ਅੱਖੀਂ ਡਿੱਠਾ ਹਾਲ ਸੁਣਾਵਾਂ ਸੱਚੋ ਸੱਚ ਕਹਾਣੀ।
ਰਿਸ਼ਵਤਖੋਰੀ, ਖ਼ੂਬ ਮਿਲਾਵਟ, ਦੁੱਧ ਦੇ ਅੰਦਰ ਪਾਣੀ।
ਨਸ਼ਿਆਂ, ਬੇਰੁਜ਼ਗਾਰੀ ਮਿਲ ਕੇ ਕੀਤੀ ਹੈ ਬਰਬਾਦੀ।
ਮਰਿਆਦਾ, ਅਨੁਸ਼ਾਸਨ ਤੋੜੇ, ਤੋੜੀ ਹੈ ਆਜ਼ਾਦੀ।
ਉਚ ਸਿਖਿਆ ਦੇ ਖੇਤਰ ਅੰਦਰ ਹੈ ਬੇਕਾਰ ਜਵਾਨੀ।
ਅੱਖੀਂ ਡਿੱਠਾ ਹਾਲ ਸੁਣਾਵਾਂ ਸੱਚੋ ਸੱਚ ਕਹਾਣੀ।
ਕਿਸ ਨੇ ਬੰਨ ਲਗਾ ਦਿੱਤੇ ਨੇ ਵਹਿਣਾਂ ਦੇ ਸਿਰ ਉਤੇ।
ਬੱਦਲਾਂ ਦੇ ਵਿਚ ਮਾਰੂਥਲ ਹੈ ਬਾਰਿਸ਼ ਵਾਲੀ ਰੁੱਤੇ।
ਦਿਸਦੀ ਨਈਂ ਏਂ ਦਰਿਆਵਾਂ ਦੇ ਪਾਣੀ ਵਿਚ ਰਵਾਨੀ।
ਅੱਖੀਂ ਡਿੱਠਾ ਹਾਲ ਸੁਣਾਵਾਂ ਸੱਚੋ ਸੱਚ ਕਹਾਣੀ।
ਉਚੇ ਅਹੁਦੇ ਵਿਚ ਬਦਮਾਸ਼ੀ, ਕਿਸ ਦੀ ਹੱਲਾ ਸ਼ੇਰੀ।
ਹੱਥੋਂ ਹੱਥੀਂ ਲੁੱਟੀ ਜਾਂਦੇ ਮਾਨਵਤਾ ਦੀ ਢੇਰੀ।
ਸੁੱਚੇ ਫ਼ਰਜ਼ਾਂ ਵਿੱਚ ਮਿਲਾਈ ਸ਼ੈਤਾਨਾਂ ਸ਼ੈਤਾਨੀ।
ਅੱਖੀਂ ਡਿੱਠਾ ਹਾਲ ਸੁਣਾਵਾਂ ਸੱਚੋ ਸੱਚ ਕਹਾਣੀ।
ਕੁੰਭ ਦੀ ਨੀਂਦੇ ਸੁੱਤੇ ਪਏ ਨੇ ਪ੍ਰਸ਼ਾਸਨ ਨੇ ਨੇਤਾ।
ਕਿਹੜੇ ਹਨ ਜੋ ਪਾ ਦਿੰਦੇ ਨੇ ਅੱਖਾਂ ਦੇ ਵਿਚ ਰੇਤਾ।
ਸ਼ਿਖ਼ਰ ਦੁਪਹਿਰੇ ਖੋਹ ਲੈਂਦੇ ਨੇ ਮੁੰਦਰੀ, ਕਾਂਟੇ, ਗਾਨੀ।
ਅੱਖੀਂ ਡਿੱਠਾ ਹਾਲ ਸੁਣਾਵਾਂ ਸੱਚੋ ਸੱਚ ਕਹਾਣੀ।
ਅਪਣੇ ਘਰ ਦੇ ਅੰਦਰ ਰਹਿ ਕੇ ਘਰ ਵੀ ਘਰ ਨਈਂ ਲਗਦਾ।
ਚੋਰ ਉਚੱਕੇ ਗੁੰਡਿਆਂ ਨੂੰ ਵੀਂ ਕੋਈ ਡਰ ਨਈਂ ਲਗਦਾ।
