ਗੁੱਲੀ ਡੰਡਾ ਇੱਕ ਖੇਡ ਸੀ ਬੱਚਿਓ
ਹੁੰਦੀ ਬਹੁਤ ਪੁਰਾਣੀ।
ਖੁੱਲ੍ਹੇ ਥਾਂ ‘ਤੇ ਖੇਡਦੇ ਹੁੰਦੇ ਸੀ,
ਰਲ ਮਿਲ ਕੇ ਸਭ ਹਾਣੀ।
ਆਓ ਸਾਂਝੀਆਂ ਕਰੀਏ ਆਪਾਂ,
ਖੇਡ ਬਾਰੇ ਕੁੱਝ ਗੱਲਾਂ।
ਬੜੇ ਪੁਰਾਣੇ ਵਿਰਸੇ ਦੇ ਵੱਲ
ਅੱਜ ਥੋਨੂੰ ਲ਼ੈ ਚੱਲਾਂ।
ਇੱਕ ਫੁੱਟ ਦੇ ਡੰਡੇ ਦੇ ਸਿਰੇ ‘ਤੇ
ਵਾਢਾ ਸੀ ਇੱਕ ਪਾਉਣਾ।
ਚਾਰ ਕੁ ਇੰਚ ਦੀ ਲੱਕੜ ਘੜ੍ਹਕੇ
ਗੁੱਲੀ ਅਸੀਂ ਬਣਾਉਣਾ।
ਦੋਵੇ ਪਾਸਿਆਂ ਤੋਂ ਤਿੱਖੀ ਹੁੰਦੀ,
ਹਵਾ ਵਿੱਚ ਉੱਡ ਜਾਵੇ।
ਜਦ ਕੋਈ ਗੱਬ ਨਾਲ ਡੰਡੇ
ਗੁੱਲੀ ਦੇ ਸਿਰੇ ‘ਤੇ ਲਾਵੇ।
ਦੋ ਟੋਲੀਆਂ ਵਿੱਚ ਜਾਂਦੇ ਸੀ ਫਿਰ
ਸਾਰੇ ਹਾਣੀ ਵੰਡੇ।
ਇੱਕ ਨੇ ਸੁੱਟਣੀ ,ਦੂਜੇ ਨੇ ਬੁੱਚਣੀ,
ਸੁੱਟਦੇ ਨਾਲ ਸੀ ਡੰਡੇ।
ਲੰਮੀ ਰਾਹਬ ਧਰਤੀ ‘ਤੇ ਪੁੱਟਕੇ,
ਉਸ ਉੱਪਰ ਰੱਖ ਲੈਂਦੇ।
ਸਾਰਾ ਜ਼ੋਰ ਲਾ ਉੱਪਰ ਸੁੱਟਣੀ,
ਹੰਪੇ ਨਾਲੇ ਸੀ ਕਹਿੰਦੇ।
ਜਿੰਨਾਂ ਨੇ ਬੁੱਚ ਲੈਣੀ ਗੁੱਲੀ,
ਜਿੱਤ ਉਹੀ ਸੀ ਜਾਂਦੇ।
ਫਿਰ ਵਾਰੀ ਦੂਜਿਆਂ ਦੀ ਆਉਣੀ,
ਆਪਣੀ ਵਾਰੀ ਪੁਗਾਉਂਦੇ।
ਇਸ ਤਰਾਂ ਦੀ ਖੇਡ ਉਹ ‘ਪੱਤੋ’,
ਅੱਜ ਖੇਡੇ ਨਾ ਕੋਈ।
ਨਵੀਆਂ ਖੇਡਾਂ ਪੱਬ ਜੀ ਵਰਗੀਆਂ,
ਬਚਪਨ ਜਾਣ ਲਕੋਈ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ (ਮੋਗਾ)
ਫੋਨ ਨੰਬਰ 94658-21417
†*