ਬਾਰ੍ਹਵੀਂ ਜਮਾਤ ਦੇ ਕਮਰੇ ਵਿੱਚ ਜਿਉਂ ਹੀ ਅਧਿਆਪਕ ਕਪਿਲ ਸ਼ਰਮਾ ਦਾਖਲ ਹੋਏ, ਵਿਦਿਆਰਥੀ ਘੁਸਰ-ਮੁਸਰ ਕਰ ਰਹੇ ਸਨ। ਉਨ੍ਹਾਂ ਨੇ ਆਉਂਦਿਆਂ ਹੀ ਸਭ ਨੂੰ ਚੁੱਪ ਕਰਨ ਨੂੰ ਕਿਹਾ, ਪਰ ਅਜੇ ਵੀ ਕੋਈ ਕੋਈ ਆਵਾਜ਼ ਆ ਰਹੀ ਸੀ। ਅਧਿਆਪਕ ਨੇ ਸਭ ਤੋਂ ਪਿੱਛੇ ਬੈਠੇ ਬਲਜੀਤ ਤੋਂ ਪੁੱਛਿਆ, “ਕਿਉਂ ਬਈ, ਕੀ ਗੱਲ ਹੈ? ਅੱਜ ਤੁਸੀਂ ਰੌਲਾ ਕਿਉਂ ਪਾ ਰਹੇ ਹੋ?”
“ਸਰ, ਸਾਰੀ ਜਮਾਤ ਸੋਚ ਰਹੀ ਹੈ ਕਿ ਅੱਗੇ ਸਾਡਾ ਕੀ ਬਣੇਗਾ?”
“ਕੀ ਮਤਲਬ?”
“ਸਰ, ਏਥੇ ਪੰਜਾਬ ਵਿੱਚ ਕੋਈ ਪੱਕੀ ਸਰਕਾਰੀ ਨੌਕਰੀ ਹੀ ਨਹੀਂ ਨਿਕਲ ਰਹੀ। ਏਸੇ ਲਈ ਸਾਰੇ ਕੈਨੇਡਾ, ਆਸਟ੍ਰੇਲੀਆ ਵਰਗੇ ਦੇਸ਼ਾਂ ‘ਚ ਜਾਣ ਦੀਆਂ ਵਿਉਂਤਾਂ ਬਣਾ ਰਹੇ ਨੇ!”
“ਤੇ ਤੂੰ ਕੀ ਸੋਚਿਐ?”
“ਸਰ, ਮੇਰੇ ਕੋਲ ਬਾਹਰ ਜਾਣ ਵਾਸਤੇ ਪੈਸੇ ਨਹੀਂ ਹਨ ਤੇ ਮੈਂ ਆਪਣੇ ਪਿਤਾ ਜੀ ਨਾਲ ਖੇਤੀ ਵਿੱਚ ਹੱਥ ਵਟਾਉਣ ਬਾਰੇ ਸੋਚ ਰਿਹਾ ਹਾਂ, ਪਰ…”
“ਪਰ ਕੀ…?”
“ਸਰ, ਸਰਕਾਰ ਕਿਸਾਨਾਂ ਤੋਂ ਕਿਸੇ ਨਾ ਕਿਸੇ ਬਹਾਨੇ ਜ਼ਮੀਨਾਂ ਖੋਹ ਰਹੀ ਹੈ, ਇਸਲਈ ਇਹ ਧੰਦਾ ਵੀ ਲਾਹੇਵੰਦ ਨਹੀਂ ਲੱਗ ਰਿਹਾ…।”
“ਤੇ ਤੂੰ ਮਨੋਜ! ਤੇਰਾ ਕੀ ਪ੍ਰੋਗਰਾਮ ਹੈ?”
“ਸਰ, ਮੇਰੇ ਡੈਡੀ ਦਾ ਫ਼ਾਜ਼ਿਲਕਾ ਵਿੱਚ ਕਿੰਨੂਆਂ ਦਾ ਬਹੁਤ ਵੱਡਾ ਬਾਗ ਸੀ, ਉਸ ਤੇ ਧਿਆਨ ਦੇਣ ਬਾਰੇ ਸੋਚ ਰਿਹਾ ਸਾਂ। ਪਰ ਹੁਣੇ ਆਏ ਹੜ੍ਹਾਂ ਵਿੱਚ ਉਹ ਸਾਰਾ ਬਾਗ ਬਰਬਾਦ ਹੋ ਗਿਆ ਹੈ।”
“ਫਿਰ ਕੀ ਹੋਇਆ? ਸਰਕਾਰ ਵੱਲੋਂ ਮਦਦ ਤਾਂ ਕੀਤੀ ਜਾ ਰਹੀ ਹੈ ਨਾ!”
“ਕਿੱਥੇ ਸਰ! ਇਹ ਤਾਂ ਐਵੇਂ ਅੱਖਾਂ ਪੂੰਝਣ ਵਾਲੀ ਗੱਲ ਹੈ। ਨਾਲੇ ਅਜੇ ਤਾਂ ਐਲਾਨ ਹੀ ਹੈ, ਕੀ ਪਤਾ ਕਦੋਂ ਉਹ ਪੈਸੇ ਪਹੁੰਚਣਗੇ। ਸਾਡੇ ਵਰਗਿਆਂ ਨੂੰ ਤਾਂ ਫਿਰ ਵੀ ਨਹੀਂ ਮਿਲਣੇ, ਪਹੁੰਚ ਵਾਲੇ ਲੈ ਜਾਣਗੇ।”
ਇਹ ਗੱਲਾਂ ਕਰਦਿਆਂ ਕਦੋਂ ਪੀਰੀਅਡ ਬੀਤ ਗਿਆ, ਪਤਾ ਹੀ ਨਾ ਲੱਗਿਆ। ਅਧਿਆਪਕ ਵੀ ਉਦਾਸ ਮਨ ਨਾਲ ਅਗਲੇ ਪੀਰੀਅਡ ਲਈ ਚੱਲ ਪਏ। ਉਨ੍ਹਾਂ ਦਾ ਆਪਣਾ ਹੀ ਹਾਲ ਅਜਿਹਾ ਸੀ। ਕੱਚੀ ਨੌਕਰੀ ਸੀ, ਕੀ ਪਤਾ ਕਦੋਂ ਜਵਾਬ ਮਿਲ ਜਾਏ!
~ ਪ੍ਰੋ. ਨਵ ਸੰਗੀਤ ਸਿੰਘ
1, ਲਤਾ ਗਰੀਨ ਐਨਕਲੇਵ, ਪਟਿਆਲਾ-147002.
(9417692015)