ਅੱਜ ਅਸੀਂ ਜਿਸ ਤਰ੍ਹਾਂ ਦੁਨੀਆਂ ਨੂੰ ਵੇਖਦੇ ਹਾਂ, ਉਸ ਵਿੱਚ ਅਨੁਵਾਦ ਦਾ ਬੜਾ ਮਹੱਤਵ ਹੈ। ਚਾਹੇ ਕੋਈ ਕਿਤਾਬ ਹੋਵੇ, ਫ਼ਿਲਮ ਹੋਵੇ ਜਾਂ ਫਿਰ ਵਿਦੇਸ਼ੀ ਭਾਸ਼ਾ ਵਿੱਚ ਲਿਖਿਆ ਲੇਖ- ਅਨੁਵਾਦ ਕਰਕੇ ਅੱਜ ਸਾਡੀ ਪਹੁੰਚ ਵਿੱਚ ਹੋ ਗਿਆ ਹੈ। ਜੇ ਅਨੁਵਾਦ ਨਾ ਹੁੰਦਾ ਤਾਂ ਅਸੀਂ ਕਿਵੇਂ ਵੱਖ ਵੱਖ ਦੇਸ਼ਾਂ ਦੇ ਲੋਕਾਂ ਦੇ ਵਿਚਾਰਾਂ ਅਤੇ ਸੰਸਕ੍ਰਿਤੀਆਂ ਨੂੰ ਸਮਝ ਸਕਦੇ। ਅੱਜ ਅਸੀਂ ਗੂਗਲ ਟਰਾਂਸਲੇਟ ਵਰਗੇ ਟੂਲ ਦੀ ਮਦਦ ਨਾਲ ਵੀ ਕੁਝ ਹੱਦ ਤੱਕ ਕਿਸੇ ਭਾਸ਼ਾ ਵਿੱਚ ਲਿਖੇ ਸ਼ਬਦਾਂ ਦਾ ਮਤਲਬ ਸਮਝਣ ਦੇ ਯੋਗ ਹੋ ਸਕੇ ਹਾਂ।
ਅੰਤਰਰਾਸ਼ਟਰੀ ਅਨੁਵਾਦ ਦਿਵਸ ਹਰ ਸਾਲ 30 ਸਤੰਬਰ ਨੂੰ ਮਨਾਇਆ ਜਾਂਦਾ ਹੈ, ਜੋ ਕਿ ਸੇਂਟ ਜੇਰੋਮ (St. Jerome) ਦੀ ਯਾਦ ਵਿੱਚ, ਉਨ੍ਹਾਂ ਦੀ ਬਰਸੀ (30 ਸਤੰਬਰ 420) ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਉਹ ਇੱਕ ਰੋਮਨ ਪੁਜਾਰੀ ਸਨ, ਜੋ ਉੱਤਰ-ਪੂਰਬੀ ਇਟਲੀ ਦੇ ਰਹਿਣ ਵਾਲੇ ਸਨ। ਸੇਂਟ ਜੇਰੋਮ ਮੁੱਖ ਤੌਰ ਤੇ ਬਾਈਬਲ ਦੇ ਨਵੇਂ ਨਿਯਮ ਦੀਆਂ ਗਰੀਕ ਪਾਂਡੂਲਿਪੀਆਂ ਦਾ ਲੈਟਿਨ ਵਿੱਚ ਅਨੁਵਾਦ ਕਰਨ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਹਿਬਰੂ ਗੌਸਪਲ ਦੇ ਕੁਝ ਨਿਯਮਾਂ ਦਾ ਵੀ ਗਰੀਕ ਵਿੱਚ ਅਨੁਵਾਦ ਕੀਤਾ ਸੀ। ਉਨ੍ਹਾਂ ਨੇ ਸਿਰਫ ਬਾਈਬਲ ਦਾ ਅਨੁਵਾਦ ਹੀ ਨਹੀਂ ਕੀਤਾ ਸਗੋਂ ਅਨੁਵਾਦ ਦੇ ਸਿੱਧਾਂਤਾਂ ਅਤੇ ਤਕਨੀਕਾਂ ਨੂੰ ਵੀ ਵਿਕਸਿਤ ਕੀਤਾ ਅਤੇ ਅਨੁਵਾਦ ਨੂੰ ਇੱਕ ਸਨਮਾਨਿਤ ਕਿੱਤਾ ਬਣਾਇਆ। ਉਨ੍ਹਾਂ ਨੂੰ “ਅਨੁਵਾਦਕਾਂ ਦਾ ਸਰਪ੍ਰਸਤ ਸੰਤ” ਮੰਨਿਆ ਜਾਂਦਾ ਹੈ। 1953 ਵਿੱਚ ਇਸਦੀ ਸਥਾਪਨਾ ਤੋਂ ਬਾਅਦ, ਇਸ ਦਿਨ ਨੂੰ ਐਫ਼ਆਈਟੀ (International Fedration of Translators, ਅੰਤਰਰਾਸ਼ਟਰੀ ਅਨੁਵਾਦ ਅਨੁਵਾਦਕਾਂ ਦਾ ਸੰਘ) ਦੁਆਰਾ ਉਤਸ਼ਾਹਿਤ ਕੀਤਾ ਗਿਆ। 1991 ਵਿੱਚ, ਐਫ਼ਆਈਟੀ ਨੇ ਦੁਨੀਆਂ-ਭਰ ਵਿੱਚ ਅਨੁਵਾਦ ਭਾਈਚਾਰੇ ਦੇ ਅੰਦਰ ਏਕਤਾ ਨੂੰ ਉਤਸ਼ਾਹਿਤ ਕਰਨ ਲਈ ਇੱਕ ਅਧਿਕਾਰਤ ਤੌਰ ‘ਤੇ ਮਾਨਤਾ ਪ੍ਰਾਪਤ ਅੰਤਰਰਾਸ਼ਟਰੀ ਅਨੁਵਾਦ ਦਿਵਸ ਦਾ ਵਿਚਾਰ ਸ਼ੁਰੂ ਕੀਤਾ। ਇਹ ਦਿਨ ਅਨੁਵਾਦ ਕਾਰਜ ਦੀ ਮਹੱਤਤਾ ਨੂੰ ਉਜਾਗਰ ਕਰਨ ਲਈ ਵੱਖ-ਵੱਖ ਦੇਸ਼ਾਂ ਵਿੱਚ ਮਨਾਇਆ ਜਾਂਦਾ ਹੈ। ਵਿਸ਼ਵੀਕਰਨ ਦੇ ਯੁੱਗ ਵਿੱਚ ਅਨੁਵਾਦ ਕਾਰਜ ਤੇਜ਼ੀ ਨਾਲ ਵਧ ਰਿਹਾ ਹੈ।
ਸੰਯੁਕਤ ਰਾਸ਼ਟਰ ਇਸ ਦਿਨ ਨੂੰ ਉਨ੍ਹਾਂ ਲੋਕਾਂ ਲਈ ਸਨਮਾਨਿਤ ਕਰਦਾ ਹੈ, ਜੋ ਅੰਤਰਰਾਸ਼ਟਰੀ ਕੂਟਨੀਤਕ ਸੰਚਾਰ ਵਿੱਚ ਭਾਸ਼ਾ ਮਾਹਿਰਾਂ ਵਜੋਂ ਕੰਮ ਕਰਕੇ ਵਿਕਾਸ ਅਤੇ ਵਿਸ਼ਵ ਸ਼ਾਂਤੀ ਨੂੰ ਉਤਸ਼ਾਹਿਤ ਕਰਦੇ ਹਨ। ਅੰਤਰਰਾਸ਼ਟਰੀ ਅਨੁਵਾਦ ਦਿਵਸ ਸਾਹਿਤਕ ਅਤੇ ਵਿਗਿਆਨਕ ਕੰਮਾਂ ਦੇ ਸਹੀ ਅਤੇ ਸਪਸ਼ਟ ਅਨੁਵਾਦ ਦੀ ਮਹੱਤਤਾ ਨੂੰ ਵੀ ਮਾਨਤਾ ਦਿੰਦਾ ਹੈ। ਸੰਯੁਕਤ ਰਾਸ਼ਟਰ ਮਹਾਸਭਾ ਦੁਆਰਾ 24 ਮਈ, 2017 ਨੂੰ ਇੱਕ ਮਤਾ ਪਾਸ ਕਰਕੇ ਅੰਤਰਰਾਸ਼ਟਰੀ ਅਨੁਵਾਦ ਦਿਵਸ ਦੀ ਸਥਾਪਨਾ ਕੀਤੀ ਗਈ ਸੀ। ਅਨੁਵਾਦ ਰਾਸ਼ਟਰਾਂ ਨੂੰ ਨੇੜੇ ਲਿਆਉਣ, ਗੱਲਬਾਤ ਅਤੇ ਸਹਿਯੋਗ ਨੂੰ ਸੁਚਾਰੂ ਬਣਾਉਣ ਅਤੇ ਵਿਸ਼ਵ ਸ਼ਾਂਤੀ ਅਤੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। 30 ਸਤੰਬਰ ਨੂੰ ਅੰਤਰਰਾਸ਼ਟਰੀ ਅਨੁਵਾਦ ਦਿਵਸ ਵਜੋਂ ਚੁਣਿਆ ਗਿਆ ਸੀ, ਕਿਉਂਕਿ ਇਹ ਬਾਈਬਲ ਦੇ ਅਨੁਵਾਦਕ ਸੇਂਟ ਜੇਰੋਮ ਦੀ ਯਾਦ ਦਿਵਾਉਂਦਾ ਹੈ।
ਜਿਵੇਂ ਕਿ ਹੋਰ ਸੰਯੁਕਤ ਰਾਸ਼ਟਰ ਦਿਵਸ ਮਹੱਤਵਪੂਰਨ ਹਨ, ਅੰਤਰਰਾਸ਼ਟਰੀ ਅਨੁਵਾਦ ਦਿਵਸ ਵੀ ਇੱਕ ਮਹੱਤਵਪੂਰਨ ਦਿਨ ਹੈ। ਕਿਉਂਕਿ ਇਹ ਸਾਰੇ ਦੇਸ਼ਾਂ ਦੀਆਂ ਭਾਸ਼ਾਵਾਂ ਵਿੱਚ ਅਨੁਵਾਦ ਕਾਰਜ ਅਤੇ ਭਾਸ਼ਾ ਅਤੇ ਅਨੁਵਾਦ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਅਨੁਵਾਦਕਾਂ, ਦੁਭਾਸ਼ੀਏ, ਦੁਭਾਸ਼ੀਏ ਅਤੇ ਵਿਅਕਤੀਆਂ ਅਤੇ ਸੰਗਠਨਾਂ ਦੀ ਭੂਮਿਕਾ ਦਾ ਜਸ਼ਨ ਮਨਾਉਂਦਾ ਹੈ, ਅਤੇ ਦੁਨੀਆਂ-ਭਰ ਵਿੱਚ ਅਨੁਵਾਦ ਭਾਈਚਾਰੇ ਵਿੱਚ ਏਕਤਾ ਨੂੰ ਉਤਸ਼ਾਹਿਤ ਕਰਦਾ ਹੈ। ਇਸ ਦਿਨ ਭਾਰਤ ਸਮੇਤ ਦੁਨੀਆਂ ਭਰ ਦੀਆਂ ਯੂਨੀਵਰਸਿਟੀਆਂ, ਵਿਦਿਅਕ ਸੰਸਥਾਵਾਂ ਅਤੇ ਅਨੁਵਾਦ ਸੰਗਠਨ ਅਨੁਵਾਦ ਨਾਲ ਸਬੰਧਤ ਵੱਖ-ਵੱਖ ਸੰਵਾਦ, ਸਿੰਪੋਜ਼ੀਅਮ, ਸੈਮੀਨਾਰ ਅਤੇ ਵਰਕਸ਼ਾਪਾਂ ਦਾ ਆਯੋਜਨ ਕਰਦੇ ਹਨ ਅਤੇ ਅਨੁਵਾਦ ਦੀ ਸਥਿਤੀ, ਹਾਲਾਤ, ਮਹੱਤਵ, ਤਕਨੀਕਾਂ, ਸੰਭਾਵਨਾਵਾਂ, ਇਤਿਹਾਸ ਅਤੇ ਭਵਿੱਖ ‘ਤੇ ਅਰਥਪੂਰਨ ਵਿਚਾਰ-ਵਟਾਂਦਰੇ ਕੀਤੇ ਜਾਂਦੇ ਹਨ।
ਅਨੁਵਾਦਕ ਅਤੇ ਦੁਭਾਸ਼ੀਏ ਸੱਭਿਆਚਾਰਕ ਰਾਜਦੂਤ ਹਨ। ਇਸ ਲਈ ਸੰਯੁਕਤ ਰਾਸ਼ਟਰ ਨੇ ਅੰਤਰਰਾਸ਼ਟਰੀ ਅਨੁਵਾਦ ਦਿਵਸ ਦੇ ਮੌਕੇ ‘ਤੇ ਅਨੁਵਾਦ ਅਤੇ ਅਨੁਵਾਦ ਉਦਯੋਗ ਦੀ ਮਹੱਤਤਾ ਨੂੰ ਮਾਨਤਾ ਦਿੱਤੀ ਹੈ, ਤਾਂ ਜੋ ਇਹ ਸੰਦੇਸ਼ ਦਿੱਤਾ ਜਾ ਸਕੇ ਕਿ ਵਿਸ਼ਵੀਕਰਨ ਦੇ ਇਸ ਯੁੱਗ ਵਿੱਚ ਸਵਦੇਸ਼ੀ ਭਾਸ਼ਾਵਾਂ ਨੂੰ ਅਲੋਪ ਹੋਣ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ। ਇਤਿਹਾਸਕ ਤੌਰ ‘ਤੇ ਅਨੁਵਾਦ ਧਰਮ ਅਤੇ ਧਾਰਮਿਕ ਗ੍ਰੰਥਾਂ ਦੇ ਪ੍ਰਸਾਰ ਤੋਂ ਉਤਪੰਨ ਹੋਇਆ। ਹਾਲਾਂਕਿ, ਬਦਲਦੇ ਸਮੇਂ ਦੇ ਨਾਲ ਅਨੁਵਾਦ ਨਾ ਸਿਰਫ਼ ਧਾਰਮਿਕ ਖੇਤਰ ਵਿੱਚ ਸਗੋਂ ਸਭਿਅਤਾ, ਸਭਿਆਚਾਰ, ਸੰਚਾਰ, ਵਪਾਰ, ਕਾਰੋਬਾਰ, ਅੰਤਰ-ਸੱਭਿਆਚਾਰਕ ਸੰਵਾਦ, ਸੈਰ-ਸਪਾਟਾ, ਸਾਫਟਵੇਅਰ, ਇੰਟਰਨੈੱਟ ਆਦਿ ਵਿੱਚ ਵੀ ਸਗੋਂ ਲਾਜ਼ਮੀ ਬਣ ਗਿਆ ਹੈ।
ਭਾਰਤ ਨਾ ਸਿਰਫ਼ ਵੱਖ-ਵੱਖ ਧਰਮਾਂ, ਜਾਤਾਂ ਅਤੇ ਵਰਗਾਂ ਦੇ ਲੋਕਾਂ ਦਾ ਮਿਸ਼ਰਣ ਹੈ, ਸਗੋਂ ਇੱਕ ਵਿਭਿੰਨ ਭਾਸ਼ਾ ਪ੍ਰਣਾਲੀ ਵੀ ਹੈ। ਉੱਤਰ ਤੋਂ ਦੱਖਣ ਅਤੇ ਪੂਰਬ ਤੋਂ ਪੱਛਮ ਤੱਕ, ਵੱਖ-ਵੱਖ ਖੇਤਰਾਂ ਵਿੱਚ ਭਾਸ਼ਾਵਾਂ ਅਤੇ ਉਪਭਾਸ਼ਾਵਾਂ ਹਨ। ਉਨ੍ਹਾਂ ਨੂੰ ਸਮਝਣ ਲਈ ਸਾਨੂੰ ਅਨੁਵਾਦ ਦੀ ਲੋੜ ਹੁੰਦੀ ਹੈ। ਜਦੋਂ ਅਸੀਂ ਦੱਖਣੀ ਭਾਰਤ ਦੀ ਯਾਤਰਾ ਕਰਦੇ ਹਾਂ, ਤਾਂ ਉੱਥੋਂ ਦੀ ਭਾਸ਼ਾ ਸਾਡੀ ਆਪਣੀ ਭਾਸ਼ਾ ਤੋਂ ਵੱਖਰੀ ਹੁੰਦੀ ਹੈ, ਪਰ ਜੇਕਰ ਕੋਈ ਅਨੁਵਾਦਕ ਇਸਦਾ ਸਾਡੀ ਆਪਣੀ ਭਾਸ਼ਾ ਵਿੱਚ ਅਨੁਵਾਦ ਕਰਦਾ ਹੈ, ਤਾਂ ਅਸੀਂ ਇਸਨੂੰ ਸਮਝ ਲੈਂਦੇ ਹਾਂ। ਇਹ ਸਾਨੂੰ ਜੀਵਨ ਵਿੱਚ ਅਨੁਵਾਦ ਦੀ ਜ਼ਰੂਰਤ ਅਤੇ ਮਹੱਤਵ ਨੂੰ ਸਮਝਣ ਵਿੱਚ ਮਦਦ ਕਰਦਾ ਹੈ।
