ਗੁਰਸ਼ਰਨ ਭਾਅ ਜੀ ਉੱਘੇ ਰੰਗਕਰਮੀ,ਪੰਜਾਬ ਦੀ ਤਰਕਸ਼ੀਲ ਲਹਿਰ ਦੇ ਮੋਢੀ,ਪੰਜਾਬੀ ਲੋਕ ਰੰਗਮੰਚ ਅਤੇ ਨੁੱਕੜ ਨਾਟਕਾਂ ਦੇ ਸ਼ੇਰ- ਏ- ਪੰਜਾਬ, ਇੱਕ ਅਦਾਕਾਰ,ਇੰਜੀਨੀਅਰ,ਲੇਖਕ, ਨਾਟਕਕਾਰ,ਨਿਰਦੇਸ਼ਕ,ਪ੍ਰਕਾਸ਼ਕ, ਲੋਕਾਂ ਦੇ ਆਗੂ, ਸੰਪਾਦਕ,ਕੁਸ਼ਲ ਪ੍ਰਬੰਧਕ, ਵਕਤਾ ਅਤੇ ਸਭ ਤੋਂ ਉਪਰ ਇੱਕ ਵਧੀਆ ਇਨਸਾਨ ਸਨ।ਉਹ ਇੱਕ ਤੁਰਦੀ- ਫਿਰਦੀ ਸੰਸਥਾ ਸਨ।ਗੁਰਸ਼ਰਨ ਸਿੰਘ ਭਾਅ ਜੀ ਦਾ ਜਨਮ 16 ਸਤੰਬਰ, 1929 ਨੂੰ ਡਾਕਟਰ ਗਿਆਨ ਸਿੰਘ ਦੇ ਘਰ ਮੁਲਤਾਨ (ਪਾਕਿਸਤਾਨ)ਵਿੱਚ ਹੋਇਆ। ਉਨ੍ਹਾਂ ਐਮ.ਐਸ.ਸੀ.(ਆਨਰਜ਼) ਟੈਕਨੀਕਲ ਕੈਮਿਸਟਰੀ ਤੱਕ ਵਿੱਦਿਆ ਪ੍ਰਾਪਤ ਕੀਤੀ।ਮੁਲਤਾਨ ਦੇ ਪ੍ਰਾਇਮਰੀ ਸਕੂਲ ਵਿੱਚ ਪੜ੍ਹਦਿਆਂ ਪੰਜਾਬੀ ਤੇ ਉਰਦੂ ਜ਼ੁਬਾਨਾਂ ਸਿੱਖੀਆਂ। ਖਾਲਸਾ ਕਾਲਜ ਅੰਮ੍ਰਿਤਸਰ ਤੋਂ ਪੜ੍ਹਾਈ ਕਰਨ ਉਪਰੰਤ1951 ‘ਚ ਭਾਖੜਾ ਨੰਗਲ ਵਿਖੇ ਸੀਮਿੰਟ ਦੀ ਲੈਬਾਰਟਰੀ ਵਿੱਚ ਨੌਕਰੀ ਕੀਤੀ।ਉਥੇ ਕੰਮ ਕਰਦਿਆਂ ਉਹ ਇਪਟਾ ਦੇ ਨਾਮੀ ਰੰਗਕਰਮੀ ਜੋਗਿੰਦਰ ਬਾਹਰਲਾ ਦੇ ਨਾਟਕਾਂ ਤੋਂ ਏਨੇ ਪ੍ਰਭਾਵਿਤ ਹੋਏ ਕਿ ਉਹ ਖੁਦ ਰੰਗਮੰਚ ਦੇ ਖੇਤਰ ਵਿੱਚ ਕੁੱਦ ਪਏ। 19ਸਤੰਬਰ 1975 ਨੂੰ ਉਨ੍ਹਾਂ ਨੂੰ ਨੌਕਰੀ ਤੋਂ ਸਸਪੈਂਡ ਕੀਤਾ ਗਿਆ।