ਕੋਈ ਸਮਾਂ ਸੀ ਜਦੋਂ ਔਰਤ ਨੂੰ ਪੈਰ ਦੀ ਜੁੱਤੀ ਸਮਝਦਿਆਂ ਪਰਦੇ ਦੇ ਥੱਲੇ ਅਤੇ ਘਰ ਵਿੱਚ ਡੱਕ ਕੇ ਰੱਖਿਆ ਜਾਂਦਾ ਪ੍ਰੰਤੂ ਦਿਨੋਂ ਦਿਨ ਸਮਾਜ਼ ਵਿੱਚ ਹੋ ਰਹੇ ਸਿੱਖਿਆ ਦੇ ਪ੍ਰਸਾਰ ਅਤੇ ਤਕਨਾਲੋਜੀ ਦੇ ਵਾਧੇ ਨੇ ਔਰਤਾਂ ਨੂੰ ਵੀ ਆਪਣੇ ਹੱਕਾਂ ਅਤੇ ਅਧਿਕਾਰਾਂ ਦੀ ਰਾਖੀ ਲਈ ਲਾਮਬੰਦ ਹੋਣ ਦਾ ਸੱਦਾ ਦਿੱਤਾ ਹੈ।ਪੁਰਾਤਨ ਸਮੇਂ ਵਿੱਚ ਵਿਆਹਾਂ ਦੀ ਰਵਾਇਤ ਸੀ ਕਿ ਕੇਵਲ ਮਰਦ ਹੀ ਜੰਝ ਜਾਂਦੇ ਅਤੇ ਔਰਤਾਂ ਨੂੰ ਸਿਰਫ਼ ਘਰ ਦੇ ਚੁੱਲ੍ਹੇ ਚੌਂਕੇ ਤੱਕ ਸੀਮਿਤ ਕਰਦਿਆਂ ਘਰੇ ਰਹਿਣ ਲਈ ਕਿਹਾ ਜਾਂਦਾ।ਉਹ ਨੱਚਦੀਆਂ ਰੀਤੀ ਰਿਵਾਜਾਂ ਅਨੁਸਾਰ ਸ਼ਗਨ ਮਨਾਉਂਦੀਆਂ ਪ੍ਰੰਤੂ ਜੰਝ ਵਿੱਚ ਜਾਣ ਦਾ ਚਾਅ ਅਧੂਰਾ ਰਹਿ ਜਾਂਦਾ।ਮਰਦ ਪ੍ਰਧਾਨ ਸਮਾਜ਼ ਕੇਵਲ ਮਰਦਾਂ ਨੂੰ ਹੀ ਜੰਝ ਜਾਣ ਦੀ ਇਜਾਜ਼ਤ ਦਿੰਦਾ ਪ੍ਰੰਤੂ 2023 ਵਿੱਚ ਰਿਲੀਜ਼ ਹੋਈ ਫ਼ਿਲਮ ਗੋਡੇ ਗੋਡੇ ਚਾਅ ਨੇ ਮਰਦ ਪ੍ਰਧਾਨ ਸਮਾਜ ਦੀ ਸੌੜੀ ਅਤੇ ਰੂੜੀਵਾਦੀ ਸੋਚ ਨੂੰ ਵੰਗਾਰ ਕੇ ਔਰਤਾਂ ਨੂੰ ਵੀ ਜੰਝ ਵਿੱਚ ਜਾਣ ਲਈ ਪ੍ਰੇਰਿਤ ਕੀਤਾ।ਇਹ ਅਜੋਕੇ ਸਮੇਂ ਦੀ ਹਕੀਕਤ ਹੈ।ਹੁਣ ਔਰਤਾਂ ਵੀ ਬਰਾਤ ਜਾਂਦੀਆਂ ਹਨ। ਪੈਲੇਸਾਂ ਵਿੱਚ ਹੋਣ ਵਾਲੇ ਕੁੱਝ ਘੰਟਿਆਂ ਦੇ ਵਿਆਹਾਂ ਵਿੱਚ ਔਰਤਾਂ ਦੀ ਗਿਣਤੀ ਮਰਦਾਂ ਦੇ ਬਰਾਬਰ ਹੀ ਹੁੰਦੀ ਹੈ।