ਭਾਰਤ ਦੇ ਸੰਵਿਧਾਨ ਵਿੱਚ ਸਿਰਫ਼ 22 ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਹੈ, ਪਰ ਵੱਖ-ਵੱਖ ਰਾਜਾਂ ਦੇ ਵੱਖ-ਵੱਖ ਖੇਤਰਾਂ ਵਿੱਚ ਭਾਸ਼ਾਵਾਂ ਅਤੇ ਉਨ੍ਹਾਂ ਦੀਆਂ ਉਪਭਾਸ਼ਾਵਾਂ ਵੱਖ-ਵੱਖ ਹੁੰਦੀਆਂ ਹਨ। ਅੰਕੜਿਆਂ ਅਨੁਸਾਰ ਦੇਸ਼ ਵਿੱਚ 121 ਭਾਸ਼ਾਵਾਂ ਬੋਲੀਆਂ ਅਤੇ ਸਮਝੀਆਂ ਜਾਂਦੀਆਂ ਹਨ। ਜਦੋਂ ਅਸੀਂ ਆਪਣੇ ਜੱਦੀ ਸ਼ਹਿਰ ਤੋਂ ਆਪਣੇ ਕੰਮ ਵਾਲੀ ਥਾਂ ‘ਤੇ ਯਾਤਰਾ ਕਰਦੇ ਹਾਂ, ਤਾਂ ਸਾਨੂੰ ਅਕਸਰ ਭਾਸ਼ਾਈ ਅੰਤਰਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਸਾਡੀ ਮਾਤ ਭਾਸ਼ਾ ਸਾਡੀ ਕੰਮ ਵਾਲੀ ਥਾਂ ‘ਤੇ ਨਹੀਂ ਵਰਤੀ ਜਾਂਦੀ, ਤਾਂ ਸਾਨੂੰ ਅਨੁਵਾਦ ਦੀ ਲੋੜ ਹੁੰਦੀ ਹੈ। ਪੰਜਾਬੀ ਬੋਲਣ ਵਾਲੇ ਖੇਤਰਾਂ ਵਿੱਚ ਵੀ ਪੰਜਾਬੀ ਦੇ ਕਈ ਰੂਪ ਬੋਲੇ ਜਾਂਦੇ ਹਨ ਜਿਨ੍ਹਾਂ ਵਿੱਚ ਮਾਝੀ, ਮਲਵੱਈ, ਦੁਆਬੀ ਤੇ ਪੁਆਧੀ ਪ੍ਰਮੁੱਖ ਹਨ।
ਪਹਿਲਾਂ ਅਨੁਵਾਦ ਨੂੰ ਇੱਕ ਸ਼ੁੱਧ ਭਾਸ਼ਾਈ ਗਤੀਵਿਧੀ ਮੰਨਿਆ ਜਾਂਦਾ ਸੀ। ਹਾਲਾਂਕਿ, ਵੀਹਵੀਂ ਸਦੀ ਦੇ ਆਖਰੀ ਦਹਾਕੇ ਤੋਂ, ਅਨੁਵਾਦ ਦਾ ਖੇਤਰ ਇੱਕ ਅਜਿਹੇ ਮੋੜ ‘ਤੇ ਪਹੁੰਚ ਗਿਆ ਹੈ, ਜਿੱਥੇ ਅਨੁਵਾਦ ਨੂੰ ਸਿਰਫ਼ ਇੱਕ ਭਾਸ਼ਾਈ ਗਤੀਵਿਧੀ ਵਜੋਂ ਨਹੀਂ, ਸਗੋਂ ਸੱਭਿਆਚਾਰਕ ਅਤੇ ਰਾਸ਼ਟਰੀ ਮਹੱਤਵ ਦੇ ਕੰਮ ਵਜੋਂ ਦੇਖਿਆ ਜਾਣ ਲੱਗਾ ਹੈ। ਇਸਦੇ ਮੁੱਖ ਕਾਰਨ ਹਨ:
* ਪਹਿਲਾ ਕਾਰਨ ਇਹ ਹੈ ਕਿ 21ਵੀਂ ਸਦੀ ਅਨੁਵਾਦ ਦੀ ਸਦੀ ਹੈ। ਇਸ ਯੁੱਗ ਵਿੱਚ, ਅਨੁਵਾਦ ਤੋਂ ਬਿਨਾਂ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।
