ਹਿਮਾਚਲ ਪ੍ਰਦੇਸ਼ ਦਾ ਮਨਮੋਹਣਾ ਇਲਾਕਾ ਹੈ ਕੁੱਲੂ | ਕੁਦਰਤ ਦੀ ਸਾਕਾਰ ਸੁੰਦਰਤਾ ਹੈ ਕੁੱਲੂ ਘਾਟੀ | ਇਥੋਂ ਦੇ ਉਚੇ-ਉਚੇ, ਅਸਮਾਨ ਨੂੰ ਛੂੰਹਦੇ ਸੁੰਦਰ ਰੁੱਖ ਇਸ ਤਰ੍ਹਾਂ ਪ੍ਰਤੀਤ ਹੁੰਦੇ ਹਨ ਜਿਸ ਤਰ੍ਹਾਂ ਇਸ ਧਰਤੀ ਦੇ ਬੁਜ਼ੁਰਗ ਲੋਕ ਆਸ਼ੀਰਵਾਦ ਅਤੇ ਸ਼ੁਭਕਾਮਨਾਵਾਂ ਦੇ ਰਹੇ ਹੋਣ | ਫਬੀਲੇ ਦਿ੍ਸ਼, ਝਾਂਜਰ ਦੀ ਛਣ-ਛਣ ਕਰਦੇ ਵਹਿੰਦੇ ਝਰਨੇ, ਪਹਾੜੀਆਂ ਨਾਲ ਕਲੋਲ ਕਰਦੀ, ਅਡਖੇਲੀਆਂ ਕਰਦੀ, ਸਰਗੋਸ਼ੀਆਂ ਕਰਦੀ ਦੁੱਧ ਚਿੱਟੀ ਸਫੇਦ ਮਖਮਲੀ ਬਰਫ਼ | ਫਲਾਂ ਨਾਲ ਲੱਧੇ ਲੁਭਾਵਣੇਂ, ਸੁਹਾਵਣੇਂ ਬਾਗ਼ | ਕਿਸੇ ਗੋਰੀ ਦੀ ਜ਼ੁਲਫ ਵਾਂਗੂ ਵੱਲ ਖਾਂਦੇ ਟੇਢੇ-ਮੇਢੇ ਰਸਤੇ | ਕੁਦਰਤ ਦੇ ਅਨੇਕ ਸੁੰਦਰ ਅਲੰਕਾਰਾਂ ਨਾਲ ਸੱਜੀ ਹੈ ਕੁੱਲੂ ਘਾਟੀ | ਇਹ ਮਨਮੋਹਨ ਇਲਾਕਾ ਸਿਹਤ ਲਈ ਮੁਆਫ਼ਕ ਹੈ | ਸੁੰਦਰ ਦਿ੍ਸ਼ ਅੱਖਾਂ ਲਈ ਵਧੀਆ ਖ਼ੁਰਾਕ | ਸਾਫ਼-ਪਵਿੱਤਰ ਸਿਹਤਪ੍ਰਦਕ ਪਾਣੀ ਅਤੇ ਅਨੇਕ ਪ੍ਰਕਾਰ ਦੀਆਂ ਜੜੀ-ਬੂਟੀਆਂ | ਕੁੱਲੂ ਇਲਾਕੇ ਦੇ ਅਨੇਕਾਂ ਹੀ ਪ੍ਰਾਚੀਨ ਅਧਿਆਤਮਿਕ ਮੰਦਿਰ | ਕੁੱਲੂ ਦੀ ਧਰਤੀ ਨੂੰ ਭਗਵਾਨ ਨੇ ਏਨਾ ਆਕਰਸ਼ਿਕ, ਪ੍ਰਕਿਤੀਪਰਦ ਅਤੇ ਖ਼ੂਬਸੂਰਤੀਪਰਕ ਬਣਾ ਕੇ ਮਾਨਵਤਾ ਨੂੰ ਇਥੇ ਹੀ ਸਵਰਗਭੂਮੀ ਦੇ ਦਰਸ਼ਨ ਕਰਵਾ ਦਿੱਤੇ ਹਨ |