ਹੁਣ ਜਦੋਂ ਔਰਤ ਮਰਦ ਦੇ ਬਰਾਬਰ ਪਹੁੰਚ ਚੁੱਕੀ ਹੈ ਅਤੇ ਅੱਗੇ ਲੰਘ ਕੇ ਸਮਾਜ਼ ਦੀ ਸਦੀਆਂ ਤੋਂ ਚਲੀ ਆ ਰਹੀ ਰੂੜੀਵਾਦੀ ਸੋਚ ਨੂੰ ਵੰਗਾਰਦੀ ਹੈ ਤਾਂ ਇਹ ਬਦਲਾਅ ਮਰਦ ਪ੍ਰਧਾਨ ਸਮਾਜ ਨੂੰ ਹਾਜ਼ਮ ਨਹੀਂ ਹੋ ਰਿਹਾ।ਹੁਣ ਫ਼ਿਲਮ ਗੋਡੇ ਗੋਡੇ ਚਾਅ ਭਾਗ 2 ਰਾਹੀਂ ਮਰਦ ਫ਼ਿਰ ਔਰਤਾਂ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰ ਰਹੇ ਹਨ ਕਿ ਉਹਨਾਂ ਨੂੰ ਉਹਨਾਂ ਦਾ ਪੁਰਾਣਾ ਬਣਦਾ ਮਾਣ ਸਨਮਾਨ ਦਿੱਤਾ ਜਾਵੇ ਭਾਵ ਔਰਤ ਮਰਦ ਦੇ ਪੈਰ ਦੀ ਜੁੱਤੀ ਬਣ ਕੇ ਉਸਦਾ ਹੁਕਮ ਮੰਨੇ।
ਜੀ ਸਟੂਡੀਓ ਅਤੇ ਵੀ ਐੱਚ ਇੰਟਰਟੈਂਨਮੈਂਟ ਦੁਆਰਾ ਪੇਸ਼ ਕੀਤੀ ਜਾ ਰਹੀ ਫ਼ਿਲਮ ਗੋਡੇ ਗੋਡੇ ਚਾਅ 2 ਦੀ ਕਹਾਣੀ ਨੂੰ ਜਗਦੀਪ ਸਿੱਧੂ ਦੁਆਰਾ ਕਲਮਬੱਧ ਕਰਕੇ, ਵਿਜੇ ਕੁਮਾਰ ਅਰੋੜਾ ਦੀ ਡਾਇਰੈਕਸ਼ਨ ਅਤੇ ਉਮੇਸ਼ ਕੁਮਾਰ ਬਾਂਸਲ ਅਤੇ ਵਰੁਣ ਅਰੋੜਾ ਦੁਆਰਾ ਪਰੋਡਿਊਜ ਕੀਤਾ ਗਿਆ ਹੈ। ਫ਼ਿਲਮ ਦਰਸ਼ਕਾਂ ਲਈ ਦਿਵਾਲੀ ਲਈ ਇੱਕ ਤੋਹਫ਼ਾ ਸੀ, ਜ਼ੋ ਕਿ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋ ਚੁੱਕੀ ਹੈ। ਫ਼ਿਲਮ ਦੇ ਟ੍ਰੇਲਰ ਨੂੰ ਵੀ ਦਰਸ਼ਕਾਂ ਵੱਲੋਂ ਖ਼ੂਬ ਹੁੰਗਾਰਾ ਮਿਲਿਆ।