* ਦੂਜਾ ਕਾਰਨ ਇਹ ਹੈ ਕਿ ਗੂਗਲ, ਐਮੇਜ਼ੋਨ, ਫਲਿਪਕਾਰਟ, ਮਾਈਕ੍ਰੋਸਾਫਟ ਅਤੇ ਅਲੀਬਾਬਾ ਸਮੇਤ ਵੱਡੀਆਂ ਗਲੋਬਲ ਕੰਪਨੀਆਂ ਹੁਣ ਸਾਰੇ ਦੇਸ਼ਾਂ ਨੂੰ ਆਪਣੀਆਂ ਚੀਜ਼ਾਂ ਅਤੇ ਸੇਵਾਵਾਂ ਪ੍ਰਦਾਨ ਕਰਨਾ ਚਾਹੁੰਦੀਆਂ ਹਨ ਅਤੇ ਉਨ੍ਹਾਂ ਨੂੰ ਆਪਣੇ ਕਾਰੋਬਾਰ ਨੂੰ ਅੱਗੇ ਵਧਾਉਣ ਲਈ ਭਾਸ਼ਾ ਦੀਆਂ ਰੁਕਾਵਟਾਂ ਨੂੰ ਤੋੜਨ ਦੀ ਲੋੜ ਹੈ। ਫਲਿਪਕਾਰਟ, ਐਮੇਜ਼ੋਨ, ਅਲੀਬਾਬਾ ਅਤੇ ਗੋ ਡੈਡੀ ਵਰਗੀਆਂ ਵੱਡੀਆਂ ਕੰਪਨੀਆਂ ਦੀਆਂ ਵੈੱਬਸਾਈਟਾਂ ਦਾ ਹਿੰਦੀ ਅਤੇ ਹੋਰ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ, ਅਨੁਵਾਦ ਦੇ ਵਧਦੇ ਮਹੱਤਵ ਦਾ ਸਬੂਤ ਹੈ।
* ਤੀਜਾ ਕਾਰਨ ਇਹ ਹੈ ਕਿ ਅੱਜ ਦੇ ਵਿਸ਼ਵੀਕਰਨ ਦੇ ਯੁੱਗ ਵਿੱਚ ਸਾਰੇ ਦੇਸ਼ ਬਹੁਤ ਜ਼ਿਆਦਾ ਆਪਸੀ ਤੌਰ ਤੇ ਨਿਰਭਰ ਹਨ, ਕਿਉਂਕਿ ਕੋਈ ਵੀ ਦੇਸ਼ ਢੁਕਵੀਆਂ ਸੇਵਾਵਾਂ ਪ੍ਰਦਾਨ ਨਹੀਂ ਕਰ ਸਕਦਾ ਜਾਂ ਆਪਣੇ ਨਾਗਰਿਕਾਂ ਨੂੰ ਇਕੱਲਿਆਂ ਵਿਕਸਿਤ ਨਹੀਂ ਕਰ ਸਕਦਾ। ਸਾਰੇ ਸਰੋਤ ਪ੍ਰਦਾਨ ਕਰਨ ਲਈ ਇੱਕ ਭਾਸ਼ਾ ਦੀ ਲੋੜ ਹੁੰਦੀ ਹੈ ਅਤੇ ਅਨੁਵਾਦ ਇਸ ਵਿੱਚ ਮੁੱਖ ਭੂਮਿਕਾ ਨਿਭਾਉਂਦਾ ਹੈ।
* ਚੌਥਾ ਕਾਰਨ ਇਹ ਹੈ ਕਿ ਸਾਰੇ ਦੇਸ਼ਾਂ ਦੇ ਨੇਤਾਵਾਂ ਨੂੰ ਵੱਖ-ਵੱਖ ਅੰਤਰਰਾਸ਼ਟਰੀ, ਰਾਸ਼ਟਰੀ ਅਤੇ ਖੇਤਰੀ ਫੋਰਮਾਂ ‘ਤੇ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਅਨੁਵਾਦਕਾਂ ਅਤੇ ਦੁਭਾਸ਼ੀਏ ਦੀ ਲੋੜ ਹੁੰਦੀ ਹੈ। ਸਾਰੇ ਦੇਸ਼ ਆਪਣੇ ਆਪਣੇ ਦੇਸ਼ਾਂ ਵਿੱਚ ਅਨੁਵਾਦ ਅਤੇ ਵਿਆਖਿਆ ਨੂੰ ਉਤਸ਼ਾਹਿਤ ਕਰਨ ਵਿੱਚ ਲੱਗੇ ਹੋਏ ਹਨ।
ਭਾਰਤ ਵਿੱਚ ਭਾਸ਼ਾ ਅਕੈਡਮੀਆਂ ਅਤੇ ਸੰਸਥਾਵਾਂ ਜਿਵੇਂ ਕਿ ਸਾਹਿਤ ਅਕਾਦਮੀ, ਨੈਸ਼ਨਲ ਬੁੱਕ ਟਰੱਸਟ, ਪ੍ਰਕਾਸ਼ਨ ਵਿਭਾਗ, ਰਾਸ਼ਟਰੀ ਅਨੁਵਾਦ ਮਿਸ਼ਨ, ਕੇਂਦਰੀ ਹਿੰਦੀ ਸੰਸਥਾ, ਹਿੰਦੀ ਗ੍ਰੰਥ ਅਕੈਡਮੀ ਅਤੇ ਹੋਰ ਸੰਸਥਾਵਾਂ ਲਿਖਤੀ ਅਨੁਵਾਦ ਦੇ ਖੇਤਰ ਵਿੱਚ ਮੋਹਰੀ ਭੂਮਿਕਾ ਨਿਭਾ ਰਹੇ ਹਨ। ਇਸ ਤੋਂ ਇਲਾਵਾ ਵੀ ਕਈ ਸੰਸਥਾਨ ਮਸ਼ੀਨੀ ਅਨੁਵਾਦ ਵਿੱਚ ਲੱਗੇ ਹੋਏ ਹਨ। ਕੁਝ ਸੰਸਥਾਵਾਂ, ਜਿਵੇਂ ਕਿ ਸਾਹਿਤ ਅਕਾਦਮੀ ਅਤੇ ਨੈਸ਼ਨਲ ਬੁੱਕ ਟਰੱਸਟ, ਭਾਰਤੀ ਭਾਸ਼ਾਵਾਂ ਨੂੰ ਵਿਦੇਸ਼ੀ ਭਾਸ਼ਾਵਾਂ ਵਿੱਚ ਅਤੇ ਵਿਦੇਸ਼ੀ ਭਾਸ਼ਾਵਾਂ ਤੋਂ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਕਰਨ ਲਈ ਪ੍ਰੋਜੈਕਟ ਚਲਾ ਰਹੀਆਂ ਹਨ।
ਮੈਂ ਅਨੁਵਾਦ ਨੂੰ ਇੱਕ ਚੈਲੰਜ ਵਜੋਂ ਸਵੀਕਾਰ ਕੀਤਾ ਹੈ। ਮੇਰੀ ਸਭ ਤੋਂ ਪਹਿਲੀ ਅਨੁਵਾਦਿਤ ਰਚਨਾ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮਾਸਿਕ ਪੱਤ੍ਰਿਕਾ ‘ਪੰਖੜੀਆਂ’ (1986) ਵਿੱਚ ਪ੍ਰਕਾਸ਼ਿਤ ਇੱਕ ਕਹਾਣੀ ਸੀ। ਤੇ ਫਿਰ ਚੱਲ ਸੋ ਚੱਲ…। ਮੇਰੇ ਵੱਲੋਂ ਅਨੁਵਾਦਿਤ ਤੇ ਸੰਪਾਦਿਤ ਪਹਿਲੀ ਪੁਸਤਕ ‘ਦੇਸ਼ ਦੇਸ਼ਾਂਤਰ’ 1989 ਵਿੱਚ ਪ੍ਰਕਾਸ਼ਿਤ ਹੋਈ ਸੀ, ਜਿਸ ਵਿੱਚ ਵਿਭਿੰਨ ਭਾਸ਼ਾਵਾਂ ਤੇ ਦੇਸ਼ਾਂ ਦੀਆਂ 11 ਕਹਾਣੀਆਂ ਸਨ। ਇਨ੍ਹਾਂ ਕਹਾਣੀਆਂ ਨੂੰ ਮੈਂ ਅੰਗਰੇਜ਼ੀ ਅਤੇ ਹਿੰਦੀ ਭਾਸ਼ਾਵਾਂ ਤੋਂ ਪੰਜਾਬੀ ਵਿੱਚ ਅਨੁਵਾਦ ਕੀਤਾ ਸੀ। ਇਸ ਬਾਰੇ ਪੰਜਾਬੀ ਦੇ ਪ੍ਰਮੁੱਖ ਅਖ਼ਬਾਰਾਂ ਵਿੱਚ ਵੱਡੇ ਸਮੀਖਿਅਕਾਰਾਂ ਨੇ ਭਰਪੂਰ ਚਰਚਾ ਕੀਤੀ ਸੀ। ਪੰਜਾਬੀ ਟ੍ਰਿਬਿਊਨ ਵਿੱਚ ਸ਼ਾਮ ਸਿੰਘ ਨੇ ‘ਅੰਗਸੰਗ’ ਕਾਲਮ ਵਿੱਚ ਇਹਦੇ ਬਾਰੇ ਵੱਖਰੇ ਤੌਰ ਤੇ ਲਿਖਿਆ ਸੀ। ਮੇਰੇ ਅਨੁਵਾਦ ਕਾਰਜ ਬਾਰੇ ਮੇਰੇ ਹੀ ਇੱਕ ਯੂਨੀਵਰਸਿਟੀ ਅਧਿਆਪਕ ਨੇ ਮੈਨੂੰ ਨਿਰਉਤਸ਼ਾਹਿਤ ਕਰਦਿਆਂ ਏਥੋਂ ਤੱਕ ਕਹਿ ਦਿੱਤਾ ਸੀ, “ਇਹ ਕੀ ਅਨੁਵਾਦ ਦਾ ਕੰਮ ਕਰਦਾ ਰਹਿਨੈਂ, ਕੋਈ ਆਪਣੀ ਮੌਲਿਕ ਰਚਨਾ ਲਿਖਿਆ ਕਰ।” ਪਰ ਮੈਂ ਉਹਦੇ ਕਥਨ ਨੂੰ ਠੁਕਰਾ ਕੇ ਹੋਰ ਜ਼ੋਰ-ਸ਼ੋਰ ਨਾਲ ਅਨੁਵਾਦ ਕਰਨ ਲੱਗਿਆ ਤੇ ਅੱਜ ਮੇਰੀਆਂ 25 ਅਨੁਵਾਦਿਤ ਕਿਤਾਬਾਂ ਛਪ ਚੁੱਕੀਆਂ ਹਨ। ਹੁਣ ਉਹੀ ਅਧਿਆਪਕ ਕਹਿੰਦਾ ਹੈ, “ਬਈ ਵਾਹ, ਬੜਾ ਅਨੁਵਾਦ ਕਰ ਰਿਹੈਂ ਅੱਜਕੱਲ੍ਹ! ਕਿਵੇਂ ਕਰਦਾ ਹੈਂ ਇੰਨਾਂ ਸਭ ਕੁਝ?”
