ਵਹਿਮਾਂ ਭਰਮਾਂ ਦੇ ਹਨੇਰੇ ਵਿਚੋਂ ਨਿਕਲ ਕੇ ਵਿਗਿਆਨਕ ਸੋਚ ਦੇ ਚਾਨਣ ਵਿੱਚ ਆਉਣ ਲਈ -ਦੇਵ ਪੁਰਸ਼ ਹਾਰ ਗਏ ਕਿਤਾਬ ਜ਼ਰੂਰ ਪੜ੍ਹੋ -ਮਾਸਟਰ ਪਰਮਵੇਦ
ਸਾਡੇ ਸਮਾਜ ਅੰਦਰ ਵਿਅਕਤੀ ਦੇ ਜਨਮ ਤੋਂ ਮਰਨ ਤੱਕ ਅੰਧਵਿਸ਼ਵਾਸ਼ , ਵਹਿਮਾਂ ਭਰਮਾਂ ਦਾ ਬੋਲਬਾਲਾ ਹੈ।ਇਕ ਕਹਾਣੀ ਰਾਹੀ ਸਮਝਦੇ ਹਾਂ ਕਿ ਇਹ ਵਹਿਮ ਭਰਮ ਕਿਵੇਂ ਬਣਦੇ ਹਨ।
ਇੱਕ ਔਰਤ ਦੇ ਬੱਚਾ ਪੈਦਾ ਹੋਣ ਵਾਲਾ ਸੀ,ਉਸ ਦੀ ਸੱਸ ਉਸਦਾ ਹਸਪਤਾਲ ਵਿੱਚ ਜਣੇਪਾ ਕਰਵਾਉਣ ਵਾਸਤੇ ਲਿਜਾਣ ਲਈ ਲੜਕੇ ਨੂੰ ਉਡੀਕ ਰਹੀ ਸੀ,ਜੋ ਗੱਡੀ ਲੈਣ ਗਿਆ ਸੀ।ਲੜਕਾ ਗੱਡੀ ਲੈ ਕੇ ਆ ਗਿਆ ਤਾਂ ਉਸ ਸਮੇਂ ਉਸਦੀ ਪਤਨੀ ਵਿਹੜੇ ਵਿੱਚ ਖੜੀ ਸੀ,ਵਿਹੜੇ ਵਿੱਚ ਕੋਠੇ ਉਪਰ ਕੱਪੜੇ ਪਾਉਣ ਵਾਲੀ ਤਾਰ ਉਪਰ ਬੈਠੇ ਕਾਂ ਨੇ ਉਸ ਉਤੇ ਵਿੱਠ ਕਰ ਦਿੱਤੀ ਤਾਂ ਸੱਸ ਕਹਿਣ ਲੱਗੀ, ‘ਬਦਸ਼ਗਨ ਹੋ ਗਿਆ ਹੈ,ਹੁਣ ਜ਼ਰੂਰ ਕੁੜੀ ਹੋਵੇਗੀ।’ ਲੜਕਾ ਕਹਿਣ ਲੱਗਾ, ‘ਮਾਂ,ਇਹੋ ਜਿਹੇ ਵਹਿਮ ਨਹੀ ਕਰੀਦੇ।’ ਹਸਪਤਾਲ ਪਹੁੰਚਣ ਤੇ ਔਰਤ ਨੇ ਲੜਕੇ ਨੂੰ ਜਨਮ ਦਿੱਤਾ।ਲੜਕਾ ਆਪਣੀ ਮਾਂ ਨੂੰ ਕਹਿਣ ਲੱਗਾ, ‘ਮਾਂ,ਮੈਂ ਤੈਨੂੰ ਆਖਿਆ ਸੀ ਇਹੋ ਜਿਹੇ ਵਹਿਮ ਭਰਮ ਨਹੀ ਕਰੀਦੇ,ਹੁਣ ਲੜਕਾ ਹੋਇਆ,ਆਈ ਕੋਈ ਸਮਝ।’
ਮਾਂ ਕਹਿੰਦੀ “ਹਾਂ ਪੁੱਤ,ਹੁਣ ਮੈਨੂੰ ਆਈ ਸਮਝ, ਜਦੋਂ ਕੋਈ ਕਾਂ ਜਣੇਪੇ ਵਾਲੀ ਔਰਤ ਉੱਪਰ ਵਿੱਠ ਕਰ ਦੇਵੇ ਤਾਂ ਲੜਕਾ ਪੈਦਾ ਹੁੰਦਾ ਹੈ,ਅਗਲੀ ਵਾਰ ਵੀ ਮੈਂ ਆਪਣੀ ਨੂੰਹ ਉਪਰ ਕਾਂ ਦੀ ਵਿੱਠ ਕਰਵਾ ਕੇ ਉਸ ਨੂੰ ਹਸਪਤਾਲ ਲਿਆਉਣ ਦੀ ਕੋਸ਼ਿਸ ਕਰਾਂਗੀ।”
