ਮੈਂ ਹਮੇਸ਼ਾਂ ਨਫਰਤ ਦੀ ਪਾਤਰ ਰਹੀ ਹਾਂ।
ਮੁਹੱਬਤ ਮੇਰੇ ਹਿੱਸੇ ਕਦੀ ਨਹੀਂ ਆਈ।
ਮੈਨੂੰ ਹਮੇਸ਼ਾਂ ਸ਼ੱਕ ਦੀ ਨਜ਼ਰ ਨਾਲ ਦੇਖਿਆ ਗਿਆ।
ਹਮੇਸ਼ਾਂ ਮੇਰੇ ਬਾਰੇ ਕੂੜ ਪ੍ਰਚਾਰ ਕੀਤਾ ਗਿਆ।
ਮੈਨੂੰ ਬਦਨਾਮ ਕਰਨ ਦੀ ਹਮੇਸ਼ਾਂ ਭਰਪੂਰ ਕੋਸ਼ਿਸ਼ ਕੀਤੀ ਗਈ।
ਮੈਨੂੰ ਹਮੇਸ਼ਾਂ ਨੀਵਾਂ ਦਿਖਾਇਆ ਗਿਆ।
ਮੈਨੂੰ ਹਮੇਸ਼ਾਂ ਅਹਿਸਾਸ ਕਰਵਾਇਆ ਗਿਆ ਕਿ ਮੈਂ ਘਟੀਆ ਹਾਂ।
ਮੈਂ ਨੀਚ ਹਾਂ।
ਮੈਨੂੰ ਹਮੇਸ਼ਾਂ ਨਾ-ਪਸੰਦ ਕੀਤਾ ਗਿਆ।
ਮੈਨੂੰ ਹਰ ਮੌਕੇ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਗਈ।
ਗੰਦੇ ਤੋਂ ਗੰਦੇ ਅਲਫਾਜ਼ ਬੋਲੇ ਗਏ ਹਮੇਸ਼ਾਂ ਮੇਰੇ ਲਈ।
ਹੋਰ ਤਾਂ ਹੋਰ ਮੈਨੂੰ ਬਹੁਤ ਜਿਆਦਾ ਕੁੱਟਿਆ ਮਾਰਿਆ ਵੀ ਗਿਆ।
ਮੈਨੂੰ ਅੱਗ ਲਾ ਕੇ ਸਾੜਨ ਦੀ ਵੀ ਕੋਸ਼ਿਸ਼ ਕੀਤੀ ਗਈ।
ਮੈਨੂੰ ਚਾਕੂਆਂ ਨਾਲ ਗੋਦ ਕੇ ਮਾਰਨ ਦੀ ਵੀ ਕੋਸ਼ਿਸ਼ ਕੀਤੀ ਗਈ।
ਮੈਨੂੰ ਭਾਰੀ ਡੰਡਿਆਂ ਨਾਲ ਵੀ ਬੇਰਹਿਮੀ ਨਾਲ ਕੁੱਟਿਆ ਗਿਆ।
ਮੈਨੂੰ ਵਾਲਾਂ ਤੋਂ ਫੜ ਕੇ ਘੜੀਸਿਆ ਵੀ ਗਿਆ।
ਪੈਰਾਂ ਨਾਲ ਮੇਰੇ ਢਿੱਡ ਵਿੱਚ ਠੁੱਡ ਵੀ ਮਾਰੇ ਗਏ।
ਮੇਰੇ ਲੱਕ ਦੀ ਰੀੜ ਦੀ ਹੱਡੀ ਤੋੜਨ ਦੀ ਵੀ ਕੋਸ਼ਿਸ਼ ਕੀਤੀ ਗਈ।
ਮੇਰੇ ਪੈਰ ਤੋੜਨ ਦੀ ਵੀ ਕੋਸ਼ਿਸ਼ ਕੀਤੀ ਗਈ।
