23 ਨਵੰਬਰ 1956 ਦੀ ਰਾਤ ਭਾਰੀ ਮੀਂਹ ਤੋਂ ਬਾਅਦ ਪੁਲ ਦੀ ਖ਼ਸਤਾ ਹਾਲਤ ਹੋਣ ਕਰਕੇ ਮਾਰੂਦਈਅਰ ਨਦੀ ਵਿੱਚ ਡਿੱਗੀ ਟ੍ਰੇਨ ਜਿਸ ਵਿੱਚ 800 ਯਾਤਰੀ ਸਵਾਰ ਸਨ ਜਿਨ੍ਹਾਂ ਵਿੱਚੋਂ ਲੱਗਭਗ 250 ਵਿਅਕਤੀ ਮਾਰੇ ਗਏ (ਪ੍ਰੰਤੂ ਲਾਸ਼ਾਂ 150 ਵਿਅਕਤੀਆਂ ਦੇ ਪ੍ਰਾਪਤ ਹੋਣ ਦੇ ਅੰਕੜੇ ਹਨ) ਅਤੇ ਕਈ ਲਾਪਤਾ ਹੋ ਗਏ।ਇਸ ਭਿਆਨਕ ਹਾਦਸੇ ਦੀ ਨੈਤਿਕ ਤੌਰ ਤੇ ਜ਼ਿੰਮੇਵਾਰੀ ਲੈਂਦਿਆਂ ਉਸ ਸਮੇਂ ਦੇ ਰੇਲ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਅਸਤੀਫਾ ਦੇ ਦਿੱਤਾ।ਲਾਲ ਬਹਾਦਰ ਜੀ ਦਾ ਅਸਤੀਫ਼ਾ ਇਹ ਸ਼ਾਹਦੀ ਭਰਦਾ ਹੈ ਕਿ ਜਿਸ ਵਿਅਕਤੀ ਨੇ ਰਾਜਨੀਤੀ ਨੂੰ ਲੋਕਾਂ ਦੀ ਸੇਵਾ ਲਈ ਚੁਣਿਆ ਹੋਵੇ ਉਸ ਨੂੰ ਅਹੁਦਿਆਂ ਦਾ ਕੋਈ ਫ਼ਿਕਰ ਨਹੀਂ। ਅਜੋਕੇ ਸਮੇਂ ਵਿੱਚ ਜਦੋਂ ਨੇਤਾ ਅਤੇ ਮੰਤਰੀ ਭ੍ਰਿਸ਼ਟਾਚਾਰ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ ਸੱਤਾ ਦੀ ਪ੍ਰਾਪਤੀ ਲਈ ਹਰ ਹੱਥਕੰਡਾ ਵਰਤਣ ਲਈ ਤਿਆਰ ਹਨ ਉਨ੍ਹਾਂ ਨੂੰ ਸ਼ਾਸਤਰੀ ਜੀ ਦੀ ਜ਼ਿੰਦਗੀ ਤੋਂ ਪ੍ਰੇਰਨਾ ਜ਼ਰੂਰ ਲੈਣੀ ਚਾਹੀਦੀ ਹੈ।
ਲਾਲ ਬਹਾਦਰ ਸ਼ਾਸਤਰੀ ਦਾ ਜਨਮ 02 ਅਕਤੂਬਰ 1904 ਨੂੰ ਮੁਗਲਸਰਾਏ ਪਿਤਾ ਸ਼ਾਰਦਾ ਪ੍ਰਸਾਦ ਸ਼੍ਰੀਵਾਸਤਵ ਅਤੇ ਮਾਤਾ ਰਾਮ ਦੁਲਾਰੀ ਦੇ ਘਰ ਹੋਇਆ।