ਪਿਛਲੇ ਦਿਨੀਂ ਪੰਜਾਬ ਦੇ ਨੋਜਵਾਨ ਗਾਇਕ ਰਾਜਵੀਰ ਜਵੰਧਾ ਦੀ ਹਿਮਾਚਲ ਦੇ ਬੱਦੀ ਨੇੜੇ ਮੋਟਰਸਾਈਕਲ ਉੱਪਰ ਜਾ ਰਹੇ ਦੀ ਅਵਾਰਾ ਗਾਵਾਂ / ਸਾਨ੍ਹਾਂ ਦੇ ਅਚਾਨਕ ਮੂਹਰੇ ਆਉਣ ਕਾਰਨ ਐਕਸੀਡੈਂਟ ਹੋਣ ਕਾਰਨ ਗੰਭੀਰ ਸੱਟਾਂ ਲੱਗੀਆਂ ਅਤੇ ਹਸਪਤਾਲ ‘ਚ ਇਲਾਜ਼ ਦੌਰਾਨ ਕਈ ਦਿਨਾਂ ਬਾਅਦ ਮੌਤ ਹੋ ਗਈ ।ਇਸ ਦੁੱਖਦਾਈ ਮੌਤ ਨਾਲ ਕਈ ਸਵਾਲ ਖੜ੍ਹੇ ਹਨ । ਹੁਣੇ ਭਾਦਸੋਂ ਨੇੜੇ ਇੱਕ ਹੋਰ ਨੋਜਵਾਨ ਜਿਸ ਦਾ ਵਿਆਹ ਪੰਜ ਦਿਨ ਪਹਿਲਾਂ ਹੋਇਆ ਸੀ , ਦੀ ਮੋਟਰ ਸਾਈਕਲ ਤੇ ਜਾ ਰਹੇ ਦੀ ਆਵਾਰਾ ਡੰਗਰ ਮੂਹਰੇ ਆਉਣ ਕਾਰਨ ਗੰਭੀਰ ਜਖਮੀ ਹੋਣ ਤੇ ਮੌਤ ਹੋ ਗਈ ।ਇਸ ਸਬੰਧੀ ਸਰਕਾਰ ਅਤੇ ਰਾਜਨੀਤਕ ਨੇਤਾ ਚੁੱਪੀ ਧਾਰ ਕੇ ਜ਼ਿੰਮੇਵਾਰੀ ਤੋਂ ਪਾਸਾ ਵੱਟੀ ਬੈਠੇ ਹਨ । ਗੱਲ ਮੋਟਰਸਾਈਕਲ ਤੇ ਜਾਣ ਦੀ ਵੀ ਨਹੀਂ ਜੇਕਰ ਕਾਰ / ਗੱਡੀ ਮੂਹਰੇ ਅਚਾਨਕ ਡੰਗਰ ਆ ਜਾਣ ਤਾਂ ਵੀ ਭਿਆਨਕ ਹਾਦਸਾ ਵਾਪਰ ਜਾਂਦਾ ਹੈ ।ਇਹ ਜਾਨਵਰ ਵੀ ਲੋਕਾਂ ਦੇ ਸਤਾਏ ਇੱਧਰ ਉੱਧਰ ਘੁੰਮ ਕੇ ਸਮਾਂ ਬਤੀਤ ਕਰਦੇ ਹਨ । ਇਨ੍ਹਾਂ ਨੂੰ ਵੀ ਬਣਦੀਆਂ ਸਹੂਲਤਾਂ ਦੇ ਕੇ ਜੀਵਨ ਜਿਊਣ ਲਈ ਪ੍ਰਬੰਧ ਕਰਨਾ ਸਰਕਾਰ ਅਤੇ ਸਮਾਜ ਦੇ ਹੱਥ ਹੈ । ਐਕਸੀਡੈਂਟ ਦੇ ਕਾਰਨਾਂ ਦੀ ਗੱਲ ਕੀਤੀ ਜਾਵੇ ਤਾਂ ਮੁੱਖ ਕਾਰਨ ਸੜਕਾਂ ਦੀ ਸੇਫਟੀ ਦੀ ਅਣਹੋਂਦ ਹੀ ਸਾਹਮਣੇ ਆਉਂਦੀ ਹੈ ।