ਇਸ ਤੋਂ ਪਹਿਲਾਂ ਕਿ ਸੁਪਨੇ ਪੂਰੇ ਹੋਣ ਸੁਪਨੇ ਦੇਖਣੇ ਬਹੁਤ ਜ਼ਰੂਰੀ ਹਨ। ਸੁਪਨੇ ਉਹ ਨਹੀਂ ਹੁੰਦੇ ਜੋ ਨੀਂਦ ਵਿੱਚ ਆਉਂਦੇ ਹਨ ਸਗੋਂ ਸੁਪਨੇ ਤਾਂ ਉਹ ਹੁੰਦੇ ਹਨ ਜੋ ਨੀਂਦ ਉਡਾ ਲੈ ਜਾਂਦੇ ਹਨ,ਇਹ ਸ਼ਬਦ ਭਾਰਤ ਮਾਤਾ ਦੇ ਸਪੂਤ, ਲੋਕਾਂ ਦੇ ਰਾਸ਼ਟਰਪਤੀ ਅਤੇ ਮਿਜ਼ਾਇਲ ਮੈਨ ਦੇ ਨਾਂਅ ਨਾਲ ਜਾਣੇ ਜਾਂਦੇ ਡਾ.ਏ.ਪੀ.ਜੇ.(ਅਵੁਲ ਪਾਕਿਰ ਜੈਨੁਲਬਦੀਨ)ਅਬਦੁਲ ਕਲਾਮ ਦੇ ਹਨ। ਅਵੁਲ ਉਹਨਾਂ ਦੇ ਪੜਦਾਦਾ,ਪਾਕਿਰ ਦਾਦਾ ਅਤੇ ਜੈਨੁਲਬਦੀਨ ਉਹਨਾਂ ਦੇ ਪਿਤਾ ਦਾ ਨਾਮ ਸੀ।ਕਲਾਮ ਸਾਬ ਦਾ ਜਨਮ 15 ਅਕਤੂਬਰ 1931 ਨੂੰ ਤਾਮਿਲਨਾਡੂ ਦੇ ਰਾਮੇਸ਼ਵਰਮ ਵਿੱਚ ਪਿਤਾ ਜੈਨੁਲਬਦੀਨ ਅਤੇ ਮਾਤਾ ਆਸ਼ਿਆਮਾ ਦੇ ਗ੍ਰਹਿ ਵਿਖੇ ਹੋਇਆ।ਕਲਾਮ ਸਾਬ ਦੇ ਪਿਤਾ ਮੱਛੀ ਫੜਨ ਵਾਲਿਆਂ ਅਤੇ ਯਾਤਰਾ ਕਰਨ ਵਾਲਿਆਂ ਲਈ ਕਿਸ਼ਤੀ ਚਲਾਇਆ ਕਰਦੇ ਸਨ ਜਿਸ ਨਾਲ ਘਰ ਦਾ ਗੁਜ਼ਾਰਾ ਚਲਦਾ ਸੀ।ਕਲਾਮ ਸਾਬ ਦੇ ਪਿਤਾ ਜ਼ਿਆਦਾ ਪੜ੍ਹੇ ਲਿਖੇ ਨਹੀਂ ਸਨ ਪਰੰਤੂ ਜਲਾਲੁਦੀਨ ਜੋ ਬਾਅਦ ਵਿੱਚ ਉਹਨਾਂ ਦੇ ਜੀਜਾ ਬਣੇ ਸਾਇੰਸ ਅਤੇ ਤਕਨਾਲੋਜੀ ਦੀ ਸਮਝ ਰੱਖਦੇ ਸਨ। ਕਲਾਮ ਕਈ ਕਈ ਘੰਟੇ ਜਲਾਲੁਦੀਨ ਨਾਲ ਵਿਗਿਆਨ ਸਬੰਧੀ ਸਵਾਲ ਜਵਾਬ ਕਰਦੇ ਰਹਿੰਦੇ। ਗ਼ੁਰਬਤ ਭਰੀ ਜ਼ਿੰਦਗੀ ਹਢਾਉਣ ਦੇ ਬਾਵਜੂਦ ਵੀ ਕਲਾਮ ਦੇ ਸੁਪਨੇ ਕਮਜ਼ੋਰ ਨਹੀਂ ਸਗੋਂ ਦ੍ਰਿੜ ਸਨ।ਉਹ ਪਾਇਲਟ ਬਣਨਾ ਚਾਹੁੰਦੇ ਸਨ,ਉਹ ਪਾਇਲਟ ਤਾਂ ਨਾ ਬਣੇ ਸਕੇ ਪ੍ਰੰਤੂ ਦੇਸ਼ ਦੀ ਰੱਖਿਆ ਪ੍ਰਣਾਲੀ ਅਤੇ ਪ੍ਰਮਾਣੂ ਊਰਜਾ ਦੇ ਖ਼ੇਤਰ ਨੂੰ ਮਜ਼ਬੂਤ ਕਰਨ ਵਿੱਚ ਜੋ ਉਹਨਾਂ ਨੇ ਕਰ ਵਿਖਾਇਆ ਉਹ ਸ਼ਾਇਦ ਕੋਈ ਹੋਰ ਨਾ ਕਰ ਸਕਦਾ।
