ਪੰਜਾਬ ਅੰਦਰ ਪਿਛਲੇ ਦਿਨਾਂ ਤੋਂ ਸੱਤ-ਅੱਠ ਜਿਲਿ੍ਹਆਂ ਵਿੱਚ ਹੜ੍ਹ ਆਉਣ ਕਾਰਨ ਹਾਲਾਤ ਬੜੇ ਬਦਤਰ ਹੋ ਚੁੱਕੇ ਹਨ । ਪਿੰਡਾਂ ਦੇ ਪਿੰਡ ਪਾਣੀ ਵਿੱਚ ਡੁੱਬਣ ਕਾਰਨ ਘਰਾਂ ਦਾ ਸਾਮਾਨ ,ਫਸਲਾਂ ਬਰਬਾਦ ਹੋਣ ਦੇ ਨਾਲ , ਪਸ਼ੂ , ਪਰਿਵਾਰਾਂ ਦੇ ਜੀਆਂ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ ।ਪੰਜਾਬ ਪਿਛਲੇ ਦਿਨਾਂ ਤੋਂ ਹੜ੍ਹ ਦੀ ਮਾਰ ਹੇਠ ਆਇਆ ਹੋਇਆ ਹੈ ਪਰ ਜੋ ਮਦਦ ਸਰਕਾਰੀ ਪੱਧਰ ਉੱਪਰ ਹੋਣੀ ਚਾਹੀਦੀ ਸੀ ਉਹ ਨਹੀਂ ਹੋ ਰਹੀ ।ਪ੍ਰਧਾਨ ਮੰਤਰੀ ਨੇ ਪੰਜਾਬ ਦੇ ਹੜ੍ਹ ਪੀੜਤ ਇਲਾਕਿਆਂ ਦਾ ਹਵਾਈ ਸਰਵੇਖਣ ਕਰਕੇ ਪੰਜਾਬ ਲਈ 16 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਨ ਦਾ ਐਲਾਨ ਕੀਤਾ ਹੈ । ਪੰਜਾਬ ਸਰਕਾਰ ਨੇ ਵੀ ਰਾਹਤ ਦੇਣ ਲਈ ਕਈ ਫੈਸਲੇ ਲਏ ਹਨ ।ਇਹ ਸਾਰਾ ਕੁਝ ਕਾਫੀ ਨਹੀਂ , ਇਸ ਤੋਂ ਕਿਤੇ ਵੱਧ ਪੰਜਾਬੀ ਖੁਦ ਕਰ ਰਹੇ ਹਨ । ਹੜ੍ਹ ਇਲਾਕਿਆਂ ਦੇ ਦੌਰੇ ਕਰਕੇ ਹੜ੍ਹ ਪੀੜਤਾਂ ਦਾ ਕੁਝ ਨਹੀਂ ਸੰਵਰਦਾ , ਜਿੰਨਾ ਚਿਰ ਲੋੜੀਂਦੀ ਮਦਦ ਵੱਡੇ ਪੱਧਰ ਉੱਪਰ ਪਾਣੀ ਵਿੱਚ ਘਿਰੇ ਪ੍ਰਭਾਵਿਤ ਹੋ ਚੁੱਕੇ ਲੋਕਾਂ ਤੱਕ ਨਹੀਂ ਪਹੁੰਚਾਈ ਜਾਂਦੀ । ਬੱਚੇ , ਬਜ਼ੁਰਗਾਂ ਨੂੰ ਇਨ੍ਹਾਂ ਹਾਲਾਤਾਂ ਵਿੱਚ ਰਹਿਣਾ ਕੋਈ ਸੌਖਾ ਨਹੀਂ ਕਿਉਂ ਕਿ ਉਹ ਆਪਣਿਆਂ ਉੱਪਰ ਬਹੁਤੇ ਨਿਰਭਰ ਹੋ ਕੇ ਜ਼ਿੰਦਗੀ ਬਸਰ ਕਰਦੇ ਹੁੰਦੇ ਹਨ ।