ਪੰਜਾਬ ਅੰਦਰ ਮੇਨ ਸੜਕਾਂ ਤੇ ਐਕਸੀਡੈਂਟ ਵਾਪਰਨ ਤੇ ਹਸਪਤਾਲ ਪਹੁੰਚਾਉਣ ਲਈ ਤੁਰੰਤ ਐਂਬੂਲੈਂਸ ਦੇ ਪ੍ਰਬੰਧ ਤਾਂ ਕੀਤੇ ਹੋਏ ਹਨ , ਸਪੈਸ਼ਲ ਫੋਰਸ ਸੜਕਾਂ ਤੇ ਪੈਟਰੋਲਿੰਗ ਕਰਦੀ ਹੈ , ਉਨ੍ਹਾਂ ਲਈ ਨਵੇਂ ਆਧੁਨਿਕ ਮੋਟਰਸਾਈਕਲ , ਜੀਪਾਂ ਆਦਿ ਦਾ ਵੀ ਪ੍ਰਬੰਧ ਹੈ । ਪਰ ਐਕਸੀਡੈਂਟ ਕਿਉਂ ਵਾਪਰਦੇ ਹਨ ਇਸ ਨੂੰ ਵਿਚਾਰਨ ਵਾਲੀ ਗੱਲ ਹੈ ।ਸੜਕਾਂ ਉੱਪਰ ਡੂੰਘੇ ਖੱਡੇ ਨਾਲੋ ਨਾਲ ਪੂਰਨ, ਸੜਕਾਂ ਤੋਂ ਅਵਾਰਾ ਜਾਨਵਰਾਂ ਤੋਂ ਮੁਕਤ ਕਰਾਉਣਾ , ਖਰਾਬ ਹੋਈਆਂ ਖੜੀਆਂ ਗੱਡੀਆਂ ਨੂੰ ਹਟਾਉਣ ਦੀ ਜ਼ਿੰਮੇਵਾਰੀ ਕੋਣ ਲਵੇਗਾ ? ਹਰ ਰੋਜ਼ ਕੋਈ ਨਾ ਕੋਈ ਖਬਰ ਅਵਾਰਾ ਡੰਗਰਾਂ ਨਾਲ ਦੁਰਘਟਨਾ’ਚ ਮਰਨ ਵਾਲਿਆਂ ਦੀ ਹੁੰਦੀ ਹੈ।ਗੱਲ ਤਾਂ ਸਾਰੇ ਰਾਜਾਂ ਦੀ ਹੈ ਪਰ ਦਿਨੋਂ ਦਿਨ ਪੰਜਾਬ ਅੰਦਰ ਵੱਧ ਰਹੇ ਅਵਾਰਾ ਡੰਗਰਾਂ ਤੋਂ ਲੋਕਾਂ ਦੀਆਂ ਜਾਨਾਂ ਨੂੰ ਵਧੇਰੇ ਖਤਰਾ ਹੋ ਰਿਹਾ ਹੈ।ਪਿਛਲੇ ਸਾਲਾਂ ਦੌਰਾਨ ਪਟਿਆਲਾ ਸ਼ਹਿਰ ਦੇ ਹੀ ਭੂਸਰੇ ਸਾਨ੍ਹਾਂ ਵਲੋਂ ਕਈ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ , ਪ੍ਰਸਾਸਨ ਦੀ ਅਣਗਹਿਲੀ ਖਿਲਾਫ ਅਦਾਲਤਾਂ ਵਿੱਚ ਕਰੌੜਾਂ ਦੇ ਕਲੇਮ ਪੇਸ਼ ਕਰਕੇ ਪੀੜ੍ਹਤ ਪਰਿਵਾਰਾਂ ਵਲੋਂ ਕੇਸ ਕੀਤੇ ਗਏ ਹੋਏ ਹਨ , ਇਸ ਤਰ੍ਹਾਂ ਉਨ੍ਹਾਂ ਦੀ ਵੀ ਖਜਲਖੁਆਰੀ ਹੋ ਰਹੀ ਹੈ । ਸਾਰੇ ਸ਼ਹਿਰਾਂ ਦੀਆਂ ਲੋਕ ਹਿੱਤ ‘ਚ ਕੰਮ ਕਰਨ ਵਾਲੀਆਂ ਜਥੇਬੰਦੀਆਂ ਨੂੰ ਵੀ ਅੱਗੇ ਆ ਕੇ ਇਨ੍ਹਾਂ ਅਵਾਰਾ ਡੰਗਰਾਂ ਤੋਂ ਹੋਰ ਜਾਨਾਂ ਬਚਾਉਣ ਲਈ ਸ਼ੰਘਰਸ਼ ਵਿੱਢਣ ਦੀ ਤੁਰੰਤ ਲੌੜ ਹੈ। ਪਾਣੀ ਹੁਣ ਸਿਰ ਤੋਂ ਟੱਪ ਚੁੱਕਿਆ ਹੈ ਕਿਉਂ ਕਿ ਹੁਣ ਇਹ ਅਵਾਰਾ ਡੰਗਰ ਖੂੰਖਾਰ ਜੰਗਲੀ ਬਿਰਤੀ ਦੇ ਬਣ ਚੁੱਕੇ ਹਨ ਜਿਹੜੇ ਕਿ ਸੜਕਾਂ ਤੇ ਤੁਰੇ ਜਾਂਦੇ ਰਾਹੀਆਂ ਨੂੰ ਸਿੰਗਾਂ ਤੇ ਚੁੱਕ ਪਟਕਾ ਪਟਕਾ ਮਾਰ ਰਹੇ ਹਨ।ਇਨ੍ਹਾਂ ਅਵਾਰਾ ਡੰਗਰਾਂ ਦੇ ਝੁੰਡਾਂ ਦੇ ਝੁੰਡ ਸੜਕਾਂ ਤੇ ਫਿਰਦੇ ਅਤੇ ਬੈਠੇ ਦਿਖਾਈ ਆਮ ਦਿੰਦੇ ਹਨ। ਬਹੁਤੀਆਂ ਸੜਕਾਂ ਤੇ ਸੈਰ ਕਰਨ ਵਾਲਿਆਂ ਲਈ ਵੀ ਰਸਤਾ ਸੁਰੱਖਿਅਤ ਨਹੀਂ ਹੈ।ਬਾਂਦਰਾਂ , ਕੁੱਤਿਆਂ ਆਦਿ ਦੀ ਗਿਣਤੀ ਵੀ ਬਹੁਤ ਵੱਧੀ ਹੋਈ ਹੈ।ਸੜਕਾਂ ਤੋਂ ਲੰਘਣ ਵਾਲਿਆਂ ਦੇ ਇਨ੍ਹਾਂ ਅਵਾਰਾ ਡੰਗਰਾਂ,ਬਾਂਦਰਾਂ , ਕੁੱਤਿਆਂ ਆਦਿ ਨਾਲ ਅਨੇਕਾਂ ਵਾਰੀ ਐਕਸੀਡੈਂਟ ਹੋ ਚੁੱਕੇ ਹਨ ।ਕਈ ਜਾਨਾਂ ਵੀ ਜਾ ਚੁੱਕੀਆਂ ਹਨ।ਸਕੂਲਾਂ,ਕਾਲਜਾਂ ਵਿੱਚ ਪੜ੍ਹਦੇ ਬੱਚੇ ਮਜਬੂਰੀਵਸ਼ ਰੋਜ਼ਾਨਾ ਇਨ੍ਹਾਂ ਸੜਕਾਂ ਤੋਂ ਡਰ ਡਰ ਕੇ ਲੰਘਦੇ ਹਨ।ਸਕੂਲ,ਕਾਲਜ ਟਿਊਸ਼ਨ ਜਾਣ ਵਾਲੀਆਂ ਪਿੰਡਾਂ ਤੋਂ ਆਉਣ ਵਾਲੀਆਂ ਇੱਕਲੀਆਂ ਲੜਕੀਆਂ ਲਈ ਇਨ੍ਹਾਂ ਸੜਕਾਂ ਤੋਂ ਲੰਘਣਾ ਹੋਰ ਵੀ ਮੁਸ਼ਕਲ ਹੈ।