ਮੈਨੂੰ ਜਹਿਰ ਵੀ ਦਿੱਤਾ ਗਿਆ।
ਨਸ਼ੇ ਦੀਆਂ ਗੋਲੀਆਂ ਦੇ ਕੇ ਵੀ ਪਾਗਲ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ।
ਮੇਰੇ ਨਾਲ ਇਹ ਸਭ ਮੇਰੇ ਆਪਣਿਆਂ ਨੇ ਕੀਤਾ।
ਕਦੇ ਮੇਰੇ ਮਾਂ ਪਿਓ ਨੇ ਕੀਤਾ, ਕਦੇ ਮੇਰੇ ਭੈਣ ਭਰਾ ਨੇ ਕੀਤਾ, ਕਦੇ ਮੇਰੇ ਸੋਹਰੇ ਪਰਿਵਾਰ ਨੇ ਕੀਤਾ, ਕਦੇ ਮੇਰੇ ਘਰਵਾਲੇ ਨੇ ਕੀਤਾ, ਕਦੇ ਮੇਰੇ ਸੱਜਣਾ ਮਿੱਤਰਾਂ ਨੇ ਵੀ ਕੀਤਾ।
ਹੋਰ ਤਾਂ ਹੋਰ ਮੇਰੀ ਔਲਾਦ ਨੂੰ ਵੀ ਮੇਰੇ ਖਿਲਾਫ ਭੜਕਾਇਆ ਗਿਆ ਤਾਂ ਜੋ ਬੁੜਾਪੇ ਦਾ ਆਸਰਾ ਵੀ ਮੇਰਾ ਨਾ ਰਹੇ।
ਬੇਸ਼ੱਕ ਮੈਂ ਸੁਚੱਜੀ ਹਾਂ, ਬੇਸ਼ੱਕ ਮੈਂ ਘਰੇਲੂ ਕੰਮਾਂ ਵਿੱਚ ਨਿਪੁੰਨ ਹਾਂ, ਬੇਸ਼ੱਕ ਮੈਂ ਪੜ੍ਹਾਈ ਵਿੱਚੋਂ ਹੁਸ਼ਿਆਰ ਹਾਂ, ਬੇਸ਼ੱਕ ਮੈਂ ਸੁਨੱਖੀ ਹਾਂ, ਬੇਸ਼ੱਕ ਮੇਰੀ ਬਾਣੀ ਬਹੁਤ ਮਿੱਠੀ ਹੈ, ਬੇਸ਼ੱਕ ਮੈਨੂੰ ਪਾਉਣ ਲਾਉਣ ਦਾ ਸੁਚੱਜ ਹੈ, ਬੇਸ਼ੱਕ ਮੈਨੂੰ ਬੈਠਣ ਖੜੋਣ ਦਾ ਸਲੀਕਾ ਹੈ, ਬੇਸ਼ੱਕ ਮੈਂ ਉੱਚ ਵਿਦਿਆ ਹਾਂਸਲ ਕਰ ਲਈ ਹੈ, ਬੇਸ਼ੱਕ ਮੈਂ ਆਏ ਗਏ ਨਾਲ ਸੋਹਣਾ ਵਿਚਰਦੀ ਹਾਂ, ਬੇਸ਼ੱਕ ਮੈਂ ਕੰਮ ਕਾਜੀ ਹਾਂ, ਬੇਸ਼ੱਕ ਮੈਂ ਲੱਖਾਂ ਰੁਪਏ ਕਮਾਉਂਦੀ ਹਾਂ ਪਰ ਫਿਰ ਵੀ ਮੈਂ ਸਭ ਦੀ ਨਫਰਤ ਦੀ ਪਾਤਰ ਹਾਂ।
ਕਿਉਂ?