ਤਾਮਿਲਨਾਡੂ ਦੇ ਹੀ ਰਾਮਨਾਥਾਪੁਰਮ ਤੋਂ ਆਪਣੀ ਸਕੂਲੀ ਪੜ੍ਹਾਈ ਖ਼ਤਮ ਹੋਣ ਤੋਂ ਬਾਅਦ ਕਲਾਮ ਨੇ 1954 ਵਿੱਚ ਸੇਂਟ ਜੋਸਫ਼ ਕਾਲਜ ਤਿਰੂਚਿਰਾਪੱਲੀ ਤੋਂ ਭੌਤਿਕ ਵਿਗਿਆਨ ਵਿੱਚ ਗਰੇਜੂਏਸ਼ਨ ਕੀਤੀ। ਬੀ ਐੱਸ ਸੀ ਭੌਤਿਕ ਵਿਗਿਆਨ ਕਰਨ ਤੋਂ ਬਾਅਦ ਉਹਨਾਂ ਨੂੰ ਮਹਿਸੂਸ ਹੋਇਆ ਕਿ ਉਹਨਾਂ ਦਾ ਵਿਸ਼ਾ ਭੌਤਿਕ ਵਿਗਿਆਨ ਨਹੀਂ ਸਗੋਂ ਇੰਜੀਨੀਅਰਿੰਗ ਹੈ ਜੋ ਉਹਨਾਂ ਨੂੰ ਉਹਨਾਂ ਦੇ ਸੁਪਨੇ ਪੂਰੇ ਕਰਨ ਵਿੱਚ ਮਦਦ ਕਰ ਸਕਦੀ ਹੈ। ਉਹਨਾਂ ਨੇ ਏਅਰੋਸਪੇਸ ਇੰਜਨੀਅਰਰਿੰਗ ਦੀ ਪੜ੍ਹਾਈ ਲਈ ਮਦਰਾਸ ਇੰਸਟੀਚਿਊਟ ਆਫ ਟੈਕਨਾਲੋਜੀ ਜਾਣ ਦਾ ਫੈਸਲਾ ਕੀਤਾ। ਉਹਨਾਂ ਦੀ ਦਾਖ਼ਲ ਫ਼ੀਸ ਇੱਕ ਹਜ਼ਾਰ ਰੁਪਏ ਦੇ ਕਰੀਬ ਸੀ ਜਿਸ ਦਾ ਪ੍ਰਬੰਧ ਕਰਨਾ ਮੁਸ਼ਿਕਲਾਂ ਭਰਪੂਰ ਸੀ ਪ੍ਰੰਤੂ ਆਪਣੇ ਭਰਾ ਦੀ ਖੁਸ਼ੀ ਅਤੇ ਉਸ ਦੇ ਸੁਪਨਿਆਂ ਨੂੰ ਉਡਾਣ ਦੇਣ ਲਈ ਜੌਹਰਾ (ਉਹਨਾਂ ਦੀ ਭੈਣ) ਨੇ ਆਪਣੇ ਕੰਗਨ ਤੱਕ ਵੇਚ ਦਿੱਤੇ। ਮਦਰਾਸ ਇੰਸਟੀਚਿਊਟ ਆਫ ਟੈਕਨਾਲੋਜੀ ਤੋਂ ਪੜ੍ਹਾਈ ਕਰਨ ਉਪਰੰਤ ਕਲਾਮ ਨੇ ਨੌਕਰੀ ਲਈ ਦੋ ਅਰਜ਼ੀਆਂ ਦਿੱਤੀਆਂ ਪਹਿਲੀ ਏਅਰ ਫੋਰਸ ਵਿਚ ਅਤੇ ਦੂਜੀ ਰੱਖਿਆ ਮੰਤਰਾਲੇ ਵਿੱਚ।