ਜਿਹੜੇ ਸਮੇਂ ਦੇ ਨਾਲ ਨਾਲ ਨਹੀਂ ਚਲਦੇ ਉਹ ਜ਼ਿੰਦਗੀ ਦੀ ਦੌੜ ਵਿੱਚ ਪਿੱਛੇ ਰਹਿ ਜਾਂਦੇ ਹਨ ਸ਼ੋਸ਼ਲ ਮੀਡੀਆ
ਪਿਛਲੇ ਡੇਢ ਦੋ ਦਹਾਕੇ ਤੋਂ ਲੋਕਾਂ ਦੇ ਹੱਥਾਂ ਵਿੱਚ ਮੋਬਾਇਲ ਆਉਣ ਨਾਲ ਸ਼ੋਸ਼ਲ ਮੀਡੀਆ ਵਿਹਲੇ ਲੋਕਾਂ ਦਾ ਖਿਡੌਣਾ ਬਣ ਗਿਆ ਹੈ।ਜੇ ਕੋਈ ਵੈਟਸਅਪ, ਫੇਸਬੁਕ ਜਾਂ ਟਵਿੱਟਰ ਦੀ ਵਰਤੋਂ ਨਹੀਂ ਕਰਦਾ ਤਾਂ ਉਸ ਵੱਲ ਇਸ ਤਰਾਂ ਵੇਖਿਆ ਜਾਂਦਾ,ਜਿਵੇਂ ਉਹ ਕੋਈ ਹੋਰ ਗ੍ਰਹਿ ਤੋਂ ਆਇਆ ਹੋਵੇ ਜਾਂ ਗਵਾਰ ਅਨਪੜ੍ਹ ਪੇਂਡੂ ਹੋਵੇ।ਸ਼ੋਸ਼ਲ ਮੀਡੀਆ ਤੇ ਸਵੇਰੇ ਸਵੇਰ ਗਿਆਨ ਵਧਾਊ, ਹੁਕਮਨਾਮੇ ਦੀ ਵਿਆਖਿਆ, ਹੌਂਸਲਾ ਅਫਜ਼ਾਈ ਵਾਲੇ ਚੰਗੇ ਵਿਚਾਰ ਸੁਨੇਹੇ ਆਉਂਦੇ ਹਨ ਪਰ ਦੁਪਹਿਰ ਸਮੇਂ ਡਿਪਰੈਸ਼ਨ ਵਾਲੇ ਤੇ ਰਾਤ ਨੂੰ ਗੰਦ-ਮੰਦ ਸ਼ੁਰੂ ਹੋ ਜਾਂਦਾ ਹੈ।ਪਹਿਲਾਂ ਤੇ ਸਿਰਫ ਨਵੇਂ ਸਾਲ ਨੂੰ ਹੈਪੀ ਨਿਊ ਯੀਅਰ ਕਿਹਾ ਜਾਂਦਾ ਸੀ,ਫਿਰ ਦਿਵਾਲੀ, ਲੋਹੜੀ,ਹੋਲੀ ਤੇ ਹੋਰ ਤਿਉਹਾਰਾਂ ਨੂੰ ਹੁਣ ਤਾਂ ਹਫਤੇ ਦੇ ਹਰ ਵਾਰ ਨੂੰ ਹੈਪੀ ਵਾਰ ਜਿਵੇਂ ਐਤਵਾਰ ਆਦਿ ਲਿਖਿਆ ਜਾਂਦਾ ਹੈ।ਸਭ ਤੋਂ ਜ਼ਿਆਦਾ ‘ਗੁਡ ਮੋਰਨਿੰਗ’ ਦੇ ਸੁਨੇਹੇ ਆਉਂਦੇ ਹਨ ਜੋ ਸਵੇਰ ਤੋਂ ਸ਼ਾਮ ਤੱਕ ਜਾਰੀ ਰਹਿੰਦੇ ਹਨ।ਰਾਸ਼ੀਫਲ,ਹਰ ਦੁੱਖਾਂ /ਸਮੱਸਿਆਵਾਂ ਦਾ ਹੱਲ ਕਰਨ ਦੇ ਦਾਅਵੇ ਤੇ ਅੰਧਵਿਸ਼ਵਾਸੀ ਸੁਨੇਹੇ ਆਉਂਦੇ ਹਨ ਉਨਾਂ ਵਿੱਚ ਲਿਖਿਆ ਹੁੰਦਾ ਹੈ ਕਿ ਇਹ ਮੈਸਜ ਸੌ ਵਿਅਕਤੀਆਂ ਜਾਂ ਦੋ ਤਿੰਨ ਗਰੁੱਪਾਂ ਵਿੱਚ ਭੇਜੋ ਖੁਸ਼ਖਬਰੀ ਮਿਲੇਗੀ ਜੇ ਨਜ਼ਰ ਅੰਦਾਜ਼ ਕਰੋਂਗੇ ਤਾਂ ਤੁਹਾਡਾ ਨੁਕਸਾਨ ਹੋਵੇਗਾ ਇਨ੍ਹਾਂ ਨਾਲ ਝੂਠੀਆਂ ਕਹਾਣੀਆਂ ਬਣਾ ਕੇ ਲਿਖੀਆਂ ਹੁੰਦੀਆਂ।