ਲਾਲ ਬਹਾਦਰ ਦੀ ਉਮਰ ਉਸ ਸਮੇਂ ਅਠਾਰਾਂ ਮਹੀਨੇ ਹੀ ਸੀ ਜਦੋਂ ਉਹਨਾਂ ਦੇ ਪਿਤਾ ਜੀ ਦਾ ਦੇਹਾਂਤ ਹੋ ਗਿਆ। ਉਹਨਾਂ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਉਹਨਾਂ ਦੇ ਨਾਨਾ ਨਾਨੀ ਨੇ ਚੁੱਕੀ, ਕੁੱਝ ਸਮੇਂ ਬਾਅਦ ਹੋਈ ਨਾਨਾ ਜੀ ਦੀ ਮੌਤ ਵੀ ਉਹਨਾਂ ਲਈ ਇੱਕ ਗਹਿਰਾ ਸਦਮਾ ਸੀ ਪ੍ਰੰਤੂ ਉਹਨਾਂ ਦੇ ਮਾਮਾ ਜੀ ਨੇ ਲਾਲ ਬਹਾਦਰ ਸ਼ਾਸਤਰੀ ਨੂੰ ਨਾ ਕੇਵਲ ਪੜ੍ਹਾਇਆ ਸਗੋਂ ਦੇਸ਼ ਸੇਵਾ ਦਾ ਵੀ ਸਬਕ਼ ਸਿਖਾਇਆ। ਗ਼ੁਰਬਤ ਦੇ ਬਾਵਜੂਦ ਲਾਲ ਬਹਾਦਰ ਸ਼ਾਸਤਰੀ ਜੀ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ।ਇੱਕ ਵਾਰ ਦੀ ਗੱਲ ਹੈ ਕਿ ਉਹਨਾਂ ਦੇ ਅਧਿਆਪਕ ਨੇ ਸਾਰੇ ਬੱਚਿਆਂ ਨੂੰ ਕਿਤਾਬ ਲਿਆਉਣ ਲਈ ਕਿਹਾ।ਲਾਲ ਬਹਾਦਰ ਸ਼ਾਸਤਰੀ ਜੀ ਕੋਲ ਏਨੇ ਪੈਸੇ ਨਹੀਂ ਸਨ ਕਿ ਉਹ ਕਿਤਾਬ ਖ਼ਰੀਦ ਪਾਉਂਦੇ, ਉਹਨਾਂ ਨੇ ਆਪਣੇ ਸਹਿਪਾਠੀ ਤੋਂ ਕਿਤਾਬ ਲੈ ਕੇ ਰਾਤ ਨੂੰ ਚੌਂਕ ਵਿੱਚ ਲੱਗੇ ਲੈਂਪ ਦੇ ਹੇਠਾਂ ਬੈਠ ਕੇ ਪੂਰੀ ਕਿਤਾਬ ਹੂਬ ਹੂ ਛਾਪ ਦਿੱਤੀ। ਜਦੋਂ ਅਗਲੇ ਦਿਨ ਜਮਾਤ ਵਿੱਚ ਅਧਿਆਪਕ ਨੇ ਸਾਰੇ ਬੱਚਿਆਂ ਨੂੰ ਕਿਤਾਬ ਦਿਖਾਉਣ ਲਈ ਕਿਹਾ ਤਾਂ ਲਾਲ ਬਹਾਦਰ ਸ਼ਾਸਤਰੀ ਜੀ ਦੀ ਕਿਤਾਬ ਦੇਖ ਕੇ ਅਧਿਆਪਕ ਗੁੱਸੇ ਹੋਇਆ ਅਤੇ ਲਾਲ ਬਹਾਦਰ ਨੂੰ ਡੰਡੇ ਨਾਲ ਮਾਰਨਾ ਸ਼ੁਰੂ ਕੀਤਾ।ਇਹ ਸਭ ਦੇਖ ਲਾਲ ਬਹਾਦਰ ਦਾ ਮਿੱਤਰ ਬੋਲਿਆ ਗੁਰੂ ਜੀ ਇਸ ਵਿੱਚ ਇਸਦੀ ਕੋਈ ਗ਼ਲਤੀ ਨਹੀਂ,ਇਸ ਕੋਲ ਕਿਤਾਬ ਖ਼ਰੀਦਣ ਲਈ ਪੈਸੇ ਨਹੀਂ ਸਨ,ਇਹ ਮੇਰੀ ਕਿਤਾਬ ਲਿਜਾ ਕੇ ਪੂਰੀ ਰਾਤ ਵਿੱਚ ਹੂਬ ਹੂ ਕਿਤਾਬ ਦੀ ਨਕਲ ਕਰ ਲਿਆਇਆ। ਲਾਲ ਬਹਾਦਰ ਦੀ ਮਿਹਨਤ ਦੇਖਦਿਆਂ ਅਧਿਆਪਕ ਬਹੁਤ ਹੈਰਾਨ ਹੋਇਆ ਅਤੇ ਉਹਨਾਂ ਨੇ ਲਾਲ ਬਹਾਦਰ ਨੂੰ ਸ਼ਾਬਾਸ਼ ਦਿੱਤੀ।