ਏਅਰ ਫੋਰਸ ਵਿੱਚ ਕਲਾਮ ਸਾਬ ਦਾ ਨੌਵਾਂ ਸਥਾਨ ਆਇਆ ਜਦਕਿ ਅਸਾਮੀਆਂ ਅੱਠ ਸਨ ਇਸ ਤਰ੍ਹਾਂ ਉਹਨਾਂ ਦਾ ਏਅਰ ਫੋਰਸ ਵਿੱਚ ਜਾ ਕੇ ਉਡਾਣ ਭਰਨ ਦਾ ਸੁਪਨਾ ਅਧੂਰਾ ਰਹਿ ਗਿਆ। ਉਹਨਾਂ ਨੇ ਰੱਖਿਆ ਮੰਤਰਾਲੇ ਦੀ ਚੋਣ ਕਰਕੇ ਦੇਸ਼ ਨੂੰ ਰੱਖਿਆ ਖੇਤਰ ਵਿੱਚ ਮਜ਼ਬੂਤ ਕੀਤਾ। ਰੱਖਿਆ ਮੰਤਰਾਲੇ ਅਤੇ ਖੋਜ ਸੰਸਥਾਨ (DRDO) ਵਿੱਚ ਧਰਤੀ ਤੋਂ ਧਰਤੀ, ਧਰਤੀ ਤੋਂ ਅਕਾਸ਼ ਵਿੱਚ ਮਾਰ ਕਰਨ ਵਾਲੀਆਂ ਮਿਜ਼ਾਇਲਾਂ ਦਾ ਨਿਰਮਾਣ ਕੀਤਾ ਜਿਸ ਵਿੱਚ ਨਾਗ, ਤ੍ਰਿਸ਼ੂਲ, ਅਕਾਸ਼ ਅਤੇ ਪ੍ਰਿਥਵੀ ਸ਼ਾਮਿਲ ਹਨ।
ਅਬਦੁਲ ਕਲਾਮ ਦੀ ਜ਼ਿੰਦਗੀ ਵਿਚ ਉਹਨਾਂ ਦੇ ਮਾਤਾ ਪਿਤਾ,ਭੈਣ ਜੌਹਰਾ ਅਤੇ ਜਲਾਲੁਦੀਨ ਤੋਂ ਬਾਅਦ ਜਿਨ੍ਹਾਂ ਦਾ ਸਭ ਤੋਂ ਵੱਧ ਪ੍ਰਭਾਵ ਪਿਆ ਉਹ ਸਨ ਡਾ ਵਿਕਰਮ ਸਾਰਾਭਾਈ, ਪ੍ਰੋ ਸਤੀਸ਼ ਧਵਨ ਅਤੇ ਡਾ ਬ੍ਰਹਮ ਪ੍ਰਕਾਸ਼।ਡਾ ਸ਼ਤੀਸ਼ ਧਵਨ ਅਤੇ ਵਿਕਰਮ ਸਾਰਾਭਾਈ ਦੀ ਅਗਵਾਈ ਵਿੱਚ ਡਾ ਕਲਾਮ ਨੇ ਦੇਸ਼ ਦੇ ਆਪਣੇ ਸੈਟੇਲਾਈਟ ਲਾਂਚ ਵ੍ਹੀਕਲ ਦਾ ਨਿਰਮਾਣ ਕੀਤਾ ਜਿਸ ਦੀ ਮਦਦ ਨਾਲ 1980 ਵਿੱਚ ਰੋਹਿਣੀ ਉਪਗ੍ਰਹਿ ਸਥਾਪਿਤ ਕੀਤਾ ਗਿਆ।
ਕਲਾਮ ਸਾਬ ਦਾ ਰਾਜਨੀਤੀ ਨਾਲ ਦੂਰ ਦੂਰ ਤੱਕ ਕੋਈ ਸਬੰਧ ਨਹੀਂ ਸੀ।ਉਹ ਕਦੇ ਰਾਜਨੀਤੀ ਕਰਨਗੇ ਅਜਿਹੀ ਉਹਨਾਂ ਦੀ ਕੋਈ ਸੋਚ ਨਹੀਂ ਸੀ।ਇੱਕ ਏਅਰੋਸਪੇਸ ਇੰਜਨੀਅਰਰਿੰਗ ਦੇ ਵਿਦਿਆਰਥੀ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਰਾਸ਼ਟਰਪਤੀ ਦੇ ਅਹੁਦੇ ਨਾਲ ਵੀ ਨਿਵਾਜ਼ੇ ਜਾਣਗੇ।ਸਰਬ ਪਾਰਟੀ ਮੀਟਿੰਗ ਤੋਂ ਬਾਅਦ ਸਹਿਮਤੀ ਨਾਲ ਡਾਕਟਰ ਕਲਾਮ ਨੂੰ 25 ਜੁਲਾਈ 2002 ਨੂੰ ਭਾਰਤ ਦੇ ਗਿਆਰਵੇਂ ਰਾਸ਼ਟਰਪਤੀ ਵਜੋਂ ਸਹੁੰ ਚੁਕਾਈ ਗਈ।