ਛੋਟੀ ਉਮਰੇ ਉਨ੍ਹਾਂ ਮਾਰਕਸੀ ਫਲਸਫੇ ਨੂੰ ਪੜ੍ਹਿਆ। ਨਾਟਕਾਂ ਵਿੱਚ ਆਪਣੀ ਪਤਨੀ ਕੈਲਾਸ਼ ਕੌਰ ਅਤੇ ਦੋਵਾਂ ਧੀਆਂ ਨੂੰ ਨਾਲ ਲੈ ਕੇ ਭਾਅ ਜੀ ਪਿੰਡ-ਪਿੰਡ ਲੋਕਾਂ ਨੂੰ ਜਾਗਰੂਕ ਕਰਦੇ,ਸਮਾਜਿਕ ਬਰਾਬਰੀ ਦਾ ਸੁਨੇਹਾ ਦਿੰਦੇ,ਨਾਟਕ ਖੇਡਦੇ,ਲੋਕਾਂ ਵਿੱਚ ਚੰਗਾ ਸਾਹਿਤ ਲੈ ਕੇ ਜਾਂਦੇ,ਹਜ਼ਾਰਾਂ,ਲੱਖਾਂ ਲੋਕਾਂ ਸਾਹਮਣੇ ਨਾਟਕ ਖੇਡਦੇ, ਕਿਸਾਨਾਂ, ਮਜ਼ਦੂਰਾਂ ਦੇ ਘਰਾਂ ‘ਚ ਰੁੱਖੀ-ਮਿੱਸੀ ਦਾਲ ਰੋਟੀ ਛੱਕ ਕੇ ਠੰਡਾ ਪਾਣੀ ਪੀ ਕੇ ਫੇਰ ਅਗਲੇ ਪਿੰਡ ਲੋਕਾਂ ਨੂੰ ਪ੍ਰੇਰਨ ਵਾਲਾ ਜ਼ਿੰਦਗੀ ਦਾ ਮਸੀਹਾ, ਲੱਖਾਂ ਨੌਜਵਾਨਾਂ ਨੂੰ ਪ੍ਰੇਰਦਾ।ਉਹ ਹਮੇਸ਼ਾਂ ਹੀ ਬਾਬੇ ਨਾਨਕ, ਗੁਰੂ ਗੋਬਿੰਦ ਸਿੰਘ,ਸ਼ਹੀਦ ਭਗਤ ਸਿੰਘ ਤੇ ਗ਼ਦਰੀ ਬਾਬਿਆਂ ਦੇ ਰਾਹ ਨੂੰ ਆਪਣਾ ਰਾਹ ਕਹਿੰਦੇ।ਰੰਗਮੰਚ ਸਫ਼ਰ ਵਿੱਚ ਉਨ੍ਹਾਂ ਨੇ 185 ਤੋਂ ਵੱਧ ਨਾਟਕ ਲਿਖੇ,ਉਨ੍ਹਾਂ ਨਾਟਕਾਂ ਦੀਆਂ 12000 ਤੋਂ ਵੱਧ ਪੇਸ਼ਕਾਰੀਆਂ ਪੰਜਾਬ ਦੇ ਪਿੰਡਾਂ ਤੋਂ ਲੈ ਕੇ ਦੇਸ਼-ਵਿਦੇਸ਼ ਵਿੱਚ ਕੀਤੀਆਂ।ਉਨ੍ਹਾਂ ਨੇ ਅਦਾਕਾਰੀ ਅਤੇ ਨਾਟ ਪੇਸ਼ਕਾਰੀ ਤੇ ਰੰਗਮੰਚ ਨੂੰ ਸਮਾਜਿਕ ਚੇਤਨਾ ਲਈ ਹਥਿਆਰ ਵੱਜੋਂ ਵਰਤਿਆ।