ਭਾਵੇਂ ਪੰਜਾਬ ਦੇ ਲੋਕ ਹਮੇਸ਼ਾ ਕੁਦਰਤੀ ਆਫਤਾਂ ਤੋਂ ਪ੍ਰਭਾਵਿਤ ਦੁਨੀਆਂ ਭਰ ਦੇ ਲੋਕਾਂ ਦੀ ਮਦਦ ਕਰਦੇ ਆ ਰਹੇ ਹਨ ਪਰ ਅੱਜ ਆਪ ਪੰਜਾਬ ਕਦੁਰਤੀ ਕਰੋਪੀ ਦਾ ਸ਼ਿਕਾਰ ਹੋਇਆ ਹੈ ਭਾਵੇਂ ਇਸ ਪ੍ਰਤੀ ਕਈ ਸ਼ੰਕੇ ਜਰੂਰ ਖੜ੍ਹੇ ਹੋਏ ਹਨ ਤਾਂ ਇਸ ਸਥਿਤੀ ਵਿੱਚ ਦੇਸ਼ ਦੇ ਦੂਜੇ ਐਨੇ ਵੱਡੇ ਰਾਜਾਂ ਨੇ ਕੁਝ ਰਾਜਾਂ ਨੂੰ ਛੱਡ ਦਿਲੋਂ ਹਮਦਰਦੀ ਤੱਕ ਜਿਤਾਉਣ ਨੂੰ ਵੀ ਜਰੂਰੀ ਨਹੀਂ ਸਮਝਿਆ ।ਇਹ ਕਿਹੋ ਜਿਹੀ ਇਨਸਾਨੀਅਤ ਦੀ ਸੋਚ ਬਣ ਗਈ ਹੈ । ਪੰਜਾਬੀਆਂ ਅੰਦਰ ਸ਼ੁਰੂ ਤੋਂ ਗੈਰਤ ਭਰੀ ਹੋਣ ਕਾਰਨ ਇਹ ਫਿਰ ਵੀ ਚੜ੍ਹਦੀਕਲਾ ‘ਚ ਰਹਿਣ ਦੇ ਆਦੀ ਹਨ ਭਾਵੇਂ ਇਹ ਕਿੰਨੇ ਉਜਾੜੇ ਪਹਿਲਾਂ ਵੀ ਦੇਖ ਚੁੱਕੇ ਹਨ । ਇਹ ਪ੍ਰਭਾਵਿਤ ਜਿਲਿ੍ਹਆਂ ਦੇ ਬਹੁਤੇ ਲੋਕ ਦੇਸ਼ ਦੀ ਵੰਡ ਦੇ ਦਰਦਨਾਕ ਸੰਤਾਪ ਨੂੰ ਆਪਣੇ ਪਿੰਡੇ ਉੱਪਰ ਹੰਢਾ ਕੇ ਸਾਂਝੇ ਪੰਜਾਬ ਚੋਂ ਪੂਰਬੀ ਪੰਜਾਬ ਵਿੱਚ ਘਰ ਬਾਰ ਛੱਡ ਕੇ ਖਾਲੀ ਹੱਥ ਆਏ ਸੀ ।ਉਦੋਂ ਜਾਨੀ ਨੁਕਸਾਨ ਬਹੁਤ ਵੱਡਾ ਹੋਇਆ ਸੀ ।ਇਹ ਪਰਿਵਾਰ ਮਿਹਨਤ ਕਰਕੇ ਗੁਰੂ ਦੇ ਭਾਣੇ ਵਿੱਚ ਰਹਿੰਦੇ ਹੋਲੀ ਹੋਲੀ ਆਪਣੇ ਪੈਰਾਂ ਉੱਪਰ ਖੜ੍ਹੇ ਹੋਏ ਪਰ ਪਿਛਲੇ ਤਿੰਨ ਦਹਾਕੇ ਪਹਿਲਾਂ ਅੱਤਵਾਦ ਦੇ ਦੌਰ ਦੌਰਾਨ ਇਸ ਖੇਤਰ ਦੇ ਪਰਿਵਾਰਾਂ ਨੇ ਜਾਨੀ ਮਾਲੀ ਬਹੁਤ ਵੱਡਾ ਨੁਕਸਾਨ ਵੀ ਉਠਾਇਆ । ਇਸ ਦੌਰਾਨ ਆਪਣੀ ਹੀ ਸਰਕਾਰ ਵਲੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਕੇ ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣਾ ਕੇ ਉਨ੍ਹਾਂ ਨੂੰ ਮਾਰਿਆ ਗਿਆ । ਇਸ ਦੀ ਸਚਾਈ ਨੂੰ ਜੋ ਤਿੰਨ ਦਹਾਕਿਆਂ ਤੋਂ ਬਾਅਦ ਨਿਆਂ ਪਾਲਿਕਾ ਨੇ ਸਰਕਾਰੀ ਤੰਤਰ ਦੇ ਪੁਲਿਸ ਮੁਲਾਜ਼ਮਾਂ ਨੂੰ ਦੋਸ਼ੀ ਠਹਿਰਾ ਕੇ ਸਾਹਮਣੇ ਲਿਆ ਦਿੱਤਾ ਹੈ ਅਤੇ ਦੋਸ਼ੀ ਮੁਲਾਜ਼ਮਾਂ ਨੂੰ ਸ਼ਜਾ ਸੁਣਾਈਆਂ ਹਨ ਭਾਵੇਂ ਉਹ ਸੇਵਾ ਮੁਕਤ ਵੀ ਹੋ ਗਏ ਹਨ ,ਇਸ ਨੇ ਸਾਬਤ ਕਰ ਦਿੱਤਾ ਹੈ ਕਿ ਸਰਕਾਰ ਝੂਠ ਬੋਲ ਕੇ ਲੋਕਾਂ ਸਾਹਮਣੇ ਝੂਠ ਨੂੰ ਸੱਚ ਬਣਾ ਦਿੰਦੀ ਹੈ , ਇਹ ਪੰਜਾਬ ਦੀ ਤ੍ਰਾਸਦੀ ਰਹੀ ਹੈ ।ਉਨ੍ਹਾਂ ਸਤਾਏ ਪਰਿਵਾਰਾਂ ਨੂੰ ਕੀ ਹੁਣ ਦੀ ਸਰਕਾਰ ਕੋਈ ਮਦਦ ਦੇਣ ਨੂੰ ਤਿਆਰ ਹੈ ? ਨਿਆਂ ਪਾਲਿਕਾ ਦੇ ਫੈਸ਼ਲੇ ਨੂੰ ਸਵੀਕਾਰ ਕਰ ਉਸ ਸਮੇਂ ਦੀਆਂ ਸਰਕਾਰਾਂ ਦੇ ਕੀਤੇ ਜੁਲਮ ਲਈ ਸਰਕਾਰ ਨੂੰ ਉਨ੍ਹਾਂ ਪੀੜਤ ਪਰਿਵਾਰਾਂ ਕੋਲੋਂ ਮਾਫੀ ਮੰਗਣੀ ਚਾਹੀਦੀ ਹੈ ।
ਪਰ ਪੰਜਾਬ ਦੇ ਲੋਕ ਫਿਰ ਵੀ ਸਰਕਾਰਾਂ ਅੱਗੇ ਹੱਥ ਅੱਡਣ ਦੀ ਗੱਲ ਨਹੀਂ ਕਰਦੇ ਕਿਉਂ ਕਿ ਪੰਜਾਬੀ ਭਾਈਚਾਰੇ ਨੇ ਦੁਨੀਆਂ ਵਿੱਚ ਇਸ ਸਮੇਂ ਵੀ ਰਾਸ਼ਨ ਸਮੱਗਰੀ ਦੇ ਪ੍ਰਭਾਵਿਤ ਇਲਾਕਿਆਂ ਅੰਦਰ ਅੰਬਾਰ ਲਾ ਕੇ ਮਿਸਾਲ ਪੈਦਾ ਕਰ ਦਿੱਤੀ ਹੈ । ਪੰਜਾਬੀਆਂ ਨੇ ਦਵਾਈਆਂ , ਪਸ਼ੂਆਂ ਲਈ ਚਾਰਾ , ਤੂੜੀ ਆਦਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਬਹੁਤਾਤ ਰੂਪ ਵਿੱਚ ਪਹੁੰਚਾਉਣਾ ਜਾਰੀ ਰੱਖਿਆ ਹੋਇਆ , ਕਿਸਤੀਆਂ ਪ੍ਰਦਾਨ ਸਰਕਾਰ ਨੇ ਕਰਨੀਆਂ ਸੀ ਪਰ ਇਹ ਵੀ ਬਾਹਰੋਂ ਹੀ ਜਿਆਦਾ ਕੰਮ ਹੋਇਆ । ਗੁਰੂਆਂ ਦੀ ਇਸ ਧਰਤੀ ਉੱਪਰ ਕਿਸੇ ਵੀ ਸਮੱਸਿਆਂ ਨੂੰ ਨਜਿਠਣ ਲਈ ਇਥੋਂ ਦੇ ਲੋਕਾਂ ਅੰਦਰ ਭਾਣਾ ਮੰਨਣ ਦੀ ਧਾਰਨਾ ਹਮੇਸ਼ਾ ਡੋਲ੍ਹਣ ਦੀ ਥਾਂ ਧੀਰਜ ਦਿੰਦੀ ਆ ਰਹੀ ਹੈ ।ਲੋਕ ਕਮਜੌਰ ਬੰਨ੍ਹਾਂ ਨੂੰ ਆਪਣੇ ਪੱਧਰ ਉੱਪਰ ਮਜਬੂਤ ਕਰ ਰਹੇ ਹਨ , ਐਡੇ ਵੱਡੇ ਕਾਰਜ ਦੇ ਖਰਚੇ ਸੰਗਤ ਆਪ ਕਰ ਰਹੀ ਹੈ ।ਵਿਦੇਸ਼ਾਂ ‘ਚ ਵਸੇ ਪੰਜਾਬੀਆਂ , ਗਾਇਕਾਂ, ਕਲਾਕਾਰਾਂ , ਖਿਡਾਰੀਆਂ , ਐਨ.ਜੀ.ਓਜ਼. ਆਦਿ ਨੇ ਕਈ ਪਿੰਡਾਂ ਨੂੰ ਗੋਦ ਲੈਣ , ਨਵੇਂ ਟ੍ਰੈਕਟਰ ਦੇਣ ਆਦਿ ਦੇ ਵੱਡੇ ਫੈਸ਼ਲੇ ਲਏ ਹਨ । ਸਰਕਾਰ ਦੀ ਜ਼ਿੰਮੇਵਾਰੀ ਕਿਥੇ ਗਈ ? ਦਰਿਆਵਾਂ ਦੀ ਖੁਦਾਈ ਪੈਸੇ ਬਟੋਰਨ ਲਈ ਲੋੜ ਅਨੁਸਾਰ ਕਰ ਲਈ ਜਾਂਦੀ ਹੈ , ਜਿਥੇ ਸਫਾਈ ਦੀ ਗੱਲ ਹੁੰਦੀ ਹੈ , ਉਹ ਕਾਗਜ਼ਾਂ ਵਿੱਚ ਹੀ ਪੂਰ ਦਿੱਤੀ ਜਾਂਦੀ ਹੈ । ਜਿੰਨਾ ਪੈਸਾ ਮਾਈਨਿੰਗ ਤੋਂ ਸਰਕਾਰ ਨੂੰ ਮਿਲਦਾ ਉਹ ਹੜ੍ਹਾਂ ਦੇ ਬਚਾੳ ਲਈ ਕਿਉਂ ਨਹੀਂ ਵਰਤਿਆ ਜਾਂਦਾ ? ਘੱਗਰ ਦੇ ਇਲਾਕੇ ਵਿੱਚ ਇੱਕ ਐਮ.ਐਲ.ਏ. ਨੇ ਸਰਕਾਰੀ ਤੰਤਰ ਤੇ ਖਾਸ ਕਰਕੇ ਮਹਿਕਮੇ ਦੇ ਸਕੱਤਰ ਵਲੋਂ ਘੱਗਰ ਦੀ ਬਰਸਾਤਾਂ ਤੋਂ ਪਹਿਲਾਂ ਸਫਾਈ ਦੇ ਮਾਮਲੇ ਵਿੱਚ ਵਿਧਾਇਕ ਦੀ ਗੱਲ ਅਣਗੋਲੇ ਕਰਨ ਦੇ ਇਲਜ਼ਾਮ ਲਾਏ ਹਨ ।