ਭਾਈ ਬਾਲਾ ਜੀ ਵਾਲੀ ਜਨਮਸਾਖੀ ਅਨੁਸਾਰ ਗੁਰੂ ਨਾਨਕ ਦੇਵ ਜੀ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਨੂੰ 1469 ਵਿਚ ਹੋਇਆ।
- ਉਨ੍ਹਾਂ ਦਾ ਜਨਮ ਅਸਥਾਨ ਲਾਹੌਰ ਤੋਂ 64 ਕਿਲੋਮੀਟਰ ਦੂਰ ਦੱਖਣ-ਪੱਛਮ ਵੱਲ ਤਲਵੰਡੀ ਰਾਇ ਭੋਇ (ਨਨਕਾਣਾ ਸਾਹਿਬ), ਜ਼ਿਲ੍ਹਾ ਸ਼ੇਖ਼ੂਪੁਰਾ ਹੈ।
- ਉਨਾਂ ਦੇ ਪਿਤਾ ਮਹਿਤਾ ਕਾਲੂ ਜੀ ਤਲਵੰਡੀ ਦੇ ਭੱਟੀ ਜਗੀਰਦਾਰ ਰਾਇ ਬੁਲਾਰ ਪਾਸ ਪਟਵਾਰੀ ਸਨ।
- ਗੁਰੂ ਸਾਹਿਬ ਦੀ ਮਾਤਾ ਦਾ ਨਾਂ ਮਾਤਾ ਤ੍ਰਿਪਤਾ ਜੀ ਤੇ ਭੈਣ ਦਾ ਨਾਂ ਬੀਬੀ ਨਾਨਕੀ ਜੀ ਸੀ।
- ਸੱਤ ਸਾਲ ਦੀ ਉਮਰ ‘ਚ ਗੁਰੂ ਜੀ ਪੰਡਿਤ ਗੋਪਾਲ ਕੋਲ ਦੇਵਨਾਗਰੀ ਤੇ ਗਣਿਤ ਦੀ ਸਿੱਖਿਆ ਲਈ ਗਏ।
- ਪੰਡਿਤ ਬਿਰਜ ਲਾਲ ਕੋਲੋਂ ਗੁਰੂ ਸਾਹਿਬ ਨੇ ਸੰਸਕ੍ਰਿਤ ਪੜ੍ਹੀ।
- ਮੌਲਵੀ ਕੁਤਬਦੀਨ ਕੋਲੋਂ ਫ਼ਾਰਸੀ ਦੀ ਪੜ੍ਹਾਈ ਕੀਤੀ।
- ਗੁਰੂ ਜੀ ਨੇ 20 ਰੁਪਏ ਦਾ ਭੋਜਨ ਭੁੱਖੇ ਸਾਧੂਆਂ ਨੂੰ ਖੁਆ ਕੇ ਚੁਹੜਕਾਣਾ ਮੰਡੀ ਵਿਚ ‘ਸੱਚਾ ਸੌਦਾ’ ਕੀਤਾ।
- ਗੁਰੂ ਸਾਹਿਬ ਦੀ ਮੰਗਣੀ 14 ਸਾਲ ਦੀ ਉਮਰ ਵਿਚ ਬਟਾਲਾ (ਗੁਰਦਾਸਪੁਰ) ਨਿਵਾਸੀ ਮੂਲਰਾਜ ਜੀ ਦੀ ਸਪੁੱਤਰੀ ਬੀਬੀ ਸੁਲੱਖਣੀ ਜੀ ਨਾਲ ਹੋਈ।
- 1486-87 ਵਿਚ ਗੁਰੂ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਆਪਣੀ ਭੈਣ ਬੇਬੇ ਨਾਨਕੀ ਜੀ ਤੇ ਭਾਈਆ ਜੈਰਾਮ ਕੋਲ ਆਏ ਅਤੇ। ਇੱਥੇ ਮੋਦੀਖ਼ਾਨੇ ਵਿਚ ਨੌਕਰੀ ਕੀਤੀ।
