ਹਰ ਇਨਸਾਨ ਨੂੰ ਆਪਣੇ ਬੱਚਿਆਂ ਤੇ ਮਾਣ ਮਹਿਸੂਸ ਹੁੰਦਾ ਹੈ। ਹਰ ਵਿਅਕਤੀ ਨੂੰ ਇਹ ਵੀ ਲੱਗਦਾ ਹੈ ਕਿ ਮੇਰਾ ਬੱਚਾ ਸਭ ਤੋਂ ਲਾਇਕ ਤੇ ਸਮਝਦਾਰ ਹੈ। ਇਵੇਂ ਹੀ ਮਾਸਟਰ ਗੁਰਮੇਲ ਸਨੀ ਸੇਖੂਵਾਸ ਨੂੰ ਵੀ ਫ਼ਕਰ ਹੈ ਕਿ ਉਸ ਦਾ ਬੇਟਾ ਨਵਦੀਪ ਸਿੰਘ ਦੀਪੂ ਬਹੁਤ ਸੁਹਿਰਦ , ਸਿਆਣਾ , ਸੂਝਵਾਨ ਤੇ ਸਮਝਦਾਰ ਹੈ। ਵਕਤ ਨੇ ਸਾਗ਼ਰ ਦੀਆਂ ਲਹਿਰਾਂ ਵਾਂਗ ਬੜੇ ਥਪੇੜੇ ਮਾਰੇ ਪਰ ਸਮੇਂ ਦੀਆਂ ਬੇਦਰਦ ਪੀੜਾਂ , ਦੁੱਖਾਂ, ਤਕਲੀਫਾਂ ਅਤੇ ਵਕਤੀ ਠੋਕਰਾਂ ਨੇ ਉਸਨੂੰ ਸਹਿਣਸ਼ੀਲ ਬਣਾ ਦਿੱਤਾ। ਗੁਰਮੇਲ ਦੇ ਕਹਿਣ ਮੁਤਾਬਿਕ ਸਰਾਪੇ ਤੇ ਸੰਤਾਪੇ ਵਰ੍ਹਿਆਂ ਨੇ ਦੀਪੂ ਦੀ ਰੂਹ ਨੂੰ ਜ਼ਖ਼ਮੀ ਤਾਂ ਕੀਤਾ ਪਰ ਉਸਨੂੰ ਸੰਵੇਦਨਸ਼ੀਲ ਵੀ ਬਣਾ ਦਿੱਤਾ। ਵਕਤੀ ਸਿਆਣਪ ਨੇ ਹੀ ਉਸਨੂੰ ਨਿਆਣੀ ਉਮਰੇ ਇੱਕ ਸਮਰੱਥ ਵਹਿੰਗੀ ਉਠਾਉਣ ਵਾਲਾ ਸਰਵਣ ਪੁੱਤ ਬਣਾ ਦਿੱਤਾ।
ਗੁਰਮੇਲ ਕਹਿੰਦਾ ਹੈ ਕਿ ਬੀਤ ਚੁੱਕੀਆਂ ਰਾਤਾਂ, ਪੱਤਣੋਂ ਲੰਘੇ ਪਾਣੀ ਤੇ ਵਿਛੜ ਗਏ ਸਾਥੀ ਭਾਵੇਂ ਕਦੇ ਵਾਪਸ ਨਹੀਂ ਆਉਂਦੇ ਪਰ ਜੋ ਉਸ ਕੋਲ ਹੁੰਦੇ ਹਨ ਤੇ ਉਹ ਉਸ ਦੀ ਜ਼ਿੰਦਗੀ ਦਾ ਸਰਮਾਇਆ ਹੁੰਦੇ ਹਨ ,ਉਹਨਾਂ ਸਹਾਰੇ, ਜ਼ਿੰਦਗੀ ਹਾਦਸਿਆਂ ਵਿੱਚੋਂ ਨਿਕਲ ਕੇ ਵੀ, ਸ਼ਾਹਰਾਹਾਂ ਉੱਤੇ ਤੁਰ ਪੈਂਦੀ ਹੈ ,ਆਪਣੀ ਯਾਤਰਾ ਕਰਨ ਲਈ। ਪਤਨੀ ਦੀ ਮੌਤ ਤੋਂ ਬਾਅਦ ਸਨੀ ਨੂੰ ਇੱਕ ਮੋਢੇ ਦੀ ਤਲਾਸ਼ ਸੀ ,ਜਿਸ ਤੇ ਸਿਰ ਰੱਖ ਕੇ ਉਹ ਰੋ ਸਕੇ , ਵਿਰਲਾਪ ਕਰ ਸਕੇ ਅਤੇ ਦਿਲ ਦਾ ਗੁਬਾਰ ਕੱਢ ਸਕੇ। ਦੀਪੂ ਨੇ ਉਸਨੂੰ ਉਹ ਮੋਢਾ ਦਿੱਤਾ। ਉਹ ਕਹਿੰਦਾ ਹੈ ਕਿ ਉਸਦੇ ਮਨ ਦਾ ਬੇਹੱਦ ਭਾਰ ਹਲਕਾ ਕੀਤਾ। ਵਕਤ ਦੇ ਬੀਤਣ ਨਾਲ ਭਾਵੇਂ ਹਰ ਚੀਸ ਕਮਜ਼ੋਰ ਹੋ ਜਾਂਦੀ ਹੈ ਪਰ ਦੀਪੂ ਦਾ ਮੋਹ ਤੇ ਪਿਆਰ ਉਸ ਲਈ ਨਿਆਮਤ ਸੀ ਜਿਸ ਨੇ ਉਸਨੂੰ ਹਰ ਹਾਲਾਤ ਵਿੱਚ ਵੀ ਤੰਦਰੁਸਤ ਤੇ ਤਾਕਤਵਰ ਬਣਾ ਕੇ ਰੱਖਿਆ।