ਜਦ ਉਨਾਂ ਤੋਂ ਪੁੱਛਿਆ ਜਾਂਦਾ ਕਿ ਤੁਹਾਨੂੰ ਕਿਹੜੀ ਖ਼ੁਸਖਬਰੀ ਮਿਲੀ ਜਾਂ ਕਿਸੇ ਦਾ ਕੀ ਨੁਕਸਾਨ ਹੋਇਆ ਤਾਂ ਚੁੱਪ ਹੋ ਜਾਂਦੇ ਹਨ।ਕੁਝ ਲੋਕਾਂ ਦੇ ਫੋਨਾਂ ਦੇ ਉਪਰ ਟਿਉਨ ਤੇ ਲੋਗੋ ਧਾਰਮਿਕ ਸ਼ਖਸੀਅਤਾਂ ਦੇ ਹੋਣਗੇ ਤੇ ਫੋਨ ਵਿੱਚ ਅਸ਼ਲੀਲ ਵੀਡੀਉ ਤੇ ਮਾੜੀ ਭਾਸ਼ਾ ਵਾਲੀਆਂ ਪੋਸਟਾਂ ਹੋਣਗੀਆਂ।ਕਈ ਚੰਗੇ ਭਲੇ ਬੱਚਿਆਂ ਦੀਆਂ ਫੋਟੋਆਂ ਪਾ ਕੇ ਆਖਣਗੇ ਇਹ ਲਾਵਾਰਸ ਬੱਚਾ ਹੈ ਇਸ ਨੰਬਰ ਤੇ ਫੋਨ ਕਰੋ, ਪਹਿਲੀ ਗੱਲ ਨੰਬਰ ਗਲਤ ਹੁੰਦਾ ਜਾਂ ਅੱਗੋਂ ਅੱਕੇ ਵਿਅਕਤੀ ਵੱਲੋਂ ਗਾਲਾਂ ਦਾ ਮੀਂਹ ਵਰ੍ਹਦਾ ਹੈ।ਹਰ ਕੋਈ ਐਨਾਂ ਸੋਹਣਾ ਨਹੀਂ ਹੁੰਦਾ ਜਿੰਨਾ ਫੇਸਬੁਕ ਦੀ ਪ੍ਰੋਫਾਈਲ ਤੇ, ਫੋਟੋ ਪਾ ਕੇ ਦੋਸਤਾਂ ਨੂੰ ਜਾਂ ਆਪ ਹੀ ਲਾਈਕ ਕਰਕੇ ਗਿਣਤੀ ਕਰੀ ਜਾਣਗੇ।ਕਿਸੇ ਲੀਡਰ ਜਾਂ ਅਫ਼ਸਰ ਨਾਲ ਨੱਥੀ ਫੋਟੋ ਵੀ ਪਾ ਕੇ ਲਾਈਕ ਗਿਣਨ ਲੱਗ ਪੈਣਗੇ।ਸੈਲਫੀ ਦਾ ਟਰੈਂਡ ਚਲਿਆ ਹੈ ਦੇਸ਼ ਦੇ ਪੀ ਐਮ ਨੂੰ ਵੀ ਸੈਲਫੀ ਲੈਣ ਦਾ ਬਹੁਤ ਸ਼ੌਂਕ ਹੈ।ਲੋਕ ਹਾਦਸੇ ਜਾਂ ਕਿਸੇ ਦੁਰਘਟਨਾ ਸਮੇਂ ਮੱਦਦ ਤਾਂ ਕੀ ਕਰਨੀ ਸੈਲਫੀ ਜਾਂ ਫੋਟੋ ਮੋਬਾਈਲ ਰਾਹੀਂ ਖਿੱਚ ਕੇ ਫੇਸ ਬੁਕ ਜਾਂ ਵੈਟਸਅਪ ਤੇ ਪਾਈ ਜਾਣਗੇ।ਹੁਣ ਤਕ ਦੇਸ਼ ‘ਚ ਹਜ਼ਾਰਾਂ ਤੋਂ ਵੱਧ ਮੌਤਾਂ ਸੈਲਫੀ ਲੈਣ ਨਾਲ ਹੋ ਚੁੱਕੀਆਂ ਹਨ। 