ਰਾਤੀਂ ਅਜਬ ਤੱਕਿਆ ਇਕ ਸੁਪਨਾ ਸੁਪਨਾ ਟੁੱਟਾ ਜਾਗ ਜੱਦ ਆਈ
ਹੜਬੜਾ ਮੈਂ ਉੱਠ ਖਲੋਈ
ਸੁੰਨ ਮੁੰਨ ਹੋਈ ਤੱਕਾਂ ਮੈੰ ਇਧਰ ਉਧਰ
ਅੱਖਾਂ ਮੱਲ ਮੱਲ ਖੋਲਾਂ , ਬੰਦ ਕਰਾਂ ਮੈਂ
ਸੱਚਮੁੱਚ ਕੀ ਇਹ ਸੁਪਨਾ ਸੀ
ਪੁੱਛਾਂ ਆਪਣੇ ਆਪ ਨੂੰ ਮੈਂ ਬਾਰ ਬਾਰ
ਸੁਪਨੇ ਤੇ ਮੈਨੂੰ ਯਕੀਨ ਨਾ ਆਵੇ
ਬਾਰ ਬਾਰ ਸੁਪਨਾ ਆਣ ਸਤਾਵੇ
ਡਿੱਕੋਡੋਲੇ ਖਾਂਦੇ ਮਨ ਨੂੰ ਕੌਣ ਸਮਝਾਵੇ
ਇਕ ਪੱਲ ਵੀ ਮੈਨੂੰ ਚੈਨ ਨਾ ਆਵੈ
ਕੀ ਇਸ ਤਰਾਂ ਵੀ ਕਦੀ ਹੁੰਦਾ ਹੈ
ਪਾਠ ਕਰ ਜੱਦ ਸੁੱਤੀ ਮੈਂ
ਅਜਬ ਗਜਬ ਤੱਕਿਆ ਇੱਕ ਸੁਪਨਾ
ਬੈਡ ਤੇ ਤਾਂ ਸੁੱਤੀ ਪਈ ਹਾਂ ਮੈਂ
ਪਰ ਮੇਰੀ ਕਾਇਆ ਉੱਪਰ ਹੋਰ ਉੱਪਰ
ਨੂੰ ਉੱਠਦੀ ਜਾ ਰਹੀ ਹੈ
ਵਾਹਿਗੁਰੂ , ਵਾਹਿਗੁਰੂ , ਵਾਹਿਗੁਰੂ ,
ਧੰਨ ਗੁਰੂ ਨਾਨਕ , ਧੰਨ ਗੁਰੂ ਨਾਨਕ
ਮੇਰੇ ਮੁੱਖ ‘ਚੋਂ ਲਗਾਤਾਰ
ਉਚਾਰਨ ਹੋ ਰਿਹਾ ਹੈ
ਕਾਇਆ ਮੇਰੀ ਹੋਰ ਉਪਰ ਜਾ ਰਹੀ ਹੈ
ਜਿਵੇਂ ਬ੍ਰਹਿਮੰਡ ਨੂੰ ਜਾ ਰਹੀ ਹੋਵੇ
ਵਾਹਿਗੁਰੂ , ਵਾਹਿਗੁਰੂ , ਵਾਹਿਗੁਰੂ ,
ਧੰਨ ਗੁਰੂ ਨਾਨਕ , ਧੰਨ ਗੁਰੂ ਨਾਨਕ
ਦੇਹ ਅਡੋਲ ਉਪਰ ਜਾ ਰਹੀ ਹੈ
ਜਾਂਦਿਆਂ ਹੋਇਆਂ ਦੇਖ ਰਹੀ ਹਾਂ ਉਸਨੂੰ ਮੈਂ
ਆਸ ਪਾਸ ਨੂਰ ਹੀ ਨੂਰ ਹੈ
ਨੂਰ ‘ਚੋਂ ਦੇਹ ਗੁਜ਼ਰਦੀ ਜਾ ਰਹੀ ਹੈ
ਵਿਸਮਾਦਿਤ ਹੋਈ ਦੇਖ ਰਹੀ ਹਾਂ
ਨਾਮ ਸਿਮਰਨ ਦਾ ਉਚਾਰਨ
ਕਰੀ ਜਾ ਰਹੀ ਹਾਂ
ਜਿਉਂ ਜਿਉਂ ਕਾਇਆ ਉਪਰ ਜਾ ਰਹੀ ਹੈ
ਵਾਹਿਗੁਰੂ , ਵਾਹਿਗੁਰੂ , ਧੰਨ ਗੁਰੂ ਨਾਨਕ
ਅਡੋਲ ਪਈ ਸਿਮਰਨ ਵੀ ਕਰੀ ਜਾ ਰਹੀ ਹਾਂ
ਅਚਾਨਕ ਕਾਇਆ ਨੀਚੇ ਆਉਣ ਲੱਗ ਪਈ
ਸਿਮਰਨ ਅਜੇ ਵੀ ਜਾਰੀ ਹੈ
ਕਾਇਆ ਮੇਰੀ ਹੁਣ ਦਿਖਣੋਂ ਬੰਦ ਹੋ ਗਈ
ਨੀਂਦ ਟੁੱਟੀ , ਡੋਰ ਭੋਰ ਹੋਈ
ਤੱਕਦੀ ਕੀ ਹਾਂ ਮੈਂ
ਬੈਡ ਤੇ ਪਈ ਹਾਂ ਹੁਣ ਤੇ ਮੈਂ
ਪਰ ਤੱਕਿਆ ਸੀ ਉਹ ਜੋ
ਸੋਚਦੀ ਹਾਂ , ਕੀ ਕੌਤਕ ਸੀ ਫਿਰ ਇਹ
ਪਰ ਜੋ ਦੇਖਿਆ , ਸੱਚ ਤੇ ਸੀ
ਯਕੀਨ ਨਾ ਆਏ , ਸੋਚਦੀ ਰਹੀ
ਸੁਪਨਾ ਇਸ ਤਰਾਂ ਦਾ ਆਇਆ ਕਿਉਂ ਮੈਨੂੰ
ਫਿਰ ਟੁੱਟ ਵੀ ਗਿਆ ਤੇ ਉਹ
ਅਲੌਕਿਕ ਦ਼੍ਰਿਸ਼ ਵੀ ਦਿਖਣਾ
ਹੁਣ ਬੰਦ ਹੋ ਗਿਆ
ਦਿਮਾਗ਼ ਤੇ ਹਾਵੀ ਹੈ ਉਹ ਸੁਪਨਾ ਅਜੇ ਵੀ
ਦਿਲੋ ਦਿਮਾਗ਼ ਤੇ ਛਾਇਆ ਪਿਆ ਹੈ
ਉਹ ਵਿਸਮਾਦੀ ਪੱਲ , ਕਾਇਆ ਤੋਂ ਪਾਰ
ਅਜੇ ਵੀ ਮੇਰੇ ਜ਼ਿਹਨ ਦੇ ਸਮੁੰਦਰ ਵਿਚ
ਡੁਬਕੀਆਂ ਲਗਾ ਰਹੇ ਨੇ
ਭਰੀ ਪਈ ਹਾਂ ਮੈਂ ਅਦੁੱਤੀ ਵਿਸਮਾਦ ‘ਚ
ਅਨੋਖਾ ਸਰੂਰ ਆ ਰਿਹਾ ਹੈ
ਮਦਹੋਸ਼ੀ ਦੇ ਆਲਮ ਵਿੱਚ
ਅਜੇ ਵੀ ਮੁੱਖ ‘ਚੋਂ
ਵਾਹਿਗੁਰੂ , ਵਾਹਿਗੁਰੂ
ਧੰਨ ਗੁਰੂ ਨਾਨਕ , ਧੰਨ ਗੁਰੂ ਨਾਨਕ
ਦਾ ਸਿਮਰਨ ਹੋ ਰਿਹਾ ਹੈ
ਪੁੱਛਦੀ ਹਾਂ ਆਪਣੇ ਆਪ ਨੂੰ
ਕੌਣ ਸਮਝਾਵੇ ਮੈਨੂੰ
ਕੀ ਅਰਥ ਹੋ ਸਕਦੇ ਨੇ
ਲਪਕ ਕੇ ਚੁੱਕਿਆ ਫ਼ੋਨ ਮੈਂ