ਉਮਰ ਦੇ ਅੱਠ ਦਹਾਕੇ ਪਾਰ ਕਰਕੇ ਵੀ ਗੁਰਸ਼ਰਨ ਸਿੰਘ ਲੋਕਾਂ ਨੂੰ ਜਗਾਉਣ ਲਈ ਹੋਕੇ ਦਿੰਦੇ ਰਹੇ।ਭਾਖੜਾ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਸੀ,ਉਥੇ ਕੋਈ ਛੁੱਟੀ ਨਹੀਂ ਸੀ ਹੁੰਦੀ।1954 ‘ਚ ਉਨਾਂ ਅਫ਼ਸਰਾਂ ਨੂੰ ਕਿਹਾ 8-12 ਵਾਲੀ ਸ਼ਿਫਟ ਵਿੱਚ ਜ਼ਰੂਰੀ ਕੰਮ ਚਲਾਏ ਜਾਣ ਅਤੇ ਬਾਕੀ ਛੁੱਟੀ ਕੀਤੀ ਜਾਵੇ ਪਰ ਮੈਨੇਜਮੈਂਟ ਨਾ ਮੰਨੀ।ਨਤੀਜੇ ਦੇ ਤੌਰ ‘ਤੇ ਉਥੇ ਲੋਹੜੀ ਦੀ ਬਹੁਤ ਵੱਡੀ ਹੜਤਾਲ ਹੋਈ।ਇੱਥੇ ਹੀ ਉਨ੍ਹਾਂ ਨੇ ਪਹਿਲਾ ਨਾਟਕ ‘ਲੋਹੜੀ ਦੀ ਹੜਤਾਲ’ ਲਿਖਿਆ ਅਤੇ ਖੇਡਿਆ। 1952 ਤੋਂ ਭਾਖੜਾ ਡੈਮ ’ਤੇ ਬਤੌਰ ਇੰਜੀਨੀਅਰ ਸੇਵਾ ਨਿਭਾ ਰਹੇ ਸਰਕਾਰ ਦੀਆਂ ਨਜ਼ਰਾਂ ਵਿੱਚ ਗੁਰਸ਼ਰਨ ਸਿੰਘ ਵਿਦਰੋਹੀ ਸੁਰ ਰੱਖਣ ਵਾਲਾ ਤੇ ਹੋਰਨਾਂ ਨੂੰ ਵਿਦਰੋਹ ਲਈ ਉਕਸਾਉਣ ਵਾਲਾ ਬਣ ਗਿਆ।ਸਿੱਟੇ ਵੱਜੋਂ 1981 ਵਿੱਚ ਅਸਤੀਫ਼ਾ ਦੇ ਕੇ ਨਾਟਕ ਖੇਤਰ ਵਿੱਚ ਆ ਡਟੇ।ਉਨ੍ਹਾਂ ਨੇ ਨਾਟਕ ਵਰਗੀ ਕਲਾ ਦੀ ਨਬਜ਼ ਪਛਾਣ ਲਈ ਕਿ ਇਹ ਲੋਕਾਂ ‘ਤੇ ਜਾਦੂ ਵਰਗਾ ਅਸਰ ਕਰਦੀ ਹੈ।ਉਨ੍ਹਾਂ ਬਿਨਾਂ ਸਟੇਜ ਰਿਹਰਸਲ,ਲਾਈਟਾਂ ਅਤੇ ਮਿਊਜ਼ਿਕ ਦੇ ਨੁੱਕੜ ਨਾਟਕਾਂ ਦੀ ਨੀਂਹ ਰੱਖੀ।ਅੰਮ੍ਰਿਤਸਰ ਸਕੂਲ ਆਫ ਡਰਾਮਾ ਰਾਹੀਂ ਨਵੇਂ ਮੁੰਡੇ-ਕੁੜੀਆਂ ਨੂੰ ਨਾਟਕ ਨਾਲ ਜੋੜਿਆ।