ਪਠਾਨਕੋਟ , ਪੰਜਾਬ ਤੋਂ ਲਗਭਗ 280 ਕਿਲੋ ਮੀਟਰ ਦੂਰੀ ‘ਤੇ ਸਥਿਤ ਹੈ ਕੁੱਲੂ | ਇਸ ਦੀ ਉਚਾਈ ਹੈ ਲਗਭਗ 1220 ਮੀਟਰ | ਕੁੱਲੂ ਸ਼ਬਦ ਕੁਲੂਤ ਤੋਂ ਬਣਿਆ | ਦੱਸਿਆ ਜਾਂਦਾ ਹੈ ਕਿ ਕੁਲੂਤ ਇਕ ਪ੍ਰਾਚੀਨ ਜਾਤੀ ਸੀ, ਬਿਆਸ ਦਰਿਆ ਦੇ ਨਾਲ ਉਪ ਘਾਟੀ ਵਿਚ ਰਹਿੰਦੇ ਸੀ | ਅਰਜੁਨ ਨਾਲ ਕੁਲੂਤ ਰਾਜੇ ਦਾ ਯੁੱਧ ਹੋਇਆ ਸੀ | ਇਸ ਜਾਤੀ ਦਾ ਰਾਜਾ ਕਸ਼ੇਮ ਧੂਤੀ, ਮਹਾਂਭਾਰਤ ਦੀ ਲੜਾਈ ਵਿਚ ਮਾਰਿਆ ਗਿਆ ਸੀ | ਕੂਲੁਤ ਤੋਂ ਕੁੱਲੂ ਸ਼ਬਦ ਦੀ ਉਤਪਤੀ ਹੋਈ |
ਦਸਿਆ ਜਾਂਦਾ ਹੈ ਕਿ ਇਥੇ ਪਾਲ ਵੰਸ਼ ਦੇ 85 ਰਾਜਾਂ ਹੋਏ ਹਨ | ਇਨ੍ਹਾਂ ਦੇ ਬਾਦ 16 ਸਿੰਘ ਵੰਸ਼ ਦੇ ਰਾਜਿਆਂ ਨੇ ਰਾਜ ਕੀਤਾ | ਅੰਤਿਮ ਰਾਜਾ ਜੀਤ ਸਿੰਘ ਹੋਏ, ਜਿਸ ਦੇ ਰਾਜ ਨੂੰ 1840 ਈ। ਵਿਚ ਸਿੱਖਾਂ ਨੇ ਖੋਹ ਲਿਆ |
1963 ਵਿਚ ਕੁੱਲੂ ਨੂੰ ਜਿਲ੍ਹਾ ਬਣਾ ਦਿੱਤਾ ਗਿਆ | ਅਕਤੂਬਰ 1966 ਨੂੰ ਕੁੱਲੂ ਪੰਜਾਬ ਦਾ ਹਿੱਸਾ ਸੀ ਪਰ ਨਵੰਬਰ 1966 ਨੂੰ ਰਾਜਪੁਨਰ ਗਠਨ ਹੋਣ ਕਰਕੇ ਕੁੱਲੂ ਹਿਮਾਚਲ ਪ੍ਰਦੇਸ਼ ਵਿਚ ਸ਼ਾਮਿਲ ਹੋ ਗਿਆ | ਕੁੱਲੂ ਘਾਟੀ ਲਗਭਗ 50 ਮੀਲ ਲੰਬੀ ਹੈ | ਇਲਾਕਾ ਖੇਤਰਫਲ 5503 ਵਰਗ ਕਿ।ਮੀ। ਹੈ |
ਬਿਆਸ ਰਿਸ਼ੀ ਝੀਲ ਜੋ 3978 ਮੀਟਰ ਦੀ ਉਚਾਈ ਤੋਂ ਵਹਿੰਦੀ ਹੋਈ ਕੁੱਲੂ ਵਿਚ ਪ੍ਰਵੇਸ਼ ਕਰਦੀ ਹੈ | ਇਹ ਬਿਆਸ ਨਦੀ 8 ਕਿੱਲੋਮੀਟਰ ਦੂਰ ਉਚੇ ਪਹਾੜੀਏ ਇਲਾਕੇ ਰੋਹਤਾਰਾਂ ਤੋਂ ਨਿਕਲਦੀ ਹੈ |
