ਕਿਸੇ ਨੇ ਸਾਥ ਸਾਡਾ ਨਾ ਨਿਭਾਇਆ ਮੁਸ਼ਕਿਲਾਂ ਅੰਦਰ,
ਜ਼ਿਕਰ ਫਿਰ ਛੇੜੀਏ ਕਿਸ ਦਾ ਅਸੀਂ ਹੁਣ
ਮਹਿਫਲਾਂ ਅੰਦਰ।
ਬਿਨਾਂ ਸੋਚੇ ਇਨ੍ਹਾਂ ਨੂੰ ਜਾਵੇ ਖਾਈ ਹਰ ਕੋਈ ਅੱਜ ਕੱਲ੍ਹ,
ਕੋਈ ਕੀ ਜਾਣੇ ਮਿਲਿਆ ਹੋਇਐ ਕੀ ਗੋਲੀਆਂ ਅੰਦਰ।
ਪਤਾ ਹੈ ਸਿਰਫ ਕਾਮੇ ਨੂੰ ਹੀ ਕਿੰਨੀ ਧੁੱਪ ਹੈ ਬਾਹਰ,
ਉਨ੍ਹਾਂ ਨੂੰ ਕੀ ਪਤਾ ਜੋ ਬੈਠੇ ਨੇ ਆਪਣੇ ਘਰਾਂ ਅੰਦਰ।
ਅਜਾਈਂ ਪਾਣੀ ਸੁੱਟਣ ਵਾਲੇ ਨਾ ਮੁੱਲ ਜਾਣਦੇ ਇਸ ਦਾ,
ਇਦ੍ਹਾ ਮੁੱਲ ਜਾਣਦੇ ਜੋ ਰਹਿੰਦੇ ਨੇ ਮਾਰੂਥਲਾਂ ਅੰਦਰ।
ਤੁਹਾਡੇ ਕੋਲੋਂ ਜੇ ਗਲਤੀ ਹੋਈ ਹੈ ਤਾਂ ਕਰਿਉ ਮੁੜ ਨਾ,
ਕਿਤੇ ਮਰ ਹੀ ਨਾ ਜਾਇਉ ਦੋਸਤੋ, ਪਛਤਾਵਿਆਂ ਅੰਦਰ।
ਮਨੁੱਖਾਂ ਤੋਂ ਉਹ ਅੱਗੇ ਲੰਘ ਗਈਆਂ ਨੇ ਹਰਿਕ
ਪਾਸੇ,
ਬਲੇ ਨੇ ਦੀਵੇ ਹਿੰਮਤ ਦੇ ਜਦੋਂ ਤੋਂ ਔਰਤਾਂ ਅੰਦਰ।
ਉਨ੍ਹਾਂ ਤੇ ਰਹਿਮਤਾਂ ਦਾ ਮੀਂਹ ਵਰਸੇ ਕਿਸ ਤਰ੍ਹਾਂ
‘ਮਾਨਾ’,
ਖ਼ੁਦਾ ਦੇ ਵਾਸਤੇ ਥਾਂ ਨ੍ਹੀ ਜਿਨ੍ਹਾਂ ਦੇ ਹਿਰਦਿਆਂ ਅੰਦਰ।
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ -144526
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ
ਫੋਨ 9915803554