ਸਨੀ ਕਹਿੰਦਾ ਹੈ," ਦੀਪੂ ਬੱਚਿਆਂ ਨਾਲ ਬੱਚਿਆਂ ਵਰਗਾ , ਨੌਜੁਵਾਨਾਂ ਨਾਲ ਉਹਨਾਂ ਵਰਗਾ ਤੇ ਬਜ਼ੁਰਗਾਂ ਨਾਲ ਬਜੁ਼ੁਰਗਾਂ ਵਰਗਾ ਹੋ ਜਾਂਦਾ ਹੈ। ਉਹ ਹਰ ਵਿਸ਼ੇ ਤੇ ਹਰ ਵਰਗ ਦੇ ਲੋਕਾਂ ਨਾਲ ਵਿਅਕਤੀ ਵਿਸ਼ੇਸ਼ ਅਨੁਸਾਰ ਗੱਲਾਂਬਾਤਾਂ ਕਰ ਲੈਂਦਾ ਹੈ। ਉਹ ਹਮੇਸ਼ਾ ਘਰ ਆਏ ਮਹਿਮਾਨਾਂ ਦਾ ਖਿੜੇ ਮੱਥੇ ਸਵਾਗਤ ਕਰਦਾ ਹੈ। ਕਦੇ ਮੱਥੇ ਵੱਟ ਨਹੀਂ ਪਾਉਂਦਾ। ਜਦੋਂ ਕਿ ਚਾਹ ਪਾਣੀ , ਰੋਟੀ ਟੁੱਕ ਅਤੇ ਭਾਂਡਾ ਠੀਕਰ ਇਤਿਆਦਿ ਸਾਰੇ ਘਰ ਦੇ ਕੰਮ ਉਸਨੂੰ ਖੁਦ ਕਰਨੇ ਪੈਂਦੇ ਹਨ। ਘਰ ਆਏ ਪ੍ਰਾਹੁਣੇ ਵੀ ਉਸਦੀ ਸੰਵੇਦਨਾ ਤੇ ਸੂਖ਼ਮਤਾ ਨੂੰ ਬਹੁਤ ਸਲਾਹੁੰਦੇ ਹਨ।"
ਗੁਰਮੇਲ ਆਪਣੇ ਪੁੱਤਰ ਬਾਰੇ ਦੱਸਦਾ ਹੈ ਕਿ ਉਸਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸੌ਼ੌਕ ਹੈ। ਉਹ ਉੱਚ ਪੱਧਰੀ ਸਾਹਿਤ ਪੜ੍ਹਦਾ ਹੈ। ਹੁਣ ਤੱਕ ਉਸ ਨੇ ਸੈਂਕੜੇ ਪੁਸਤਕਾਂ ਪੜ੍ਹੀਆਂ ਹਨ। ਵਿਸ਼ਵ ਪੱਧਰ ਦੀਆਂ ਕਿਤਾਬਾਂ ਜਿਨ੍ਹਾਂ ਵਿੱਚ The Alchemist by Paulo Coelho, Crime and Punishment by Fyodor Dostoevsky, Das Capital and The Communist Manifesto by Karl Marx, The Courage to be Disliked by Fumitake Koga, Godan by Munshi Prem Chand, David Copperfirld by Charles Dickens, The Selfish Gene by Richard Dawkins, Man Search for Meaning by Viktor E. Frankl.