ਮਾਪਿਆਂ ਦੇ ਆਪਣੇ ਬੱਚਿਆਂ ਦੇ ਸਹੀ ਸਲਾਮਤ ਘਰ ਆਉਣ ਤੱਕ ਸਾਹ ਸੂਤੇ ਰਹਿੰਦੇ ਹਨ।ਭੂਸਰੇ ਸਾਨ੍ਹ ਕਈ ਵਾਰ ਲੰਘ ਰਹੇ ਰਾਹੀਆਂ ਤੇ ਹਮਲਾ ਕਰਕੇ ਜਖ਼ਮੀ ਕਰ ਦਿੰਦੇ ਹਨ।ਇਨ੍ਹਾਂ ਅਵਾਰਾ ਡੰਗਰਾਂ ਲਈ ਚਾਰਾ ਅਕਸਰ ਹੀ ਲੋਕ ਸੜਕ ਦੇ ਕਿਨਾਰਿਆਂ ਤੇ ਸੁੱਟ ਜਾਂਦੇ ਹਨ ਜਿਸ ਨਾਲ ਕਈ ਵਾਰੀ ਲੰਘ ਰਹੇ ਰਾਹੀਆਂ ਦੇ ਐਕਸੀਡੈਂਟ ਹੋ ਜਾਂਦੇ ਹਨ ਕਿਉਂਕਿ ਕਈ ਵਾਰੀ ਦੂਸਰੀ ਸਾਈਡ ਤੋਂ ਡੰਗਰ ਦੌੜ ਕੇ ਖਾਣ ਲਈ ਆਉਂਦੇ ਹਨ।
ਲੋਕ ਸ਼ਾਇਦ ਦਾਨ ਪੁੰਨ ਦੀ ਭਾਵਨਾ ਨਾਲ ਖਾਣ ਵਾਲੀਆਂ ਵਸਤਾਂ ਪਾ ਕੇ ਜਾਂਦੇ ਹਨ ਪਰ ਉਹ ਇਹ ਨਹੀਂ ਸੋਚਦੇ ਕਿ ਇਸ ਤਰਾਂ੍ਹ ਸੜਕ ਤੇ ਗੰਦ ਅਤੇ ਆਵਾਜਾਈ ’ਚ ਵਿਘਣ ਵੀ ਪੈਂਦਾ ਹੈ ।ਇਸ ਤਰ੍ਹਾਂ ਅਣਜਾਣ ਰਾਹਗੀਰਾਂ ਲਈ ਇਥੋਂ ਲੰਘਣਾ ਖਤਰੇ ਤੋਂ ਬਾਹਰ ਨਹੀਂ ਹੁੰਦਾ।ਗਊਧਨ ਨੂੰ ਸਾਂਭਣ ਲਈ ਭਾਵੇਂ ਸਰਕਾਰ ਨੇ ਪੰਜਾਬ ਗਊ ਸੇਵਾ ਕਮਿਸ਼ਨ ਐਕਟ,2014 ਅਧੀਨ ‘ਪੰਜਾਬ ਗਊ ਸੇਵਾ ਕਮਿਸ਼ਨ’ ਦੀ ਸਥਾਪਨਾ ਕੀਤੀ ਗਈ ਹੈ ਜਿਸ ਵਿੱਚ ਗਊ,ਸਾਨ੍ਹ, ਬਲਦ,ਵੱਛੇ-ਵੱਛੜੀਆਂ ਦੀ ਸੁਰੱਖਿਆ ਅਤੇ ਦੇਖਭਾਲ ਕਰਨ ਦੀ ਜ਼ਿੰਮੇਵਾਰੀ ਸ਼ੌਂਪੀ ਗਈ ਹੈ।