ਉਹ ਆਪਣੇ ਅਹੁਦੇ ਤੱਕ 25 ਜੁਲਾਈ 2007 ਤੱਕ ਰਹੇ। ਉਹਨਾਂ ਨੇ ਰਾਸ਼ਟਰਪਤੀ ਦੇ ਅਹੁਦੇ ਤੇ ਰਹਿਣ ਦੌਰਾਨ ਵੀ ਲਿਖਣ ਪੜ੍ਹਣ ਦਾ ਕੰਮ ਜ਼ਾਰੀ ਰੱਖਿਆ।ਉਹ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣਾ ਚਾਹੁੰਦੇ ਸਨ। ਅਜੋਕੇ ਸਮੇਂ ਵਿੱਚ ਜਦੋਂ ਅਸੀਂ ਕਹਿੰਦੇ ਹਾਂ ਕਿ ਬੱਚਿਆਂ ਦੇ ਪੜ੍ਹਨ ਲਈ ਪੈਸੇ ਦੇ ਨਾਲ ਨਾਲ ਮਾਪਿਆਂ ਦਾ ਪੜ੍ਹਿਆ ਲਿਖਿਆ ਹੋਣਾ ਬਹੁਤ ਜ਼ਰੂਰੀ ਹੈ, ਸਾਨੂੰ ਇਹ ਭੁੱਲਣਾ ਨਹੀਂ ਚਾਹੀਦਾ ਕਿ ਕਲਾਮ ਸਾਬ ਕੋਲ ਨਾ ਤਾਂ ਜ਼ਿਆਦਾ ਪੂੰਜੀ ਸੀ ਅਤੇ ਨਾ ਹੀ ਉਹਨਾਂ ਦੇ ਮਾਤਾ ਪਿਤਾ ਜ਼ਿਆਦਾ ਪੜ੍ਹੇ ਲਿਖੇ ਸਨ। ਸੁਪਨਿਆਂ ਦੀ ਉਡਾਣ ਨਿਰੰਤਰ ਮਿਹਨਤ ਅਤੇ ਸੰਘਰਸ਼ ਮੰਗਦੀ ਹੈ ਜਿਸਦਾ ਕੋਈ ਸਾਹਟਕੱਟ ਮੌਜੂਦ ਨਹੀਂ ਹੈ।
ਡਾਕਟਰ ਕਲਾਮ ਦੁਆਰਾ ਦਿੱਤੇ ਭਾਸ਼ਣ ਅਤੇ ਉਹਨਾਂ ਦੁਆਰਾ ਲਿਖੀਆਂ ਕਿਤਾਬਾਂ ਅੱਜ ਵੀ ਨੌਜਵਾਨਾਂ ਨੂੰ ਅੱਗੇ ਵਧਣ ਲਈ ਰਾਹ ਦਸੇਰਾ ਬਣੀਆਂ ਹੋਈਆਂ ਹਨ। ਉਨ੍ਹਾਂ ਦੀ ਪ੍ਰਸਿੱਧ ਅਤੇ ਜ਼ਿਆਦਾ ਪੜ੍ਹੀਆਂ ਜਾਣ ਵਾਲੀਆਂ ਕਿਤਾਬਾਂ ਵਿੱਚ wings of fire (1999),ignited minds (2002),India 2020-A vision for the new millinum (1998),Inspiring thought (2007), ਅਤੇ Turning point(2012) ਸ਼ਾਮਿਲ ਹਨ।