- ਗੁਰੂ ਨਾਨਕ ਦੇਵ ਜੀ ਦੇ ਦੋ ਸਪੁੱਤਰ ਸਨ- ਬਾਬਾ ਸ੍ਰੀਚੰਦ ਜੀ ਤੇ ਬਾਬਾ ਲੱਖਮੀ ਦਾਸ ਜੀ।
- ਗੁਰੂ ਨਾਨਕ ਦੇਵ ਜੀ ਨੂੰ ਗਿਆਨ ਦੀ ਪ੍ਰਾਪਤੀ 1499 ਵਿਚ ਕਾਲੀ ਵੇਈਂ ਦੇ ਕਿਨਾਰੇ ਹੋਈ।
- ਗਿਆਨ ਪ੍ਰਾਪਤੀ ਤੋਂ ਬਾਅਦ ਆਪ ਨੇ ਸਭ ਤੋਂ ਪਹਿਲੇ ਵਚਨ ਇਹ ਬੋਲੇ- ‘ਨਾ ਕੋਈ ਹਿੰਦੂ, ਨਾ ਕੋਈ ਮੁਸਲਮਾਨ।’
- ਮੋਦੀਖ਼ਾਨੇ ਵਿਚ ‘ਤੇਰਾਂ-ਤੇਰਾਂ’ ਤੋਲਣ ਵਾਲੇ ਵਾਕਿਆ ਤੋਂ ਬਾਅਦ ਗੁਰੂ ਸਾਹਿਬ ਨੇ ਇਹ ਨੌਕਰੀ ਛੱਡ ਦਿੱਤੀ ਅਤੇ ਜਗਤ ਜਲੰਦੇ ਨੂੰ ਠਾਰਨ ਲਈ ਉਦਾਸੀਆਂ ਦੀ ਸ਼ੁਰੂਆਤ ਕੀਤੀ।
- ਗੁਰੂ ਸਾਹਿਬ ਦੀ ਪਹਿਲੀ ਉਦਾਸੀ ਪੂਰਬ ਤੇ ਦੱਖਣ ਦੀ ਸੀ, ਜੋ ਉਨ੍ਹਾਂ ਨੇ ਸੰਨ 1500 ਵਿਚ ਆਰੰਭ ਹੋਈ। ਉਦਾਸੀਆਂ ਦੌਰਾਨ ਭਾਈ ਮਰਦਾਨਾ ਜੀ ਵੀ ਗੁਰੂ ਸਾਹਿਬ ਦੇ ਨਾਲ ਰਹੇ।
- ਸੱਯਦਪੁਰ ਵਿਖੇ ਭਾਈ ਲਾਲੋ ਜੀ ਗੁਰੂ ਸਾਹਿਬ ਦੇ ਸ਼ਰਧਾਲੂ ਬਣੇ ਅਤੇ ਗੁਰੂ ਸਾਹਿਬ ਨੇ ਮਲਿਕ ਭਾਗੋ ਦਾ ਲੋਭ ਦੇ ਧੰਨ ਤੋਂ ਬਣਿਆ ਭੋਜਨ ਖਾਣ ਤੋਂ ਇਨਕਾਰ ਕਰ ਦਿੱਤਾ।
- ਤਲੁੰਬਾ ਵਿਖੇ ਗੁਰੂ ਸਾਹਿਬ ਨੇ ਸੱਜਣ ਠੱਗ ਨੂੰ ਸਿੱਧੇ ਮਾਰਗ ਪਾਇਆ।
- ਹਰਿਦੁਆਰ ਵਿਚ ਉਨ੍ਹਾਂ ਨੇ ਹਿੰਦੂਆਂ ਨੂੰ ‘ਜਲ ਅਰਪਣ’ ਵਰਗੇ ਵਹਿਮਾਂ ‘ਚੋਂ ਕੱਢਿਆ।
- ਕੁਰੂਕਸ਼ੇਤਰ ਵਿਚ ਗੁਰੂ ਸਾਹਿਬ ਨੇ ਚੰਨ ਤੇ ਸੂਰਜ ਗ੍ਰਹਿਣ ਸਬੰਧੀ ਲੋਕਾਂ ਦੇ ਵਹਿਮ-ਭਰਮ ਦੂਰ ਕੀਤੇ।