ਇਸ ਲਈ ਫੰਡ ਦੀ ਬਜਟ ਵਿੱਚ ਵਿਵਸਥਾ ਕੀਤੀ ਜਾਂਦੀ ਹੈ ਜਿਸ ਨਾਲ ਗਊ-ਪਰਿਵਾਰ ਦੀ ਸੰਭਾਲ ਕਰਨੀ ਹੈ ਅਤੇ ਮੱਨੁਖੀ ਅੱਤਿਆਚਾਰ ਤੋਂ ਇਨ੍ਹਾਂ ਬੇਜੁਬਾਨਾਂ ਜਾਨਵਰਾਂ ਨੂੰ ਬਚਾਉਣਾ ਹੈ।ਵਧੇਰੇ ਫੰਡ ਲਈ ਸਥਾਨਕ ਸਰਕਾਰਾਂ ਵਲੋਂ ਗਊ ਸੈੱਸ ਵੀ ਲਾ ਰੱਖਿਆ ਹੈ।ਸਾਨੂੰ ਖਰੀਦਦਾਰੀ ਕਰਦੇ ਸਮੇਂ ਗਊ ਸੈੱਸ ਵੀ ਦੇਣਾ ਪੈਂਦਾ ਹੈ। ਪਰ ਗਊਧਨ ਦੀ ਸੰਭਾਲ ਲਈ ਸਰਕਾਰ ਵਲੋਂ ਕੋਈ ਠੋਸ ਨੀਤੀ ਸਾਹਮਣੇ ਨਹੀਂ ਆਈ।ਬਾਜ਼ਾਰਾਂ ਵਿੱਚ ਆਮ ਆਵਾਰਾ ਡੰਗਰ ਘੁੰਮ ਰਹੇ ਹਨ ਜੋ ਲੋਕਾਂ ਦਾ ਜਾਨ ਅਤੇ ਮਾਲ ਦਾ ਨੁਕਸਾਨ ਅਕਸਰ ਕਰਦੇ ਰਹਿੰਦੇ ਹਨ।ਸ਼ੋਸ਼ਲ ਮੀਡੀਆ ਤੇ ਲੜਦੇ ਭਿੜਦੇ ਡੰਗਰਾਂ ਨਾਲ ਰਾਹਗੀਰਾਂ ਦੇ ਹੋਏ ਐਕਸ਼ੀਡੈਂਟਾਂ ਕਾਰਣ ਹੋਈਆਂ ਮੌਤਾਂ ਦੀਆਂ ਵੀਡੀਉਜ਼ ਅਕਸਰ ਦੇਖਣ ਨੂੰ ਮਿਲਦੀਆਂ ਹਨ।ਸਰਕਾਰਾਂ ਵਲੋਂ ਅਵਾਰਾ ਡੰਗਰਾਂ ਦੀ ਸਾਂਭ ਸੰਭਾਲ ਲਈ ਕੋਈ ਠੋਸ ਨੀਤੀ ਨਹੀਂ ਸਾਹਮਣੇ ਆਈ , ਕਾਗਜ਼ੀ ਕਾਰਵਾਈ ਕਈ ਵਾਰੀ ਜਰੂਰ ਕੀਤੀ ਜਾਂਦੀ ਹੈ ਜਿਸ ਦਾ ਕੋਈ ਨਤੀਜਾ ਕਦੇ ਸਾਹਮਣੇ ਨਹੀਂ ਆਇਆ । ਪਿਛਲੇ ਸਮੇਂ ਪਟਿਆਲਾ ਜਿਲ੍ਹੇ ਦੇ ਕਈ ਡਿਪਟੀ ਕਮਿਸ਼ਨਰਾਂ ਨੇ ਸੜਕਾਂ ਤੇ ਅਵਾਰਾ ਘੁੰਮਣ ਫਿਰਨ ਵਾਲੇ ਡੰਗਰਾਂ ਨੂੰ ਜਿਲ੍ਹੇ ਅੰਦਰ ਗਊਸਾਲਾਵਾਂ ਵਿੱਚ ਭੇਜਣ ਲਈ ਜਿਲ੍ਹੇ ਦੇ ਸਬੰਧਤ ਅਧਿਕਾਰੀਆਂ ਅਤੇ ਗਊਸ਼ਾਲਾਵਾਂ ਦੇ ਪ੍ਰਬੰਧਕਾਂ ਨਾਲ ਮੀਟਿੰਗਾਂ ਕਰਕੇ ਸ਼ਲਾਘਾ ਯੋਗ ਕਦਮ ਉਠਾਇਆ ਤਾਂ ਸੀ । ਆਸ ਸੀ ਕਿ ਇਨ੍ਹਾਂ ਮੀਟਿੰਗਾਂ ਦਾ ਨਤੀਜਾ ਘੱਟੋ ਘੱਟ ਇਸ ਜਿਲ੍ਹੇ ‘ਚ ਤਾਂ ਚੰਗਾ ਆਵੇਗਾ ਪਰ ਇਹ ਨਹੀਂ ਹੋ ਸਕਿਆ ।ਇਹ ਬਹੁਤ ਵੱਡਾ ਮਸਲਾ ਨਹੀਂ ਹੈ ਜੋ ਹੱਲ ਨਹੀਂ ਹੋ ਸਕਦਾ , ਅਗਰ ਸਰਕਾਰ ਸੁਹਿਰਦਾ ਨਾਲ ਇਸ ਵੱਲ ਧਿਆਨ ਲੋਕਾਂ ਦੇ ਸਹਿਯੋਗ ਨਾਲ ਦੇਵੇ ਤਾਂ ਇਹ ਕੋਈ ਵੱਡੀ ਗੱਲ ਨਹੀਂ ਹੋਵੇਗੀ ਜਿਸ ਨਾਲ ਬਹੁਤ ਸਾਰੀਆਂ ਕੀਮਤੀ ਜਾਨਾਂ ਅਜਾਈਂ ਜਾਣ ਤੋਂ , ਕਿਸਾਨਾਂ ਦੀਆਂ ਫਸਲਾਂ ਦੇ ਉਜਾੜੇ ਆਦਿ ਤੋਂ ਵੀ ਰਾਹਤ ਮਿਲੇਗੀ ।ਹੁਣੇ ਹੀ ਆਏ ਹੜ੍ਹਾਂ ਵਿੱਚ ਪ੍ਰਭਾਵਿਤ ਪੰਜਾਬੀਆਂ ਲਈ ਥਾਂ ਥਾਂ ਬੈਠੇ ਪੰਜਾਬੀਆਂ ਨੇ ਜੋ ਮਦਦ ਕੀਤੀ ਹੈ ਉਸ ਦੀ ਨਵੀਂ ਮਿਸਾਲ ਪੈਦਾ ਕਰਕੇ ਇਤਿਹਾਸ ਸਿਰਜ ਦਿੱਤਾ ਹੈ । ਫਿਰ ਇਹ ਗਊ ਧਨ ਨੂੰ ਸਾਂਭਣਾ ਕੋਈ ਵੱੀ ਗੱਲ ਨਹੀਂ , ਹਿੰਦੂ ਵੀਰਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਸਾਰੇ ਪੰਜਾਬੀ ਇਸ ਇਸ ਮੰਦ ਘਟਨਾ ਤੋਂ ਅੱਗੇ ਤੋਂ ਛੁਟਕਾਰਾ ਪਾਉਣ ਲਈ ਜਰੂਰ ਸਹਿਯੋਗ ਦੇਣਗੇ ।