ਏਦਾਂ ਲੁੱਟੀ ਜਾਵਣ ਜਿੱਦਾਂ ਹਰ ਇਕ ਚੀਜ਼ ਬਿਗਾਨੀ।
ਅੱਖੀਂ ਡਿੱਠਾ ਹਾਲ ਸੁਣਾਵਾਂ ਸੱਚੋ ਸੱਚ ਕਹਾਣੀ।
ਗਾਜਰ ਮੂਲੀ ਨਾਲੋਂ ਸਸਤਾ ਬੰਦੇ ਨੂੰ ਕਰ ਦਿੱਤਾ।
ਅਪਣੇ ਹੀ ਇਖ਼ਲਾਕ ’ਚ ਉਹਨਾਂ ਜ਼ਹਿਰ ਜਿਹਾ ਭਰ ਦਿੱਤਾ।
ਸਿਹਤ ਸਹੂਲਤ ਵਿੱਚ ਮਿਲਾਈ ਵੈਦਾਂ ਨੇ ਬੇਈਮਾਨੀ।
ਅੱਖੀਂ ਡਿੱਠਾ ਹਾਲ ਸੁਣਾਵਾਂ ਸੱਚੋ ਸੱਚ ਕਹਾਣੀ।
ਇਕ ਤਰਫ਼ਾਂ ਹੀ ਸੋਚ ’ਚ ਅਕਸਰ ਫੁੱਲ ਉਗਾਈ ਜਾਂਦੇ।
ਅਪਣੀ ਹੀ ਝੋਲੀ ਦੇ ਅੰਦਰ ਖ਼ੁਸ਼ਬੂ ਪਾਈ ਜਾਂਦੇ।
ਰਹਿਬਰ ਵੰਡਾਂ-ਦੰਡਾਂ ਦੇ ਵਿਚ ਕਰਦਾ ਹੈ ਬੇਈਮਾਨੀ।
ਅੱਖੀਂ ਡਿੱਠਾ ਹਾਲ ਸੁਣਾਵਾਂ ਸੱਚੋ ਸੱਚ ਕਹਾਣੀ।
ਵਿਕਸਤ ਦੇਸ਼ਾਂ ਨੇ ਗੱਡ ਦਿੱਤੇ ਉਨਤੀ ਵਾਲੇ ਝੰਡੇ।
ਏਥੇ ਤਾਂ ਕਿਰਸਾਨ ਨੂੰ ਯਾਰੋ ਸੁੱਟਣੇ ਪੈਂਦੇ ਗੰਡੇ।
ਅੰਨਦਾਤਾ ਹੀ ਭੁੱਖਾ ਮਰਦਾ ਕਿੰਨੀ ਹੈ ਹੈਰਾਨੀ।
ਅੱਖੀਂ ਡਿੱਠਾ ਹਾਲ ਸੁਣਾਵਾਂ ਸੱਚੋ ਸੱਚ ਕਹਾਣੀ।
ਉਠੋ ਕੁੜੀਉ ਉਠੋ ਮੰਡਿਉ ਸਭ ਕੱਠੇ ਹੋ ਜਾਉ।
ਬਾਲਮ ਜੋ ਕਹਿੰਦਾ ਹੈ ਉਸ ਦੇ ਕਹਿਣੇ ਦੇ ਵਿਚ ਆਉ।
ਫੇਰ ਦੁਬਾਰਾ ਦੇਣੀਂ ਪੈਣੀਂ ਕੌਮ ਲਈ ਕੁਰਬਾਨੀ।
ਅੱਖੀਂ ਡਿੱਠਾ ਹਾਲ ਸੁਣਾਵਾਂ ਸੱਚੋ ਸੱਚ ਕਹਾਣੀ।
ਬਲਵਿੰਦਰ ਬਾਲਮ ਗੁਰਦਾਸਪੁਰ
ਉਂਕਾਰ ਨਗਰ ਗੁਰਦਾਸਪੁਰ ਪੰਜਾਬ
ਮੋ. 9815625409