ਲੜਕਾ ਸੋਚਣ ਲੱਗਾ ਮਾਂ ਨੂੰ ਸਮਝ ਆਵੇ ਜਾਂ ਨਾ, ਪਰ ਮੈਨੂੰ ਇਹ ਸਮਝ ਆ ਗਈ ਹੈ ਕਿ ਵਹਿਮ ਭਰਮ ਕਿਵੇਂ ਬਣਦੇ ਹਨ।ਇਸ ਤਰ੍ਹਾਂ ਅਨੇਕਾਂ ਵਹਿਮ- ਭਰਮ ਅਗਿਆਨਤਾ ਤੇ ਡਰ ਵਿੱਚੋਂ ਸਮਾਜ ਵਿੱਚ ਉਪਜਦੇ ਹਨ: ਜਿਵੇਂ ਨਜ਼ਰ ਲੱਗਣ,ਛਿੱਕ ਮਾਰਨ, ਬਿੱਲੀ ਦੇ ਰਸਤਾ ਕੱਟਣਾ,ਅੱਖ ਫਰਕਣ, ਹੱਥਾਂ ਤੇ ਖਾਰਸ਼ ਹੋਣ, ਮਨੋਕਲਪਿਤ ਭੂਤਾਂ -ਪ੍ਰੇਤਾਂ ਸੰਬੰਧੀ।
ਅੰਧਵਿਸ਼ਵਾਸਾਂ, ਵਹਿਮਾਂ ਭਰਮਾਂ ਤੋਂ ਨਿਕਲਣ ਲਈ ਤੇ ਵਿਗਿਆਨਕ ਸੋਚ ਦੇ ਧਾਰਨੀ ਬਣਨ ਲਈ ਡਾਕਟਰ ਇਬਰਾਹੀਮ ਟੀ ਕਾਵੂਰ ਦੀਆਂ ਲਿਖੀਆਂ ਤੇ ਪੰਜਾਬੀ ਵਿੱਚ ਅਨੁਵਾਦਿਕ: ਦੇਵ ਪੁਰਸ਼ ਹਾਰ ਗਏ ਤੇ ਦੇਵ ਦੈਂਤ ਤੇ ਰੂਹਾਂ ਕਿਤਾਬਾਂ ਪੜ੍ਹਨ ਦੀ ਲੋੜ ਹੈ।ਉਨਾਂ ਦੇ ਕਦਮਾਂ ਤੇ ਚਲਦੇ ਪੰਜਾਬ ਦੇ ਤਰਕਸ਼ੀਲਾਂ ਨੇ ਹਜ਼ਾਰਾਂ ਕੇਸ ਹਲ ਕੀਤੇ ਜਿਵੇਂ ਘਰਾਂ ਵਿੱਚ ਅਚਾਨਕ ਕਪੜਿਆਂ ਨੂੰ ਅੱਗ ਲਗਣ ਜਾਂ ਕੱਟੇ ਜਾਣਾ,ਖੂਨ ਦੇ ਛਿੱਟੇ ਵਜਣੇ,ਇੱਟਾਂ ਰੋੜੇ ਡਿੱਗਣ,ਰੁੱਖਾਂ ਵਿਚੋਂ ਦੁੱਧ ਸਿੰਮਣ,ਮੂਰਤੀਆਂ ਦਾ ਦੁੱਧ ਪੀਣ,ਗੁੱਤਾਂ ਜਾਂ ਵਾਲ ਕਟੇ ਜਾਣਾ, ਭੂਤ ਪ੍ਰੇਤ ਚੰਬੜਨਾ/ਵਿਖਾਈ ਦੇਣਾ ਆਦਿ। ਡਾਕਟਰ ਕਾਵੂਰ ਨੇ 1974 ਵਿੱਚ ਆਪਣੀ ਪਤਨੀ ਸ਼੍ਰੀ ਮਤੀ ਅੱਕਾ ਕਾਵੂਰ ਤੇ ਆਪਣਾ ਮ੍ਰਿਤਕ ਸਰੀਰ ਡਾਕਟਰੀ ਖੋਜਾਂ ਵਾਸਤੇ ਮੈਡੀਕਲ ਕਾਲਜ ਨੂੰ ਦਿੱਤਾ।ਪੰਜਾਬ ਦੇ ਤਰਕਸ਼ੀਲਾਂ ਨੇ ਇਸ ਪਿਰਤ ਨੂੰ ਅੱਗੇ ਵਧਾਇਆ ਹੈ। ਸੈਂਕੜੇ ਲੋਕਾਂ ਵੱਲੋਂ ਅੱਖਾਂ ਦਾਨ,ਅੰਗਦਾਨ ਤੇ ਸਰੀਰਦਾਨ ਕੀਤੇ ਜਾ ਚੁੱਕੇ ਹਨ।ਉਨਾਂ ਦੇ ਵਿਚਾਰ ਹਮੇਸ਼ਾਂ ਸਾਡਾ ਮਾਰਗ ਦਰਸ਼ਨ ਕਰਦੇ ਰਹਿਣਗੇ।
ਜੇ ਜ਼ਿੰਦਗੀ ਦਾ ਸਾਫ਼ ਰਸਤਾ ਪੁੱਛਦੇ ਹੋਂ ਤਾਂ ਕਦੇ ਭੀੜ ਮਗਰ ਨਾ ਜਾਓ, ਭੀੜਾਂ ਕਦੇ ਸਿਆਣੀਆਂ ਨਹੀਂ ਹੁੰਦੀਆਂ ਤੇ ਅਕਸਰ ਸਿਆਣਿਆਂ ਦੀ ਕਦੇ ਭੀੜ ਨਹੀਂ ਹੁੰਦੀ ।
ਮਾਸਟਰ ਪਰਮਵੇਦ
ਜੋਨ ਜਥੇਬੰਦਕ ਮੁਖੀ
ਤਰਕਸ਼ੀਲ ਸੁਸਾਇਟੀ ਪੰਜਾਬ
9417422349