ਪਾਪੇ ਨਾਲ ਮੈ ਗਿਆ ਸੀ ਮੇਲੇ।
ਜੋਕਰ ਇੱਕ ਬੈਠਾ ਵਿੱਚ ਠੇਲੇ।
ਜਦ ਭਾਈ ਸੀ ਚਾਬੀ ਲਾਉਂਦਾ।
ਨਾਲੇ ਜੋਕਰ ਢੋਲ ਵਜਾਉਂਦਾ।
ਮੁੱਛਾਂ ਕੁੰਢੀਆਂ ਸਿਰ ‘ਤੇ ਟੋਪੀ।
ਗੋਗੜ ਉਹਦੀ ਵਾਹਵਾ ਮੋਟੀ।
ਜਿਉਂ ਜਿਉਂ ਉਸ ਦਾ ਠੇਲਾ ਭੱਜੇ।
ਨਾਲ ਨਾਲ਼ ਉਹਦਾ ਢੋਲ ਵੀ ਵੱਜੇ।
ਮੈ ਕਿਹਾ ਪਾਪਾ ਏਹੋ ਜੋਕਰ ਲੈਣਾ।
ਹੋਰ ਖੇਡ ਨੂੰ ਮੈ ਨਹੀਂ ਕਹਿਣਾ।
ਝੱਗਾ ਖਿੱਚ ਪਾਪੇ ਨੂੰ ਰੋਕਾਂ।
ਪਤਾ ਨਹੀਂ ਕਦ ਮਿਲਣਾ ਮੌਕਾ।
ਜੋਕਰ ਠੇਲਾ ਲੱਗੇ ਵਧੀਆ।
ਮੈ ਪਾਪੇ ਨੂੰ ਪਾਇਆ ਕਜ਼ੀਆ।
ਮਹਿੰਗੇ ਮੁੱਲ ਲਿਆ ਖਿਡੋਣਾ।
ਵੇਖੀ ਜਾਵਾਂ ਲੱਗਦਾ ਸੋਹਣਾ।
ਰਾਤ ਨੂੰ ਮੈਨੂੰ ਨੀਂਦ ਨਾ ਆਵੇ।
‘ਪੱਤੋ’ ਚਾਅ ‘ਚ ਨਾ ਬੱਲਬ ਬੁਝਾਵੇ।
ਪਿੰਡ ਪੱਤੋ ਹੀਰਾ ਸਿੰਘ (ਮੋਗਾ)
ਫੋਨ ਨੰਬਰ 94658-21417