ਕਿਉਂਕਿ ਮੈਂ ਔਰਤ ਹਾਂ, ਮੈਂ ਸਭ ਦੀ ਗੁਲਾਮ ਹਾਂ।
ਮਾਂ ਪਿਓ ਦੀ ਗੁਲਾਮ ਹਾਂ, ਭੈਣ ਭਰਾ ਦੀ ਗੁਲਾਮ ਹਾਂ, ਘਰ ਵਾਲੇ ਦੀ ਗੁਲਾਮ ਹਾਂ, ਸਹੁਰੇ ਪਰਿਵਾਰ ਦੀ ਗੁਲਾਮ ਹਾਂ, ਰਿਸ਼ਤੇਦਾਰਾਂ ਦੀ ਗੁਲਾਮ ਹਾਂ, ਸੱਜਣਾ ਮਿੱਤਰਾਂ ਦੀ ਗੁਲਾਮ ਹਾਂ, ਆਪਣੇ ਨਾਲ ਕੰਮ ਕਾਜ ਕਰਨ ਵਾਲਿਆਂ ਦੀ ਗੁਲਾਮ ਹਾਂ, ਮੁਹਤਾਜ ਹਾਂ ਮੈਂ ਇਸ ਸਮਾਜ ਦੀ।
ਮੈਂ ਜਿਸ ਦੀ ਵੀ ਗੱਲ ਨਹੀਂ ਮੰਨੀ ਉਸਦੀਆਂ ਅੱਖਾਂ ਵਿੱਚ ਮੈਂ ਖਟਕਣ ਲੱਗ ਪਈ।
ਜਿਸ ਦੇ ਕਹੇ ਮੁਤਾਬਿਕ ਮੈਂ ਕੋਈ ਕੰਮ ਨਾ ਕੀਤਾ ਉਸਨੇ ਮੈਨੂੰ ਸਾਰੀ ਦੁਨੀਆ ਤੋਂ ਤੋੜਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ।
ਇਸ ਹੱਦ ਤੱਕ ਵੈਰ ਪੈ ਜਾਂਦਾ ਹੈ ਕਿ ਕੋਸ਼ਿਸ਼ ਇਹ ਕੀਤੀ ਜਾਂਦੀ ਹੈ ਕਿ ਕੋਈ ਵੀ ਮੈਨੂੰ ਨਾ ਬੁਲਾਏ।
ਕੋਈ ਵੀ ਮੇਰੇ ਨਾਲ ਸੰਪਰਕ ਨਾ ਕਰੇ, ਸਭ ਨਾਲ ਮੇਰੀ ਬੋਲ ਚਾਲ ਬੰਦ ਹੋ ਜਾਵੇ, ਮੈਂ ਇਕੱਲੀ ਰਹਿ ਜਾਵਾਂ।
ਮੈਨੂੰ ਇਕੱਲੀ ਦੇਖ ਕੇ ਵੀ ਖੁਸ਼ ਨਹੀਂ ਹੁੰਦੇ ਕਿਉਂਕਿ ਮੈਂ ਸੱਜਦੀ ਸਵਰਦੀ ਹਾਂ, ਮੈਂ ਹੱਸਦੀ ਖੇਡਦੀ ਹਾਂ, ਮੈਂ ਘੁੰਮਦੀ ਫਿਰਦੀ ਹਾਂ।
ਮੈਂ ਆਪਣੇ ਇਕੱਲੇਪਨ ਵਿੱਚ ਸਕੂਨ ਲੱਭ ਲਿਆ ਹੈ।
ਕਿਉਂਕਿ ਮੈਨੂੰ ਹਰ ਹੁਣ ਡਰ ਨਹੀਂ ਕੁਝ ਵੀ ਗਵਾਉਣ ਦਾ।
ਮੇਰੇ ਕੋਲ ਕੁਝ ਹੁਣ ਬਚਿਆ ਹੀ ਨਹੀਂ।
ਪਰ ਫਿਰ ਵੀ ਸ਼ਾਤਰ ਨਜ਼ਰਾਂ ਮੇਰੇ ਉੱਤੇ ਗੱਡੀਆਂ ਪਈਆਂ ਹਨ।
ਸ਼ਾਇਦ ਉਹਨਾਂ ਨੂੰ ਉਮੀਦ ਹੈ ਕਿੱਧਰੋਂ ਖੁਸ਼ੀਆਂ ਮੇਰੇ ਕੋਲ ਪਹੁੰਚ ਨਾ ਜਾਣ।
ਕੁਝ ਨਵੇਂ ਲੋਕ ਮੈਨੂੰ ਮੁਹੱਬਤ ਨਾ ਕਰ ਲੱਗ ਜਾਣ।