ਇਥੋਂ ਦੇ ਲੋਕ ਮੰਦਿਰਾਂ ਦੀ ਸ਼ਰਧਾ ਨਾਲ ਤਨ-ਮਨ-ਤਨ ਨਾਲ ਜੁੜੇ ਹੋਏ ਹਨ | ਹਰ ਪਿੰਡ ਵਿਚ ਲਗਦਾ ਹੈ | ਸਲਾਨਾ ਮੇਲਿਆਂ ਵਿਚ ਲੋਕ ਧੂਮ-ਧਾਮ ਤੇ ਸ਼ਰਧਾ ਨਾਲ ਇਕੱਠੇ ਹੁੰਦੇ ਹਨ | ਸੋਹੜੇ ਕੱਪੜੇ, ਹਾਰ ਸ਼ਿੰਗਾਰ, ਫੁੱਲਾਂ ਨਾਲ ਲੱਧੇ ਲੋਕ ਮੇਲਿਆਂ ਵਿਚ ਆਉਂਦੇ ਹਨ | ਸ਼ਿੰਗਾਰ ਨਾਲ ਸੱਜੀਆਂ ਔਰਤਾਂ ਮੇਲਿਆਂ ਦੀ ਪ੍ਰਤਿਸ਼ਠਾ ਨੂੰ ਚਾਰ-ਚੰਨ ਲਾਉਂਦੀਆਂ ਹਨ | ਪੁੱਤਰ ਦਾ ਜਨਮ, ਚੰਗੀਆਂ ਫਸਲਾਂ, ਕੋਈ ਸ਼ੁਭਕਾਰਜ ਹੋਵੇ ਲੋਕ ਸਭ ਤੋਂ ਪਹਿਲਾਂ ਮੰਦਿਰ ਵਿਚ ਅਰਚਨਾ-ਪੂਜਾ ਕਰਦੇ ਹਨ | ਮੱਥਾ ਟੇਕ ਕੇ ਆਨੰਦ ਵਿਭੋਰ ਹੁੰਦੇ ਹਨ |
ਦੇਵੀ-ਦੇਵਤਿਆਂ ਦੇ ਅਣਗਣਿਤ ਮੰਦਿਰਾਂ ਦਾ ਸੰਗ੍ਰਹਿ ਹੀ ਤਾਂ ਕੁੱਲੂ ਨੇ ਦੇਵ ਭੂਮੀ ਦਾ ਦਰਜ਼ਾ ਦਿਵਾਂਦਾ ਹੈ | ਇਥੋਂ ਦੇ ਲੋਕ ਮਿੱਠੇ ਸੁਭਾਅ ਦੇ ਅਤੇ ਖੇਚਲ ਭਰਪੂਰ ਜਜਮਾਨ ਹੁੰਦੇ ਹਨ | ਲੋਕ ਖੇਤੀ ਅਤੇ ਬਾਗਬਾਨੀ ਕਰਦੇ ਹਨ ਪਰ ਵਰਤਮਾਨ ਸਥਿਤੀ ਵਿਚ ਕੁੱਲੂ ਇਲਾਕੇ ਨੇ ਬਹੁਤ ਤਰੱਕੀ ਕੀਤੀ ਹੈ | ਜੋ ਫਲ ਵਿਉਪਾਰ, ਉਦਯੋਗ, ਖੁੱਲੀਆਂ-ਚੌੜੀਆਂ ਸੜਕਾਂ ਦਾ ਨਿਰਮਾਣ ਥਾਂ-ਥਾਂ ‘ਤੇ ਪਾਣੀ ਦਾ ਸਹੀ ਪ੍ਰਬੰਧ, ਚੰਗੀਆਂ ਦੁਕਾਨਾਂ, ਫਲਾਂ ਦਾ ਵਧਦਾ ਕਾਰੋਬਾਰ, ਮੱਛੀ ਦਾ ਵੱਡਾ ਕਾਰੋਬਾਰ ਅਤੇ ਕੁੱਲੂ ਦੀ ਉਪਜਾਊ ਭੂਮੀ ਵਿਚ ਮੱਕੀ, ਆਲੂ, ਦਾਲਾਂ, ਕਣਕ, ਝੋਨਾ ਸੇਬ (ਵਿਦੇਸ਼ਾਂ ਤਕ ਵਿਉਪਾਰ), ਪਲਮ, ਅਖਰੋਟ, ਖੁਰਬਾਨੀ, ਬਦਾਮ, ਟਮਾਟਰ, ਮਟਰ, ਸ਼ਿਮਲਾ ਮਿਰਚ, ਗਾਜ਼ਰ, ਮੂਲੀ, ਗੋਭੀ, ਫੁੱਲ ਭਿੰਡੀ ਆਦਿ ਫਸਲਾਂ ਹੁੰਦੀਆਂ ਹਨ |