ਫ਼ਿਲਮ ਦੇ ਸਾਰੇ ਹੀ ਗਾਣੇ ਕਹਾਣੀ ਦੀ ਗੋਂਦ ਤੇ ਫਿੱਟ ਬੈਠਦੇ ਹਨ। ਫ਼ਿਲਮ ਦੇ ਗਾਣਿਆਂ ਨੂੰ ਐਮੀ ਵਿਰਕ, ਨਛੱਤਰ ਗਿੱਲ, ਅਫ਼ਸਾਨਾ ਖ਼ਾਨ ਅਤੇ ਗੁਰਜੱਜ ਦੁਆਰਾ ਆਵਾਜ਼ ਦੇ ਕੇ ਫ਼ਿਲਮ ਦੀ ਕਹਾਣੀ ਨੂੰ ਹੋਰ ਵੀ ਦਿਲਚਸਪ ਬਣਾ ਕੇ ਪੇਸ਼ ਕੀਤਾ ਹੈ। ਗੋਡੇ ਗੋਡੇ ਚਾਅ 2 ਵਿੱਚ ਸ਼ਾਮਿਲ ਅਦਾਕਾਰਾਂ ਵਿੱਚ ਨਿਰਮਲ ਰਿਸ਼ੀ,ਤਾਨੀਆ,ਐਮੀ ਵਿਰਕ,ਗਿਤਾਜ ਬਿੰਦਰੱਖੀਆ, ਗੁਰਪ੍ਰੀਤ ਭੰਗੂ, ਰੁਪਿੰਦਰ ਰੂਪੀ,ਸਰਦਾਰ ਸੋਹੀ, ਸੀਮਾ ਕੌਸ਼ਲ ਅਤੇ ਗੁਰਦਿਆਲ ਪਾਰਸ ਸ਼ਾਮਿਲ ਹਨ। ਫ਼ਿਲਮ ਦੇ ਪਹਿਲੇ ਭਾਗ ਵਿੱਚ ਮੌਜੂਦ ਸੋਨਮ ਬਾਜਵਾ ਦੀ ਕਮੀਂ ਕਿਤੇ ਨਾ ਕਿਤੇ ਜ਼ਰੂਰ ਮਹਿਸੂਸ ਹੁੰਦੀ ਹੈ।ਫ਼ਿਲਮ ਦਾ ਪਹਿਲਾ ਭਾਗ 71 ਵੇਂ ਫ਼ਿਲਮ ਫੇਅਰ ਵਿੱਚ ਬੈਸਟ ਪੰਜਾਬੀ ਫ਼ਿਲਮ ਦਾ ਇਨਾਮ ਜਿੱਤ ਚੁੱਕਿਆ ਹੈ। ਉਮੀਦ ਕਰਦੇ ਹਾਂ ਕਿ ਫ਼ਿਲਮ ਗੋਡੇ ਗੋਡੇ ਚਾਅ ਦਾ ਦੂਜਾ ਭਾਗ ਵੀ ਦਰਸ਼ਕਾਂ ਦਾ ਦਿਲ ਜਿੱਤ ਕੇ ਪੰਜਾਬੀ ਸਿਨੇਮਾ ਦੀ ਝੋਲ਼ੀ ਵਿੱਚ ਇੱਕ ਹੋਰ ਸਨਮਾਨ ਪਾਵੇਗੀ। ਫ਼ਿਲਮ ਔਰਤ ਅਤੇ ਮਰਦ ਦੀ ਨੋਕ ਝੋਕ ਦੇ ਨਾਲ ਨਾਲ ਹਾਸਾ ਠੱਠਾ ਪੈਦਾ ਕਰਦੀ ਸਮਾਜ਼ ਨੂੰ ਬਰਾਬਰੀ ਦਾ ਸੰਦੇਸ਼ ਦੇਣ ਵਿੱਚ ਕਾਮਯਾਬ ਰਹੀ ਹੈ।
ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ
ਡਾਕਖਾਨਾ ਚੱਕ ਅਤਰ ਸਿੰਘ ਵਾਲਾ
ਤਹਿ ਅਤੇ ਜ਼ਿਲ੍ਹਾ ਬਠਿੰਡਾ
7087367969

