ਕੁੱਲ ਦੁਨੀਆਂ ‘ਚ, ਤੂੰ ਹੀ ਹੈਂ ਮਹਾਨ ਮਾਲਕਾ!
ਸਾਰੇ ਜੱਗ ਵਿੱਚ ਉੱਚੀ, ਤੇਰੀ ਸ਼ਾਨ ਮਾਲਕਾ!
ਭਾਵੇਂ ਦੁਨੀਆਂ ‘ਚ ਵੱਖ ਵੱਖ, ਲੋਕ ਰਹਿੰਦੇ ਨੇ।
ਆਪੋ-ਆਪਣੀ ਬੋਲੀ ‘ਚ, ਤੇਰਾ ਨਾਮ ਲੈਂਦੇ ਨੇ।
ਹਰ ਪ੍ਰਾਣੀ ਵਿੱਚ ਵੱਸੇ, ਤੇਰੀ ਜਾਨ ਮਾਲਕਾ!
ਕੋਈ ਪਤਾ ਨਹੀਂ ਕਿੱਥੇ, ਤੇਰਾ ਘਰ-ਬਾਰ ਹੈ।
ਹਰ ਜੀਉ-ਜੰਤ ਤੇਰਾ, ਤੇਰਾ ਹੀ ਸੰਸਾਰ ਹੈ।
ਹਰ ਜ਼ੱਰਾ-ਜ਼ੱਰਾ, ਤੇਰਾ ਹੀ ਸਥਾਨ ਮਾਲਕਾ!
ਤੇਰੀ ਪੂਜਾ ਲਈ ਲੋਕਾਂ, ਕਿੰਨੇ ਥਾਂਵ ਨੇ ਬਣਾਏ।
ਕੋਈ ਕਰਦੈ ਡੰਡਾਉਤ, ਕੋਈ ਤੀਰਥਾਂ ਤੇ ਨ੍ਹਾਏ।
ਕਈ ਕਰਦੇ ਨੇ ਸੇਵਾ, ਪੁੰਨ, ਦਾਨ ਮਾਲਕਾ!
ਤੇਰੀ ਮਰਜ਼ੀ ਹੈ ਕਿਸੇ ਨੂੰ, ਤੂੰ ਦੇਵੇਂ ਵਡਿਆਈ।
ਤੇਰੇ ਮਨ ਵਿੱਚ ਆਵੇ, ਖੁੱਸ ਲਵੇਂ ਚੰਗਿਆਈ।
ਜੇ ਤੂੰ ਚਾਹੇਂ ਤਾਂ ਹੀ ਮਿਲੇ, ਸਨਮਾਨ ਮਾਲਕਾ!
ਬਹੁਤੇ ਰਾਜੇ-ਮਹਾਰਾਜੇ, ਵਿਖਲਾਉਂਦੇ ਸ਼ਕਤੀ।
ਕੁਝ ਗੁਰੂ-ਪੀਰ ਕਰਦੇ ਨੇ, ਏਥੇ ਭਗਤੀ।
ਤੇਰੇ ਤੁੱਲ ਨਹੀਂ ਕੋਈ, ਬਲਵਾਨ ਮਾਲਕਾ!
~ ਪ੍ਰੋ. ਨਵ ਸੰਗੀਤ ਸਿੰਘ
1, ਲਤਾ ਗਰੀਨ ਐਨਕਲੇਵ, ਪਟਿਆਲਾ-147002.
(9417692015)