ਝੱਟਪੱਟ ਆਪਣੀ ਪਿਆਰੀ ਸਖੀ
ਨੂੰ ਫ਼ੋਨ ਘੁੰਮਾਇਆ
ਦਸਿਆ ਜੱਦ ਆਪਣੇ ਸੁਪਨੇ ਬਾਰੇ
ਉਸਨੂੰ ਮੈਂ , ਪੁੱਛਿਆ ਕੁਝ ਗੰਭੀਰ ਹੋ ਕੇ
ਤੂੰ ਹੀ ਦੱਸ ਖਾਂ ਭੈਣੇ ਮੇਰੀਏ ਹੁਣ ਮੈਨੂੰ
ਕੀਕੂੰ ਸੁਪਨਾ ਇਹ ਮੈਨੂੰ ਆਇਆ
ਝੱਟ ਦੇਣੀ ਉਸ ਫਿਰ ਮੈਨੂੰ ਸਮਝਾਇਆ
ਮੈਡੀਟੇਸ਼ਨ ਨੇ ਕਰਦੇ ਜੋ ਦਿਲ ਤੋਂ
ਵਾਪਰਦਾ ਹੈ ਉਹਨਾਂ ਨਾਲ ਵੀ ਇਹ ਸੱਭ
ਇਸਨੂੰ ਕਹਿੰਦੇ ਨੇ ਆਊਟ ਆਫ਼ ਬਾਡੀ ਹੋਣਾ
ਫਿਰ ਵੀ ਚੈਨ ਨਾ ਮੈਨੂੰ ਆਇਆ
ਕਹਿੰਦੇ ਰੱਬ ਦੀ ਭਗਤੀ
ਪਾਠ , ਸਿਮਰਨ ਇਹ ਸੱਭ
ਮੈਡੀਟੇਸ਼ਨ ਤੋਂ ਉੱਪਰ ਨੇ
ਜੋ ਤੂੰ ਕਰਦੀ ਹੈ
ਕੋਈ ਜਵਾਬ ਨਹੀਂ ਔਹੜਦਾ ਕੀ ਕਹਾਂ
ਗੂਗਲ ਸਰਚ ਕਰਦੀ ਹਾਂ ਫਿਰ
ਆਊਟ ਆਫ਼ ਬਾਡੀ ਕੀ ਹੁੰਦਾ
ਸੋਚਦੀ ਹਾਂ
ਬਾਬੇ ਨਾਨਕ ਨੇ ਦਰਸ਼ਨ ਦਿੱਤੇ
ਮਾਤਾ ਰਾਣੀ ਨੇ ਦਰਸ਼ਨ ਦਿੱਤੇ
ਤੀਸਰੇ ਨੇਤਰ ਦੇ ਦਰਸ਼ਨ ਹੋਏ
ਪਰ ਇਹ ਕੀ ਕੌਤਕ ਸੀ ਕਿ
ਆਪਣੀ ਹੀ ਦੇਹ ਨੂੰ ਉੱਪਰ ਜਾਂਦੇ
ਬੈਡ ਤੇ ਪਈ ਦੇਖ ਰਹੀਂ ਹਾਂ ਮੈਂ
ਨਾਮ ਸਿਮਰਨ ਵੀ ਕਰੀ ਜਾ ਰਹੀ ਹਾਂ
ਫਿਰ ਬਾਡੀ ਨੀਚੇ ਆਉਂਦੀ ਹੈ
ਨਾਮ ਸਿਮਰਨ ਅਜੇ ਵੀ ਜਾਰੀ ਹੈ
ਸੁਪਨੇ ਦਾ ਟੁੱਟਣਾ ਤੇ ਫਿਰ
ਬੈਡ ਤੇ ਆਪਣੇ ਆਪ ਨੂੰ ਪਏ ਦੇਖਣਾ
ਤੇਰੀਆਂ ਤੂੰ ਹੀ ਜਾਣੈ ਦਾਤਾ ।
“ ਦਾਤਾ ਇਹ ਕੈਹੀ ਤੂੰ ਖੇਡ ਵਰਤਾਈ
ਭੇਦ ਨਾ ਦਿੰਦਾ ਤੂੰ ਕਾਈ “
( ਰਮਿੰਦਰ ਰੰਮੀ )