ਡਾਕਟਰ ਕਲਾਮ ਮੁਸਲਿਮ ਪਰਿਵਾਰ ਵਿੱਚ ਜਨਮ ਦੇ ਬਾਵਜੂਦ ਇੱਕ ਸੱਚੇ ਦੇਸ਼ ਭਗਤ ਸਨ।ਧਰਮ ਨਿਰਪੱਖਤਾ ਦੀ ਝਲਕ ਉਹਨਾਂ ਦੇ ਕਿਰਦਾਰ ਵਿੱਚ ਝਲਕਦੀ ਸੀ। ਆਪਣੇ ਭਾਸ਼ਣ ਦੌਰਾਨ ਉਹ ਗੀਤਾ ਅਤੇ ਕੁਰਾਨ ਦੋਵਾਂ ਦੀ ਗੱਲ ਕਰਦੇ।ਉਹ ਗੀਤਾ ਅਤੇ ਕੁਰਾਨ ਦੋਵੇਂ ਪੜ੍ਹਦੇ ਸਨ।
ਕਲਾਮ ਸਾਬ ਨੂੰ ਦੇਸ਼ ਦੀ ਰੱਖਿਆ ਪ੍ਰਣਾਲੀ, ਪਰਮਾਣੂ ਊਰਜਾ ਅਤੇ ਪੁਲਾੜ ਦੇ ਖ਼ੇਤਰ ਵਿੱਚ ਪ੍ਰਾਪਤ ਕੀਤੀਆਂ ਸਫਲਤਾਵਾਂ ਲਈ ਦੇਸ਼ ਅਤੇ ਵਿਦੇਸ਼ ਦੀਆਂ ਤੀਹ ਤੋਂ ਵੱਧ ਯੂਨੀਵਰਸਿਟੀਆਂ ਵੱਲੋਂ ਆਨਰੇਰੀ ਡਿਗਰੀਆਂ ਨਾਲ ਨਿਵਾਜਿਆ ਗਿਆ। ਡਾਕਟਰ ਕਲਾਮ ਨੂੰ ਉਹਨਾਂ ਦੀਆਂ ਪ੍ਰਾਪਤੀਆਂ ਲਈ ਪਦਮ ਭੂਸ਼ਣ (1981),ਪਦਮ ਵਿਭੂਸ਼ਣ1990) ਅਤੇ ਦੇਸ਼ ਦੇ ਸਰਵ ਉੱਚ ਸਨਮਾਨ ਭਾਰਤ ਰਤਨ ਨਾਲ 1997 ਵਿੱਚ ਸਨਮਾਨਿਤ ਕੀਤਾ ਗਿਆ।ਇਸ ਤੋਂ ਇਲਾਵਾ 1998 ਵਿੱਚ ਸਾਵਰਕਰ ਅਤੇ 2000 ਵਿੱਚ ਰਾਮਾਨੁਜਨ ਪੁਰਸਕਾਰ ਨਾਲ ਵੀ ਨਿਵਾਜਿਆ ਗਿਆ।
ਡਾਕਟਰ ਕਲਾਮ ਤਮਾਮ ਉਮਰ ਕਵਾਰੇ ਰਹੇ। ਉਹਨਾਂ ਨੇ ਵਿਆਹ ਨਹੀਂ ਕਰਵਾਇਆ।ਉਹ ਬਚਨਪ ਤੋਂ ਸਾਦਗੀ ਭਰੀ ਜ਼ਿੰਦਗੀ ਦੇ ਮੁਰੀਦ ਸਨ। ਰਾਸ਼ਟਰਪਤੀ ਰਹਿੰਦੇ ਹੋਏ ਵੀ ਉਹਨਾਂ ਨੇ ਆਪਣੇ ਕਿਸੇ ਸਕੇ ਸਬੰਧੀ ਨੂੰ ਅਹੁਦੇ ਦੀ ਦੁਰਵਰਤੋ ਕਰਨ ਤੋਂ ਬਚਾਈ ਰੱਖਿਆ। ਸੇਵਾਮੁਕਤੀ ਤੋਂ ਬਾਅਦ ਉਹ ਆਪਣੀ ਪੈਨਸ਼ਨ ਪਿੰਡ ਦੀ ਪੰਚਾਇਤ ਨੂੰ ਭੇਜਦੇ ਰਹੇ।ਰਾਸ਼ਟਰਪਤੀ ਦੇ ਅਹੁਦੇ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ ਕਲਾਮ ਸਾਬ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਸ਼ਿਲਾਂਗ ਵਿੱਚ ਵਿਜਟਿੰਗ ਪ੍ਰੋਫੈਸਰ, ਅੰਨ੍ਹਾ ਯੂਨੀਵਰਸਿਟੀ ਚੇੱਨਈ ਵਿੱਚ ਆਨਰੇਰੀ ਪ੍ਰੋਫੈਸਰ, ਸਤੰਬਰ 2007 ਵਿੱਚ ਤਿਰੂਵਨੰਤਪੁਰਮ ਵਿੱਚ ਬਣੇ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਦੇ ਵਾਇਸ ਚਾਂਸਲਰ ਰਹੇ।ਉਹ ਆਪਣੇ ਦੇਸ਼ ਦੇ ਲੋਕਾਂ ਅਤੇ ਇਸ ਦੀ ਧਰਤੀ ਨਾਲ ਬਹੁਤ ਮੁਹੱਬਤ ਕਰਦੇ ਸਨ। ਆਪਣੀਆਂ ਸਪੀਚ ਦੌਰਾਨ ਉਹ ਧਰਤੀ, ਵਾਤਾਵਰਨ ਅਤੇ ਪੌਣ ਪਾਣੀ ਬਚਾਉਣ ਦੀ ਗੱਲ ਕਰਦੇ।27 ਜੁਲਾਈ 2015 ਨੂੰ ਵੀ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਸ਼ਿਲਾਂਗ (ਮੇਘਾਲਿਆ) ਦੀ ਕਨਵੋਕੇਸਨ ਮੌਕੇ ਸਟੇਜ ਤੇ ਕਲਾਮ ਸਾਬ ਧਰਤੀ ਨੂੰ ਬਚਾਉਣ ਦੀ ਹੀ ਗੱਲ ਕਰ ਰਹੇ ਸਨ ਕਿ ਅਚਾਨਕ ਉਹ ਸਟੇਜ ਤੇ ਡਿੱਗ ਪਏ ਅਤੇ ਲੱਖਾਂ ਚਾਹੁਣ ਵਾਲਿਆਂ ਨੂੰ ਸਦਾ ਸਦਾ ਲਈ ਅਲਵਿਦਾ ਕਹਿ ਗਏ।ਉਸ ਦਿਨ ਭਾਰਤ ਦੇਸ਼ ਹੀ ਨਹੀਂ ਪੂਰੀ ਦੁਨੀਆਂ ਦੀਆਂ ਅੱਖਾਂ ਨਮ ਹੋਈਆਂ।ਧਰਤੀ ਵੀ ਆਸਮਾਨ ਵੀ ਰੋਇਆ ਆਪਣੇ ਪੁੱਤਰ ਦੇ ਵਿਛੜਣ ਤੇ। ਗ਼ੁਰਬਤ ਭਰੀ ਜ਼ਿੰਦਗੀ ਤੋਂ ਉੱਠ ਦੇਸ਼ ਰਾਸ਼ਟਰਪਤੀ ਤੱਕ ਪਹੁੰਚਣ ਵਾਲੇ ਕਲਾਮ ਸਾਬ ਦੀ ਜ਼ਿੰਦਗੀ ਦੀ ਗਾਥਾ ਨੌਜਵਾਨ ਨੂੰ ਹਿੰਮਤ, ਹੌਂਸਲੇ ਅਤੇ ਦ੍ਰਿੜ ਇਰਾਦੇ ਨਾਲ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਹਮੇਸ਼ਾ ਪ੍ਰੇਰਿਤ ਕਰਦੀ ਰਹੇਗੀ।
ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ
ਡਾਕਖਾਨਾ ਚੱਕ ਅਤਰ ਸਿੰਘ ਵਾਲਾ
ਤਹਿ ਅਤੇ ਜ਼ਿਲ੍ਹਾ ਬਠਿੰਡਾ
7087367969