ਸਿੱਖਿਆ ਸੁਧਾਰਾਂ ਦੀ ਗੱਲ ਪਿਛਲੇ ਕਈ ਦਹਾਕਿਆਂ ਤੋਂ ਚਲ ਰਹੀ ਹੈ । ਪੰਜਾਬ ਅੰਦਰ ਇਸ ਸਰਕਾਰ ਨੇ ਸਿਹਤ ਅਤੇ ਸਿੱਖਿਆ ਸੁਧਾਰ ਦੇ ਮੁੱਦੇ ਨੂੰ ਪਹਿਲ ਦੇਣ ਲਈ ਅਹਿਦ ਕੀਤਾ ਸੀ , ਸਰਕਾਰ ਨੇ ‘ਸਿੱਖਿਆ ਕ੍ਰਾਂਤੀ’ ਦਾ ਆਗਾਜ਼ ਕੀਤਾ ਹੈ ਪਰ ਇਹ ਤਾਂ ਅਜੇ ਸਕੂਲਾਂ ਵਿੱਚ ਪੂਰਾ ਸਟਾਫ ਦੇਣ ਲਈ ਵਿੱਚ ਸਫਲ ਨਹੀਂ ਹੋਈ , ਅਗਲੇ ਦੋ ਸਾਲਾਂ ਵਿੱਚ ਅਧਿਆਪਕਾਂ ਦੀ ਸੇਵਾ ਮੁਕਤੀ ਵੱਡੀ ਗਿਣਤੀ ਵਿੱਚ ਹੋਣ ਜਾ ਰਹੀ ਹੈ , ਉਸ ਨਾਲ ਹੋਰ ਪੋਸਟਾਂ ਖਾਲੀ ਹੋ ਜਾਣੀਆਂ ਹਨ । ਤਾਜ਼ਾ ਸਥਿਤੀ ਮੁਤਾਬਕ ‘ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ’ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਕੁਲ 1927 ਪ੍ਰਿੰਸੀਪਲਾਂ ਵਿੱਚੋਂ 943 ਹੀ ਪ੍ਰਿੰਸੀਪਲ ਕੰਮ ਕਰ ਰਹੇ ਹਨ ਤਕਰੀਬਨ 51 ਪ੍ਰਤੀਸ਼ਤ ਸਕੂਲ ਪ੍ਰਿੰਸੀਪਲਾਂ ਤੋਂ ਸੱਖਣੇ ਹੋਣ ਕਰਕੇ ਸੀਨੀਅਰ ਅਧਿਆਪਕ ਹੀ ਸਕੂਲ ਮੁੱਖੀ ਦੀ ਜ਼ਿੰਮੇਵਾਰੀ ਨਿਭਾ ਰਹੇ ਹਨ ਅਤੇ ਰੈਗੂਲਰ ਪ੍ਰਿੰਸੀਪਲਾਂ ਨੂੰ ਕਈ ਕਈ ਸਕੂਲਾਂ ਦੀਆਂ ਡੀ.ਡੀ.ੳ. ਪਾਵਰਜ਼ ਦਿੱਤੀਆਂ ਹੋਈਆਂ ਹਨ ।ਇਹੋ ਜਿਹੇ ਸਕੂਲ਼ ਇੰਚਾਰਜਾਂ ਦੇ ਆਪਣੇ ਵਿਸ਼ੇ ਦੇ ਬੱਚਿਆਂ ਦੀ ਪੜ੍ਹਾਈ ਸਕੂਲ ਦੇ ਪ੍ਰਬੰਧ ਕਰਨ ਸਦਕਾ ਪ੍ਰਭਾਵਿਤ ਹੁੰਦੀ ਹੈ । ਮਾਨਸਾ ਜਿਲ੍ਹੇ ਵਿੱਚ ਅੰਕੜੇ ਜੋ ਦੱਸੇ ਹਨ ਉਸ ਅਨੁਸਾਰ ਕਰੀਬ 82 ਪ੍ਰਤੀਸ਼ਤ ਪ੍ਰਿੰਸੀਪਲਾਂ ਦੀਆਂ ਆਸਾਮੀਆਂ ਖਾਲੀ ਹਨ ਜੋ ਸਿੱਖਿਆਂ ਸੁਧਾਰਾਂ ਲਈ ਚਿੰਤਾ ਦਾ ਵਿਸ਼ਾ ਹੈ । ਮੁੱਖ ਅਧਿਆਪਕ ਵੀ ਹਾਈ ਸਕੂਲਾਂ ਵਿੱਚ ਪੂਰੇ ਨਹੀਂ । ਬਾਕੀ ਵਿਸ਼ਿਆਂ ਦੇ ਅਧਿਆਪਕਾਂ ਦੀ ਘਾਟ ਤਾਂ ਹੈ ਹੀ , ਇਸ ਨੂੰ ਪੂਰੀ ਕਰਨ ਲਈ ਕੋਈ ਠੌਸ ਕਦਮ ਅਜੇ ਤੱਕ ਸਰਕਾਰ ਵਲੋਂ ਨਹੀਂ ਚੁੱਕੇ ਗਏ ਜਿਸ ਕਾਰਨ ਬੱਚਿਆਂ ਦੀ ਪੜ੍ਹਾਈ ਉੱਪਰ ਮਾੜਾ ਅਸਰ ਪੈਣਾ ਹੀ ਹੈ । ਬਾਕੀ ਸੁਧਾਰਾਂ ਦੀ ਗੱਲ ਤਾਂ ਅਜੇ ਦੂਰ ਹੈ , ਜਦੋਂ ਕਿ ਸਰਕਾਰ ਦਾ ਸਮਾਂ ਸਿਰਫ ਡੇਢ ਸਾਲ ਤੋਂ ਵੀ ਘੱਟ ਰਹਿ ਗਿਆ ਹੈ ।ਕਿਸੇ ਵੀ ਅਦਾਰੇ ਦੀ ਸਫਲਤਾ , ਤਰੱਕੀ ਲਈ ਉਸ ਦੇ ਪ੍ਰਬੰਧਕ ਦਾ ਹੋਣਾ ਜਰੂਰੀ ਹੈ । ਸਕੂਲ ਦੇ ਪ੍ਰਬੰਧ ਨੂੰ ਵਧੀਆ ਤਰੀਕੇ ਨਾਲ ਚਲਾਉਣ ਲਈ ਸਕੂਲ ਮੁੱਖੀਆਂ ਦਾ ਅਹਿਮ ਰੋਲ ਹੈ ।ਸਿੱਖਿਆ ਵਿਭਾਗ ਵਿੱਚ ਸੁਧਾਰਾਂ ਨੂੰ ਲੈ ਕੇ ਪਿਛਲੇ ਸਮੇਂ ਤੋਂ ਨਵੇਂ ਨਵੇਂ ਤਜ਼ਰਬੇ ਕੀਤੇ ਜਾ ਰਹੇ ਹਨ ਪਰ ਕੋਈ ਵਧੀਆ ਨਤੀਜੇ ਸਾਹਮਣੇ ਨਹੀਂ ਆਏ । ਜਦੋਂ ਕਿਸੇ ਵਿਭਾਗ ਦਾ ਮੁੱਖੀ ਇਮਾਨਦਾਰ ਕੁਸ਼ਲ ਪ੍ਰਬੰਧਕ ਆ ਜਾਵੇ ਤਾਂ ਬਹੁਤ ਸਾਰੇ ਮਸਲੇ ਆਪਣੇ ਆਪ ਹੱਲ ਹੋ ਜਾਂਦੇ ਹਨ।ਸਕੂਲ ਪੱਧਰ ਦੀ ਗੱਲ ਕਰੀਏ ਤਾਂ ਸਕੂਲ ਮੁੱਖੀ ਦੀਆਂ ਜ਼ਿੰਮੇਵਾਰੀਆਂ ਵੀ ਘੱਟ ਨਹੀਂ ।ਸਕੂਲ ਦੇ ਸਾਰੇ ਸਟਾਫ ਨੂੰ ਜਿਹੜਾ ਸਕੂਲ ਮੁੱਖੀ ਆਪਣੇ ਨਾਲ ਲੈ ਕੇ ਚਲਦਾ ਹੈ ਉਹ ਸਕੂਲ ਦੇ ਸਟਾਫ ਨੂੰ ਪੜ੍ਹਾਈ ਦਾ ਵਧੀਆ ਮਾਹੌਲ ਦੇ ਸਕਦਾ ਹੈ।