ਸਭ ਉਡੀਕ ਵਿੱਚ ਹਨ ਹੁਣ ਕੌਣ ਆਏਗਾ ਮੇਰੀ ਜ਼ਿੰਦਗੀ ਵਿੱਚ ਖੁਸ਼ੀਆਂ ਲੈ ਕੇ।
ਫਿਰ ਕਿਸ ਤਰ੍ਹਾਂ ਉਸਨੂੰ ਸਮਝਾਉਣਾ ਹੈ ਮੇਰੇ ਤੋਂ ਦੂਰ ਰਹਿਣ ਲਈ, ਮੈਨੂੰ ਛੱਡ ਕੇ ਚਲੇ ਜਾਣ ਲਈ, ਮੈਨੂੰ ਜਲੀਲ ਕਰਨ ਲਈ।
ਮੈਂ ਜਦੋਂ ਤੱਕ ਜਿੰਦਾ ਹਾਂ ਸਭ ਦੀਆਂ ਨਜ਼ਰਾਂ ਮੇਰੇ ਉੱਤੇ ਹੀ ਗੱਡੀਆਂ ਰਹਿਣੀਆਂ ਹਨ।
ਮੇਰੀ ਮੌਤ ਦਾ ਇੰਤਜ਼ਾਰ ਹੋ ਰਿਹਾ ਹੈ ਪਰ ਮੈਂ ਮਰ ਨਹੀਂ ਰਹੀ, ਮੈਨੂੰ ਮਰਦੀ ਨੂੰ ਦੇਖਣਾ ਚਾਹੁੰਦੇ ਹਨ ਸਭ।
ਮੈਂ ਪੜਾਂ ਲਿਖਾਂ ਪਰ ਆਪਣੇ ਮਾਂ ਪਿਓ ਨੂੰ ਪਰਾਊਡ ਫੀਲ ਕਰਵਾਉਣ ਲਈ।
ਮੈਂ ਸਜ਼ਾ ਸਵਰਾਂ ਪਰ ਆਪਣੇ ਘਰਵਾਲੇ ਦਾ ਇੱਕ ਸਟੇਟਸ ਸਿੰਬਲ ਬਣਾਉਣ ਲਈ।
ਮੈਂ ਕਮਾਈ ਕਰਾਂ ਪਰ ਸਿਰਫ ਘਰ ਦੇ ਜੀਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ।
ਜੇਕਰ ਇਹ ਸਭ ਮੈਂ ਆਪਣੇ ਲਈ ਸੋਚ ਕੇ ਕਰ ਰਹੀ ਹਾਂ ਤਾਂ ਮੈਂ ਗੁਨਾਹਗਾਰ ਹਾਂ।
ਮੈਂ ਸਜ਼ਾ ਦੀ ਹੱਕਦਾਰ ਹਾਂ।
ਅੱਜ ਦੇ ਸਮਾਜ ਵਿੱਚ ਵੀ ਬਹੁਤ ਸਾਰੀਆਂ ਔਰਤਾਂ ਇਹਨਾਂ ਹਾਲਾਤਾਂ ਵਿੱਚ ਹੀ ਜੀਅ ਰਹੀਆਂ ਹਨ।
ਔਰਤ ਹੋਣ ਦਾ ਖਮਿਆਜਾ ਭੁਗਤ ਰਹੀਆਂ ਹਨ।
ਪਰ ਉਨਾਂ ਸ਼ਖਸਿਅਤਾਂ ਉੱਪਰ ਮਾਣ ਹੈ ਜੋ ਔਰਤਾਂ ਨੂੰ ਬੇਸ਼ੁਮਾਰ ਪਿਆਰ ਸਤਿਕਾਰ ਅਤੇ ਸਾਰੇ ਹੱਕ ਦਿੰਦੇ ਹਨ।
ਉਹਨਾਂ ਦੀ ਕਦਰ ਕਰਦੇ ਹਨ।
ਉਹਨਾਂ ਦੇ ਵਜੂਦ ਨੂੰ ਸਮਝਦੇ ਹਨ।
ਉਹਨਾਂ ਨੂੰ ਕਦੇ ਇਕੱਲਾ ਨਹੀਂ ਛੱਡਦੇ।
ਉਹਨਾਂ ਦੀ ਅਹਿਮੀਅਤ ਨੂੰ ਸਮਝਦੇ ਹਨ।
ਰਸ਼ਪਿੰਦਰ ਕੌਰ ਗਿੱਲ
ਸੰਸਥਾਪਕ ਅਤੇ ਪ੍ਰਧਾਨ
ਪੀਂਘਾਂ ਸੋਚ ਦੀਆਂ ਮੰਚ,
ਪਬਲੀਕੇਸ਼ਨ, ਮੈਗਜ਼ੀਨ,
+91-9888697078