ਕੁੱਲੂ ਇਲਾਕੇ ਦੀਆਂ ਸਬਜ਼ੀਆਂ, ਫਲ ਆਦਿ ਸਾਰੇ ਭਾਰਤ ਵਿਚ ਹੀ ਜਾਂਦੇ ਹਨ | ਵਿਸ਼ੇਸ ਤੌਰ ‘ਤੇ ਗੋਭੀ, ਗਾਜ਼ਰ, ਸ਼ਿਮਲਾ ਮਿਰਚ ਆਦਿ ਪੰਜਾਬ, ਹਰਿਆਣਾ, ਦਿੱਲੀ (ਨਾਰਥ ਦੋਨੋਂ) ਵਿਚ ਜਾਂਦੀਆਂ ਹਨ |
ਇਥੋਂ ਦੇ ਜੰਗਲਾਂ ਵਿਚ ਰ ਤੋਸ਼, ਚੀੜ, ਕਾਈਲ, ਦੇਵਦਾਰ, ਚਿਨਾਰ, ਅਖਰੋਟ ਆਦਿ ਪਾਏ ਜਾਂਦੇ ਹਨ | ਇਹ ਰੁੱਖ ਕੁੱਲੂ ਦੀ ਸ਼ਾਦਾਰ ਖੂਬਸੂਰਤੀ ਨੂੰ ਵਧਾ ਕੇ ਇਸ ਦੀ ਮਾਨ-ਮਰਿਆਦਾ ਵਿਚ ਵਾਧਾ ਕਰਦੇ ਹਨ | ਇਹ ਰੁੱਖ ਕੁੱਲੂ ਦੀ ਜ਼ਿੱਦ-ਜਾਨ ਹਨ ਜਿਨ੍ਹਾਂ ਨਾਲ ਸਾਹ ਲੈਣ ਦਾ ਮਜ਼ਾ ਆ ਜਾਂਦਾ ਹੈ |
ਕੁੱਲੂ ਦੇ ਪੁਰਾਤਨ ਪਹਿਰਾਵੇ ਚੋਲਾ, ਡੋਰਾ, ਸੁਥਣ, ਸਿਰ ਤੇ ਟੋਪਾ, ਚਾਰ ਤਹਿ ਕੀਤਾ ਪੱਟੂ, ਹਨ, ਨਵੀਂ ਪੀੜੀ ਤਾਂ ਆਧੁਨਿਕ ਪਹਿਰਾਵੇ ਨਾਲ ਜੁੜਦੀ ਜਾ ਰਹੀ ਹੈ | ਔਰਤਾਂ ਆਪਣੇ ਕਪੜਿਆਂ ਉਪਰ ਘੱਟੂ ਬੰਨਦੀਆਂ ਹਲ | ਸਿਰ ਤੇ ਤਿਹਡਾ ਰੁਮਾਲ ਬੰਨਦੀਆਂ ਹਨ | ਫਿਰ ਵੀ ਕੁਰਤਾ, ਪਜਾਮਾ ਦੇ ਉਪਰ ਜੈਕਟ ਦਾ ਅਪਣਾ ਹੀ ਮਜ਼ਾ ਹੈ |
ਔਰਤਾਂ ਕਈ ਤਰ੍ਹਾਂ ਦੇ ਗਹਿਣੇ ਪਹਿਨਦੀਆਂ ਹਨ ਜਿਸ ਤਰ੍ਹਾਂ ਬੂਮਨੀ, ਟੋਕਾ, ਕਾਗਨੂ, ਮਰੀਤੜੀ, ਬਿੱਛਣਾ, ਮੁੰਦੜੀ, ਗੁੱਠੀ, ਚੰਦਰਹਾਰ, ਜੈ ਮਾਲਾ, ਸਿੱਕਾ ਮਾਲ, ਚਸਪਾਕਲੀ, ਡਮਕੂ, ਲੌਂਗ, ਕੁਮਸ਼ੀ, ਬਾਲੂ, ਟਿੱਕਾ, ਤੁਨਕੀ, ਤੋੜਾ, ਨਾਵੀ, ਡਿੰਢੂ, ਬਾਲੀ, ਖੁੰਡੀ ਆਦਿ ਗਹਿਣੇ ਪਾਉਂਦੀਆਂ ਹਨ |
