ਸੂਰਜ ਵਾਂਗੂ ਚਮਕ ਰਹੀ ਕੁਰਬਾਨੀ ਗੁਰੂ ਤੇਗ਼ ਬਹਾਦਰ ਦੀ।
ਭਾਰਤ ਦੇ ਸਿਰ ਉਤੇ ਤਾਜ ਜਵਾਨੀ ਗੁਰੂ ਤੇਗ ਬਹਾਦਰ ਦੀ।
ਹਿੰਦੂਆਂ ਲਈ ਕੁਰਬਾਨੀ ਦੇ ਕੇ ਹਿੰਦ ਦੀ ਚਾਦਰ ਅਖਵਾਏ।
ਧਰਮ ਜ਼ਮੀਰ ਆਜ਼ਾਦੀ ਤੇ ਬਲਸ਼ਾਲੀ ਵਾਲੇ ਜਜ਼ਬੇ ਪਾਏ।
ਸਾਰੇ ਵਿਸ਼ਵ ’ਚ ਸਬਰ ਸੰਤੋਖ ਨਿਸ਼ਾਨੀ ਗੁਰੂ ਤੇਗ਼ ਬਹਾਦਰ ਦੀ।
ਸੂਰਜ ਵਾਂਗੂ ਚਮਕ ਰਹੀ ਕੁਰਬਾਨੀ ਗੁਰੂ ਤੇਗ਼ ਬਹਾਦਰ ਦੀ।
ਭਾਈ ਜੈਤਾ ਜੀ ਨੇ ਸੱਚੇ ਅਨੁਯਾਈ ਦੇ ਫ਼ਰਜ਼ ਨਿਭਾਏ।
ਇਸ ਕਰਕੇ ਹੀ ਰੰਘਰੇਟਾ ਗੁਰੂ ਕਾ ਬੇਟਾ ਸੀ ਕਹਿਲਾਏ।
ਇਤਿਹਾਸ ’ਚ ਇਕ ਸਾਗਰ ਵਾਂਗ ਰਵਾਨੀ ਗੁਰੂ ਤੇਗ ਬਹਾਦਰ ਦੀ।
ਸੂਰਜ ਵਾਂਗੂ ਚਮਕ ਰਹੀ ਕੁਰਬਾਨੀ ਗੁਰੂ ਤੇਗ਼ ਬਹਾਦਰ ਦੀ।
ਭਾਈ ਦਿਆਲਾ ਇਕ ਜ਼ਮੀਰ ਸਤੀਦਾਸ ਮਤੀਦਾਸ ਬਹਾਦੁਰ।
ਸਭਨਾਂ ਅਜਬ ਸ਼ਹਾਦਤ ਪਾ ਕੇ ਕੌਮਾ ਚੋਂ ਕੰਢਿਆ ਹੈ ਡਰ।
ਗੌਰਵ ਮਈ ਇਕ ਯਾਦ ਬਣੀ ਲਾਸਾਨੀ ਗੁਰੂ ਤੇਗ ਬਹਾਦੁਰ ਦੀ।
ਸੂਰਜ ਵਾਂਗੂ ਚਮਕ ਰਹੀ ਕੁਰਬਾਨੀ ਗੁਰੂ ਤੇਗ਼ ਬਹਾਦਰ ਦੀ।
ਸਿੱਖ ਇਤਿਹਾਸ ’ਚ ਮਹੱਤਵ ਪੂਰਨ ਕੇਂਦਰ ਦੀ ਕੀਤੀ ਸਿਰਜਨਤਾ।
ਜਿਸ ਵਿਚ ਸ਼ਕਤੀ ਭਗਤੀ ਵਾਲੀ ਫਿਰ ਭਰ ਦਿੱਤੀ ਸੀ ਪੂਰਨਤਾ।
ਆਨੰਦਪੁਰ ਨੇ ਹਸਤੀ ਸੀ ਪਹਿਚਾਣੀ ਗੁਰੂ ਤੇਗ਼ ਬਹਾਦਰ ਦੀ।
ਸੂਰਜ ਵਾਂਗੂ ਚਮਕ ਰਹੀ ਕੁਰਬਾਨੀ ਗੁਰੂ ਤੇਗ਼ ਬਹਾਦਰ ਦੀ।
ਸੰਵੇਦਨ ਸ਼ੀਲ ਤਿਆਗ ਸਬਰ ਦੀ ਇਕ ਜੋਤੀ ਜਗਦੀ ਰਹਿਣੀਂ।
ਹਰਿਮੰਦਰ ਵਿਚ ਏਸੇ ਕਰਕੇ ਜੋਤ ਇਲਾਹੀ ਮਘਦੀ ਰਹਿਣੀਂ।
ਮਾਨਵ ਕਦਰਾਂ ਨੈਤਿਕਤਾ ਵਿਚ ਬਾਣੀ ਗੁਰੂ ਤੇਗ ਬਹਾਦਰ ਦੀ।
ਸੂਰਜ ਵਾਂਗੂ ਚਮਕ ਰਹੀ ਕੁਰਬਾਨੀ ਗੁਰੂ ਤੇਗ਼ ਬਹਾਦਰ ਦੀ।
ਬਾਲਮ ਜਿੱਦਾਂ ਅੰਬਰ ਦੇ ਵਿਚ ਨਿੱਤ ਹੀ ਚੜਦੇ ਚੰਨ ਸਿਤਾਰੇ।
ਏਦਾਂ ਸਦੀਆ ਤੀਕਰ ਰਹਿਣੇਂ ਇਹ ਮੰਗਲ ਮਈ ਸੰਦੇਸ਼ ਨਿਆਰੇ।
ਕੌਮਾਂ ਦੇ ਵਿਚ ਜੋਤ ਜਗੇ ਰੂਹਾਨੀ ਗੁਰੂ ਤੇਗ਼ ਬਹਾਦਰ ਦੀ।
ਸੂਰਜ ਵਾਂਗੂ ਚਮਕ ਰਹੀ ਕੁਰਬਾਨੀ ਗੁਰੂ ਤੇਗ਼ ਬਹਾਦਰ ਦੀ।
ਬਲਵਿੰਦਰ ਬਾਲਮ ਗੁਰਦਾਸਪੁਰ
ਉਂਕਾਰ ਨਗਰ ਗੁਰਦਾਸਪੁਰ ਪੰਜਾਬ
ਮੋ. 98156-25409