ਅਨੁਵਾਦ ਕਰਨ ਨਾਲ ਮੇਰੇ ਜਾਣਕਾਰਾਂ ਦਾ ਘੇਰਾ ਵਧਿਆ ਤੇ ਹੁਣ ਹਿੰਦੀ ਦਾ ਹਰ ਛੋਟਾ ਵੱਡਾ ਲੇਖਕ ਮੈਥੋਂ ਆਪਣੀ ਰਚਨਾ ਦਾ ਅਨੁਵਾਦ ਕਰਵਾਉਣ ਦਾ ਚਾਹਵਾਨ ਹੈ ਤੇ ਮੈਂ ਹਰ ਇੱਕ ਦਾ ਮਾਣ ਰੱਖਦਿਆਂ ਉਹਨੂੰ ਅਨੁਵਾਦ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ। ‘ਵਰਲਡ ਪੰਜਾਬੀ ਟਾਈਮਜ਼’ ਯੂਟਿਊਬ ਚੈਨਲ ਨੇ ਮੈਨੂੰ ਹਿੰਦੀ ਲੇਖਕਾਂ ਨਾਲ ਮੁਲਾਕਾਤਾਂ ਕਰਨ ਦਾ ਕਾਰਜ ਸੌਂਪਿਆ, ਜਿਸ ਵਿੱਚ ਮੈਂ ਕਰੀਬ 60 ਹਿੰਦੀ ਲੇਖਕਾਂ ਨੂੰ ਪੰਜਾਬੀ ਸਰੋਤਿਆਂ ਦੇ ਰੂਬਰੂ ਕੀਤਾ।
ਮੇਰੀਆਂ ਵਧੇਰੇ ਅਨੁਵਾਦਿਤ ਕਿਤਾਬਾਂ ਬਾਲ ਸਾਹਿਤ ਦੀਆਂ ਹਨ, ਜਿਨ੍ਹਾਂ ਵਿੱਚ ਜੂਲ ਵਰਨ, ਸ਼ਰਵਾਂਟੀਜ਼, ਗ੍ਰਿਮ ਬ੍ਰਦਰਜ਼, ਚਾਰਲਸ ਡਿਕਨਜ਼, ਆਰਐਮ ਬੈਲੰਟਾਈਨ, ਹਰਮਨ ਮੈਲਵਿਲ, ਆਰਐਲ ਸਟੀਵਨਸਨ (ਸਾਰੇ ਵਿਦੇਸ਼ੀ ਲੇਖਕ), ਸਤਿਆਜੀਤ ਰੇਅ, ਆਬਿਦ ਸੂਰਤੀ, ਊਸ਼ਾ ਯਾਦਵ (ਭਾਰਤੀ ਲੇਖਕ) ਆਦਿ ਦੇ ਨਾਂ ਜ਼ਿਕਰਯੋਗ ਹਨ। ਮੈਕਸਿਮ ਗੋਰਕੀ (ਰੂਸੀ), ਸਦਰੁਦੀਨ ਐਨੀ (ਤਾਜ਼ਿਕ), ਸਟੇਫ਼ਨ ਜ਼ਵੇਗ, ਕ੍ਰਿਸ਼ਨ ਚੰਦਰ, ਅਬਦੁਲ ਬਿਸਮਿੱਲਾਹ ਦੇ ਨਾਵਲਾਂ ਨੂੰ ਪ੍ਰਕਾਸ਼ਕਾਂ ਨੇ ਵਿਸ਼ੇਸ਼ ਤੌਰ ਤੇ ਮੈਥੋਂ ਅਨੁਵਾਦ ਕਰਵਾਇਆ। ਹਿੰਦੀ ਦੇ ਕੁਝ ਹੋਰ ਪ੍ਰਬੁੱਧ ਲੇਖਕਾਂ ਦੀਆਂ ਚੋਣਵੀਆਂ ਕਹਾਣੀਆਂ/ ਮਿੰਨੀ ਕਹਾਣੀਆਂ/ ਕਵਿਤਾਵਾਂ ਨੂੰ ਪੰਜਾਬੀ ਵਿੱਚ ਅਨੁਵਾਦ ਕਰਕੇ ਮੈਨੂੰ ਬੇਹੱਦ ਖੁਸ਼ੀ ਮਿਲੀ, ਇਨ੍ਹਾਂ ਵਿੱਚ ਭੀਸ਼ਮ ਸਾਹਨੀ, ਹਰਿਸ਼ੰਕਰ ਪਰਸਾਈ, ਸਆਦਤ ਹਸਨ ਮੰਟੋ, ਆਸ਼ਾ ਸ਼ੈਲੀ, ਕਮਲੇਸ਼ ਭਾਰਤੀ, ਗੋਵਿੰਦ ਸ਼ਰਮਾ, ਅਸ਼ੋਕ ਸਕਸੈਨਾ, ਸੁਭਾਸ਼ ਨੀਰਵ, ਭਾਵਨਾ ਸ਼ੇਖਰ, ਸੋਨੂੰ ਯਸ਼ਰਾਜ, ਪੂਨਮ ਅਹਿਮਦ, ਸਦਾਨੰਦ ਕਵੀਸ਼ਰਵਰ, ਅੰਜੂ ਖਰਬੰਦਾ, ਯਸ਼ੋਧਰਾ ਭਟਨਾਗਰ, ਸੁਰੇਸ਼ ਬਰਨਵਾਲ ਆਦਿ ਨਵੇਂ-ਪੁਰਾਣੇ ਸੈਂਕੜੇ ਲੇਖਕ ਸ਼ਾਮਲ ਹਨ। ਮੇਰੇ ਵੱਲੋਂ ਲਿਪੀਅੰਤਰ ਕੀਤੀ ਇੱਕੋ-ਇੱਕ ਕਿਤਾਬ ‘ਸਾਏ ਮੇਂ ਧੂਪ’ (1990, ਪ੍ਰਸਿੱਧ ਹਿੰਦੀ ਕਵੀ ਦੁਸ਼ਿਅੰਤ ਕੁਮਾਰ ਦੀਆਂ ਗ਼ਜ਼ਲਾਂ) ਨੂੰ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਬਠਿੰਡਾ ਨੇ ਆਪਣੇ ਸਿਲੇਬਸ ਵਿੱਚ ਥਾਂ ਦਿੱਤੀ ਹੈ।
ਨੈਸ਼ਨਲ ਬੁਕ ਟ੍ਰੱਸਟ, ਇੰਡੀਆ ਲਈ ਵੀ ਮੈਂ ਦੋ ਕਿਤਾਬਾਂ ਦਾ ਹਿੰਦੀ ਤੋਂ ਪੰਜਾਬੀ ਵਿੱਚ ਅਨੁਵਾਦ ਕੀਤਾ ਹੈ। ਸਾਹਿਤ ਅਕਾਦਮੀ ਇਨਾਮ ਜੇਤੂ ਲੇਖਕ ਮਰਹੂਮ ਰਾਮ ਸਰੂਪ ਅਣਖੀ ਵੱਲੋਂ ਸੰਪਾਦਿਤ ਤ੍ਰੈਮਾਸਿਕ ਪੱਤ੍ਰਿਕਾ ‘ਕਹਾਣੀ ਪੰਜਾਬ’ ਲਈ ਅਣਗਿਣਤ ਹਿੰਦੀ ਕਹਾਣੀਆਂ ਤੇ ਨਾਵਲਾਂ ਨੂੰ ਖੁੱਲ੍ਹੇ ਦਿਲ ਨਾਲ ਅਨੁਵਾਦ ਕਰਕੇ ਮੈਨੂੰ ਅਸੀਮ ਪ੍ਰਸੰਨਤਾ ਮਿਲੀ ਹੈ। ਪੰਜਾਬੀ ਦੇ (ਭਾਰਤੀ ਤੇ ਵਿਦੇਸ਼ੀ) ਹਰ ਛੋਟੇ ਵੱਡੇ ਅਖ਼ਬਾਰਾਂ ਤੇ ਮੈਗਜ਼ੀਨਾਂ ਲਈ ਮੈਂ ਬਹੁਤ ਸਾਰੇ ਲੜੀਵਾਰ ਨਾਵਲਾਂ ਤੇ ਕਹਾਣੀਆਂ ਦਾ ਪੰਜਾਬੀ ਅਨੁਵਾਦ ਕੀਤਾ ਹੈ। ਹੁਣ ਮੈਂ ਆਪਣੀਆਂ ਕੁਝ ਮਿੰਨੀ ਕਹਾਣੀਆਂ ਅਤੇ ਪਰਵਾਸੀ ਪੰਜਾਬੀ ਲੇਖਕ ਰਵਿੰਦਰ ਸਿੰਘ ਸੋਢੀ ਦੀਆਂ ਕਹਾਣੀਆਂ ਨੂੰ ਹਿੰਦੀ ਵਿੱਚ ਅਨੁਵਾਦ ਕਰਨ ਦਾ ਸਿਲਸਿਲਾ ਵੀ ਸ਼ੁਰੂ ਕੀਤਾ ਹੈ। ਇਨ੍ਹਾਂ ਲਿਖਤਾਂ ਨੂੰ ਹਿੰਦੀ ਦੀਆਂ ਰਾਸ਼ਟਰੀ ਪੱਧਰ ਦੀਆਂ ਪੱਤ੍ਰਿਕਾਵਾਂ ‘ਆਜਕਲ’, ‘ਵਿਭੋਮ ਸਵਰ’, ‘ਸਾਹਿਤਯ ਅੰਮ੍ਰਿਤ’, ‘ਸ਼ੁਭਤਾਰਿਕਾ’, ‘ਸਾਹਿਤਯ ਕੁੰਜ’, ‘ਕਕਸਾੜ’, ‘ਪ੍ਰੇਰਣਾ ਅੰਸ਼ੂ’, ‘ਕ੍ਰਿਤੀ ਬਹੁਮਤ’, ‘ਸ਼ਬਦਾਹੁਤੀ’, ‘ਰਚਨਾ ਉਤਸਵ’ ਆਦਿ ਨੇ ਖੁਸ਼ੀ ਨਾਲ ਪ੍ਰਕਾਸ਼ਿਤ ਕੀਤਾ ਹੈ।
ਫ਼ਿਲਹਾਲ ਏਨਾ ਹੀ, ਬਾਕੀ ਕਦੇ ਫੇਰ…। ਵਿਸ਼ਵ ਅਨੁਵਾਦ ਦਿਵਸ ਤੇ ਹਰ ਭਾਸ਼ਾ ਦੇ ਅਨੁਵਾਦਕ ਨੂੰ ਢੇਰ ਸਾਰੀਆਂ ਮੁਬਾਰਕਾਂ! ਹਰ ਅਨੁਵਾਦਕ ਨੂੰ ਯਥਾਯੋਗ ਸਨਮਾਨ ਤੇ ਸਤਿਕਾਰ ਪ੍ਰਾਪਤ ਹੋਵੇ! ਆਮੀਨ!
~ ਪ੍ਰੋ. ਨਵ ਸੰਗੀਤ ਸਿੰਘ