ਼ਨ ਬੰਨ੍ਹ ਲਉ ਯਾਰ।
ਇੱਕ ਐਡਮੀਸ਼ਨ ਜਦ ਵੀ ਲਿਆਉ।
ਪੂਰੇ ਪੰਜ ਹਜ਼ਾਰ ਕਮਾਉ।
ਥੋਡਾ ਕੰਮ ਸਾਡੇ ਤੱਕ ਲਿਆਉਣਾ।
ਬਾਕੀ ਸਾਡਾ ਕੰਮ ਟਿਕਾਉਣਾ।
‘ਨਿੰਮ ਕਰੇਲਾ ਕਿਵੇਂ ਚਾੜ੍ਹਨਾ’ ?
ਸਬਜਬਾਗਾਂ ਵਿੱਚ ਕਿਵੇਂ ਵਾੜਨਾ ?
ਬ੍ਰੇਨਵਾਸ਼ ਕੀ ਹਿਪਨੋਟਾਈਜ਼ ?
ਸਭ ਆਉਂਦੀ ਮੈਨੂੰ ਐਕਸਰਸਾਈਜ਼।
ਜਿਵੇਂ ਵੀ ਮਿਲਦਾ ਗ੍ਰਾਹਕ ਲਿਆਉ।
ਸ਼ਰਤਾਂ ‘ਜੋ ਚਾਹੋ ਸੋ ਪਾਉ’।
ਦੇ ਦਿਉ ਆਉਣ ਨਾ ਆਉਣ ਦੀ ਮਰਜ਼ੀ।
ਹਾਜ਼ਰੀਆਂ ਸਾਡੀ ਸਿਰਦਰਦੀ।
ਕਹਿ ਦਿਉ ਪੇਪਰ ਦੇਣ ਆ ਜਿਉ
ਤੇ ਫਿਰ ਡਿਗਰੀ ਲੈਣ ਆ ਜਿਉ।
ਪਲੇਸਮੈਂਟ ਭਾਵੇਂ ਬਹੁਤੀ ਨਾ ਹੈ।
ਪਰ ਇਹ ਗੱਲ ਕੋਈ ਛੋਟੀ ਨਾ ਹੈ।
ਬੱਚਾ ਹੋ ਜਾਊ ‘ਅਪ ਟੂ ਡੇਟਡ’।
ਘਰੇ ਹੀ, ਸੁਪਰ-ਐਜੂਕੇਟਡ।
ਮਾਪੇ ਗੱਲਾਂ ਕਰ ਸਕਦੇ ਨੇ।
ਚਾਰ ਬੰਦਿਆਂ ਵਿੱਚ ਖੜ੍ਹ ਸਕਦੇ ਨੇ।
ਫੇਰ ਕੀ ਐ ਜੇ ਅੱਠ ਲੱਖ ਲੱਗ ਜੂ।
ਵਿੱਚ ਸ਼ਰੀਕੇ ਨਾਮ ਤਾਂ ਵੱਜ ਜੂ।
‘ਪਿੰਡ ਘੜਾਮੇਂ’ ਛੋਟੇ ਧੰਦੇ।
ਵਾਧੂ ਆਏ ਬਿਹਾਰੋਂ ਬੰਦੇ।
‘ਰੋਮੀ’ ਜ੍ਹਿਆਂ ਦਾ ਘਟੇ ਨਾ ਮਾਣ।
ਕਾਲਜ ਸਾਡਾ ਹੋਊ ਵਰਦਾਨ।
ਬੇਸ਼ੱਕ ਬੇਰੁਜ਼ਗਾਰ ਹੀ ਫਿਰਨੇ।
ਡਿਗਰੀ ਵਾਲੇ ਪਰ ਘਰ ਘਰ ਮਿਲਣੇ।
ਰੋਮੀ ਘੜਾਮਾਂ।
9855281105