ਬਹੁਤ ਸਾਰੇ ਸਕੂਲ ਮੁੱਖੀ ਬਹੁਤ ਸਿਆਣਪ ਨਾਲ ਸਾਰੇ ਸਟਾਫ ਨੂੰ ਨਾਲ ਲੈ ਕੇ ਸਕੂਲ ਦੀ ਬਿਹਤਰੀ ਲਈ ਸਾਰੇ ਕੰਮ ਸਮੇਂ ਸਿਰ ਕਰਦੇ ਹਨ ।ਅਧਿਆਪਕਾਂ ਦੇ ਏ.ਸੀ.ਪੀ. ਕੇਸ, ਪਰਖ ਸਮਾਂ, ਕਨਫਰਮੇਸ਼ਨ ਕੇਸ ਆਦਿ ਸਕੂਲ ਪੱਧਰ ਤੇ ਨਿਪਟਾਰਾ ਕਰਨ ਲਈ ਸਕੂਲ ਮੁੱਖੀਆਂ ਨੂੰ ਸ਼ਕਤੀਆਂ ਦੇ ਦਿੱਤੀਆਂ ਗਈਆਂ ਹਨ , ਇਹ ਸਾਰਾ ਕੁਝ ਸਕੂਲ ਮੁੱਖੀ ਦੇ ਹੋਣ ਸਦਕਾ ਹੀ ਆਸਾਨੀ ਨਾਲ ਹੋ ਸਕੇਗਾ ।ਇੱਕ ਕੁਸ਼ਲ ਸਕੂਲ ਮੁੱਖੀ ਸਮੇਂ ਸਿਰ ਪਹਿਲ ਦੇ ਆਧਾਰ ਤੇ ਆਪਣੀ ਜ਼ਿੰਮੇਵਾਰੀ ਸਮਝ ਕੇ ਸਾਰੇ ਕੰਮ ਕਰਦਾ ਹੈ,ਕਿਉਂ ਕਿ ਇਹ ਕੰਮ ਕਰਨੇ ਤਾਂ ਪੈਣੇ ਹੀ ਹਨ ਤਾਂ ਫੇਰ ਲੇਟ ਕਿਉਂ ਕੀਤਾ ਜਾਵੇ।
ਬਹੁਤ ਸਾਰੇ ਸਕੂਲਾਂ ਵਿੱਚ ਲੇਡੀ ਸਕੂਲ ਮੁੱਖੀ ਜੈਂਟਸ ਸਕੂਲ਼ ਮੁੱਖੀਆਂ ਤੋਂ ਵੀ ਵਧੀਆ ਕੰਮ ਕਰ ਰਹੇ ਹਨ। ਸ.ਸ.ਸ.ਸ. ਦੰਦਰਾਲਾ ਢੀਂਡਸਾ (ਪਟਿਆਲਾ) ਵਿਖੇ ਸਕੂਲ਼ ਕਈ ਵਾਰ ਜਾਣ ਦਾ ਮੌਕਾ ਮਿਲਿਆਂ ਇਥੇ ਪ੍ਰਿੰਸੀਪਲ ਦੀ ਪੋਸਟ ਖਾਲੀ ਹੈ , ਸਕੂਲ ਦੀ ਸੀਨੀਅਰ ਲੈਕਚਰਾਰ ਮੈਡਮ ਦਲਜੀਤ ਕੌਰ ਸਕੂਲ ਨੂੰ ਵਧੀਆ ਤਰੀਕੇ ਨਾਲ ਚਲਾ ਰਹੇ ਹਨ । ਉਨ੍ਹਾਂ ਸਕੂਲ ਦੇ ਬੱਚਿਆਂ ਲਈ ‘ਮੇਰਾ ਸਕੂਲ ਵੈਲਫੇਅਰ ਸੋਸਾਇਟੀ’ ਦੰਦਰਾਲਾ ਢੀਂਡਸਾ ਦੇ ਸਹਿਯੋਗ ਨਾਲ ਸਾਰੇ ਬੱਚਿਆਂ ਨੂੰ ਸਰਦੀ ਤੋਂ ਬਚਣ ਲਈ ਜੈਕਟਾਂ ਦੇਣ , ਗਰੀਬ ਬੱਚਿਆ ਦੀ ਫੀਸ਼ ਮੁਆਫ ਕਰਨਾ , ਸਕੂਲ਼ ‘ ਚ ਸਵੇਰ ਦੀ ਸਭਾ ਲਈ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਤੋਂ ਗ੍ਰਾਂਟ ਜਾਰੀ ਕਰਵਾ ਸੈੱਡ ਬਣਵਾਉਣਾ , ਸਕੂਲ ਦੇ ਗੇਟ ਦਾ ਨਵੀਨੀਕਰਨ , ਸਾਲਾਨਾ ਫੰਕਸ਼ਨ ‘ਚ ਟਾਪਰ ਬੱਚਿਆਂ ਨੂੰ ਇਨਾਮ ਦੇਣਾ , ਅਧਿਆਪਕ ਦਿਵਸ਼ ਤੇ ਸਾਰੇ ਅਤੇ ਸੇਵਾ ਮੁਕਤ ਅਧਿਆਂਪਕਾਂ ਦਾ ਵਿਸ਼ੇਸ਼ ਸਨਮਾਨ ਕਰਨਾ , ਸਕੂਲ ਮੈਗਜ਼ੀਨ ਪ੍ਰਕਾਸ਼ਿਤ ਕਰਨ ਵਰਗੇ ਕੰਮ ਕਰ ਕੇ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ ਹੈ , ਫਿਰ ਕਿਉਂ ਨਹੀਂ ਇਹੋ ਜਿਹੇ ਸੀਨੀਅਰ ਅਧਿਆਪਕਾਂ ਨੂੰ ਤਰੱਕੀ ਦੇ ਕੇ ਸਕੂਲ ਮੁੱਖੀ ਬਣਾਇਆ ਜਾਂਦਾ ? ਚੰਗਾ ਸਕੂਲ ਮੁੱਖੀ ਹਮੇਸ਼ਾਂ ਸਟਾਫ ਅਤੇ ਪਿੰਡ ਵਾਸੀਆਂ ਨਾਲ ਸ਼ਾਜ਼ਗਾਰ ਸਬੰਧ ਬਣਾ ਕੇ ਸਕੂਲ ਅਤੇ ਬੱਚਿਆਂ ਦੀ ਭਲਾਈ ਦੇ ਕੰਮ ਕਰ ਸਕਦਾ ਹੈ।ਬਹੁਤ ਸਾਰੇ ਸਕੂਲ ਮੁੱਖੀ ਸੱਚ ਮੁੱਚ ਕਾਬਿਲੇ-ਤਾਰੀਫ ਕੰਮ ਕਰਦੇ ਹਨ ਜਿਨ੍ਹਾਂ ਤੋਂ ਬਾਕੀਆਂ ਨੂੰ ਵੀ ਸੇਧ ਲੈਣੀ ਚਾਹੀਦੀ ਹੈ।ਸਿੱਧੀ ਭਰਤੀ ਰਾਹੀਂ ਨਵੇਂ ਨਿਯੁਕਤ ਹੋਏ ਮੁਖ ਅਧਿਆਪਕ , ਪਿੰਸੀਪਲ ਭਾਵੇਂ ਛੋਟੀ ਉਮਰੇ ਇਸ ਕੁਰਸੀ ਤੇ ਬੈਠੇ ਹਨ,ਪਰ ਉਨ੍ਹਾਂ ਅੰਦਰ ਸਕੂਲ ਪ੍ਰਤੀ ਹਰ ਕੰਮ ਜ਼ਿੰਮੇਵਾਰੀ ਨਾਲ ਕਰਨ ਦਾ ਜੋਸ਼ ਭਰਿਆ ਹੈ ।