ਇਲਜ਼ਾਮਾਂ ਨੂੰ ਲੈ ਕੇ ਸਰਕਾਰ ਨੇ ਉਸ ਵਿਰੁੱਧ ਤਾਂ ਕੋਈ ਪਿਛਲੇ ਮੁੱਦੇ ਨੂੰ ਲੈ ਕੇ ਤੁਰੰਤ ਕਾਰਵਾਈ ਕਰ ਦਿੱਤੀ ਪਰ ਲੋਕਾਂ ਦੀ ਮਾਲੀ ਜਾਨੀ ਨੁਕਸਾਨ ਦੇ ਕਾਰਨ ਬਣੇ ਉਸ ਅਫਸਰ ਖਿਲਾਫ ਕਾਰਵਾਈ ਕਰਨ ਜਾਂ ਆਪਣੀ ਅਣਗਹਿਲੀ ਨੂੰ ਅਣਗੋਲੇ ਹੀ ਕਰ ਦਿੱਤਾ ਹੈ । ਲੋਕ ਗਰਾਊਂਡ ਲੇਵਲ ਉੱਪਰ ਜੋ ਹੋ ਰਿਹਾ ਹੈ ੳਸੁ ਨੂੰ ਦੇਖ ਰਹੇ ਹਨ । ਨੇਤਾਵਾਂ ਨੂੰ ਲੋਕਾਂ ਦੇ ਜਵਾਬ ਦੇਣ ਲਈ ਕੋਈ ਸ਼ਬਦ ਨਹੀਂ ਸੁਝ ਰਹੇ । ਕਈ ਐਮ.ਐਮ.ਏ. , ਮੰਤਰੀ ਜਰੂਰ ਹੇਠਲ਼ੇ ਪੱਧਰ ਉੱਪਰ ਲੋਕਾਂ ਦੇ ਦਰਦ ਨੂੰ ਸਮਝਦੇ ਹੋਏ ਪੀੜਤਾਂ ਦੀ ਮਦਦ ਕਰ ਰਹੇ ਹਨ । ਅੰਮ੍ਰਿਤਸਰ ਦੀ ਡੀ.ਸੀ. ਮੈਡਮ ਗਰਾਊਂਡ ਪੱਧਰ ਉੱਪਰ ਜਾ ਕੇ ਹਰ ਸੰਭਵ ਮਦਦ ਦੇਣ ਦੀ ਕੋਸ਼ਿਸ਼ ਕਰ ਰਹੇ ਹਨ । ਉਸ ਦੀ ਸਾਰੇ ਪ੍ਰਸੰਸਾ ਕਰ ਰਹੇ ਹਨ ਜੋ ਹੋਣੀ ਚਾਹੀਦੀ ਵੀ ਹੈ ਤਾਂ ਜੋ ਸਾਰੇ ਉੱਚ ਅਧਿਕਾਰੀ ਵੀ ਇਸ ਤਰ੍ਹਾਂ ਦੀ ਭਾਵਨਾ ਨਾਲ ਕੰਮ ਕਰਨ ਲਈ ਅੱਗੇ ਆਉਣ ।ਪੰਜਾਬ ਨੂੰ ਭਾਵੇਂ ਕਈ ਕਾਰਨਾਂ ਕਰਕੇ ਹੜ੍ਹਾਂ ਦੀ ਮਾਰ ਵਾਰ ਵਾਰ ਝੱਲਣੀ ਪੈ ਰਹੀ ਹੈ , ਇਹ ਉੱਚ ਪੱਧਰੀ ਜਾਂਚ ਦਾ ਵਿਸ਼ਾ ਹੈ ਤਾਂ ਕਿ ਅੱਗੇ ਤੋਂ ਏਨਾ ਵੱਡਾ ਨੁਕਸਾਨ ਨਾ ਹੋਵੇ ।ਦਰਿਆਵਾਂ , ਨਦੀਆਂ , ਨਾਲਿਆਂ ਆਦਿ ਨਾਲ ਸਬੰਧਤ ਮਹਿਕਮੇ ਵਲੋਂ ਸਮੇਂ ਸਮੇਂ ਸਿਰ ਲੋਕਾਂ ਦੇ ਨਜਾਇਜ਼ ਕਬਜੇ , ਨੀਵੇਂ ਥਾਵਾਂ ਤੇ ਉਸਾਰੀ ਆਦਿ ਨੂੰ ਰੋਕਣ ਲਈ ਕੋਈ ਠੋਸ ਕਾਇਦੇ ਕਾਨੂੰਨ ਬਣਾਏ ਜਾਣ ।ਬਹੁਤਾਤ ਵਿੱਚ ਸੜਕਾਂ ਦੇ ਕੰਢੇ ਕਾਲੋਨੀਆਂ , ਮਲਟੀ ਸਟੋਰੀ ਕੰਪਲੈਕਸ , ਮਾਲ ਆਦਿ ਉਸਰ ਗਏ ਹਨ ।