ਇਹਨਾਂ ਤੋਂ ਇਲਾਵਾ ਪੰਜਾਬੀ ਵਿੱਚ ਬਹੁਤ ਸਾਰਾ ਸਾਹਿਤ ਵੀ ਪੜ੍ਹਿਆ ਹੈ। ਗੁਰਮੇਲ ਦੱਸਦਾ ਹੈ ਕਿ ਇੱਕ ਵਾਰ ਗੀਤਕਾਰ, ਲੇਖਕ ਤੇ ਕਲਾਕਾਰ ਜਗਦੀਸ਼ ਪਾਪੜਾ ਨੇ ਆਪਣੀ ਪੁਸਤਕ ‘ਲਿਓਨਾਰਦੋ ਦਾ ਵਿੰਚੀ’ ਪੜ੍ਹਨ ਲਈ ਉਸ ਕੋਲ ਭੇਜੀ। ਉਸ ਦੇ ਪੁਸਤਕ ਪੜ੍ਹਨ ਤੋਂ ਪਹਿਲਾਂ ਹੀ ਲਿਓਨਾਰਦੋ ਦਾ ਵਿੰਚੀ ਬਾਰੇ ਸਾਰੀ ਕਹਾਣੀ ਉਸਨੂੰ ਸੁਣਾ ਦਿੱਤੀ। ਜਦੋਂ ਉਸਨੇ ਉਹ ਪੁਸਤਕ ਪੜ੍ਹੀ ਦੀਪੂ ਵੱਲੋਂ ਦਿੱਤੀ ਜਾਣਕਾਰੀ ਬਿਲਕੁਲ ਦਰੁਸਤ ਸੀ। ਉਹ ਕਹਿੰਦਾ ਹੈ ਕਿ ਵਿਸ਼ਵ ਵਿਆਪੀ ਸਾਹਿਤ ਬਾਰੇ ਘਰ ਆਏ ਮਹਿਮਾਨਾਂ ਨਾਲ ਵੀ ਉਹ ਕਦੇ ਤੇਜ਼ ਪ੍ਰਵਾਹ ਨਾਲ ਗੱਲਬਾਤ ਕਰਦਾ ਹੈ, ਕਦੇ ਬੜੇ ਠਰ੍ਹਮੇ ਨਾਲ,ਕਈ ਵਿਸ਼ਿਆਂ ਨੂੰ ਸੰਖੇਪ ਜਿਹਾ ਵੀ ਛੂਹ ਲੈਂਦਾ ਹੈ ਤੇ ਕਈਆਂ ਉਪਰ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕਰ ਲੈਂਦਾ ਹੈ। ਧਰਮ , ਰਾਜਨੀਤੀ ਅਤੇ ਫਿਲਾਸਫੀ ਉਪਰ ਉਸਦੀ ਚੰਗੀ ਪਕੜ ਹੈ।
19 – 09 – 2025 ਨੂੰ ਦੀਪੂ ਪੂਰੇ ਪੱਚੀ ਵਰ੍ਹਿਆਂ ਦਾ ਹੋ ਜਾਵੇਗਾ। ਉਸਦੇ ਪਿਤਾ ਗੁਰਮੇਲ ਸਨੀ ਸੇਖੂਵਾਸ, ਉਸਦੇ ਸਨੇਹੀਆਂ, ਮਿੱਤਰਾਂ ਤੇ ਸਾਡੇ ਸਾਰਿਆਂ ਵੱਲੋਂ ਦੀਪੂ ਨੂੰ ਹਰ ਦਿਨ ਮੁਬਾਰਕ, ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।
ਮਾਸਟਰ ਪਰਮਵੇਦ
ਤਰਕਸ਼ੀਲ ਆਗੂ
ਤਰਕਸ਼ੀਲ ਸੁਸਾਇਟੀ ਪੰਜਾਬ
9417422349