ਮੈਂ ਤੇ ਮੇਰਾ ਕਮਰਾ
ਕਿੰਨਾ ਪਿਆਰਾ ਰਿਸ਼ਤਾ ਹੈ
ਉਸ ਨਾਲ ਮੇਰਾ
ਇੰਤਜ਼ਾਰ ਹੁੰਦਾ ਹੈ ਮੈਨੂੰ
ਕਮਰੇ ਵਿੱਚ ਆਪਣੇ ਜਾਣ ਦਾ
ਬਹੁਤ ਸਕੂਨ ਮਿਲਦਾ ਹੈ ਮੈਨੂੰ
ਕਮਰੇ ਆਪਣੇ ਵਿੱਚ ਜਾ ਕੇ
ਅੱਖਾਂ ਮੂੰਦ ਪੈ ਜਾਂਦੀ ਹਾਂ ਬਿਸਤਰ ਤੇ
ਨੀਂਦ ਤੇ ਜਿਵੇਂ ਕੋਸੋ ਦੂਰ ਹੁੰਦੀ ਹੈ
ਹਾਲ ਸਾਰਾ ਆਪਣੇ ਦਿਲ ਦਾ
ਬਿਆਨ ਕਰਦੀ ਹਾਂ
ਹੁਬਕੀ ਰੌਂਦੀ ਹਾਂ ਜੱਦ
ਕਮਰੇ ਦੀਆਂ ਦੀਵਾਰਾਂ ਦੇਖਦੀਆਂ ਨੇ
ਵਾਲ ਘੜੀ ਦੇਖ ਰਹੀ ਹੁੰਦੀ ਹੈ
ਕਹੇਗੀ ਸੌਂ ਜਾ ਬੀਬਾ ਹੁਣ ਤੂੰ
ਕਿਸਨੇ ਤੈਨੂੰ ਚੁੱਪ ਕਰਾਉਣ ਆਉਣਾ ਹੈ
ਕੋਈ ਨਹੀਂ ਜੋ ਤੈਨੂੰ ਕਲਾਵੇ ਵਿੱਚ ਲੈ
ਗਲੇ ਲਗਾ ਕਹੇਗਾ ਚੁੱਪ ਹੋ ਜਾ
ਨਾ ਰੋਇਆ ਕਰ ਤੂੰ
ਬਹੁਤ ਤਕਲੀਫ਼ ਹੁੰਦੀ ਹੈ ਮੈਨੂੰ
ਜੱਦ ਤੂੰ ਹੁਬਕੀ ਹੁਬਕੀ ਰੌਂਦੀ ਹੈਂ
ਅਵਾਕ ਪੱਥਰ ਬਣੀ ਕਮਰੇ ਦੇ
ਚਾਰ ਚੌਫੇਰੇ ਨਿਗ੍ਹਾ ਮਾਰਦੀ ਹਾਂ
ਲੱਗਦਾ ਦੀਵਾਰਾਂ ਵੀ ਮੇਰੀ
ਬੇਬਸੀ ਤੇ ਰੌ ਰਹੀਆਂ ਹੋਣ
ਜੀ ਕਰਦਾ ਜ਼ੋਰ ਜ਼ੋਰ ਦੀ ਚਿਲਾਵਾਂ
ਨਹੀਂ ਚਿਲਾ ਸਕਦੀ ਪਰ ਮੈਂ
ਚੀਖਾਂ ਮੇਰੀਆਂ ਗਲੇ ਅੰਦਰ ਹੀ
ਅਟਕ ਕੇ ਰਹਿ ਜਾਂਦੀਆਂ ਨੇ
ਸਿਰ੍ਹਾਣੇ ਵਿੱਚ ਮੂੰਹ ਛੁਪਾ
ਹਟਕੋਰੇ ਭਰਦੀ , ਸਿਸਕੀਆਂ ਲੈਂਦੀ
ਸ਼ਾਦੀ ਆਪਣੀ ਦਾ ਮਾਤਮ ਮਨਾਉਂਦੀ
ਆਪੈ ਨੂੰ ਕੋਸਦੀ
ਇਹਨਾਂ ਜ਼ੰਜ਼ੀਰਾਂ ਨੂੰ ਕਿਉਂ
ਨਹੀਂ ਤੋੜ ਸਕੀ ਉਹ
ਸਹਿੰਦੀ ਰਹੀ , ਸਹਿੰਦੀ ਰਹੀ
ਸੋਚਦੀ ਔਰਤ ਤੂੰ ਐਨੀ
ਬੇਬਸ ਤੇ ਕਮਜ਼ੋਰ ਕਿਉਂ ਹੈਂ
ਅੱਥਰੂ ਵਗੀ ਜਾ ਰਹੇ ਨੇ
ਸਿਸਕੀਆਂ ਬੰਦ ਨਹੀਂ ਹੋ ਰਹੀਆਂ
ਰੁਦਨ ਜਾਰੀ ਹੈ
ਮਾਂ ਨੂੰ ਯਾਦ ਕਰਦੀ ਹੈ
ਕਿੱਥੇ ਹੈ ਮਾਂ ਮੇਰੀਏ ਨੀ ਤੂੰ
ਮਾਂ ਦੇ ਕਹੇ ਬੋਲ ਯਾਦ ਆਉਂਦੇ ਹਨ
ਵਾਹਿਗੁਰੂ ਹਮੇਸ਼ਾਂ ਨਾਲ ਹੁੰਦੇ
ਕੋਈ ਰਸਤਾ ਦਿਖਾਈ ਨਾ ਦਏ ਤੇ
ਮੇਰੀ ਬੱਚੀ ਤੂੰ ਵਾਹਿਗੁਰੂ ਨੂੰ
ਯਾਦ ਕਰਿਆ ਕਰ
ਹੰਝੂ ਭਰੀਆਂ ਅੱਖਾਂ ਮੂੰਦ
ਬਾਬੇ ਨਾਨਕ ਨੂੰ ਯਾਦ ਕਰਦੀ ਹਾਂ
ਪਾਠ ਕਰਨ ਲੱਗ ਜਾਂਦੀ ਹਾਂ
ਸਿਮਰਨ ਕਰਦੀ ਹਾਂ
ਮੂਲ ਮੰਤਰ ਕਰਦੀ ਹਾਂ
ਜੱਦ ਤੱਕ ਨੀਂਦ ਆਪਣੇ
ਆਗੋਸ਼ ਵਿਚ ਨਹੀਂ ਭਰ ਲੈਂਦੀ ।
( ਰਮਿੰਦਰ ਰੰਮੀ )