ਇਹ ਵੀ ਪਾਣੀ ਦੇ ਵਹਾਅ ਨੂੰ ਰੋਕ ਕੇ ਹੜ੍ਹਾਂ ਦੀ ਸਥਿਤੀ ਪੈਦਾ ਕਰਨ ਦੇ ਕਾਰਨ ਬਣ ਰਹੇ ਹਨ । ਹੜ੍ਹਾਂ ਤੋਂ ਬਾਅਦ ਇਨ੍ਹਾਂ ਲੋਕਾਂ ਲਈ ਅਜੇ ਬਹੁਤ ਕੁਝ ਕਰਨਾ ਜਰੂਰੀ ਹੈ ।ਜਿੰਨਾ ਪੈਸਾ ਹੁਣ ਹੜ੍ਹ ਪੀੜਤਾਂ ਲਈ ਦਿੱਤਾ ਜਾ ਰਿਹਾ ਇਸ ਨਾਲ ਤਾਂ ਹੜ੍ਹਾਂ ਦੇ ਬਚਣ ਤੋਂ ਉਪਾਅ ਕਰਨ ਉੱਪਰ ਲੱਗਣਾ ਨਹੀਂ ਸੀ , ਜੋ ਜਾਨੀ ਨੁਕਸਾਨ ਹੋਇਆ ਉਸਦੀ ਭਰਪਾਈ ਨਹੀਂ ਹੋ ਸਕਦੀ । ਹਰੇਕ ਸਾਲ ਪੜਾਅ ਵਾਰ ਦਰਿਆਵਾਂ , ਨਦੀਆਂ ਆਦਿ ਨੂੰ ਪਾਣੀ ਦੇ ਲੰਘਣ ਯੋਗ ਬਣਾਉਣ ਲਈ ਜੇ ਕਰ ਕੰਮ ਇਮਾਨਦਾਰੀ ਨਾਲ ਕੀਤਾ ਜਾਵੇ ਤਾਂ ਭਵਿੱਖ ਵਿੱਚ ਹੜ੍ਹਾਂ ਦੀ ਮਾਰ ਤੋਂ ਬਚਿਆ ਜਾ ਸਕਦਾ ਹੈ । ਸਰਕਾਰਾਂ ਵਲੋਂ ਕਰੋੜਾਂ ਦੀਆਂ ਗ੍ਰਾਂਟਾਂ , ਫੰਡ ਜਾਰੀ ਹੋ ਗਏ ਪਰ ਪ੍ਰਭਾਵਿਤ ਲੋਕਾਂ ਤੱਕ ਪਹੁੰਚਣੇ ਜਰੂਰੀ ਨੇ , ਕਿਉਂ ਕਿ ਸਰਕਾਰ ਤੋਂ ਵੱਧ ਕੰਮ ਪੰਜਾਬੀਆਂ ਨੇ ਆਪਣੇ ਪੱਧਰ ਉੱਪਰ ਹੀ ਕਰ ਦਿੱਤਾ ਹੈ , ਹੋਰ ਕਰਨਗੇ ਵੀ । ਇਹੋ ਜਿਹੇ ਕਾਰਜਾਂ ਲਈ ਸਰਕਾਰੀ ਫੰਡਾਂ ਵਿੱਚੋਂ ਜਾਰੀ ਹੋਇਆ ਬਹੁਤ ਸਾਰਾ ਪੈਸਾ ਰਸਤੇ ਵਿੱਚ ਹੀ ਖੁਰਦ ਬੁਰਦ ਪਹਿਲਾਂ ਹੁੰਦਾ ਰਿਹਾ ਹੈ , ਹੁਣ ਇਹੋ ਜਿਹਾ ਨਾ ਹੋਵੇ ਤਾਂ ਚੰਗੀ ਗੱਲ ਹੋਵੇਗੀ ,ਸਰਕਾਰ ਦਾ ਕੰਮ ਸਭ ਨੂੰ ਦਿੱਸਣਾ ਚਾਹੀਦਾ ।ਸੱਚੇ ਪਾਤਿਸ਼ਾਹ ਸਾਰਿਆਂ ਨੂੰ ਪਹਿਲਾਂ ਦੀ ਤਰ੍ਹਾਂ ਖੁਸ਼ਹਾਲ ਜੀਵਨ ਬਖਸ਼ਣ ।
ਮੇਜਰ ਸਿੰਘ ਨਾਭਾ , ਮੋ. 9463553962