ਇਹ ਮੁੰਡੇ ਖੁਦ ਵੱਡੇ ਕਲਾਕਾਰ ਅਤੇ ਨਿਰਦੇਸ਼ਕ ਬਣ ਗਏ।ਡਾ.ਸਾਹਿਬ ਸਿੰਘ ਅਤੇ ਕੇਵਲ ਧਾਲੀਵਾਲ ਵਰਗੇ ਨਾਮਵਰ ਕਲਾਕਾਰ ਹੁਣ ਗੁਰਸ਼ਰਨ ਸਿੰਘ ਦੀ ਸੋਚ ਨੂੰ ਹਰ ਆਦਮੀ ਤਕ ਲਿਜਾਣ ਲਈ ਪ੍ਰਤੀਬੱਧ ਹਨ।1964 ਵਿੱਚ ਭਾਅ ਜੀ ਨੇ ਅੰਮ੍ਰਿਤਸਰ ਵਿਖੇ ਦੋਸਤਾਂ ਨਾਲ ਰਲ ਕੇ ਅੰਮ੍ਰਿਤਸਰ ਨਾਟਕ ਕਲਾ ਕੇਂਦਰ ਦੀ ਨੀਂਹ ਰੱਖੀ।ਅੱਜ ਇਹ ਸੰਸਥਾ ਨਾਟਕਾਂ ਦੀ ਉੱਘੀ ਸੰਸਥਾ ਹੈ।ਇਸ ਸੰਸਥਾ ਦਾ ਉਦੇਸ਼ ਸੀ ਕਿ ਚੰਗੇ,ਅਗਾਂਹਵਧੂ ਨਾਟਕਾਂ ਦੀ ਪੇਸ਼ਕਾਰੀ ਰਾਹੀਂ ਲੋਕਾਂ ਨੂੰ ਜਾਗ੍ਰਿਤ ਕਰਨਾ ਤਾਂ ਜੋ ਸਰਮਾਏਦਾਰੀ ਤਾਕਤਾਂ ਦੇ ਖ਼ਿਲਾਫ ਲੋਕ ਨੂੰ ਲਾਮਬੰਦ ਕੀਤਾ ਜਾ ਸਕੇ।ਨਾਟਕਾਂ ਦੇ ਅੰਤ ‘ਤੇ ਅਗਾਂਹ-ਵਧੂ ਕਿਤਾਬਾਂ ਤੇ ਸਰਦਲ ਅਤੇ ਸਮਤਾ ਮੈਗਜ਼ੀਨ ਆਪ ਕੱਢ ਕੇ ਸਸਤੇ ਮੁੱਲ ਤੇ ਦਿੰਦੇ ਸਨ। 27 ਸਤੰਬਰ 2011 ਵਿੱਚ ਸਾਡੇ ਤੋਂ ਸਦਾ ਲਈ ਵਿਛੜ ਗਏ। ਰੰਗ ਮੰਚ ਦੇ ਕਲਾਕਾਰਾਂ, ਤਰਕਸ਼ੀਲਾਂ, ਇਨਕਲਾਬੀਆਂ ਅਤੇ ਅਗਾਂਹਵਧੂ ਸੋਚ ਦੇ ਧਾਰਨੀ ਵਿਅਕਤੀਆਂ ਵਲੋਂ ਹਰ ਸਾਲ ਉਨ੍ਹਾਂ ਦੀ ਯਾਦ ਵਿੱਚ ਸਮਾਗਮ ਆਯੋਜਿਤ ਕੀਤੇ ਜਾਂਦੇ ਹਨ।
ਮਾਸਟਰ ਪਰਮਵੇਦ
ਤਰਕਸ਼ੀਲ ਆਗੂ
ਤਰਕਸ਼ੀਲ ਸੁਸਾਇਟੀ ਪੰਜਾਬ
9417422349