ਮੇਰੇ ਕੁਲੀਗ ਰਹੇ ਨਵ-ਨਿਯੁਕਤ ਮੁੱਖ ਅਧਿਆਪਕ ਸ਼੍ਰੀ ਕੁਲਵੀਰ ਸਿੰਘ ਸ.ਹ.ਸ. ਰਾਜਪੁਰਾ (ਸੰਗਰੂਰ) ਨੇ ਵੀ ਖੇਡਾਂ ਅਤੇ ਪੜ੍ਹਾਈ ਪੱਖੋਂ ਥੌੜ੍ਹੇ ਜਿਹੇ ਸਮੇਂ ਵਿੱਚ ਸਕੂਲ ਦੀ ਦਿੱਖ ਬਦਲ ਦਿੱਤੀ।ਉਹ ਉਂਝ ਵੀ ਹਰ ਪੱਖੋਂ ਜਾਗਰੂਕ ਹਨ , ਜਿਹੜੀਆਂ ਐਕਟੀਵਿਟੀਜ਼ ਆਮ ਸਕੂਲ ਨਹੀਂ ਕਰਾਉਂਦੇ ,ਉਹ ਕਰਵਾ ਕੇ ਬੱਚਿਆਂ ਅੰਦਰ ਨਵਾਂ ਜ਼ਜ਼ਬਾ ਭਰ ਦਿੰਦੇ ਹਨ।ਇਸੇ ਤਰ੍ਹਾਂ ਹੀ ਮੇਰੇ ਦੋਸਤ ਮਾ: ਭਗਵਾਨ ਹਾਂਸ਼ ਦੀ ਬੇਟੀ ਸਿੱਧੀ ਭਰਤੀ ਰਾਹੀਂ ਛੋਟੀ ਉਮਰੇ ਪ੍ਰਿੰਸੀਪਲ ਬਣ ਕੇ ਬੜੀ ਕਾਬਲੀਅਤ ਨਾਲ ਸ.ਸ.ਸ.ਸ. ਘਾਬਦਾਂ (ਸੰਗਰੂਰ) ਵਿਖੇ ਆਪਣੀਆਂ ਸਕੂਲ ਪ੍ਰਤੀ ਸੇਵਾਵਾਂ ਤੋਂ ਇਲਾਵਾ ਬਲਾਕ ਨੋਡਲ ਅਫਸਰ ਦੀ ਸੇਵਾ ਵੀ ਸੁੱਚਜੇ ਢੰਗ ਨਾਲ ਨਿਭਾ ਰਹੀ ਹੈ ।ਹੋਰ ਨਵੇਂ ਸਕੂਲ ਮੁੱਖੀ ਵੀ ਤਕਰੀਬਨ ਵਧੀਆ ਸੇਵਾਵਾਂ ਨਿਭਾ ਰਹੇ ਹਨ ।ਇਸ ਲਈ ਨਵੇਂ ਸਕੂਲ਼ ਮੁੱਖੀਆਂ ਦੀ ਤਰੱਕੀ ਜਾਂ ਸਿੱਧੀ ਭਰਤੀ ਨਾਲ ਭਰਤੀ ਕਰਕੇ ਪੰਜਾਬ ਦੇ ਸਾਰੇ ਸਕੂਲਾਂ ਨੂੰ ਸਕੂਲ ਮੁੱਖੀ ਦੇ ਕੇ ਸਿੱਖਿਆ ਦੇ ਮਿਆਰ ਨੂੰ ਸੱਚ ਮੁੱਚ ਉੱਚਾ ਚੁੱਕਿਆ ਜਾਵੇ ।ਸਿੱਖਿਆ ਕ੍ਰਾਂਤੀ ਤਾਂ ਹੀ ਸੰਭਵ ਹੋਵੇਗੀ ਜੇ ਸਕੂਲਾਂ ਅੰਦਰ ਸਭ ਤੋਂ ਪਹਿਲਾਂ ਸਾਰਾ ਸਟਾਫ ਭਰਤੀ ਕਰਕੇ ਪੂਰਾ ਕੀਤਾ ਜਾਵੇਗਾ , ਨਾਅਰੇ ਦੇਣ ਨਾਲ ਕੁਝ ਨਹੀਂ ਸੰਵਰਨਾ ।
—–ਮੇਜਰ ਸਿੰਘ ਨਾਭਾ ਮੋ:9463553962