- ਗੋਰਖਮੱਤਾ ਵਿਖੇ ਯੋਗੀਆਂ ਨਾਲ ਗੋਸ਼ਠਿ ਕੀਤੀ।ਅਤੇ ਸਿੱਧਾਂ ਨਾਲ ਤਰਕ-ਵਿਤਰਕ ‘ਤੇ ਆਧਾਰਿਤ ਉਨ੍ਹਾਂ ਦੀ ਇਹ ਬਾਣੀ ‘ਸਿੱਧ ਗੋਸ਼ਠਿ’ ਦੇ ਨਾਂ ਨਾਲ ਜਾਣੀ ਜਾਂਦੀ ਹੈ। ਗੁਰੂ ਜੀ ਦੇ ਕਾਰਨ ‘ਗੋਰਖਮੱਤੇ’ ਦਾ ਨਾਂ ‘ਨਾਨਕਮੱਤਾ’ ਪੈ ਗਿਆ।
- ਬਨਾਰਸ ਵਿਚ ਪੰਡਿਤ ਚਤੁਰਦਾਸ ਤੇ ਉਸ ਦੇ ਚੇਲੇ ਗੁਰੂ ਜੀ ਦੇ ਅਨੁਯਾਈ ਬਣੇ।
- ਗਯਾ ਵਿਖੇ ਗੁਰੂ ਜੀ ਬੁੱਧ ਧਰਮ ਦੇ ਸਥਾਨ ‘ਤੇ ਗਏ। ਇੱਥੇ ਵੀ ਵੱਡੀ ਗਿਣਤੀ ‘ਚ ਲੋਕ ਉਨ੍ਹਾਂ ਦੇ ਸ਼ਰਧਾਲੂ ਬਣੇ।
- ਧੁਬਰੀ (ਆਸਾਮ) ਵਿਖੇ ਗੁਰੂ ਸਾਹਿਬ ਦੀ ਮੁਲਾਕਾਤ ਸੰਤ ਸ਼ੰਕਰਦੇਵ ਨਾਲ ਹੋਈ।
- ਕਾਮਰੂਪ (ਆਸਾਮ) ਵਿਚ ਗੁਰੂ ਜੀ ਨੇ ਨਰਸ਼ਾਹ ਜਾਦੂਗਰਨੀ ਨੂੰ ਉਪਦੇਸ਼ ਦੇ ਕੇ ਸਿੱਧੇ ਮਾਰਗ ਪਾਇਆ।
- ਸਿਲਹੱਟ ਵਿਚ ਗੁਰੂ ਜੀ ਦਾ ਮੇਲ ਸ਼ੇਖ਼ ਜਲਾਲ ਨਾਲ ਹੋਇਆ।
- ਜਗਨਨਾਥ ਪੁਰੀ (ਉੜੀਸਾ) ਵਿਚ ਦੇਵਤਿਆਂ ਦੀ ਆਰਤੀ ਕਰਦੇ ਲੋਕਾਂ ਨੂੰ ਦੇਖ ਕੇ ਗੁਰੂ ਜੀ ਨੇ ਉਨ੍ਹਾਂ ਨੂੰ ਇਕ ਅਕਾਲ ਪੁਰਖ ਦੀ ਆਰਤੀ ਕਰਨ ਲਈ ਪ੍ਰੇਰਿਤ ਕੀਤਾ।
- ਸ੍ਰੀਲੰਕਾ ਦਾ ਰਾਜਾ ਸ਼ਿਵਨਾਥ ਤੇ ਉਸ ਦੀ ਰਾਣੀ ਗੁਰੂ ਜੀ ਦੇ ਪੈਰੋਕਾਰ ਬਣੇ।
- ਪਾਕਪਟਨ ਵਿਚ ਗੁਰੂ ਸਾਹਿਬ ਦੀ ਮੁਲਾਕਾਤ ਸ਼ੇਖ਼ ਬ੍ਰਹਮ (ਸ਼ੇਖ਼ ਇਬਰਾਹੀਮ) ਨਾਲ ਹੋਈ, ਜੋ ਬਾਬਾ ਸ਼ੇਖ਼ ਫ਼ਰੀਦ ਜੀ ਦੇ ਦਸਵੇਂ ਉੱਤਰਾਧਿਕਾਰੀ ਸਨ।