1100 ਰੁ ਵਾਲੇ ਨੋਕੀਆ ਮੋਬਾਈਲ ਤੇ ਸੱਪਾਂ ਵਾਲੀ ਖੇਡ ਖੇਡਣ ਵਾਲੇ ਹੱਥਾਂ ਵਿਚ ਵਧੀਆ ਤੋਂ ਵਧੀਆ ਐਪਲ ਵਰਗੇ ਫੋਨ ਆ ਗਏ ਹਨ ਪਰ ਲੱਛਣ ਪੁਰਾਣੇ ਹਨ ।ਨੌਜਵਾਨ ਪੀੜੀ ਤੇ ਆਮ ਜਨਤਾ ਜ਼ਿਆਦਾ ਹੀ ਗੇਮਾਂ ਖੇਡਣ ਵਿੱਚ ਰੁੱਝੀ ਰਹਿੰਦੇ ਹਨ ਜੋ ਆਪਣਾ ਸਮਾਂ ਤਾਂ ਬਰਬਾਦ ਕਰਦੇ ਹਨ , ਅੱਖਾਂ ਦੀ ਨਜ਼ਰ ਵੀ ਘੱਟਦੀ ਹੈ ਉਥੇ ਪਰਿਵਾਰ ਵਿੱਚ ਇਕੱਲਾਪਣ ਵੱਧਦਾ ਹੈ ਗੱਲ ਬਾਤ ਸਾਂਝੀ ਨਾ ਹੋਣ ਤੇ ਘਰ ਦੇ ਮਸਲਿਆਂ ਵੱਲ ਧਿਆਨ ਨਹੀਂ ਦਿੰਦੇ।ਕਈ ਕੰਨਾਂ ਵਿੱਚ ਹਰ ਸਮੇਂ ਈਅਰਫੋਨ ਲਾ ਰੱਖਦੇ ਹਨ ਜਿਸ ਨਾਲ ਜਿਥੇ ਕੰਨਾਂ ਦੀ ਸੁਣਨ ਸ਼ਕਤੀ ਕਮਜ਼ੋਰ ਹੁੰਦੀ ਹੈ ਉੱਥੇ ਕਿਸੇ ਦੀ ਗੱਲ ਵੀ ਨਹੀਂ ਸੁਣਦੇ।ਇਸ ਤਰ੍ਹਾਂ ਕੰਨ ਵਿੱਚ ਈਅਰ ਫੋਨ ਲਾ ਕੇ ਤੁਰਨ ਜਾਂ ਵਹੀਕਲ ਚਲਾਉਣ ਨਾਲ ਕਈ ਐਕਸੀਡੈਂਟ ਹੋ ਚੁੱਕੇ ਹਨ। ਪ੍ਰਿੰਟ ਤੇ ਇਲੈਕਟ੍ਰੋਨਿਕ ਮੀਡੀਆ ਉਪਰ ਹਾਕਮ ਸਰਕਾਰਾਂ ਦਾ ਬੋਲ ਬਾਲਾ ਹੈ ਵਿਰੋਧੀ ਧਿਰ ਦੀ ਖਬਰ ਨਹੀਂ ਆਉਂਦੀ ,ਉਥੇ ਵੈਟਸਅਪ ਤੇ ਫੇਸਬੁਕ ਲੋਕਾਂ ਨੂੰ ਸਚਾਈ ਦਸ ਕੇ ਅਹਿਮ ਰੋਲ ਨਿਭਾ ਰਹੀ ਹੈ।ਕੁਝ ਸ਼ਰਾਰਤੀ ਲੋਕਾਂ ਵੱਲੋਂ ਮੀਡੀਏ ਦੀ ਦੁਰਵਰਤੋਂ ਕਰਕੇ ਦੰਗੇ ਤੇ ਧਾਰਮਿਕ ਭਾਵਨਾਵਾਂ ਭੜਕਾਉਣ, ਅਸ਼ਲੀਲਤਾ ਫੈਲਾਉਣ ਤੇ ਇਕ ਦੂਜੇ ਨੂੰ ਕੰਮਪਿਉਟਰਾਈਜਡ ਫੋਟੋਆਂ ਬਣਾ ਕੇ ਬਦਨਾਮ ਕੀਤਾ ਜਾ ਰਿਹਾ ਹੈ।ਫਿਲਮੀ ਕੈਮਰਿਆਂ ਰਾਹੀਂ ਬਣੇ ਚਮਤਕਾਰੀ ਸੀਨਾਂ ਨੂੰ ਅੰਧਵਿਸ਼ਵਾਸ ਫੈਲਾਉਣ ਲਈ ਵਰਤਿਆ ਜਾਂਦਾ ਹੈ।ਹਨੇਰੇ ਵਿੱਚ ਲਗਾਤਾਰ ਮੋਬਾਇਲ ਵੇਖਣਾ ਨਿਗਾਹ ਲਈ ਤੇ ਲੰਬੀ ਗੱਲਬਾਤ ਕਰਨਾ ਕੰਨਾਂ ਲਈ ਖ਼ਤਰਨਾਕ ਹੈ।