ਹਿਮਾਚਲੀ ਪਹਿਰਾਵੇ ਦੀ ਅਲੱਗ ਹੀ ਪਹਿਚਾਣ ਹੈ | ਇਥੇ ਦੇ ਨਿਤ (ਡਾਂਸ) ਮਸ਼ਹੂਰ ਹਨ | ਲੋਕ ਵਾਦ- ਸ਼ਹਿਨਾਈ, ਥਾਲੀ, ਰਣਸ਼ਰਿੰਗਾ, ਢੋਲ, ਨਗਾਰਾ ਆਦਿ ਹਨ | ਲੋਕ ਗੀਤ ਮਨ ਨੂੰ ਛੂਹਦੇ ਹਨ, ਜਿਨ੍ਹਾਂ ਵਿਚ ਹਿਮਾਚਲ ਸਭਿਆਰਚ ਦੀ ਖ਼ੂਬਸੂਰਤੀ ਹੁੰਦੀ ਹੈ |
ਇਥੋਂ ਦੇ ਪਹਾੜਾਂ ‘ਤੇ ਚੜ੍ਹਣਾ, ਸਕੀਈਾਗ, ਹਾਈਕਿੰਗ, ਟਰੈਕਿੰਗ, ਬਰਫਦੀਆਂ ਖੇਡਾਂ (ਅੰਤਰ ਰਾਸ਼ਟਰੀ ਪ੍ਰਸਿੱਧੀ ਹਾਸਿਲ), ਕਸ਼ਤੀ ਚਲਾਣਾ, ਪੈਰਾਗਲਾਈਡਿੰਗ, ਰੈਂਗ- ਰਲਾਈਡਿੰਗ ਆਦਿ ਮਸ਼ਹੂਰ ਹਨ |
ਕੁੱਲੂ ਦੇ ਸ਼ਾਲ, ਮਫਲਰ, ਟੋਪੀ, ਟੋਕਰੀਆਂ (ਬਾਂਸ ਦੀਆਂ ਬਣੀਆਂ ਚੀਜ਼ਾਂ), ਰੱਸੀ ਦੀਆਂ ਜੁੱਤੀਆਂ, ਜੈਕਟ, ਹਿਮਾਚਲੀ ਪਹਿਰਾਵਾ ਆਦਿ ਅੰਤਰ-ਰਾਸ਼ਟਰੀ ਪੱਧਰ ਤਕ ਮਸ਼ਹੂਰ ਹਨ |
ਇਥੋਂ ਦੇ ਉਘੇ ਵਪਾਰੀ ਅਤੇ ਪ੍ਰਧਾਨ ਸ੍ਰੀ ਰਾਮ ਸਿੰਘ ਨੇ ਦੱਸਿਆ ਕਿ ਕੁੱਲੂ ਸ਼ਾਲ ਦੇ ਜਨਮ ਦਾਤਾ ਹਨ ਸ੍ਰੀ ਸ਼ੇਰੂ ਰਾਮ ਜੀ ਅਤੇ ਕੁਲੂ ਟੋਪੀ ਦੇ ਜਨਮ ਦਾਤਾ ਹਨ, ਸ੍ਰੀ ਹਰੀ ਰਾਮ ਜੀ | ਕੁੱਲੂ ਦਾ ਦੁਸ਼ਹਿਰਾ ਦੁਨੀਆਂ ਵਿਚ ਮਸ਼ਹੂਰ ਹੈ |
ਸੈਲਾਨੀਆਂ ਲਈ ਕੁੱਲੂ ਦੀ ਸੈਰ, ਕੁੱਲੂ ਦਾ ਵੇਖਣਾ ਅਨੰਦ ਮਈ ਹੈ | ਗਰਮੀ ਹੈ ਜਾਂ ਸਰਦੀ ਕੁੱਲੂ, ਕੁੱਲੂ ਹੀ ਹੈ |
ਬਲਵਿੰਦਰ ਬਾਲਮ ਗੁਰਦਾਸਪੁਰ
ਉਂਕਾਰ ਨਗਰ, ਗੁਰਦਾਸਪੁਰ (ਪੰਜਾਬ)
ਮੋ. 98156-25409