ਲਾਲ ਬਹਾਦਰ ਸਕੂਲ ਜਾਣ ਲਈ ਨਦੀ ਤੈਰ ਕੇ ਪਾਰ ਕਰਕੇ ਜਾਂਦੇ ਕਿਉਂਕਿ ਕਿਸ਼ਤੀ ਵਿੱਚ ਜਾਣ ਲਈ ਉਹਨਾਂ ਕੋਲ ਪੈਸੇ ਨਹੀਂ ਸੀ ਹੁੰਦੇ।ਸਕੂਲੀ ਪੜ੍ਹਾਈ ਖ਼ਤਮ ਕਰਦਿਆਂ ਕਾਂਸ਼ੀ ਵਿਦਿਆਪੀਠ ਤੋਂ ਲਾਲ ਬਹਾਦਰ ਜੀ ਨੇ ਡਿਗਰੀ ਪ੍ਰਾਪਤ ਕੀਤੀ ਅਤੇ ਆਪਣੇ ਨਾਂ ਮਗਰ ਸ਼ਾਸਤਰੀ (ਇੱਕ ਪ੍ਰਕਾਰ ਦੀ ਡਿਗਰੀ)ਲਗਾ ਲਿਆ। 1928 ਵਿੱਚ ਮਿਰਜ਼ਾਪੁਰ ਦੀ ਰਹਿਣ ਵਾਲੀ ਲਲਿਤਾ ਨਾਲ ਲਾਲ ਬਹਾਦਰ ਦਾ ਵਿਆਹ ਹੋਇਆ, ਇਹਨਾਂ ਦੇ ਘਰ ਦੋ ਧੀਆਂ ਅਤੇ ਚਾਰ ਪੁੱਤਰਾਂ ਨੇ ਜਨਮ ਲਿਆ।ਸ਼ਾਸਤਰੀ ਜੀ ਨੇ ਰਾਜਨੀਤੀ ਨੂੰ ਕਦੇ ਵੀ ਨਿੱਜੀ ਫਾਇਦਿਆਂ ਲਈ ਨਹੀਂ ਵਰਤਿਆ।ਉਹ ਤਮਾਮ ਉਮਰ ਸਾਦਗੀ ਅਤੇ ਸਧਾਰਨ ਜੀਵਨ ਸ਼ੈਲੀ ਦੇ ਮੁਰੀਦ ਰਹੇ। ਪ੍ਰਧਾਨ ਮੰਤਰੀ ਹੁੰਦਿਆਂ ਵੀ ਉਹ ਆਪਣੇ ਫਟੇ ਕੁੜਤੇ ਨੂੰ ਟਾਂਕਾ ਲਗਾ ਕੇ ਪਾ ਲੈਂਦੇ ਸਨ।
ਲਾਲ ਬਹਾਦਰ ਸ਼ਾਸਤਰੀ ਜੀ ਇਹ ਜਾਣਦੇ ਸਨ ਕਿ ਦੇਸ਼ ਦੀ ਤਰੱਕੀ ਕਿਸਾਨਾਂ ਅਤੇ ਜਵਾਨਾਂ ਦੇ ਮੋਢਿਆਂ ਤੇ ਟਿਕੀ ਹੈ।1965 ਵਿੱਚ ਹੋਇਆ ਭਾਰਤ ਪਾਕਿਸਤਾਨ ਯੁੱਧ ਵਿੱਚ ਲਾਲ ਬਹਾਦਰ ਸ਼ਾਸਤਰੀ ਜੀ ਨੇ ਭਾਰਤੀ ਫ਼ੌਜ ਦਾ ਹੌਂਸਲਾ ਵਧਾਉਂਦੇ ਹੋਏ ਜਿੱਤ ਦਾ ਪਰਚਮ ਲਹਿਰਾਇਆ। ਦੇਸ਼ ਵਾਸੀ ਲਾਲ ਬਹਾਦਰ ਜੀ ਨੂੰ ਦਿਲੋਂ ਪਿਆਰ ਕਰਦੇ ਸਨ ਇਹੀ ਕਾਰਨ ਹੈ ਕਿ ਜਦੋਂ ਦੇਸ਼ ਨੂੰ ਭੁੱਖਮਰੀ ਚੋਂ ਕੱਢਣ ਲਈ ਸ਼ਾਸਤਰੀ ਜੀ ਨੇ ਦੇਸ਼ ਵਾਸੀਆਂ ਨੂੰ ਇੱਕ ਦਿਨ ਲਈ ਵਰਤ ਰੱਖਣ ਦੀ ਅਪੀਲ ਕੀਤੀ ਤਾਂ ਪੂਰੇ ਦੇਸ਼ ਨੇ ਉਹਨਾਂ ਦੇ ਫੈਸਲੇ ਦਾ ਸਵਾਗਤ ਕੀਤਾ।ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹਨ ਜ਼ੋ ਪੂਰੇ ਦੁਨੀਆਂ ਦਾ ਢਿੱਡ ਭਰਦੇ ਹਨ।ਭਾਰਤ ਦੇ ਕਿਸਾਨ ਮਿਹਨਤੀ ਅਤੇ ਸਿਰੜੀ ਹਨ ਜ਼ੋ ਜੇਠ ਹਾੜ ਦੀਆਂ ਗਰਮੀਆਂ ਅਤੇ ਪੋਹ ਦੀਆਂ ਰਾਤਾਂ ਵਿੱਚ ਵੀ ਪੁੱਤਾਂ ਵਾਂਗ ਫਸਲਾਂ ਪਾਲਦੇ ਹਨ। ਕਿਸਾਨਾਂ ਅਤੇ ਜਵਾਨਾਂ ਦੀ ਮਿਹਨਤ ਅਤੇ ਸੰਘਰਸ਼ ਨੂੰ ਸਲਾਮ ਕਰਦਿਆਂ ਹੀ ਲਾਲ ਬਹਾਦਰ ਸ਼ਾਸਤਰੀ ਜੀ ਨੇ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਦਿੱਤਾ।ਜਵਾਨ ਬਾਰਡਰ ਤੇ ਅਤੇ ਕਿਸਾਨ ਦੇਸ਼ ਵਿੱਚ ਖੁਸ਼ਹਾਲ ਰਿਹਾ ਤਾਂ ਦੇਸ਼ ਤਰੱਕੀ ਕਰਨ ਵਿੱਚ ਕਦੇ ਵੀ ਪਿੱਛੇ ਨਹੀਂ ਰਹੇਗਾ। ਰਾਸ਼ਟਰੀ ਡੇਅਰੀ ਵਿਕਾਸ ਬੋਰਡ ਅਤੇ ਦੁੱਧ ਉਤਪਾਦਕ ਸਹਿਕਾਰੀ ਸੰਮਤੀਆਂ ਦੀ ਸਥਾਪਨਾ ਦਾ ਸਿਹਰਾ ਲਾਲ ਬਹਾਦਰ ਸ਼ਾਸਤਰੀ ਜੀ ਨੂੰ ਹੀ ਜਾਂਦਾ ਹੈ।ਗੁਜਰਾਤ ਤੋਂ ਸ਼ੁਰੂ ਕੀਤੀ ਸਹਿਕਾਰੀ ਸਭਾ ਅਮੁਲ ਅੱਜ਼ ਅੰਤਰਰਾਸ਼ਟਰੀ ਬਰਾਂਡ ਬਣ ਚੁੱਕੀ ਹੈ।ਇਹ ਸੰਮਤੀਆਂ ਕਿਸਾਨਾਂ ਵੱਲੋਂ ਹੀ ਬਣਾਈਆਂ ਜਾਂਦੀਆਂ ਹਨ ਜਿੰਨ੍ਹਾਂ ਦੇ ਮੁਨਾਫੇ ਦਾ ਲਾਭ ਵੀ ਕਿਸਾਨਾਂ ਤੱਕ ਪਹੁੰਚਾਇਆ ਜਾਂਦਾ ਹੈ।ਜਾਤ ਪਾਤ,ਛੂਆ ਛਾਤ ਅਤੇ ਭੇਦ ਭਾਵ ਨੂੰ ਖ਼ਤਮ ਕਰਨ ਲਈ ਲਾਲ ਬਹਾਦਰ ਜੀ ਨੇ ਆਪਣੇ ਨਾਂ ਪਿੱਛੇ ਪੈਂਦੇ ਸ਼੍ਰੀਵਾਸਤਵ ਨੂੰ ਤਿਆਗਿਆ। ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਦੇ ਨਾਲ ਨਾਲ ਉਹ ਰੇਲ ਮੰਤਰੀ, ਗ੍ਰਹਿ ਮੰਤਰੀ, ਵਿਦੇਸ਼ ਮੰਤਰੀ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਉੱਚ ਅਹੁਦਿਆਂ ਤੇ ਵੀ ਬਿਰਾਜਮਾਨ ਰਹੇ।