- ਸੰਨ 1514 ਵਿਚ ਗੁਰੂ ਜੀ ਨੇ ਉੱਤਰ ਵੱਲ ਦੀ ਉਦਾਸੀ ਕੀਤੀ। ਇਸ ਸਮੇਂ ਉਨ੍ਹਾਂ ਨਾਲ ‘ਸੀਹਾ’ ਨਾਂ ਦਾ ਛੀਂਬਾ ਤੇ ‘ਹੁਸੂ’ ਨਾਂ ਦਾ ਲੁਹਾਰ ਵੀ ਸੀ।
- ਮਟਨ ਦੇ ਸਥਾਨ ‘ਤੇ ਗੁਰੂ ਜੀ ਦੀ ਮੁਲਾਕਾਤ ਪੰਡਿਤ ਬ੍ਰਹਮਦਾਸ ਨਾਲ ਹੋਈ।
- ਰਾਵਲਪਿੰਡੀ ਤੋਂ ਉੱਤਰ ਪੱਛਮ ਵਿਚ ਸਥਿਤ ਹਸਨ ਅਬਦਾਲ ਵਿਖੇ ਗੁਰੂ ਜੀ ਨੇ ਵਲੀ ਕੰਧਾਰੀ ਵੱਲੋਂ ਪਹਾੜੀ ਤੋਂ ਰੋੜ੍ਹੇ ਗਏ ਪੱਥਰ ਨੂੰ ਰੋਕ ਕੇ ਉਸ ਦਾ ਹੰਕਾਰ ਚੂਰ ਕੀਤਾ। ਇਥੇ ਅੱਜ ਕੱਲ੍ਹ ਗੁਰਦੁਆਰਾ ‘ਪੰਜਾ ਸਾਹਿਬ’ ਸੁਸ਼ੋਭਿਤ ਹੈ।
- ਸੰਨ 1577 ਵਿਚ ਗੁਰੂ ਜੀ ਨੇ ਤੀਜੀ ਉਦਾਸੀ ਸ਼ੁਰੂ ਕੀਤੀ। ਗੁਰੂ ਜੀ ਨੇ ਮੁਸਲਮਾਨ ਹਾਜ਼ੀਆਂ ਵਾਲਾ ਨੀਲਾ ਪਹਿਰਾਵਾ ਧਾਰਨ ਕੀਤਾ। ਇਹ ਉਦਾਸੀ ਉਨ੍ਹਾਂ ਪਾਕਪਟਨ ਤੋਂ ਸ਼ੁਰੂ ਕੀਤੀ।
- ਮੁਲਤਾਨ ਵਿਚ ਗੁਰੂ ਜੀ ਨੇ ਸੂਫ਼ੀ ਦਰਵੇਸ਼ ਸ਼ੇਖ਼ ਬਹਾਉੱਦੀਨ ਨਾਲ ਮੁਲਾਕਾਤ ਕੀਤੀ।
- ਗੁਰੂ ਜੀ ਮੱਕਾ (ਹਜ਼ਰਤ ਮੁਹੰਮਦ ਸਾਹਿਬ ਦਾ ਜਨਮ ਸਥਾਨ) ਪੁੱਜੇ, ਜਿੱਥੇ ਕਾਅਬੇ ਵੱਲ ਪੈਰ ਕਰਕੇ ਸੌਂ ਗਏ। ਇਸ ‘ਤੇ ਕਾਜ਼ੀ ਰੁਕਨਦੀਨ ਨੇ ਇਤਰਾਜ਼ ਕੀਤਾ।
- ਮੱਕੇ ਤੋਂ ਬਾਅਦ ਗੁਰੂ ਜੀ ਮਦੀਨਾ ਗਏ, ਜਿੱਥੇ ਹਜ਼ਰਤ ਮੁਹੰਮਦ ਸਾਹਿਬ ਦੀ ਪਵਿੱਤਰ ਯਾਦਗਾਰ ਬਣੀ ਹੈ।
- ਬਗ਼ਦਾਦ ਵਿਚ ਗੁਰੂ ਜੀ ਦੀ ਮੁਲਾਕਾਤ ਸ਼ੇਖ਼ ਬਹਿਲੋਲ ਨਾਲ ਹੋਈ।
- ਸ਼ੇਖ਼ ਬਹਿਲੋਲ ਦੇ ਮਕਬਰੇ ‘ਤੇ ਅਰਬੀ ਭਾਸ਼ਾ ‘ਚ ਅੰਕਿਤ ਇਬਾਰਤ ਗੁਰੂ ਜੀ ਦੀ ਬਗ਼ਦਾਦ ਫੇਰੀ ਨੂੰ ਤਸਦੀਕ ਕਰਦੀ ਹੈ। ਫਿਰ ਗੁਰੂ ਜੀ ਈਰਾਨ, ਕੰਧਾਰ ਹੁੰਦੇ ਹੋਏ ਕਾਬਲ ਪੁੱਜੇ।
