ਇੱਟਾਂ ਵੱਟਿਆਂ ਹੁਣ ਕੀ ਦੱਸਣੀ, ਹੜ੍ਹ ਦੇ ਵਾਲੀ ਦਰਦ-ਕਹਾਣੀ।
ਛਮ ਛਮ ਵੱਸਦਾ ਅੱਖੀਆਂ ਵਿੱਚੋਂ ਹੰਝੂਆਂ ਹਾਰ ਉਬਲਦਾ ਪਾਣੀ।
ਬਸਤਾ ਕਲਮ ਦਵਾਤ ਤਾਂ ਰਹਿ ਗਏ, ਬੰਦ ਬੂਹਿਆਂ ਦੇ ਮਗਰ ਵਿਚਾਰੇ,
ਕਿੱਦਾਂ ਲਿਖਦੇ, ਕਿਸਨੂੰ ਦੱਸਦੇ, ਰੂਹ ਦੀ ਕਸਕ ਕਿਸੇ ਨਾ ਜਾਣੀ।
ਮਾਂ ਦੀ ਮਮਤਾ ਕੀ ਕਰਦੀ ਤਦ, ਅੰਨ੍ਹੇ ਹੜ੍ਹ ਦੀ ਮਾਰ ਦੇ ਅੱਗੇ,
ਸਾਜ਼ਸ਼ੀਆਂ ਨੇ ਗਰਜ਼ਾਂ ਪਿੱਛੋਂ,ਮਾਰ ਮੁਕਾਏ ਰੂਹ ਦੇ ਹਾਣੀ।
ਦਰਦ ਪਹਾੜੋਂ ਭਾਰਾ ਉਸ ਪਲ,ਰੂਹ ਤੇ ਭਾਰ ਪਵੇ ਤੇ ਪਿਘਲੇ,
ਮਾਂ ਦੀ ਚੁੰਨੀ ਸਿੱਲ੍ਹੀ ਲੀਰ ਕਚੀਰਾਂ ਵਹਿ ਜਾਵੇ ਦਿਲ ਅੱਖੀਆਂ ਥਾਣੀ।
ਕਰਕ ਕਲੇਜੇ ਵਾਲੀ ਵੀਰੇ, ਵਸਤ ਨੁਮਾਇਸ਼ੀ ਹੁੰਦੀ ਨਹੀਂਉਂ,
ਅੱਥਰੂ ਦਾ ਪਰਦਰਸ਼ਨ ਕਰੀਏ, ਬਣ ਜਾਂਦੈ ਇਹ ਗੰਧਲਾ ਪਾਣੀ।
ਆਰ ਪਾਰ ਰੂਹ ਅੰਦਰ ਬਰਛੀ, ਹੁਣ ਵੀ ਰੜਕ ਪਵੇ ਜਦ ਬੋਲਾਂ,
ਛੇੜ ਨਾ ਕਿੱਸੇ ਜ਼ਖ਼ਮਾਂ ਵਾਲੇ, ਤੇਰੇ ਲਈ ਇਹ ਕਥਾ ਕਹਾਣੀ।
ਉੱਜੜ ਗਿਆ ਗੁਲਜ਼ਾਰ, ਬੁਲਬੁਲਾਂ, ਰੁਲ ਗਈਆਂ ਜੀ, ਕੀਹ ਕੀਹ ਦੱਸੀਏ?
ਰੁਲ਼ੇ ਪਰਾਂਦੇ ਸ਼ਗਨਾਂ ਵਾਲੇ, ਸਿਰ ਤੇ ਚਾਦਰ ਅੱਧੋਰਾਣੀ।
▪️ਗੁਰਭਜਨ ਗਿੱਲ