ਅੱਜ ਕੱਲ ਇਕ ਹੋਰ ਖਤਰਨਾਕ ਰੁਝਾਨ ਹੈ ਸ਼ੋਸਲ ਮੀਡੀਏ ਤੇ ਝੂਠੀਆਂ ਖਬਰਾਂ ਪਾਉਣ ਦਾ ਤੇ ਲੋਕਾਂ ਨੂੰ ਬੇਵਕੂਫ ਬਨਾਉਣ ਦਾ। ਜਾਣਬੁੱਝ ਕੇ ਸੋਚੀ ਸਮਝੀ ਸਾਜ਼ਿਸ਼ ਤਹਿਤ ਝੂਠੀਆਂ ਖਬਰਾਂ ਜਾ ਪੋਸਟਾਂ ਸਿਰਫ ਵਿਊ ਲੈਣ ਲਈ ਪਾਈਆਂ ਜਾਂਦੀਆਂ ਹਨ। ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵੀ ਦਿਨੋ ਦਿਨ ਵਰਤੋ ਵੱਧ ਰਹੀ ਹੈ।
ਕਿਸੇ ਵੀ ਪੋਸਟ ਨੂੰ ਭੇਜਣ ਤੋਂ ਪਹਿਲਾਂ ਪੜ੍ਹੋ,ਸੋਚੋ ਅਤੇ ਵਿਚਾਰੋ ਕੀ ਇਸ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਤੇ ਨਹੀਂ ਪਹੁੰਚਦੀ, ਅੱਜ ਕੱਲ੍ਹ ਐਵੇਂ ਲੋਕ, ਬਾਤ ਦਾ ਬਤੰਗੜ ਬਣਾ ਲੈਂਦੇ ਹਨ ਅਤੇ ਹਰ ਗੱਲ ਨੂੰ ਧਾਰਮਿਕਤਾ ਨਾਲ ਜੋੜ ਕੇ ਕੁੱਝ ਲੋਕਾਂ ਨੂੰ ਜਾਂ ਕਿਸੇ ਫਿਰਕੇ ਨੂੰ ਭੜਕਾ ਕੇ ਮਜ਼ਾ ਲੈਂਦੇ ਹਨ। ਇਹ ਵੀ ਖਿਆਲ ਰੱਖੋ ਕਿ ਕਿਸੇ ਬਿਨਾਂ ਸੋਚੇ ਸਮਝੇ ਭੇਜੇ ਮੈਸਿਜ ਨਾਲ ਤੁਹਾਡੀ ਸ਼ਖਸੀਅਤ ਦਾ ਪ੍ਰਭਾਵ ਗਲਤ ਤਾਂ ਨਹੀਂ ਜਾ ਰਿਹਾ ਤੇ ਤੁਹਾਡੀ ਸ਼ਬਦਾਵਲੀ ਵੀ ਹਮੇਸ਼ਾਂ ਪਰਿਵਾਰ ਵਿੱਚ ਪੜ੍ਹਨਯੋਗ ਹੋਣੀ ਚਾਹੀਦੀ ਹੈ। ਬਾਕੀ ਤੁਸੀਂ ਆਪ ਸਿਆਣੇ ਹੋਂ, ਸਿਆਣਪ ਤੋਂ ਕੰਮ ਲਵੋ।ਇਹ ਵੀ ਸਚਾਈ ਹੈ ਕਿ ਜਿਹੜੇ ਸਮੇਂ ਦੇ ਨਾਲ ਨਾਲ ਨਹੀਂ ਚਲਦੇ,ਉਹ ਜ਼ਿੰਦਗੀ ਦੀ ਦੌੜ ਵਿੱਚ ਪਿੱਛੇ ਰਹਿ ਜਾਂਦੇ ਹਨ।
ਮਾਸਟਰ ਪਰਮਵੇਦ
ਜੋਨ ਜਥੇਬੰਦਕ
ਮੁਖੀ ਤਰਕਸ਼ੀਲ ਸੁਸਾਇਟੀ ਪੰਜਾਬ
9417422349