ਕਲਾਕਾਰ ਰਹਿ ਚੁੱਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਤੁਰੰਤ ਇਸ ਸਬੰਧੀ ਫੈਸਲਾ ਲੈ ਕੇ ਸੜਕਾਂ ਨੂੰ ਸੁਰੱਖਿਅਤ ਬਣਾ ਕੇ ਇਨ੍ਹਾਂ ਅਵਾਰਾ ਡੰਗਰਾਂ ਦਾ ਤੁਰੰਤ ਹੱਲ ਕਰਨਾ ਚਾਹੀਦਾ ਹੈ ਤਾਂ ਕਿ ਇਹੋ ਜਿਹੀਆਂ ਮੰਦਭਾਗੀ ਘਟਨਾਵਾਂ ਨਾ ਵਾਪਰਨ । ਇਹੋ ਫੈਸਲਾ ਸਰਕਾਰ ਲਈ ਰਾਜਵੀਰ ਜਵੰਧਾ ਲਈ ਸੱਚੀ ਸਰਧਾਂਜ਼ਲੀ ਹੋਵੇਗਾ। ਇਸ ਕੰਮ ਲਈ ਆਸ ਹੈ ਕਿ ਪਹਿਲਾਂ ਹੜ੍ਹਾਂ ਦੌਰਾਨ ਕੀਤੀ ਮਦਦ ਦੀ ਤਰ੍ਹਾਂ ਸਾਰੇ ਕਲਾਕਾਰ, ਸਮਾਜ ਸੇਵੀ ਸੰਸਥਾਵਾਂ ਵੀ ਇਸ ਨੇਕ ਕੰਮ ਵਿੱਚ ਸਰਕਾਰ ਨੂੰ ਆਪਣਾ ਬਣਦਾ ਯੋਗਦਾਨ ਪਾਉਣਗੇ ।
ਲੋਕਤੰਤਰੀ ਸਰਕਾਰ ਦਾ ਫਰਜ ਹੈ ਕਿ ਉਹ ਲੋਕਾਂ ਦੀਆਂ ਗੰਭੀਰ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰੇ।ਜੇ ਸਰਕਾਰ ਸੁਹਿਰਦਤਾ ਨਾਲ ਲੋਕਾਂ ਦੀ ਆਵਾਜ਼ ਸੁਣੇਗੀ ਤਾਂ ਹੀ ਉਹ ਲੋਕਾਂ ‘ਚ ਲੋਕਪ੍ਰਿਆ ਹੋ ਸਕਦੀ ਹੈ।ਜੇ ਸਰਕਾਰ ਬਿਜਲੀ ਬਿਲ ਮੁਆਫ ਕਰ ਸਕਦੀ ਹੈ , ਬਸਾਂ ‘ਚ ਔਰਤਾਂ ਲਈ ਮੁਫਤ ਸਫਰ ਦੇ ਸਕਦੀ ਹੈ , ਔਰਤਾਂ ਨੂੰ 1000 ਰੁ: ਪ੍ਰਤੀ ਮਹੀਨਾ ਦੇਣ ਦੀ ਵਿਵਸਥਾ ਕਰ ਸਕਦੀ ਹੈ , ਜਿਸ ਨਾਲ ਅਰਬਾਂ ਦਾ ਖਰਚਾ ਹੋ ਰਿਹਾ ਹੈ ਤਾਂ ਇਨ੍ਹਾਂ ਜੰਗਲੀ ਜੀਵਾਂ ਅਤੇ ਅਵਾਰਾ ਡੰਗਰਾਂ , ਕੁਤਿਆਂ ਆਦਿ ਤੋਂ ਕੀਮਤੀ ਜਾਨਾਂ ਬਚਾਉਣ ਲਈ ਠੋਸ ਉਪਰਾਲਾ ਕਿਉਂ ਨਹੀਂ ਕਰ ਸਕਦੀ ?
ਮੇਜਰ ਸਿੰਘ ਨਾਭਾ ….ਮੋ:9463553962