ਲਹੂ ਚੋਂ ਫੁੱਲ ਖਿੜਦੇ ਨੇ ਇਹੋ ਹੈ ਕਿਰਤ ਦੀ ਮੰਡੀ।
ਕਿ ਜਿੱਥੇ ਹੱਥ ਵਿਕਦੇ ਨੇ ਇਹੋ ਹੈ ਕਿਰਤ ਦੀ ਮੰਡੀ।
ਬਿਆਈਆਂ ਦੀ ਕਹਾਣੀ ਵਿਚ ਤਰੇੜਾਂ ਦੇ ਹਜ਼ਾਰਾਂ ਗ਼ਮ,
ਨਿਸ਼ਾਂ ਪੈਰਾਂ ਦੇ ਮਿਲਦੇ ਨੇ ਇਹੋ ਹੈ ਕਿਰਤ ਦੀ ਮੰਡੀ।
ਤਜ਼ੁਰਬੇ ਨਾਲ ਹੋ ਕੇ ਗੋਲ ਦੁਨੀਆਂ ਨੂੰ ਬਦਲ ਦਿੰਦੇ,
ਜੋ ਪੱਥਰ ਵਾਂਗ ਰਿੜਦੇ ਨੇ ਇਹੋ ਹੈ ਕਿਰਤ ਦੀ ਮੰਡੀ।
ਸਿਰਫ਼ ਮਾਲਿਕ ਦੀ ਮਰਜ਼ੀ ਦੇ ਮੁਤਾਬਿਕ ਜੀਣ ਦਾ ਹੈ ਹੱਕ,
ਬੈਲ ਖੂਹਾਂ ਤੇ ਗਿੜਦੇ ਨੇ ਇਹੋ ਹੈ ਕਿਰਤ ਦੀ ਮੰਡੀ।
ਗਗਨ ਵਿਚ ਉਡ ਰਹੇ ਬਦਲਾਂ ’ਚ ਬਿਜਲੀ ਐਵੇਂ ਨਈਂ ਆਉਦੀ,
ਵਰ੍ਹਨ ਤੋਂ ਪਹਿਲਾਂ ਭਿੜਦੇ ਨੇ ਇਹੋ ਹੈ ਕਿਰਤ ਦੀ ਮੰਡੀ।
ਇਹਦੀ ਤਾਂ ਕਦਰ ਬਸ ਆਟੇ ਤੋਂ ਪੁੱਛੋ ਕੀ ਕੀ ਹੁੰਦੀ ਹੈ,
ਜੋ ਰੋਟੀ ਵਾਂਗ ਸਿਕਦੇ ਨੇ ਇਹੋ ਹੈ ਕਿਰਤ ਦੀ ਮੰਡੀ।
ਨਿਵਾਣਾਂ ਤੋਂ ਪਹਾੜਾ ਵੱਲ ਆਪਣੀ ਪਿੱਠ ਦੇ ਉੱਤੇ
ਜੋ ਲੈ ਕੇ ਭਾਰ ਠਿਲਦੇ ਨੇ ਇਹੋ ਹੈ ਕਿਰਤ ਦੀ ਮੰਡੀ।
ਸਿਤਾਰੇ ਚੰਨ ਦੇ ਨਾਲ ਦੋਸਤੀ ਪਾ ਕੇ ਵਿਦਾ ਹੋਣਾ,
ਸਵੇਰੇ ਤਾਂ ਹੀ ਮਿਲ ਦੇ ਨੇ ਇਹੋ ਹੈ ਕਿਰਤ ਦੀ ਮੰਡੀ।
ਕਿਸਾਨਾਂ ਦੀ ਧਰਤ ਵਿਚ ਜਦੋਂ ਮਿਹਨਤ ਜਨਮ ਲੈਂਦੀ,
ਖ਼ੁਸ਼ੀ ਦੇ ਰਾਗ ਛਿੜਦੇ ਨੇ ਇਹੋ ਹੈ ਕਿਰਤ ਦੀ ਮੰਡੀ।
ਕਰਮ ਤੇ ਕਿਸਮਤ ਦੀ ਪੂਜਾ ਚੋਂ ਚਮਨ ਅੰਦਰ ਸੁਹਾਣੇਂ ਫੁੱਲ,
ਬਹਾਰਾਂ ਵਿੱਚ ਹਿਲਦੇ ਨੇ ਇਹੋ ਹੈ ਕਿਰਤ ਦੀ ਮੰਡੀ।
ਪਸੀਨੇ ਵਿੱਚ ਮਜ਼ਦੂਰੀ ’ਚ ਚਮੜੀ ਇੰਝ ਹੈ ਬਾਲਮ,
ਜਿਵੇਂ ਗਾਜਰ ਨੂੰ ਛਿਲਦੇ ਨੇ ਇਹੋ ਹੈ ਕਿਰਤ ਦੀ ਮੰਡੀ।
ਬਲਵਿੰਦਰ ਬਾਲਮ ਗੁਰਦਾਸਪੁਰ
ਉਕਾਂਰ ਨਗਰ, ਗੁਰਦਾਸਪੁਰ (ਪੰਜਾਬ)
9815625409