- ਕਾਬਲ ਵਿਚ ਉਸ ਸਮੇਂ ਮੁਗ਼ਲ ਬਾਦਸ਼ਾਹ ਬਾਬਰ ਦਾ ਰਾਜ ਸੀ।
- ਗੁਰੂ ਜੀ ਉਸ ਸਮੇਂ ਸੱਯਦਪੁਰ ਦੇ ਸਥਾਨ ‘ਤੇ ਸਨ ਜਦੋਂ ਬਾਬਰ ਨੇ ਭਾਰਤ ਉੱਪਰ ਹਮਲਾ ਕੀਤਾ। ਲੋਕਾਂ ਦੇ ਨਾਲ ਗੁਰੂ ਜੀ ਨੂੰ ਵੀ ਬੰਦੀ ਬਣਾ ਲਿਆ ਗਿਆ। ਅੰਤ ਬਾਬਰ ਨੇ ਗੁਰੂ ਸਾਹਿਬ ਦੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ। ਬਾਬਰ ਦੇ ਹਮਲੇ ਤੇ ਅੱਤਿਆਚਾਰ ਦਾ ਜ਼ਿਕਰ ਗੁਰੂ ਸਾਹਿਬ ਰਚਿਤ ‘ਬਾਬਰ ਬਾਣੀ’ ‘ਚ ਸ਼ਾਮਲ ਹੈ।
- 1521 ਵਿਚ ਗੁਰੂ ਸਾਹਿਬ ਨੇ ਆਪਣੀ ਅੰਤਮ ਉਦਾਸੀ ਸੰਪੰਨ ਕੀਤੀ।
- ਗੁਰੂ ਜੀ ਨੇ ਆਪਣੇ ਜੀਵਨ ਦੇ ਆਖ਼ਰੀ 18 ਸਾਲ ਕਰਤਾਰਪੁਰ ਸਾਹਿਬ ਵਿਖੇ ਬਤੀਤ ਕੀਤੇ।
- 1522 ਵਿਚ ਕਰਤਾਰਪੁਰ ਵਿਖੇ ਰਹਿੰਦਿਆਂ ਗੁਰੂ ਜੀ ਨੇ ਵਾਰ ਮਾਝ, ਵਾਰ ਸਾਂਝ, ਜਪੁਜੀ, ਓਅੰਕਾਰ, ਪੱਟੀ, ਬਾਰਾ ਮਾਹਾ ਬਾਣੀ ਦੀ ਰਚਨਾ ਕੀਤੀ। ਇਥੇ ਹੀ ਆਪ ਜੀ ਨੇ ‘ਸੰਗਤ ਤੇ ਪੰਗਤ’ ਦੀ ਪਰੰਪਰਾ ਸ਼ੁਰੂ ਕੀਤੀ।
- ਕਰਤਾਰਪੁਰ ਸਾਹਿਬ ਵਿਖੇ ਗੁਰੂ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਦੇਵ ਨਾਂ ਦੇ ਕੇ ਗੁਰਗੱਦੀ ਦੀ ਬਖ਼ਸ਼ਿਸ਼ ਕੀਤੀ।
- 22 ਸਤੰਬਰ 1539 ਕਰਤਾਰਪੁਰ (ਪਾਕਿਸਤਾਨ) ਵਿਖੇ ਗੁਰੂ ਸਾਹਿਬ ਜੋਤੀ ਜੋਤ ਸਮਾਏ।
*ਡਾ ਜਸਵੀਰ ਸਿੰਘ ਗਰੇਵਾਲ
ਬਸੰਤ ਨਗਰ, ਲੁਧਿਆਣਾ
9914846204
