ਸੱਜਣਾ ਤੈਨੂੰ ਵੀ, ਹੁਣ ਕਿਸ ਗੱਲ ਦੇ, ਦੇਈਏ ਤਾਹਨੇ ਮਿਹਣੇ
ਨਾਜ਼-ਨਖ਼ਰੇ, ਸ਼ੋਖ਼-ਅਦਾਵਾਂ, ਇਸ ਦਿਲ ਨੂੰ, ਝੱਲਣੇ ਪੈਣੇ
ਅੱਖੀਆਂ ਲਈ ਚਾਨਣ, ਕੰਨਾਂ ਲਈ ਤੂੰ ਮਿਠਾਸ ਜਿਹਾ ਏਂ
ਅਸੀਂ ਤੇਰੇ ਲਈ ਆਮ ਜਿਹੇ, ਸਾਡੇ ਲਈ ਤੂੰ ਖ਼ਾਸ ਜਿਹਾ ਏਂ
ਗੱਲ ਸੁਣ ਮੇਰੀ, ਇੱਕ ਛੋਟਾ ਜਿਹਾ ਅਹਿਸਾਨ ਕਰ ਦੇਵੀਂ
ਤੇਰੇ ਲਈ, ਸਾਡੇ ਵੀ ਮਾਇਨੇ, ਬਸ ਇੰਨੀ ਹਾਮੀ ਭਰ ਦੇਵੀਂ
ਜਿਹੜਾ ਬੁੱਕਲ ਵਿੱਚ ਵੀ ਨਾ ਆਵੇ, ਤੂੰ ਉਸ ਅਕਾਸ਼ ਜਿਹਾ ਏਂ
ਅਸੀਂ ਤੇਰੇ ਲਈ ਆਮ ਜਿਹੇ, ਸਾਡੇ ਲਈ ਤੂੰ ਖ਼ਾਸ ਜਿਹਾ ਏਂ
ਮੰਨਿਆ ਤੇਰੀ ਵੀ ਮਜ਼ਬੂਰੀ ਏ, ਤਾਹੀਓਂ ਤਾਂ, ਇਹ ਦੂਰੀ ਏ
ਸਾਨੂੰ ਚਾਅ ਚੜ੍ਹ ਜਾਵੇ, ਜਦ ਵੀ ਦੇਖਿਆ, ਵੱਟ ਕੇ ਘੂਰੀ ਏ
ਮੁਰਝਾ ਰਹੇ ਫੁੱਲ ਲਈ ,ਮੁੜ ਖਿਲ ਜਾਣ ਦੀ, ਆਸ ਜਿਹਾ ਏਂ
ਅਸੀਂ ਤੇਰੇ ਲਈ ਆਮ ਜਿਹੇ, ਸਾਡੇ ਲਈ ਤੂੰ ਖ਼ਾਸ ਜਿਹਾ ਏਂ
ਤੇਰੀ ਚਾਹਤ, ਦਿਲ ਲਈ ਰਾਹਤ, ਗੱਲ ਏਨੀ ਹੀ ਬਥੇਰੀ ਏ
ਤੇਰੇ ਲਈ ਅਜ਼ਾਦੀ ਵਰਗੀ, ਸਾਡੇ ਲਈ ਤਾਂ ਘੁੰਮਣਘੇਰੀ ਏ
ਹੋ ਕੇ ਫ਼ੇਲ ਵੀ, ਅਹਿਸਾਸ ਸਾਡੇ ਲਈ ਤੂੰ ਪਾਸ ਹੋਣ ਜਿਹਾ ਏਂ
ਅਸੀਂ ਤੇਰੇ ਲਈ ਆਮ ਜਿਹੇ, ਸਾਡੇ ਲਈ ਤੂੰ ਖ਼ਾਸ ਜਿਹਾ ਏਂ
ਖਿਆਲਾਂ ਤੇਰੇ ਦੀ ਮਸਤੀ, ਸਾਨੂੰ ਦੇਵੇ ਖੁਸ਼ੀਆਂ ਭਰੇ ਹੁਲਾਰੇ
ਲੱਗੇ ਸੋਹਣੀ ਦੁਨੀਆਂ, ਜਦ ਅੱਖੀਆਂ ਨਾਲ਼ ਕਰੇਂ ਇਸ਼ਾਰੇ
ਪਿਆਸੇ ਬੁੱਲ੍ਹਾਂ ਦੀ ,ਸਦੀਆਂ ਤੋਂ ਬੁਝ ਗਈ ਪਿਆਸ ਜਿਹਾ ਏਂ
ਅਸੀਂ ਤੇਰੇ ਲਈ ਆਮ ਜਿਹੇ, ਸਾਡੇ ਲਈ ਤੂੰ ਖ਼ਾਸ ਜਿਹਾ ਏਂ।

ਪਰਸ਼ੋਤਮ ਸਿੰਘ
ਪਿੰਡ ਬਖੋਰਾ ਕਲਾਂ (ਸੰਗਰੂਰ)
ਮੋਬਾ: 9417504964
ਪੁਰੁਬੳਾੳੑਗਮੳਲਿ.ਚੋਮ