ਸਦਾ ਆਪਣੀ ਧਰਤੀ ਮਾਂ ਨਾਲ ਜੁੜੇ ਰਹਿਣ ਵਾਲੇ ਲਾਲ ਬਹਾਦਰ ਸ਼ਾਸਤਰੀ ਜੀ ਦੁਆਰਾ 10 ਜਨਵਰੀ 1966 ਨੂੰ ਯੁੱਧ ਰੋਕਣ ਲਈ ਕੀਤਾ ਗਿਆ ਤਾਸ਼ਕੰਦ ਸਮਝੌਤਾ ਗਹਿਰੇ ਰਾਜ਼ ਨਾਲ ਇਤਿਹਾਸ ਦੇ ਪੰਨਿਆਂ ਚ ਦਫ਼ਨ ਹੋਇਆ । ਤਾਸ਼ਕੰਦ ਸਮਝੌਤੇ ਤੋਂ ਅਗਲੇ ਦਿਨ 11 ਜਨਵਰੀ 1966 ਨੂੰ ਲਾਲ ਬਹਾਦਰ ਸ਼ਾਸਤਰੀ ਜੀ ਦੀ ਹੋਈ ਮੌਤ ਇੱਕ ਗਹਿਰਾ ਰਹੱਸਯ ਬਣ ਕੇ ਰਹਿ ਗਈ, ਕੁੱਝ ਤੱਥ ਦੱਸਦੇ ਹਨ ਕਿ ਉਹਨਾਂ ਦੀ ਮੌਤ ਦਿਲ ਦੇ ਦੌਰੇ ਨਾਲ ਹੋਈ ਅਤੇ ਕੁੱਝ ਸ਼ਾਸਤਰੀ ਜੀ ਦੀ ਹੱਤਿਆ ਹੋਣ ਦੀ ਗੱਲ ਕਰਦੇ ਹਨ। ਦੇਸ਼ ਸੇਵਾ ਦੇ ਯੋਗਦਾਨ ਲਈ ਉਹਨਾਂ ਨੂੰ ਮਰਨ ਉਪਰੰਤ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ।ਉਹ ਸੱਚਮੁੱਚ ਦੇ ਰਤਨ ਸਨ ਜੋ ਗ਼ੁਰਬਤ ਵਿੱਚੋਂ ਉੱਠ ਕੇ ਦੇਸ਼ ਦੇ ਉੱਚ ਅਹੁਦਿਆਂ ਤੱਕ ਪਹੁੰਚ ਕੇ ਵੀ ਹੰਕਾਰ ਤੋਂ ਕੋਹਾਂ ਦੂਰ ਰਹਿ ਕੇ ਧਰਤੀ ਮਾਂ ਨਾਲ ਜੁੜੇ ਰਹੇ।ਸ਼ਾਸਤਰੀ ਜੀ ਵਾਹਿਗੁਰੂ ਵੱਲੋਂ ਮਿਲੀ ਸਵਾਸਾਂ ਦੀ ਪੂੰਜੀ ਭੋਗ ਕੇ ਇਸ ਦੁਨੀਆਂ ਤੋਂ ਤਾਂ ਰੁਖ਼ਸਤ ਹੋ ਗਏ ਪਰੰਤੂ ਉਹਨਾਂ ਦੁਆਰਾ ਦੇਸ਼ ਸੇਵਾ ਵਿੱਚ ਪਾਏ ਯੋਗਦਾਨ ਕਰਕੇ ਉਹ ਸਦਾ ਭਾਰਤੀਆਂ ਦੇ ਦਿਲਾਂ ਵਿੱਚ ਜਿਉਂਦੇ ਰਹਿਣਗੇ।
ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ
ਡਾਕਖਾਨਾ ਚੱਕ ਅਤਰ ਸਿੰਘ ਵਾਲਾ
ਤਹਿ ਅਤੇ ਜ਼ਿਲ੍ਹਾ ਬਠਿੰਡਾ
7087367969