ਧਰਤ ਦਾ ਨਾਮ ਜੰਨਤ ਹੈ ਗਗਨ ਦਾ ਨਾਮ ਜੰਨਤ ਹੈ।
ਸਵੇਰੇ ਦੀ ਸੁਰਖ਼ ਲਾਲੀ ਸੁਹਾਣੀ ਸ਼ਾਮ ਜੰਨਤ ਹੈ।
ਬਹਾਰਾਂ ਪਤਝੜਾਂ ਵਾਗੂੰ ਇਹ ਜੀਵਨ ਦਾ ਫ਼ਲਸਫ਼ਾ ਹੈ,
ਸ੍ਰਿਸ਼ਟੀ ਵਿੱਚ ਕਾਏਨਾਤ ਦਾ ਪੈਗ਼ਾਮ ਜੰਨਤ ਹੈ।
ਅਲੌਕਿਕ ਸ਼ਕਤੀ ਦਿਖਦੀ ਹੈ ਸਿਰਫ਼ ਸ਼ਰਧਾ ਦੀ ਕ੍ਰਿਪਾ ਵਿਚ,
ਧਰਮ ਕੋਈ ਵੀ ਹੋਵੇ ਵਾਹਿਗੁਰੂ ਜਾਂ ਰਾਮ ਜੰਨਤ ਹੈ।
ਖ਼ੁਸ਼ੀ ਦੇ ਆਸਰੇ ਉਤੇ ਮੁਹੱਬਤ ਦੇ ਸਲੀਕੇ ਵਿਚ,
ਮਿਲੇ ਜੋ ਪਿਆਰ ਤੇ ਸਤਿਕਾਰ ਵਿੱਚ ਸਲਾਮ ਜੰਨਤ ਹੈ।
ਨਸੀਬਾਂ ਨਾਲ ਹੁੰਦਾ ਹੈ ਇਹ ਮੈਖ਼ਾਨਾ ਨਸੀਬਾਂ ਵਿਚ,
ਸੁਹਾਣੇ ਰਿਸ਼ਤਿਆਂ ਦਾ ਪੀ ਲਵੋ ਜੇ ਜਾਮ ਜੰਨਤ ਹੈ।
ਸਥਾਨਾਂ ’ਤੇ ਮੁਰਾਦਾਂ ਦੀ ਕੋਈ ਵੀ ਲੋੜ੍ਹ ਨਈਂ ਹੁੰਦੀ,
ਜਿਹੜਾ ਸਿਖਿਆ ਦਾ ਰਾਹ ਖੋਲ੍ਹੇ ਉਹੀ ਇਕ ਧਾਮ ਜੰਨਤ ਹੈ।
ਕਿਸੇ ਸਾਧੂ ਤਪਸਵੀ ਦੀ ਕੋਈ ਹਸਤੀ ਨਹੀਂ ਹੁੰਦੀ,
ਬਜ਼ੁਰਗਾਂ ਦੇ ਸਲਾਮਤ ਪੈਰਾਂ ਵਿਚ ਪ੍ਰਣਾਮ ਜੰਨਤ ਹੈ।
ਪਖੰਡਾਂ ਵਹਿਮ ਭਰਮਾਂ ਵਿਚ ਸਦਾ ਬਰਬਾਦੀ ਹੁੰਦੀ ਹੈ,
ਕਿਸੇ ਵੀ ਰੂਪ ਵਿਚ ਹੋਵੇ ਮਗਰ ਸਤਿਨਾਮ ਜੰਨਤ ਹੈ।
ਵਿਦੇਸ਼ਾਂ ਦੀ ਧਰਤ ਨੂੰ ਮਾਣ ਕੇ ਵੀ ਖੂਬ ਢਿੱਠਾ ਹੈ,
ਮਗਰ ਅਪਣੇਂ ਹੀ ਘਰ ਦੇ ਵਿਚ ਹੈ ਜੋ ਆਰਾਮ ਜੰਨਤ ਹੈ।
ਇਹਦੇ ਕਰਕੇ ਹੀ ਬਲਵਿੰਦਰ ਦੀ ਸ਼ੁਹਰਤ ਹੈ ਬੁਲੰਦੀ ਤੇ,
ਗ਼ਜ਼ਲ ਦੇ ਮਕਤੇ ਵਿਚ ਬਾਲਮ ਦਾ ਜੋ ਉਪਨਾਮ ਜੰਨਤ ਹੈ।
ਬਲਵਿੰਦਰ ਬਾਲਮ ਗੁਰਦਾਸਪੁਰ
ਉਂਕਾਰ ਨਗਰ ਗੁਰਦਾਸਪੁਰ ਪੰਜਾਬ
ਮੋ. 98156-25409