ਇੱਕੀਵੀਂ ਸਦੀ ਦਾ
ਅਜਬ ਧਰਮ ਹੈ।
ਅਸਲ ਵਿੱਚ ਵੱਡੇ ਘਰਾਂ ਨੂੰ
ਇਹੀ ਵੱਡਾ ਭਰਮ ਹੈ
ਕਿ ਪਟੇ ਵਾਲੇ ਕੁੱਤੇ,
ਕੁੱਤੇ ਨਹੀਂ ਹੁੰਦੇ।
ਅਸਲ ਵਿੱਚ ਇਹ ਕੁੱਤੇ ਤਾਂ ਹੁੰਦੇ ਨੇ
ਪਰ ਹੁੰਦੇ ਨੇ ਪਾਲਤੂ
ਪਰ ਹੁੰਦੇ ਤਾਂ ਕੁੱਤੇ ਹੀ ਨੇ ਨਾ।
ਮਾਲਕ ਦੀ ਭਾਸ਼ਾ ਸਮਝਦੇ।
ਮੂੰਹ ਖਾਵੇ ਅੱਖਾਂ ਸ਼ਰਮਾਉਣ।
ਮੇਮ ਸਾਹਿਬ ਦਾ ਕੁੱਡਾ
ਸਭ ਤੋਂ ਲਾਡਲਾ।
ਗੇਟ ਵਾਲਾ ਖ਼ੂੰਖਾਰ ਵੰਢ ਖਾਣਾ।
ਲੰਘਣ ਨਾ ਦੇਵੇ ਗਲੀ ‘ਚੋਂ
ਨਿਆਣਾ ਸਿਆਣਾ।
ਪਰ ਜੇ ਕੋਈ ਕਾਬੂ ਆ ਜਾਵੇ
ਜੀਅ ਭਿਆਣਾ।
ਲੀਰਾਂ ਵਾਂਗ ਪਾੜ ਕਰੇ ਅੱਧੋਰਾਣਾ।
ਪਟੇ ਵਾਲੇ ਕੁੱਤੇ ਅਕਸਰ
ਬੈਠਕ ਵਿੱਚ
ਆਏ ਗਏ ਨੂੰ ਸੁੰਘਦੇ।
ਮਗਰੋਂ ਉਨ੍ਹਾਂ ਹੀ ਪੈਰਾਂ ਚ ਬੈਠ
ਘੂਕ ਨੀਂਦਰ ਸੌਂਦੇ।
ਘੁਰਾੜੇ ਛੱਡਦੇ।
ਪਰ ਇਹ ਕੁੱਤੇ ਜਾਣਦੇ ਨੇ
ਬਈ ਉਹ ਕੁੱਤੇ ਨੇ।
ਇਸੇ ਲਈ ਪੈਰਾਂ ‘ਚ ਬਹਿੰਦੇ।
ਮਾਲਕ ਨੂੰ ਕਦੇ ਕੁਝ ਨਾ ਕਹਿੰਦੇ।
ਲਾਡੀਆਂ ਕਰਦੇ,
ਘੁਰਕੀ ਤੋਂ ਤਰਹਿੰਦੇ।
◼️
ਗੁਰਭਜਨ ਗਿੱਲ